ਮੇਘ ਰਾਜ ਮਿੱਤਰ
ਕਮਲਦੀਪ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਦਾ ਹੀ ਇੱਕ ਮੈਂਬਰ ਹੈ। ਉਸਦੇ ਮਾਪੇ ਬਹੁਤ ਵੱਡੇ ਅੰਧਵਿਸ਼ਵਾਸ ਦਾ ਸ਼ਿਕਾਰ ਹਨ। ਉਸਨੇ ਆਪਣੇ ਵਾਲ ਕਟਵਾ ਦਿੱਤੇ ਹਨ ਹੁਣ ਉਸਦੇ ਭਰਾ ਦੀ ਸ਼ਾਦੀ ਹੈ ਪਰ ਵਾਲ ਨਾ ਹੋਣ ਕਾਰਨ ਉਹ ਆਪਣੇ ਭਰਾ ਦੀ ਸ਼ਾਦੀ ਵਿੱਚ ਸ਼ਾਮਲ ਵੀ ਨਹੀਂ ਹੋ ਸਕਦਾ ਕਿਉਂਕਿ ਉਸਨੂੰ ਡਰ ਹੈ ਕਿ ਉਸਦੀ ਸੂਰਤ ਵੇਖ ਕੇ ਉਸਦੇ ਮਾਪਿਆਂ ਨੂੰ ਕੁਝ ਨਾ ਹੋ ਜਾਵੇ। ਉਹ ਵਾਰ ਵਾਰ ਮੈਨੂੰ ਇਹ ਹੀ ਗੱਲ ਕਹਿੰਦਾ ਰਿਹਾ ਕਿ ਜੇ ਤੁਸੀਂ ਕਿਸੇ ਢੰਗ ਨਾਲ ਮੇਰੇ ਮਾਪਿਆਂ ਨੂੰ ਅੰਧਵਿਸ਼ਵਾਸ ਦੀ ਦਲਦਲ ਵਿਚੋਂ ਬਾਹਰ ਕੱਢ ਦੇਵੋ ਤਾਂ ਮੈਂ ਤਰਕਸ਼ੀਲ ਸੁਸਾਇਟੀ ਨੂੰ ਪੰਜ ਹਜ਼ਾਰ ਡਾਲਰ ਇਨਾਮ ਦੇ ਦਵਾਂਗਾ। ਉਸਦੇ ਮਾਪੇ ਉਸਨੂੂੰ ਕਹਿਣ ਲੱਗੇ ਕਿ ‘‘ਤੂੰ ਨਾਸਤਿਕਾਂ ਨਾਲ ਆਪਣਾ ਮੇਲ ਜੋਲ ਬਹੁਤਾ ਨਾ ਰੱਖਿਆ ਕਰ।’’ ਤਾਂ ਉਹ ਕਹਿਣ ਲੱਗਿਆ ਕਿ ‘‘ਤੁਹਾਡਾ ਮੇਲ ਜੋਲ ਦੋ ਚਾਰ ਸੌ ਵਿਅਕਤੀਆਂ ਨਾਲ ਹੋਵੇਗਾ ਪਰ ਦੁਨੀਆ ਤਾਂ ਬਹੁਤ ਵਿਸ਼ਾਲ ਹੈ।’’
ਮਹਾਨ ਫਿਲਾਸਫਰ ਕਿਸ਼ਨਾ ਮੂਰਤੀ ਕਹਿੰਦਾ ਹੈ ਕਿ ‘‘ਤੁਹਾਡੇ ਮੱਥੇ ਵਿੱਚ ਲਾਇਆ ਚੰਦਨ ਦਾ ਟਿੱਕਾ ਕਿਸੇ ਵੀ ਵਿਚਾਰ ਨੂੂੰ ਤੁਹਾਡੇ ਦਿਮਾਗ ਵਿੱਚ ਦਾਖਲ ਹੀ ਨਹੀਂ ਹੋਣ ਦਿੰਦਾ। ਜੇ ਤੂੰ ਮੇਰੇ ਵਿਚਾਰਾਂ ਨੂੂੰ ਸੁਣਨਾ ਜਾਂ ਜਾਨਣਾ ਹੈ ਤਾਂ ਪਹਿਲਾਂ ਤੈਨੂੰ ਇਹ ਟਿੱਕਾ ਉਤਾਰਨਾ ਪਵੇਗਾ।’’ ਸਾਰੇ ਧਰਮਾਂ ਵਿੱਚ ਇੱਕ ਸਰਵ ਸਾਂਝਾ ਗੁਣ ਹੈ ਉਹ ਹੈ ਕਿ ਉਹ ਦੂਸਰੇ ਧਰਮ ਦੇ ਅੰਧ ਵਿਸ਼ਵਾਸਾਂ ਨੂੰ ਤਾਂ ਅੰਧ ਵਿਸ਼ਵਾਸ ਕਹਿੰਦੇ ਹਨ ਪਰ ਆਪਣੇ ਧਰਮ ਦੇ ਅੰਧ ਵਿਸ਼ਵਾਸਾਂ ਨੂੰ ਉਹ ਸੱਚਾਈ ਮੰੰਨ ਲੈਂਦੇ ਹਨ। ਇਸ ਲਈ ਤਰਕਸ਼ੀਲਾਂ ਦੇ ਤਰਕ ਜਦੋਂ ਕਿਸੇ ਦੇ ਮੱਥੇ ਵਿੱਚ ਵੱਜਦੇ ਹਨ ਤਾਂ ਬੰਦੇ ਨੂੰ ਬਿਜਲੀ ਦਾ ਝਟਕਾ ਅਜਿਹਾ ਲੱਗਦਾ ਹੈ ਕਿ ਉਸਦਾ ਕੋਣ ਇਕ ਸੌ ਅੱਸੀ ਡਿਗਰੀ ਘੁੰਮ ਜਾਂਦਾ ਹੈ।