ਮੇਘ ਰਾਜ ਮਿੱਤਰ
ਬ੍ਰਹਿਮੰਡ ਵਿੱਚ ਦੂਰੀ ਤੇ ਚਮਕ ਦਾ ਸੰਬੰਧ ਅਸਿੱਧਾ ਹੁੰਦਾ ਹੈ। ਮਤਲਬ ਜਿੰਨੀ ਕਿਸੇ ਵਸਤੂ ਦੀ ਚਮਕ ਘੱਟ ਹੋਵੇਗੀ ਉਨੀ ਹੀ ਉਹ ਵਸਤੂ ਦੂਰ ਹੋਵੇਗੀ। ਜਿਵੇਂ ਰਾਤਾਂ ਨੂੰ ਦੂਰ ਤੋਂ ਆ ਰਹੀਆਂ ਗੱਡੀਆਂ ਦੀ ਲਾਈਟ ਸਾਨੂੰ ਮਾਮੂਲੀ ਜਿਹੀ ਨਜ਼ਰ ਆਉਂਦੀ ਹੈ ਜਿਉਂ ਜਿਉਂ ਉਹ ਨੇੜੇ ਆਉਂਦੀਆਂ ਜਾਂਦੀਆਂ ਹਨ ਉਹਨਾਂ ਦੀ ਲਾਈਟ ਵਧਦੀ ਜਾਂਦੀ ਹੈ। ਸੋ ਵਿਗਿਆਨੀ ਕਿਸੇ ਤਾਰੇ ਦੀ ਰੋਸ਼ਨੀ ਵੇਖਕੇ ਉਸਦੀ ਦੂਰੀ ਦਾ ਹਿਸਾਬ ਲਾ ਲੈਂਦੇ ਹਨ। ਜਿਵੇਂ ਧਰਤੀ `ਤੇ ਖੜੇ੍ਹ ਦਰਖਤ ਦੀ ਉਚਾਈ ਦਾ ਅੰਦਾਜ਼ਾ ਉਸਦੇ ਨੇੜੇ ਦੀਆਂ ਇਮਾਰਤਾਂ ਜਾਂ ਖੰਬਿਆਂ ਤੋਂ ਲਾਇਆ ਜਾ ਸਕਦਾ ਹੈ। ਇਵੇਂ ਹੀ ਹਿਸਾਬ ਦੀ ਇੱਕ ਸਾਖਾ ਟ੍ਰਿਗਨੋਮੈਟਰੀ ਰਾਹੀਂ ਦੋ ਵੱਖ-ਵੱਖ ਸਥਾਨਾਂ ਦੀ ਦੂਰੀ ਮਾਪ ਕੇ ਉਹਨਾਂ ਸਥਾਨਾਂ ਤੋਂ ਤਾਰਿਆਂ ਦੀ ਸਥਿਤੀ ਵਿਚਲਾ ਕੋਣ ਮਾਪ ਕੇ ਕਿਸੇ ਵੀ ਤਾਰੇ ਦੀ ਦੂਰੀ ਦਾ ਪਤਾ ਲਾਇਆ ਜਾ ਸਕਦਾ ਹੈ। ਤਾਰੇ ਦੀ ਦੂਰੀ ਅਤੇ ਚਮਕ ਮਾਪ ਕੇ ਉਸਦੀ ਸਤ੍ਹਾ ਦੇ ਤਾਪਮਾਨ ਦਾ ਪਤਾ ਲੱਗ ਸਕਦਾ ਹੈ। ਸਤਾ ਦੇ ਤਾਪਮਾਨ ਤੋਂ ਉਸ ਵਿੱਚ ਹੋ ਰਹੀਆਂ ਰਸਾਇਣਕ ਕ੍ਰਿਆਵਾਂ ਦਾ ਪਤਾ ਲਗਾ ਸਕਦਾ ਹੈ। ਰਸਾਇਣਕ ਕ੍ਰਿਆਵਾਂ ਵਿੱਚੋਂ ਉਸ ਵਿੱਚ ਪੈਦਾ ਹੋ ਰਹੇ ਤੱਤਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਕਿਸੇ ਤਾਰੇ ਤੋਂ ਪੈਦਾ ਹੋ ਰਹੇ ਪ੍ਰਕਾਸ਼ ਦੀ ਤਰੰਗ ਲੰਬਾਈ ਵੀ ਉਸ ਵਿੱਚ ਹੋ ਰਹੀਆਂ ਰਸਾਇਣਕ ਕ੍ਰਿਆਵਾਂ ਦੀ ਸੂਚਨਾ ਸਾਨੂੰ ਦਿੰਦੀ ਹੈ।
ਜੇ ਅਸੀਂ ਲੋਹੇ ਦੀ ਕਿਸੇ ਰਾਡ ਨੂੰ ਅੱਗ ਵਿੱਚ ਗਰਮ ਕਰੀਏ ਤਾਂ ਜਿਵੇਂ ਜਿਵੇਂ ਉਸਦਾ ਤਾਪਮਾਨ ਵਧਦਾ ਜਾਵੇਗਾ ਉਸਦੇ ਰੰਗ ਵੀ ਬਦਲਦੇ ਜਾਣਗੇ। ਪਹਿਲਾਂ ਲਾਲ, ਫਿਰ ਪੀਲਾ, ਫਿਰ ਹਰਾ, ਫਿਰ ਨੀਲਾ ਇਸ ਤਰ੍ਹਾਂ ਤਾਰਿਆਂ ਦੇ ਰੰਗ ਵੀ ਉਹਨਾਂ ਦੇ ਤਾਪਮਾਨ ਅਨੁਸਾਰ ਹੀ ਹੁੰਦੇ ਹਨ। ਨੀਲੇ ਵਿਖਾਈ ਦੇਣ ਵਾਲੇ ਤਾਰੇ ਬਹੁਤ ਗਰਮ ਸਾਡੇ ਸੂਰਜ ਦੇ ਰੰਗ ਵਰਗੇ ਦਖਾਈ ਦੇਣ ਵਾਲੇ ਤਾਰੇ ਮੱਧਮ ਅਤੇ ਲਾਲ ਰੰਗ ਦੇ ਤਾਰੇ ਸਭ ਤੋਂ ਘੱਟ ਗਰਮ ਹੁੰਦੇ ਹਨ।
ਤਾਰਿਆਂ ਦਾ ਤਾਪਮਾਨ ਉਸ ਵਿੱਚ ਹੋ ਰਹੀਆਂ ਨਿਊਕਲੀ ਕਿਰਿਆਵਾਂ ਕਰਕੇ ਹੁੰਦਾ ਹੈ ਅਤੇ ਲੱਗਭੱਗ ਇੱਕ ਸੌ ਪੰਜ ਤੱਤ ਜਿਹੜੇ ਅੱਜ ਸਾਡੇ ਧਰਤੀ ਦੇ ਮੌਜੂਦ ਹਨ ਕਿਸੇ ਨਾ ਕਿਸੇ ਰੂਪ ਵਿੱਚ ਇਹਨਾਂ ਤਾਰਿਆਂ ਵਿੱਚ ਵਾਪਰ ਰਹੀਆਂ ਨਾਭਿਕ ਕਿਰਿਆਵਾਂ ਦੀ ਪੈਦਾਇਸ਼ ਹਨ। ਕਿਸੇ ਤਾਰੇ ਵਿੱਚ ਹਾਈਡਰੋਜਨ ਹੀਲੀਅਮ ਵਿੱਚ ਬਦਲ ਰਹੀ ਹੈ ਕਿਸੇ ਵਿੱਚ ਹੀਲੀਅਮ ਕਾਰਬਨ ਵਿੱਚ ਕਿਸੇ ਤੇ ਕਾਰਬਨ ਤੇ ਹੀਲੀਅਮ ਮਿਲ ਕੇ ਆਕਸੀਜਨ ਬਣਾ ਰਹੇ ਹਨ। ਇਹਨਾਂ ਵਿੱਚ ਬਹੁਤੇ ਤੱਤਾਂ ਦਾ ਨਿਰਮਾਣ ਤਾਰੇ ਦੀ ਕੋਰ ਦੇ ਅੰਦਰ ਹੁੰਦਾ ਹੈ। ਪਰ ਫਿਰ ਵਿਸਫੋਟ ਦੁਆਰਾ ਇਹ ਆਕਾਸ਼ ਵਿੱਚ ਸੁੱਟ ਦਿੱਤੇ ਜਾਂਦੇ ਹਨ ਇਸ ਤਰ੍ਹਾਂ ਉਹ ਗਹਿਣੇ ਜਿਹੜੇ ਅੱਜ ਇਸ਼ਤਰੀਆਂ ਦਾ ਸ਼ਿੰਗਾਰ ਬਣਦੇ ਹਨ ਅਤੇ ਉਹ ਟੈਂਕ ਜਿਹੜੇ ਯੁੱਧ ਵਿੱਚ ਮਾਰੋ ਮਾਰ ਕਰਦੇ ਹਨ ਅਤੇ ਉਹ ਭਾਂਡੇ ਜਿਹੜੇ ਸਾਡੀਆਂ ਰਸੋਈਆਂ ਦਾ ਭੰਡਾਰ ਬਣਦੇ ਹਨ ਸਭ ਇਹਨਾਂ ਤਾਰਿਆਂ ਵਿੱਚ ਹੋ ਰਹੀਆਂ ਰਸਾਇਣਕ ਕਿਰਿਆਵਾਂ ਦੀ ਪਦਾਇਸ਼ ਹਨ।