ਮੇਘ ਰਾਜ ਮਿੱਤਰ
ਸਮੇਂ ਦੇ ਬੀਤਣ ਨਾਲ ਗਲੈਕਸੀਆਂ ਵਿਚਲੀ ਹਾਈਡੋ੍ਰਜਨ ਤੇ ਹੀਲੀਅਮ ਦੇ ਛੋਟੇ ਛੋਟੇ ਬੱਦਲ ਬਣ ਗਏ। ਇਸ ਸੁੰਗੜੇ ਪਦਾਰਥ ਦੇ ਆਪਸੀ ਟਕਰਾਉ ਕਾਰਨ ਇਹਨਾਂ ਦਾ ਤਾਪਮਾਨ ਵਧਣ ਲੱਗ ਪਿਆ। ਜਿਉਂ ਜਿਉਂ ਇਹ ਤਾਪਮਾਨ ਵਧਦਾ ਗਿਆ ਤਾਂ ਇਹਨਾਂ ਵਿੱਚ ਨਿਊਕਲੀ ਸੰਯੋਜਨ ਦੀਆਂ ਕ੍ਰਿਆਵਾਂ ਸ਼ੁਰੂ ਹੋ ਗਈਆਂ। ਛੋਟੇ ਤਾਰਿਆਂ ਵਿੱਚ ਇਹ ਕ੍ਰਿਆਵਾਂ ਕਰੋੜਾਂ ਵਰਿ੍ਹਆਂ ਤੱਕ ਜਾਰੀ ਰਹੀਆਂ ਪਰ ਵੱਡੇ ਤਾਰਿਆਂ ਵਿੱਚ ਇਹ ਕ੍ਰਿਆਵਾਂ ਕੁਝ ਲੱਖਾਂ ਵਰੇ੍ਹ ਹੀ ਚੱਲ ਸਕਦੀਆਂ ਹਨ। ਇਹਨਾਂ ਵਿੱਚ ਪਹਿਲਾਂ ਹਾਈਡੋ੍ਰਜਨ ਹੀਲੀਅਮ ਵਿੱਚ ਫਿਰ ਹੀਲੀਅਮ ਕਾਰਬਨ ਵਿੱਚ ਬਦਲਣੀ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਇਹਨਾਂ ਦੀ ਕੋਰ ਸੁੰਗੜਦੀ ਜਾਂਦੀ ਹੈ ਜਿਸ ਕਾਰਨ ਇਹਨਾਂ ਦੀ ਸਤ੍ਹਾ ਤੇ ਸੁਪਰ ਨੋਵਾ ਧਮਾਕੇ ਹੋ ਜਾਂਦੇ ਹਨ। ਇਸ ਤਰ੍ਹਾਂ ਦੇ ਸੁਪਰ ਨੋਵਾ ਧਮਾਕੇ ਤੋਂ ਬਚੇ ਪਦਾਰਥ ਨੇ ਚਾਰ ਸੌ ਸੱਠ ਕਰੋੜ ਵਰੇ੍ਹ ਪਹਿਲਾਂ ਸਾਡੇ ਸੂਰਜ ਨੂੰ ਜਨਮ ਦਿੱਤਾ। ਸਾਡੇ ਸੂਰਜ ਦੇ ਪਦਾਰਥ ਵਿੱਚ ਦੋ ਪ੍ਰਤੀਸ਼ਤ ਭਾਰੇ ਤੱਤਾਂ ਦੀ ਹੋਂਦ ਦਰਸਾਉਂਦੀ ਹੈ ਕਿ ਸਾਡਾ ਸੂਰਜ ਦੂਜੀ ਜਾਂ ਤੀਜੀ ਪੀੜ੍ਹੀ ਦਾ ਉਹ ਤਾਰਾ ਹੈ ਜੋ ਪਹਿਲਾਂ ਵੀ ਬਣਕੇ ਇੱਕ ਜਾਂ ਦੋ ਵਾਰੀ ਨਸ਼ਟ ਹੋਇਆ ਹੈ। ਭਾਵੇਂ ਸੁਪਰ ਨੋਵਾ ਧਮਾਕੇ ਤੋਂ ਉੱਡੇ ਨਿੜਾਨਵੇ ਪ੍ਰਤੀਸ਼ਤ ਪਦਾਰਥਾਂ ਨੇ ਸਾਡਾ ਸੂਰਜ ਬਣਾ ਦਿੱਤਾ। ਇੱਕ ਪ੍ਰਤੀਸ਼ਤ ਨਾਲ ਧਰਤੀ ਸਮੇਤ ਇਸਦੇ ਬਾਕੀ ਗ੍ਰਹਿ ਅਤੇ ਉਹਨਾਂ ਦੇ ਚੰਦਰਮਾ ਬਣ ਸਕੇ।