– ਮੇਘ ਰਾਜ ਮਿੱਤਰ
ਕਿਸ਼ਨਪੁਰਾ ਕਲਾਂ
18.9.1986
ਅਸੀਂ ਤੁਹਾਡੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਲੋਕਾਂ ਵਿਚੋਂ ਵਹਿਮ ਭਰਮ ਕੱਢਣ ਦੀ ਕੋਸ਼ਿਸ਼ ਕੀਤੀ। ਤੇ ਖੋਜਾਂ ਤੇ ਪੜਤਾਲਾਂ ਨੂੰ ਸਹੀ ਦੱਸਿਆ। ਅਸੀਂ ਲੋਕਾਂ ਨਾਲ ਭੂਤ ਨਾ ਹੋਣ ਦੇ ਦਾਅਵੇ ਕਰਦੇ ਹਾਂ। ਉਹ ਸਾਡਾ ਮਖੌਲ ਉਡਾਉਂਦੇ ਹਨ। ਪੜ੍ਹੇ ਲਿਖੇ ਤਾਂ ਪਾਗਲ ਹੁੰਦੇ ਹਨ। ‘ਭੂਤ ਕਿਉਂ ਨਹੀਂ?’ ਸਾਡੇ ਪਿੰਡ ਵਿਚ ਜ਼ਿਆਦਾ ਲੋਕ ਭੂਤਾਂ ਵਿਚ ਵਿਸ਼ਵਾਸ ਰੱਖਦੇ ਹਨ। ਅਸੀਂ ਚਾਹੁੰਦੇ ਹਾਂ ਕਿ ਕੋਈ ਇਲਾਜ ਕਰਕੇ ਇਹ ਵਹਿਮ ਦੂਰ ਕੀਤਾ ਜਾ ਸਕੇ। ਜਿਵੇਂ ਕਿ ਸਾਡੇ ਪਿੰਡ ਵਿਚ ਬੱਸ ਅੱਡੇ ਕੋਲ ਇਕ ਵਾੜਾ ਹੈ ਜਿਸ ਵਿਚ ਕੋਈ ਮੰਜੀ ਡਾਹੇ ਤਾਂ ਰਾਤ ਨੂੰ ਮੂਧੀ ਵੱਜਦੀ ਹੈ। ਜੇ ਤੁਸੀਂ ਇਹ ਹਟਾ ਸਕਦੇ ਹੋ ਤਾਂ ਮੈਨੂੰ ਕਾਲਜ ਚਿੱਠੀ ਪਾ ਦੇਣੀ। ਅਸੀਂ ਫਿਰ ਤਾਰੀਖ ਪੱਕੀ ਕਰ ਲਵਾਂਗੇ। ਜਦੋਂ ਤੁਸੀਂ ਇਸਦਾ ਪ੍ਰਚਾਰ ਕੀਤਾ ਹੈ ਕਿ ਜਾਦੂ ਟੂਣੇ ਮੰਤਰ ਨਹੀਂ ਚੱਲਦੇ ਫਿਰ ਵੀ ਇਨ੍ਹਾਂ ਬਾਰੇ ਕਿਤਾਬਾਂ ਕਿਉਂ ਛਪਦੀਆਂ ਹਨ। ਇਨ੍ਹਾਂ ਵਿਚੋਂ ਦਿੱਤੇ ਮੰਤਰਾਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਜਾਵੇ। ਅਖ਼ਬਾਰ ਵਿਚ ਛਪਦਾ ਰਾਸ਼ੀ ਫਲ ਵੀ ਬੰਦ ਕਰਾਉਣਾ ਚਾਹੀਦਾ ਹੈ। ਜਦੋਂ ਸਾਡੇ ਨਾਲ ਲੋਕ ਬਹਿਸਦੇ ਹਨ ਤਾਂ ਸਾਨੂੰ ਨਿਰਾਸ਼ਾ ਹੁੰਦੀ ਹੈ। ਤੁਸੀਂ ਸਾਡਾ ਸਹਿਯੋਗ ਦੇ ਕੇ ਲੋਕਾਂ ਦੇ ਵਹਿਮ ਦੂਰ ਕਰੋਗੇ। ਮੰਤਰਾਂ ਦੀਆਂ ਕਿਤਾਬਾਂ ਵੱਡਾ ਇੰਦਰਜਾਲ, ਬੰਗਾਲ ਦਾ ਜਾਦੂ, ਅਫਲਾਤੂਨ ਜਾਦੂ, ਸਾਧੂ ਬਾਵਾ ਦਾ ਗੁਟਕਾ, ਸੰਨਿਆਸੀ ਬਾਵਾ ਦਾ ਗੁਟਕਾ ਇਨ੍ਹਾਂ ਦੇ ਮੰਤਰਾਂ ਨੂੰ ਝੂਠ ਸਿੱਧ ਕਰਕੇ ਪਾਬੰਦੀ ਲਾਈ ਜਾਵੇ। ਹੱਥ ਰੇਖਾ ਨਾਮ ਦੀ ਕਿਤਾਬ ਨੂੰ ਚੰਗੀ ਤਰ੍ਹਾਂ ਝੂਠ ਸਿੱਧ ਕਰੋ। ਇਸ ਦੇ ਛਪਣ `ਤੇ ਵਿਰੋਧ ਕਰੋ ਅਤੇ ਯੰਤਰੀ ਦੇ ਛਪਣ ਤੇ ਵਿਰੋਧ ਕਰਨਾ ਚਾਹੀਦਾ ਹੈ। ਮੇਰਾ ਖ਼ਿਆਲ ਹੈ ਇਹ ਪਾਖੰਡ ਬੰਦ ਕਰ ਦਿੱਤਾ ਜਾਵੇ ਤਾਂ ਲੋਕਾਂ ਦੇ 50% ਵਹਿਮ ਦੂਰ ਹੋ ਜਾਣਗੇ। ਸਾਡੇ ਖਤ ਦਾ ਜਵਾਬ ਜ਼ਰੂਰ ਦੇਣਾ ਅਸੀਂ ਆਪ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਾਂਗੇ।
ਆਪ ਦਾ ਸ਼ੁਭ ਚਿੰਤਕ
ਸੁਰਜੀਤ ਸਿੰਘ
ਜਿਵੇਂ ਅਸੀਂ ਜਾਣਦੇ ਹਾਂ ਕਿ ਮੰਜੀ ਦੇ ਮੂਧੇ ਵੱਜਣ ਲਈ ਬਲ ਦੀ ਲੋੜ ਹੁੰਦੀ ਹੈ। ਸਰੀਰ ਵਿਚ ਇਹ ਬਲ ਪੱਠਿਆਂ ਵਿਚ ਹੀ ਹੁੰਦਾ ਹੈ। ਪੱਠੇ ਖੁਰਾਕ ਬਿਨਾਂ ਨਹੀਂ ਰਹਿ ਸਕਦੇ। ਸੋ ਮੰਜੀ ਨੂੰ ਜਿਉਂਦੇ ਜਾਗਦੇ ਸਰੀਰ ਬਿਨਾਂ ਕੋਈ ਮੂਧੀ ਨਹੀਂ ਮਾਰ ਸਕਦਾ ਹੈ। ਇਹ ਸੰਭਵ ਹੈ ਕਿ ਮੰਜੀ `ਤੇ ਪਿਆ ਵਿਅਕਤੀ ਹੀ ਖੁਦ ਆਪਣੀ ਮੰਜੀ ਕਿਸੇ ਦਿਮਾਗੀ ਖਰਾਬੀ ਕਾਰਨ ਮੂਧੀ ਮਾਰ ਲਵੇ ਪਰ ਭੂਤਾਂ ਪੇ੍ਰਤਾਂ ਦੀ ਮਨੁੱਖੀ ਸਰੀਰਾਂ ਤੋਂ ਬਾਹਰ ਕੋਈ ਹੋਂਦ ਨਹੀਂ ਹੁੰਦੀ। ਸੋ ਮੰਜੀ ਮੂਧੀ ਵੱਜਣ ਦੀ ਕਲਪਨਾ ਕਰਨੀ ਹੀ ਗਲਤ ਹੈ।
ਅੱਜ ਭਾਰਤ ਵਿਚ ਤਰਕਸ਼ੀਲਾਂ ਦਾ ਸਾਹਿਤ ਤਾਂ ਇਕ ਪ੍ਰਤੀਸ਼ਤ ਹੀ ਛਪਦਾ ਹੈ ਪਰ ਅੰਧ ਵਿਸ਼ਵਾਸੀਆਂ ਦਾ ਸਾਹਿਤ ਨਿੜਨਵੇਂ ਪ੍ਰਤੀਸ਼ਤ ਹੈ। ਸੋ ਅਜਿਹੇ ਅੰਧ ਵਿਸ਼ਵਾਸੀ ਸਾਹਿਤ ਨੂੰ ਛਾਪਣੋ ਰੋਕਣਾ ਤਰਕਸ਼ੀਲਾਂ ਦੇ ਵੱਸ ਦੀ ਗੱਲ ਨਹੀਂ ਹੈ ਜਦੋਂ ਕਿ ਅਜਿਹੇ ਸਾਹਿਤ ਨੂੰ ਛਾਪਣ ਲਈ ਸਰਕਾਰ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੋਵੇ। ਹਾਂ ਤਰਕਸ਼ੀਲਾਂ ਦੇ ਰਾਜ ਵਿਚ ਅਜਿਹਾ ਹੋਵੇਗਾ ਹੀ।
