46. ਸੁਸਾਇਟੀ ਜੀ. ਟੀ. ਰੋਡ ਦਾ ਕੰਮ ਦਿੰਦੀ ਹੈ

– ਮੇਘ ਰਾਜ ਮਿੱਤਰ
ਫਰੀਦਕੋਟ
20.9.86
ਸਤਿ ਸ੍ਰੀ ਅਕਾਲ
ਡਾਕਟਰ ਕਾਵੂਰ ਜੀ ਦੀਆਂ ਵੱਡਮੁਲੀਆਂ ਪੁਸਤਕਾਂ ‘……..ਤੇ ਦੇਵ ਪੁਰਸ਼ ਹਾਰ ਗਏ `ਤੇ ਦੇਵ ਦੈਂਤ ਤੇ ਰੂਹਾਂ’ ਪੜ੍ਹੀਆਂ। ਉਸ ਤੋਂ ਅੱਗੇ ਆਪ ਜੀ ਦੀ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਪੁਸਤਕ ‘ਰੌਸ਼ਨੀ’ ਅਤੇ ਮੇਰੇ ਹੱਥ ਵਿਚਲਾ ਰਸਾਲਾ ਅੰਕ 1 (ਰੈਸ਼ਨੇਲਿਸਟ) ਪੜ੍ਹਿਆ। ਇਹ ਸਭ ਕੁਝ ਪੜ੍ਹਨ ਉਪਰੰਤ ਮਨ ਆਪ ਜੀ ਦੀ ਪ੍ਰਸ਼ੰਸਾ ਕਰਨੋ ਨਾ ਰਹਿ ਸਕਿਆ। ਕਿਉਂਕਿ ਆਪ ਅਤੇ ਆਪ ਜੀ ਦੀ ਸੁਸਾਇਟੀ ਭੂਤਾਂ, ਪ੍ਰੇਤਾਂ ਅਤੇ ਵਹਿਮਾਂ `ਚੋਂ ਉਪਜੀਆਂ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਇਕ ਜੀ. ਟੀ. ਰੋਡ ਦਾ ਕੰਮ ਦਿੰਦੀ ਹੈ ਅਤੇ ਆਮ ਜੀਵਨ ਨੂੰ ਸੁਖੇਰਾ ਬਣਾਉਣ ਲਈ ਇਕ ਮੀਲ ਪੱਥਰ ਦਾ ਕੰਮ ਵੀ ਦਿੰਦੀ ਹੈ। ਪਰ ਇਸ ਤੋਂ ਉਲਟ ਵੀ ਮਨ ਵਿਚ ਕਈ ਪ੍ਰਕਾਰ ਦੀਆਂ ਸ਼ੰਕਾਵਾਂ ਉੱਠਦੀਆਂ ਹਨ।
ਇਕ ਇਹ ਹੈ ਕਿ ਆਪ ਵੱਲੋਂ ਅਤੇ ਆਪ ਜੀ ਦੀ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਉੱਦਮਾਂ ਦੇ ਸਦਕਾ ਸੰਸਾਰ ਵਿਚੋਂ ਅਖੌਤੀ ਭੂਤ, ਪ੍ਰੇਤ ਅਤੇ ਇਨ੍ਹਾਂ ਨੂੰ ਰੂਪ ਦੇਣ ਵਾਲੇ ਨਕਲੀ ਸਾਧ ਸੰਤ ਸਦਾ ਲਈ ਖ਼ਤਮ ਹੋ ਸਕਣਗੇ? ਮਨ ਕਹਿੰਦਾ ਹੈ ਨਹੀਂ-ਨਹੀਂ। ਕਿਉਂਕਿ ਇਹ ਸਾਰੇ ਫੋਕਟ ਭੂਤ, ਪ੍ਰੇਤ ਆਦਿ ਹੋਰ ਦੇਸ਼ਾਂ ਵਿਚੋਂ ਤਾਂ ਖ਼ਤਮ ਹੋ ਸਕਦੇ ਹਨ ਪਰ ਭਾਰਤ ਵਿਚੋਂ ਲੱਖਾਂ ਯਤਨ ਕਰਨ ਤੇ ਵੀ ਖ਼ਤਮ ਨਹੀਂ ਹੋ ਸਕਣੇ। ਖਾਸ ਕਰਕੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚੋਂ ਜਿੱਥੇ ਕਿ ਇਨ੍ਹਾਂ ਦੇ ਸੋਮੇ ਜ਼ਿਆਦਾ ਹਨ ਤੇ ਵੱਡੇ-2 ਤਣਿਆਂ ਵਾਲੇ ਭਾਰੇ ਦਰਖ਼ਤ ਹਨ।
ਆਪ ਜੀ ਦੀ ਅਟੁੱਟ ਕੋਸ਼ਿਸ਼ ਇਹੋ ਜਿਹੇ ਇਕ ਦਰਖ਼ਤ ਦੀਆਂ ਟਾਹਣੀਆਂ/ਪੱਤਰ ਸਾਂਗਣ ਦੇ ਬਰਾਬਰ ਹੈ। ਤੁਸੀਂ ਜਿੰਨਾ ਵੀ ਹੋ ਸਕੇ ਇਸ ਵਹਿਮਾਂ ਭਰਮਾਂ ਦੇ ਦਰਖ਼ਤ ਨੂੰ ਸਾਂਗੋ ਇਹ ਉਤਨਾ ਹੀ ਜ਼ਿਆਦਾ ਵਧਦੇ ਫੁੱਲਦੇ ਹਨ। ਇਹ ਦਰਖ਼ਤ ਜੋ ਬਦੀਆਂ ਨਾਲ ਭਰਪੂਰ ਮੌਲੇ ਹੋਏ ਹਨ। ਤੁਸੀਂ ਬਾਬਾ ਵਡਭਾਗ ਸਿੰਘ ਦੇ ਨਾਂ ਥੱਲੇ ਬਣੇ ਡੇਰੇ, ਅਤੇ ਪਹਾੜਾਂ ਵਿਚ ਧੋਲੀ ਧਾਰ ਦੇ ਨਾਂ ਨਾਲ ਪ੍ਰਸਿੱਧ ਅੱਡੇ ਵੇਖ ਸਕਦੇ ਹੋ। ਮੇਰੇ ਖ਼ਿਆਲ ਮੁਤਾਬਕ ਸਾਰੀਆਂ ਭੂਤਾਂ ਤੇ ਵਹਿਮਾਂ ਦੀ ਜੜ੍ਹ ਇਹੋ ਡੇਰੇ ਹੀ ਹਨ ਅਤੇ ਇਹ ਪੰਜਾਬ ਦੇ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਵਿਚ ਸਥਿਤ ਹਨ। ਕੀ ਤੁਹਾਡੀ ਸੰਸਥਾ ਇਨ੍ਹਾਂ ਬਾਰੇ ਕੁਝ ਸੋਚ ਰਹੀ ਹੈ। ਜਿੰਨ੍ਹਾਂ ਦੇ ਸਿਰ ਉੱਪਰ ਹਿੰਦ ਸਰਕਾਰ ਦਾ ਹੱਥ ਹੈ, ਮਨਿਸਟਰਾਂ ਰਾਸ਼ਟਰਪਤੀਆਂ ਅਤੇ ਪੁਲੀਸ ਦੀ ਛਤਰ ਛਾਇਆ ਥੱਲੇ ਇਹ ਡੇਰੇ ਰੂਪੀ ਦਰਖ਼ਤ ਵੱਧ ਰਹੇ ਹਨ। ਕੀ ਸਾਡੀ ਨਿਗੂਣੀ ਜਿਹੀ ਕੋਸ਼ਿਸ਼ ਡਾਕਟਰ ਕਾਵੂਰ ਦੇ ਸੁਪਨਿਆਂ ਨੂੰ ਸੱਚ ਕਰਕੇ ਵਿਖਾ ਸਕਦੀ ਹੈ। ਕੀ ਤੁਸੀਂ ਵਹਿਮਾਂ ਦੇ ਦਰਖ਼ਤਾਂ ਦੇ ਪੱਤੇ ਝਾੜਨ ਨਾਲੋਂ ਇਨ੍ਹਾਂ ਨੂੰ ਮੁੱਢੋਂ ਪੁੱਟਣ ਨੂੰ ਤਰਜੀਹ ਦਿੰਦੇ ਹੋ? ਕ੍ਰਿਪਾ ਕਰਕੇ ਨਾਲ ਨੱਥੀ ਚਿੱਠੀ ਰਾਹੀਂ ਦੱਸਣ ਦੀ ਖੇਚਲ ਕਰੋ।
ਆਪ ਜੀ ਦਾ ਸ਼ੁਭ ਚਿੰਤਕ
ਰਾਜਿੰਦਰ ਸਿੰਘ
ਇਨ੍ਹਾਂ ਡੇਰਿਆਂ ਨੂੰ ਸਾਡੀ ਸੁਸਾਇਟੀ ਸਿੱਧੇ ਰੂਪ ਵਿਚ ਜੜੋਂ ਪੁੱਟਣ ਵਿਚ ਤਾਂ ਅਸਮਰੱਥ ਹੈ। ਪਰ ਅਸੀਂ ਲੋਕਾਂ ਨੂੰ ਚੇਤਨ ਕਰਕੇ ਇਨ੍ਹਾਂ ਡੇਰਿਆਂ ਦੀ ਮਹੱਤਤਾ ਦਿਨੋ ਦਿਨ ਜ਼ਰੂਰ ਘਟਾ ਰਹੇ ਹਾਂ। ਉਹ ਦਿਨ ਦੂਰ ਨਹੀਂ ਹੈ ਜਦੋਂ ਅਜਿਹੀਆਂ ਸੰਸਥਾਵਾਂ ਜਿਹੜੀਆਂ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਸ਼ਰਧਾਲੂਆਂ ਦੀ ਘਾਟ ਕਰਕੇ ਸਦਾ ਲਈ ਬੰਦ ਹੋ ਜਾਣਗੀਆਂ। ਜਾਂ ਬੀਤੇ ਹੋਏ ਸਮੇਂ ਦੇ ਭੂਤਾਂ ਪ੍ਰੇਤਾਂ ਪੈਦਾ ਕਰਨ ਵਾਲੇ ਅੱਡਿਆਂ ਦੇ ਰੂਪ ਵਿਚ ਇਹ ਅਜਾਇਬ ਘਰ ਦੇ ਤੌਰ `ਤੇ ਸੰਭਾਲੀਆਂ ਜਾਣਗੀਆਂ।

Back To Top