– ਮੇਘ ਰਾਜ ਮਿੱਤਰ
ਹੁਸ਼ਿਆਰਪੁਰ
12.5.86
ਇਸੇ ਮਹੀਨੇ ਪ੍ਰੀਤ-ਲੜੀ ਵਿਚ ਆਪਦਾ ਲੇਖ ਧਰਮ ਅਤੇ ਨਾਰੀ ਛਪਿਆ ਹੈ, ਜੋ ਤਰਕ ਕਾਲਮ ਅਧੀਨ ਆਪ ਨੇ ਲਿਖਿਆ ਹੈ। ਉਸ ਵਿੱਚ ਬੁੱਧ ਧਰਮ ਦੀ ਨਜ਼ਰ ਵਿਚ ਨਾਰੀ ਪਹਿਰੇ ਵਿਚ ਆਪ ਲਿਖਦੇ ਹੋ-
ਬੁੱਧ ਧਰਮ ਦਾ ਜਨਮ ਦਾਤਾ ਮਹਾਤਮਾ ਬੁੱਧ ਲਿਖਦਾ ਹੈ-
‘‘ਇਸਤਰੀ ਨੂੰ ਦੇਖੋ ਮਤ, ਜੇ ਦੇਖਣਾ ਪੈ ਹੀ ਜਾਵੇ ਤਾਂ ਉਸ ਨਾਲ ਗੱਲ ਨਾ ਕਰੋ, ਜੇ ਗੱਲ ਕਰਨੀ ਹੀ ਪੈ ਜਾਵੇ ਤਾਂ ਸਦਾ ਹੁਸ਼ਿਆਰ ਰਹੋ।’’
ਇਹ ਖੁਸ਼ੀ ਦੀ ਗੱਲ ਹੈ ਕਿ ਜਿਸ ਸੁਸਾਇਟੀ ਦੇ ਆਪ ਪ੍ਰਧਾਨ ਹੋ ਉਹ ਤਰਕ ਨੂੰ ਜ਼ਿਆਦਾ ਮਹੱਤਤਾ ਦਿੰਦੀ ਹੈ ਤੇ ਮੈਂ ਇਹ ਵੀ ਲਿਖਣ ਵਿਚ ਸੰਕੋਚ ਨਹੀਂ ਕਰਦਾ ਜੇ ਬੁੱਧ ਦਲੀਲਬਾਜ਼ ਨਹੀਂ ਸਨ ਤਾਂ ਉਹ ਬੁੱਧ ਵੀ ਨਹੀਂ ਸਨ। ਦਰ ਅਸਲ ਬੁੱਧੀਦਾਰ ਆਦਮੀ ਦਾ ਨਾਂ ਹੀ ਬੁੱਧ ਹੈ।
ਇਹ ਗੱਲ ਸਾਰਾ ਸੰਸਾਰ ਇਤਿਹਾਸ ਦੇ ਝਰੋਖੇ ਤੋਂ ਜਾਣਦਾ ਹੈ ਕਿ ਬੁੱਧ ਨੇ ਆਪਣੇ ਵਿਰੋਧੀਆਂ ਨੂੰ ਤਲਵਾਰ ਨਾਲ ਨਹੀਂ ਸਗੋਂ ਦਲੀਲ ਨਾਲ ਜਿੱਤਿਆ।
ਇਸ ਗੱਲ ਦਾ ਦੁੱਖ ਹੈ ਕਿ ਉਸਦੇ ਕੁਝ ਸੁਆਰਥੀ ਪੈਰੋਕਾਰਾਂ ਨੇ ਉਸਦੇ ਚਲਾਏ ਧਰਮ ਨੂੰ ਵੀ ਹੋਰਨਾਂ-ਧਰਮਾਂ ਵਾਂਗ ਰਲ-ਗੱਡ ਜਿਹਾ ਕਰ ਦਿੱਤਾ ਹੈ ਤੇ ਇਸਦਾ ਸਭ ਤੋਂ ਵੱਡਾ ਕਾਰਨ ਇਹੋ ਹੈ ਕਿ ਬੁੱਧ ਵੇਲੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਲਿਖਣ ਦੀ ਰੀਤ ਨਹੀਂ ਸੀ। ਸਗੋਂ ਭਿਕਸ਼ੂਆਂ ਵੱਲੋਂ ਜੋ ਕੁੱਝ ਉਹ ਕਹਿੰਦੇ ਸਨ ਜ਼ੂਬਾਨੀ ਚੇਤੇ ਰੱਖਣ ਦੀ ਪ੍ਰਥਾ ਸੀ। ਜਿੰਨਾ ਚਿਰ ਉਨ੍ਹਾਂ ਦਾ ਮਹਾਂ ਪਰੀਨਿਰਵਾਣ (ਮੌਤ) ਨਹੀਂ ਹੋਇਆ। ਕੁਝ ਅਨੇਕਾਂ ਹੀ ਅਰਾਮਪਰਸਤ ਤੇ ਸੁਆਰਥੀ ਭਿਕਸ਼ੂਆਂ ਨੇ ਜੋ ਜ਼ਿਆਦਾਤਰ ਬ੍ਰਾਹਮਣਾਂ ਦੇ ਪਰੋਹਿਤ ਵਰਗਾਂ `ਚੋਂ ਆਏ ਸਨ, ਨੇ ਆਪਣੇ ਸੁਆਰਥ ਲਈ ਉਨ੍ਹਾਂ ਦਾ ਨਾਂ ਜੋੜ ਲਿਆ। ਬਹੁਤ ਸਾਰੀਆਂ ਜਾਤਕ ਕਥਾਵਾਂ ਵਰਗੀਆਂ ਕਹਾਣੀਆਂ ਘੜ ਲਈਆਂ। ਬੁੱਧ ਦੇ ਆਪਣੇ ਹੱਥਾਂ ਦੀ ਕੋਈ ਵੀ ਪੁਸਤਕ ਲਿਖੀ ਹੋਈ ਨਹੀਂ ਮਿਲਦੀ। ਜੋ ਕੁਝ ਲਿਖਿਆ ਮਿਲਦਾ ਹੈ ਸਭ ਉਨ੍ਹਾਂ ਤੋਂ ਬਾਅਦ ਦਾ ਭਿਕਸ਼ੂਆਂ ਤੇ ਉਪਾਸਕਾਂ ਵੱਲੋਂ ਲਿਖਿਆ ਮਿਲਦਾ ਹੈ। ਜੇ ਆਪ ਬੁੱਧ ਧਰਮ ਬਾਰੇ ਪੂਰੀ ਜਾਣਕਾਰੀ ਰੱਖਦੇ ਹੋ ਤਾਂ ਇਹ ਜ਼ਰੂਰ ਜਾਣਦੇ ਹੋਵੋਗੇ ਕਿ ਬੁੱਧ ਭਿਕਸ਼ੂਆਂ ਨੂੰ ਜੋ ਸ਼ੀਲ ਪਾਲਣੇ ਪੈਂਦੇ ਸਨ ਉਨ੍ਹਾਂ ਵਿੱਚੋਂ ਮੁੱਖ ਕੁਕਰਮ ਨਾ ਕਰਨ ਦਾ ਵੀ ਹੈ। ਭਿਕਸ਼ੂਆਂ ਦੇ ਸ਼ੀਲਾਂ ਨੂੰ ਨਿਯਮ ਆਖਦੇ ਹਨ ਜੋ 128 ਦੇ ਲਗਭਗ ਹਨ ਤੇ ਗ੍ਰਹਿਸਥੀਆਂ ਲਈ ਸਿਰਫ ਪੰਜ ਸ਼ੀਲ ਹਨ। ਜੋ ਨਿਯਮ ਨਾ ਹੋ ਕੇ ਸਿਧਾਂਤ ਹਨ। ਬੁੱਧ ਨੇ ਨਾਰੀ ਨੂੰ ਮਰਦ ਦੇ ਬਰਾਬਰ ਸਮਝਿਆ। ਬੁੱਧ ਇਤਿਹਾਸ ਵਿਚ ਅਨੇਕਾਂ ਹੀ ਅਜਿਹੀਆਂ ਹੀ ਉਦਾਹਰਣਾਂ ਹਨ ਉਹ ਨਾਰੀ ਨੂੰ ਜਨਮਦਾਤੀ ਦੇ ਨਾਲ-ਨਾਲ ਪਾਲਕ ਵੀ ਮੰਨਦੇ ਹਨ। ਸੁਜਾਤਾ ਨਾਂ ਦੀ ਇਕ ਗ੍ਰਹਿਣੀ ਨੇ ਉਹਨਾਂ ਨੂੰ ਖੀਰ ਖਵਾ ਕੇ ਗਿਆਨ ਪ੍ਰਕਾਸ਼ ਜੋਗਾ ਕੀਤਾ ਸੀ ਉਹ ਸੁਜਾਤਾ ਤੇ ਉਸ ਦੀ ਖੀਰ ਨੂੰ ਬਹੁਤ ਮਹੱਤਤਾ ਦਿੰਦੇ ਸਨ।
ਧਰਮਾਂ ਦੀ ਲੜੀ ਵਿਚ ਸਿਰਫ ਬੁੱਧ ਧਰਮ ਹੀ ਇੱਕ ਸੰਪੂਰਨ ਧਰਮ ਹੈ ਜੋ ਰੱਬ ਆਤਮਾ ਤੇ ਅਣਹੋਣੀਆਂ ਗੱਲਾਂ ਤੇ ਯਕੀਨ ਕਰਨਾ ਨਹੀਂ ਸਿਖਾਉਂਦਾ ਤੇ ਨਾ ਹੀ ਦੁਨੀਆਂ ਵਿਚ ਸਮਾਜ ਵਿਚ ਜੋ ਘਟਦਾ ਹੈ ਉਸਦੀ ਜ਼ਿੰਮੇਵਾਰੀ ਕਿਸੇ ਅੱਦਿਖ ਸ਼ਕਤੀ ਤੇ ਪਾਉਂਦਾ ਹੈ। ਉਹ ਇਸ ਸਮਾਜ ਵਿਚ ਫੈਲੇ ਗੰਦ ਲਈ ਸਿਰਫ ਆਦਮੀ ਨੂੰ ਹੀ ਜ਼ਿੰਮੇਵਾਰ ਠਹਿਰਾਉਂਦਾ ਹੈ। ਜੇ ਕੁਝ ਦਿਸ਼ਾ ਵਿਚ ਬੁੱਧ ਧਰਮ ਬਾਰੇ ਭੁਲੇਖੇ ਜਾਂ ਗਲਤ ਫਹਿਮੀਆਂ ਤੇ ਗਲਤ ਧਾਰਨਾਵਾਂ ਪੈ ਗਈਆਂ ਹਨ। ਉਸ ਲਈ ਬੁੱਧ ਤੇ ਉਸ ਵੱਲੋਂ ਚਲਾਇਆ ਧਰਮ ਦੋਸ਼ੀ ਨਹੀਂ ਸਗੋਂ ਉਥੋਂ ਦਾ ਸਮਾਜ ਵੀ ਜਾਂ ਉਸ ਸਮਾਜ ਦੇ ਕਰਿੰਦੇ ਕਸੂਰਵਾਰ ਹਨ। ਬੁੱਧੀਵਾਦੀ ਦਾ ਦੂਜਾ ਨਾਂ ਹੀ ਬੁੱਧਵਾਦ ਹੈ
ਮੇਹਰਬਾਨੀ ਕਰਕੇ ਕੁਝ ਵੀ ਲਿਖਣ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਕਰ ਲੈਣਾ ਹੀ ਚੰਗੀ ਗੱਲ ਹੈ।
ਤੁਹਾਡਾ ਸਨੇਹੀ
ਰਮੇਸ਼ ਸਿੱਧੂ
ਇਸ ਵਿਚ ਕੋਈ ਸ਼ੱਕ ਨਹੀਂ ਕਿ ਮਹਾਤਮਾ ਬੁੱਧ ਨੇ ਪ੍ਰਮਾਤਮਾ, ਆਤਮਾ ਬਾਰੇ ਕਾਫੀ ਅਗਾਂਹ ਵਧੂ ਵਿਚਾਰ ਦਿੱਤੇ ਹਨ। ਇਹ ਆਮ ਕਹਾਵਤ ਹੈ ਕਿ ਪ੍ਰਮਾਤਮਾ ਬਾਰੇ ਮਹਾਤਮਾ ਬੁੱਧ ਖਮੋਸ਼ ਹਨ। ਉਸ ਸਮੇਂ ਪ੍ਰਮਾਤਮਾ ਤੇ ਆਤਮਾ ਤੋਂ ਬਗੈਰ ਕਿਸੇ ਧਰਮ ਨੂੰ ਚਲਾਉਣਾ ਜੇ ਅਸੰਭਵ ਨਹੀਂ ਸੀ ਤਾਂ ਮੁਸ਼ਕਲ ਜ਼ਰੂਰ ਸੀ। ਪਰ ਇਹ ਵੀ ਅੱਖੋਂ ਪ੍ਰੋਖੇ ਨਹੀਂ ਕੀਤਾ ਜਾ ਸਕਦਾ ਹੈ ਕਿ ਬੁੱਧ ਧਰਮ ਵਿਚ ਇਸਤਰੀਆਂ ਬਾਰੇ ਉਪਰੋਕਤ ਗੱਲਾਂ ਜ਼ਰੂਰ ਪ੍ਰਚਲਤ ਸਨ ਭਾਵੇਂ ਇਹ ਉਸ ਸਮੇਂ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਅਨੁਸ਼ਾਸਨ ਵਿਚ ਰੱਖਣ ਲਈ ਹੀ ਵਰਤੋਂ ਵਿਚ ਲਿਆਂਦੀਆਂ ਹੋਣ।
