51. ਥੱਪੜ ਪਰੇਡ ਕਰਵਾ ਸਕਦਾ ਹਾਂ

– ਮੇਘ ਰਾਜ ਮਿੱਤਰ
ਗੋਬਿੰਦਪੁਰਾ
28.10.86
ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ
ਪਹਿਲਾਂ ਵੀ ਇਕ ਪੱਤਰ ਲਿਖਿਆ ਸੀ ਉਸਦਾ ਜਵਾਬ ਦੇ ਦਿੱਤਾ ਸੀ ਸ਼ੁਕਰੀਆ। 27.10.86 ਦੇ ਅਜੀਤ ਅਖ਼ਬਾਰ ਵਿਚ ਜੋ ਸਾਧ ਦਾ ਇਸ਼ਤਿਹਾਰ ਸੀ। ਉਹ ਸ਼ਰੇ੍ਹਆਮ ਭੱਜਿਆ। ਇਹ ਲੋਕ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਪਰ ਜਦੋਂ ਪਰਖ ਦਾ ਸਮਾਂ ਆਉਂਦਾ ਹੈ ਤਾਂ ਲੋਕਾਂ ਨੂੰ ਥਾਂ `ਤੇ ਬੈਠਿਆ ਨੂੰ ਛੱਡ ਜਾਂਦੇ ਹਨ।
ਅੱਗੇ ਸਮਾਚਾਰ ਇਹ ਹੈ ਕਿ ਸਾਡੇ ਪਿੰਡ ਦਾ ਇਕ ਪੰਡਤ, ਨੂਰਸ਼ਾਹ ਦਾ ਚੇਲਾ ਹੈ। ਨੂਰਸ਼ਾਹ ਦਾ ਡੇਰਾ ਜੋ ਕਿ ਧਨੌਲੇ ਤੋਂ ਦੋ ਕਿਲੋਮੀਟਰ ਦੂਰ ਭੀਖੀ ਰੋਡ `ਤੇ ਸਥਿਤ ਹੈ ਜਿਸ ਦਾ ਮੁਖੀ ਅਮਰੀਕ ਦਾਸ ਹੈ। ਸਾਡੇ ਪਿੰਡ ਦਾ ਜੋ ਪੰਡਤ ਹੈ ਉਹ ਮੇਰਾ ਜਮਾਤੀ ਵੀ ਹੈ। ਸਾਡੀ ਧਰਮਸ਼ਾਲਾ ਵਿਚ ਵੀਹ ਬੰਦਿਆਂ ਵਿਚ ਸ਼ਰਤ ਲੱਗ ਗਈ ਕਿ ਉਹ ਨੂਰਸ਼ਾਹ ਦੀ ਕਬਰ `ਤੇ ਉਸ ਡੇਰੇ ਦੀ ਹਦੂਦ ਦੇ ਅੰਦਰ ਮੇਰੇ ਲੱਫੜ ਜਾਨੀ ਕਿ ਥੱਪੜਾਂ ਦੀ ਪਰੇਡ ਕਰਵਾ ਸਕਦਾ ਹੈ। ਉਹ ਕਿਸੇ ਇਨਸਾਨ ਵੱਲੋਂ ਨਹੀਂ ਬਲਕਿ ਭੂਤ, ਪ੍ਰੇਤ ਜਾਂ ਕਈ ਅਲੋਕਿਕ ਸ਼ਕਤੀ ਨਾਲ। ਸਾਡੀ ਸ਼ਰਤ 100 ਰੁਪਏ ਦੀ ਲੱਗ ਗਈ ਅਸੀਂ ਇਹ ਸ਼ਰਤ ਇਕ ਸਾਂਝੇ ਬੰਦੇ ਕੋਲ ਜਮਾਂ ਕਰਵਾ ਦਿੱਤੀ ਹੈ। ਹੁਣ ਮੈਂ ਤੁਹਾਡੇ ਕੋਲੋਂ ਰਾਇ ਮੰਗਦਾ ਹਾਂ ਕਿ ਕੀ ਮੈਂ ਨੂਰਸ਼ਾਹ ਦੇ ਡੇਰੇ `ਤੇ ਜਾ ਕੇ ਪਰਖ ਕਰ ਸਕਦਾ ਹਾਂ ਜਾਂ ਨਹੀਂ? ਇਸ ਬਾਰੇ ਮੈਨੂੰ ਜੁਆਬੀ ਪੱਤਰ ਰਾਹੀਂ ਦੱਸਣਾ।
ਸੁਆਲ ਨੰ. 2 ਕੀ ਮੈਂ ਕਿਸੇ ਦੀ ਮਟੀ `ਤੇ ਜਾ ਕੇ ਸਿਗਰਟ ਬੀੜੀ ਪੀ ਸਕਦਾ ਹਾਂ? ਸੁਆਲ ਨੰ. 3 ਕੀ ਕਿਸੇ ਘਰ ਦੀ ਮੜ੍ਹੀ, ਮਸਾਣੀ ਪੁੱਟ ਸਕਦਾ ਹਾਂ? 4. ਤੁਹਾਡੀਆਂ ਸਾਰੀਆਂ ਕਿਤਾਬਾਂ ਪੜ੍ਹਨ ਤੋਂ ਬਾਅਦ ਪਤਾ ਲੱਗਾ ਹੈ ਕਿ ਜੋ ਤੁਸੀਂ ਸੰਮੋਹਕ ਨੀਂਦ (ਹਿਪਨੋਟਾਈਜ਼) ਕਰਦੇ ਹੋ ਕੀ ਤੁਸੀਂ ਸਾਨੂੰ ਦੱਸ ਸਕਦੇ ਹੋ। ਜੇ ਦੱਸ ਸਕਦੇ ਹੋ ਤਾਂ ਉਸ ਬਾਰੇ ਲਿਖਣਾ।
ਪੱਤਰ ਦੀ ਉਡੀਕ ਵਿਚ,
ਬਹਾਦਰ ਸਿੰਘ
ਪਹਿਲੇ ਪੱਤਰਾਂ ਦੇ ਜੁਆਬ ਵਿਚ ਵੀ ਲਿਖਿਆ ਗਿਆ ਹੈ ਕਿ ਭੂਤਾਂ-ਪ੍ਰੇਤਾਂ ਦੀ ਕੋਈ ਹੋਂਦ ਨਹੀਂ ਹੁੰਦੀ। ਸੋ ਉਨ੍ਹਾਂ ਤੋਂ ਪਰੇਡ ਕਰਵਾਉਣੀ ਅਸੰਭਵ ਹੀ ਹੈ। ਹਾਂ ਉਹ ਅਜਿਹਾ ਨੂਰਸ਼ਾਹ ਦੇ ਡੇਰੇ ਵਿਚ ਰਹਿੰਦੇ ਚੇਲਿਆਂ ਤੋਂ ਜ਼ਰੂਰ ਕਰਵਾ ਸਕਦਾ ਹੈ। ਜੇ ਕਿਸੇ ਵਿਅਕਤੀ ਨੂੰ ਮੜੀਆਂ ਮਟੀਆਂ ਦੀ ਸ਼ਕਤੀ ਵਿਚ ਯਕੀਨ ਨਹੀਂ ਹੈ ਉਹ ਜ਼ਰੂਰ ਹੀ ਉਨ੍ਹਾਂ ਨੂੰ ਪੁੱਟ ਸਕਦਾ ਹੈ ਤੇ ਬੀੜੀ ਸਿਗਰਟ ਪੀ ਸਕਦਾ ਹੈ। ਸੰਮੋਹਣੀ ਨੀਂਦ ਵਿਚ ਲਿਆਉਣ ਲਈ ਅਸੀਂ ਕਿਸੇ ਵਿਅਕਤੀ ਨੂੰ ਆਰਾਮ ਕੁਰਸੀ `ਤੇ ਬਿਠਾ ਕੇ ਬੈਟਰੀ ਦੀ ਸਹਾਇਤਾ ਨਾਲ ਉਸਦੀਆਂ ਉੱਪਰਲੀਆਂ ਪੁਤਲੀਆਂ ਥਕਾ ਲੈਂਦੇ ਹਾਂ। ਫਿਰ ਉਸਨੂੰ ਵੱਖ-ਵੱਖ ਸੁਝਾਵਾਂ ਦੀ ਸਹਾਇਤਾ ਨਾਲ ਸੁਲਾ ਲੈਂਦੇ ਹਾਂ।

Back To Top