– ਮੇਘ ਰਾਜ ਮਿੱਤਰ
ਧਰਮਕੋਟ
8.9.86
ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਤਰਕਵਾਦ ਜ਼ਿੰਦਗੀ ਦਾ ਇਕ ਵਧੀਆ ਪਹਿਲੂ ਹੈ। ਸਮੁੱਚੀ ਮਨੁੱਖਤਾ ਦਾ ਪੂਰਨ ਵਿਕਾਸ ਹੀ ਇਸਦਾ ਮੁੱਖ ਨਿਸ਼ਾਨਾ ਹੈ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਰੋਕਣ ਲਈ ਤਰਕਵਾਦ ਇਕ ਚੰਗਾ ਹਥਿਆਰ ਹੈ ਪਰ ਅਫ਼ਸੋਸ ਇਸਦਾ ਹੈ ਕਿ ਬਹੁਤ ਸਾਰੇ ਲੋਕ ਇਸ ਗੱਲ ਨਾਲ ਜਿਵੇਂ ਤਰਕਵਾਦ ਜ਼ਿੰਦਗੀ ਦੀ ਹਕੀਕਤ ਨੂੰ ਰੌਸ਼ਨ ਕਰਦਾ ਹੈ, ਸਹਿਮਤ ਹੋਣ ਦੇ ਬਾਵਜੂਦ ਵੀ ਇਸਨੂੰ ਮੰਨਦੇ ਨਹੀਂ ਤੇ ਇਸ ਬਾਰੇ ਸੋਚਦੇ ਨਹੀਂ। ਉਹ ਇਹ ਜਾਣਨਾ ਵੀ ਨਹੀਂ ਚਾਹੁੰਦੇ ਕਿ ਇਹ ਕੀ ਹੈ, ਕਿਉਂ ਹੈ? ਕੀ ਇਹ ਠੀਕ ਹੈ, ਕੀ ਗਲਤ ਹੈ? ਐਸਾ ਕਿਉਂ ਹੈ? ਕੀ ਅਸੀਂ ਅਜੇ ਤੱਕ ਤਰਕਵਾਦ ਦਾ ਪ੍ਰਚਾਰ ਕਰਨ ਵਿਚ ਅਸਫ਼ਲ ਹਾਂ ਜੇ ਹਾਂ ਤਾਂ ਕਿਉਂ? ਜੇ ਨਹੀਂ ਤਾਂ ਫਿਰ ਕਿਉਂ? ਸਿਰਫ਼ 29% ਲੋਕ ਹੀ ਤੁਹਾਡੀ ਸੁਸਾਇਟੀ ਦੀਆਂ ਲਿਖਤਾਂ ਬਾਰੇ ਜਾਣਦੇ ਹਨ। ਜਾਂ ਇਹ ਜਾਣਦੇ ਹੀ ਨਹੀਂ ਕਿ ਪੰਜਾਬ ਵਿਚ ਤਰਕਸ਼ੀਲਾਂ ਦੀ ਕੋਈ ਜਥੇਬੰਦੀ ਹੈ। ਮੈਂ ਅਜਿਹਾ ਕਿਉਂ ਲਿਖ ਰਿਹਾ ਹਾਂ ਜਾਂ ਮੈਂ ਇਹ ਕਿਵੇਂ ਕਹਿ ਸਕਦਾ ਹਾਂ ਕਿ ਸਿਰਫ਼ 29% ਲੋਕ ਹੀ ਇਸ ਜਥੇਬੰਦੀ ਤੋਂ ਜਾਣੂ ਹਨ। ਇਸ ਬਾਰੇ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਮੈਂ ਖੁਦ ਇਸ ਜਥੇਬੰਦੀ ਦਾ ਇਕ ਵਿਸ਼ਵਾਸਪਾਤਰ ਮੈਂਬਰ ਹਾਂ। ਮੈਂ ਹਮੇਸ਼ਾ ਆਸਤਿਕ ਆਦਮੀਆਂ ਨਾਲ ਇਸ ਗੱਲ `ਤੇ ਬਹਿਸ ਕਰਦਾ ਹਾਂ ਪਰ ਹਾਰ ਜਿੱਤ ਨਹੀਂ। ਅੱਜ ਤੱਕ ਮੈਂ ਜਿੰਨੇ ਵੀ ਲੋਕਾਂ ਨੂੰ ਇਸ ਜਥੇਬੰਦੀ ਦੀ ਹਕੀਕਤ ਤੋਂ ਜਾਣੂ ਕਰਵਾਇਆ ਹੈ ਜਾਂ ਜਿਨ੍ਹਾਂ ਨੂੰ ਵੀ ਮੈਂ ਇਸ ਬਾਰੇ ਦੱਸਿਆ ਹੈ, ਸਾਰੇ ਇਸਨੂੰ ਬਕਵਾਸ ਕਹਿੰਦੇ ਹਨ। ਇਸਨੂੰ ਸਾਬਤ ਕਰਨ ਲਈ ਉਹ ਆਪਣੀਆਂ ਹੱਡਬੀਤੀਆਂ ਸੱਚੀਆਂ ਤੇ ਅਨੋਖੀਆਂ ਕਹਾਣੀਆਂ ਦੱਸਦੇ ਹਨ। ਜਦ ਮੈਂ ਉਨ੍ਹਾਂ ਕੋਲ ਇਸਦੇ ਸਬੂਤ ਮੰਗੇ ਤਾਂ ਮੈਂ ਹੈਰਾਨ ਹਾਂ ਕਿ ਉਨ੍ਹਾਂ ਲੋਕਾਂ ਕੋਲ ਹਰ ਗੱਲ ਦਾ ਇਹ ਸਬੂਤ ਹੈ ਕਿ ਭੂਤ ਪੇ੍ਰਤ ਹਨ, ਰੱਬ ਇਕ ਸ਼ਕਤੀ ਹੈ, ਚਮਤਕਾਰ ਇਕ ਪ੍ਰੈਕਟਿਸ ਹੈ। ਉਨ੍ਹਾਂ ਹੱਡਬੀਤੀਆਂ ਅਤੇ ਕੁਝ ਕੁ ਇਤਿਹਾਸਿਕ ਗੱਲਾਂ ਵੱਲ ਮੈਂ ਤੁਹਾਡਾ ਧਿਆਨ ਦੁਆ ਕੇ ਤੁਹਾਨੂੰ ਉਨ੍ਹਾਂ ਲੋਕਾਂ ਦਾ ਇਹ ਚੇਲੈਂਜ ਪਹੁੰਚਾ ਰਿਹਾ ਹਾਂ ਕਿ ਉਹ ਤੁਹਾਨੂੰ ਦਲੀਲਾਂ ਦੇ ਆਧਾਰ `ਤੇ ਹੀ ਨਹੀਂ ਬਲਕਿ ਸਬੂਤ ਪੇਸ਼ ਕਰਕੇ ਝੂਠਾ ਸਾਬਿਤ ਕਰਨਗੇ। ਇਹਨਾਂ ਨੁਕਤਿਆਂ ਨੂੰ ਧਿਆਨ ਨਾਲ ਪੜ੍ਹਨਾ ਜੋ ਹੇਠ ਲਿਖੇ ਹਨ।
1. ਉਹ ਕੋਈ ਮੰਤਰ ਪੜ੍ਹ ਕੇ ਮੱਖੀਆਂ ਵਿਚੋਂ ਸ਼ਹਿਦ ਚੋਅ ਸਕਦੇ ਹਨ। ਕਮਾਲ ਤਾਂ ਇਹ ਹੈ ਕਿ ਮੰਤਰ ਉਹ ਪੜ੍ਹਨਗੇ ਪਰ ਜੇ ਮੱਖੀਆਂ ਵਿਚ ਹੱਥ ਤੁਸੀਂ ਪਾਵੋਗੇ ਤਾਂ ਤੁਹਾਨੂੂੰ ਵੀ ਮੱਖੀਆਂ ਨਹੀਂ ਲੜਨਗੀਆਂ।
2. ਖੜਕੜੀ ਪਿੰਡ ਸ਼ਾਸਤਰੀ ਬਾਗ ਹਰਿਦੁਆਰ ਵਿਚ ਸ਼ਾਸਤਰੀ ਹੈ। ਉਹ ਤੁਹਾਡੀ ਜ਼ਿੰਦਗੀ ਦੀ ਹਰ ਬੀਤੀ ਹੋਈ ਅਤੇ ਹੋਣ ਵਾਲੀ ਘਟਨਾ ਦੱਸ ਸਕਦਾ ਹੈ।
3. ਮਨਸਾ ਦੇਵੀ ਦੇ ਰਸਤੇ ਵਿਚ ਜਿੱਥੋਂ ਮਨਸਾ ਦੇਵੀ ਨੂੰ ਟਰਾਲੀਆਂ ਚੱਲਦੀਆਂ ਹਨ। ਇਕ ਰਤਨ ਟਾਕੀਜ ਆਉਂਦੀ ਹੈ। ਉਥੇ ਹਮੇਸ਼ਾ ਇਕ ਦੀਵਾ ਜਗਦਾ ਰਹਿੰਦਾ ਹੈ ਜੇ ਉਹ ਬੁੱਝ ਜਾਵੇ ਤਾਂ ਉੱਥੇ ਕੋਈ ਭਿਆਨਕ ਦੁਰਘਟਨਾ ਹੁੰਦੀ ਹੈ।
4. ਦਿੱਲੀ ਦੇ ਰਸਤੇ ਵਿਚ ਇਕ ਨੌਂ ਗਜਾ ਪੀਰ ਹੈ। ਜਿਸਦੀ ਲੰਬਾਈ ਨੂੰ ਕੋਈ ਮਿਣ ਨਹੀਂ ਸਕਦਾ। (ਜਦ ਕਿ ਅਸਲ ਵਿਚ ਨੌਂ ਗਜ ਹੈ)
ਮੈਨੂੰ ਉਮੀਦ ਹੈ ਕਿ ਤੁਸੀਂ ਖੁਦ ਜਾਂ ਕਿਸੇ ਮੈਂਬਰ ਨੂੰ ਮੇਰੀ ਮਦਦ ਲਈ ਬੇਨਤੀ ਕਰੋਗੇ ਤੇ ਮੈਨੂੰ ਕੋਈ ਸਹੀ ਢੰਗ ਦੱਸੋਗੇ।
ਤੁਹਾਡਾ ਸ਼ੁਭਚਿੰਤਕ,
ਦੇਵਿੰਦਰ ਰੱਤੀ
ਸ਼ਹਿਦ ਚੋਣ ਲਈ ਮੰਤਰਾਂ ਦੀ ਕੋਈ ਲੋੜ ਨਹੀਂ ਹੁੰਦੀ ਸਗੋਂ ਅਭਿਆਸ ਤੇ ਦ੍ਰਿੜ੍ਹਤਾ ਦੀ ਲੋੜ ਹੁੰਦੀ ਹੈ। ਜਿਵੇਂ ਤੁਸੀਂ ਕਿਸੇ ਗਲੀ ਵਿਚ ਦੀ ਲੰਘ ਰਹੇ ਹੋ ਜੇ ਤੁਸੀਂ ਸਿੱਧੀ ਨਿਗਾਹ ਕੁੱਤੇ ਵਿਚ ਹੀ ਰੱਖੋਗੇ ਤਾਂ ਕੁੱਤਾ ਜਾਣ ਜਾਵੇਗਾ ਕਿ ਇਹ ਵਿਅਕਤੀ ਅਜਨਬੀ ਹੈ ਤੇ ਕੁੱਤਾ ਤੁਹਾਨੂੰ ਵੱਢ ਲਵੇਗਾ। ਪਰ ਜੇ ਤੁਸੀਂ ਕੁੱਤੇ ਵੱਲ ਨਿਗਾਹ ਨਹੀਂ ਰੱਖੋਗੇ ਸਗੋਂ ਚੌਕੰਨੇ ਰਹੋਗੇ ਤਾਂ ਸਮਝੇਗਾ ਕਿ ਇਹ ਅਜਨਬੀ ਨਹੀਂ ਹੈ ਤੇ ਤੁਹਾਨੂੰ ਬਿਲਕੁਲ ਭੌਂਕੇਗਾ ਨਹੀਂ। ਠੀਕ ਇਸੇ ਤਰ੍ਹਾਂ ਮੱਖੀਆਂ ਨਾਲ ਹੁੰਦਾ ਹੈ। ਜੇ ਤੁਸੀਂ ਡਰੋਗੇ ਤਾਂ ਤੁਹਾਨੂੰ ਉਹ ਜ਼ਰੂਰ ਕੱਟਣਗੀਆਂ ਜੇ ਤੁਸੀਂ ਨਿਡਰ ਹੋ ਕੇ ਹੱਥ ਪਾਵੋਗੇ ਤਾਂ ਉਹ ਤੁਹਾਨੂੰ ਬਿਲਕੁਲ ਵੀ ਨਹੀਂ ਕੱਟਣਗੀਆਂ। ਮੰਤਰਾਂ ਨਾਲ ਮੱਖੀਆਂ ਦਾ ਕੋਈ ਸੰਬੰਧ ਨਹੀਂ ਹੁੰਦਾ। ਮੰਤਰ ਤਾਂ ਸਿਰਫ਼ ਡਰਪੋਕ ਵਿਅਕਤੀਆਂ ਦਾ ਆਤਮ ਵਿਸ਼ਵਾਸ ਹੀ ਵਧਾਉਂਦੇ ਹਨ।
ਹਰਿਦੁਆਰ ਵਿਖੇ ਜਾਂ ਦੁਨੀਆ ਦੇ ਕਿਸੇ ਹੋਰ ਹਿੱਸੇ ਵਿਚ ਅਜਿਹਾ ਕੋਈ ਵਿਅਕਤੀ ਨਹੀਂ ਜੋ ਬੀਤੇ ਹੋਏ ਸਮੇਂ ਦੀਆਂ ਤੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਦੱਸ ਸਕਦਾ ਹੋਵੇ। ਭ੍ਰਿਗੂ ਗਰੰਥ ਇਕ ਵੱਡਾ ਧੋਖਾ ਹੁੰਦੇ ਹਨ ਜਿਸ ਵਿਚ ਇਕ ਕਮਰੇ ਵਿਚ ਜੋਤਸ਼ੀ ਬੈਠਦਾ ਹੈ ਨਾਲ ਦੇ ਕਮਰੇ ਵਿਚ ਆਪਣਾ ਏਜੰਟ ਬਿਠਾਉਂਦਾ ਹੈ। ਜੋਤਸ਼ੀ ਗ੍ਰਾਹਕ ਨੂੰ ਪੁੱਛਦਾ ਰਹਿੰਦਾ ਹੈ ਏਜੰਟ ਪੁਰਾਣੇ ਕਾਰਡ `ਤੇ ਲਿਖ ਲੈਂਦਾ ਹੈ ਅਤੇ ਕਿਸੇ ਪੁਰਾਣੇ ਕਾਰਡਾਂ ਵਾਲੇ ਬਸਤੇ ਵਿਚ ਉਸ ਕਾਰਡ ਨੂੰ ਰੱਖ ਦਿੰਦਾ ਹੈ। ਜੋਤਸ਼ੀ ਬਸਤਾ ਮੰਗਵਾਉਂਦਾ ਹੈ। ਆਖਰ ਕਾਰਡ ਲੱਭ ਕੇ ਪੜ੍ਹ ਕੇ ਸੁਣਾ ਦਿੰਦਾ ਹੈ।
ਮੈਂ ਇਸ ਸਥਾਨ `ਤੇ ਵੀ ਗਿਆ ਹਾਂ। ਇਸ ਦੀਵੇ ਦਾ ਦੁਰਘਟਨਾ ਨਾਲ ਕੋਈ ਸੰਬੰਧ ਨਹੀਂ ਹੈ। ਨੌ ਗਜੇ ਪੀਰ ਦੀ ਕਬਰ ਜ਼ਰੂਰ ਹੈ। ਪਰ ਇਸ ਦੀ ਲੰਬਾਈ ਹਰ ਕੋਈ ਮਾਪ ਸਕਦਾ ਹੈ। ਇਸ ਵਿਚ ਅਜਿਹਾ ਕੋਈ ਅਜੂਬਾ ਨਹੀਂ ਹੈ।
