ਮੇਘ ਰਾਜ ਮਿੱਤਰ
ਸਾਡੇ ਬ੍ਰਹਿਮੰਡ ਵਿੱਚ ਸੌ ਅਰਬ ਗਲੈਕਸੀਆਂ ਹਨ ਤੇ ਹਰ ਗਲੈਕਸੀ ਵਿੱਚ ਲੱਗਭੱਗ ਸੌ ਅਰਬ ਤਾਰੇ ਹਨ। ਜੇ ਇਹ ਮੰਨ ਲਿਆ ਜਾਵੇ ਕਿ ਧਰਤੀ ਤੋਂ ਵਗੈਰ ਹੋਰ ਕਿਸੇ ਗ੍ਰਹਿ ਤੇ ਜੀਵਨ ਨਹੀਂ ਹੈ ਭਾਵੇਂ ਇਸ ਗੱਲ ਦੀ ਸੰਭਾਵਨਾ ਵੀ ਆਟੇ ਵਿੱਚ ਲੂਣ ਦੀ ਮਾਤਰਾ ਦੇ ਬਰਾਬਰ ਹੀ ਹੈ। ਫਿਰ ਵੀ ਧਰਤੀ ਤੇ ਰਹਿਣ ਵਾਲੇ ਹਰੇਕ ਗਰੀਬ ਤੋਂ ਗਰੀਬ ਮਨੁੱਖ ਦੇ ਹਿੱਸੇ ਘੱਟੋ ਘੱਟ ਸੌਲਾਂ ਖਰਬ ਤਾਰੇ ਆਉਣਗੇ। ਗ੍ਰਹਿਆਂ ਉਪਗ੍ਰਹਿਆਂ ਦੀ ਗਿਣਤੀ ਇਸ ਤੋਂ ਅਲੱਗ ਹੋਵੇਗੀ। ਸਾਡੀ ਆਪਣੀ ਗਲੈਕਸੀ ਜਿਸਨੂੰ ਅਸੀਂ ਮਿਲਕੀ ਵੇ ਕਹਿੰਦੇ ਹਾਂ ਇੱਕ ਦਰਮਿਆਨੇ ਆਕਾਰ ਦੀ ਆਕਾਸ਼ ਗੰਗਾ ਹੈ। ਇਸਦੀ ਲੰਬਾਈ ਅਤੇ ਚੌੜਾਈ ਜਾਣਨ ਤੋਂ ਪਹਿਲਾਂ ਸਾਨੂੰ ਇਸ ਗੱਲ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਬ੍ਰਹਿਮੰਡ ਵਿੱਚ ਦੂਰੀਆਂ ਮੀਟਰਾਂ ਅਤੇ ਕਿਲੋਮੀਟਰਾਂ ਵਿੱਚ ਮਾਪਣਾ ਸੰਭਵ ਨਹੀਂ ਹੈ। ਕਿਉਂਕਿ ਇਹ ਦੂਰੀਆਂ ਐਨਾ ਜ਼ਿਆਦਾ ਹੁੰਦੀਆਂ ਹਨ ਕਿ ਵਿਗਿਆਨੀਆਂ ਦੁਆਰਾ ਪ੍ਰਚਲਤ ਬ੍ਰਹਿਮੰਡ ਦੀਆਂ ਦੂਰੀਆਂ ਮਾਪਣ ਦੀ ਇਕਾਈ ਪ੍ਰਕਾਸ਼ ਵਰ੍ਹਾ ਵੀ ਛੋਟੀ ਜਾਪਣ ਲੱਗ ਪਈ ਹੈ। ਅਸੀਂ ਜਾਣਦੇ ਹਾਂ ਕਿ ਪ੍ਰਕਾਸ਼ ਇੱਕ ਸੈਕਿੰਟ ਵਿੱਚ ਤਿੰਨ ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰ ਲੈਂਦਾ ਹੈ। ਇਸ ਤੋਂ ਸਪਸ਼ਟ ਹੈ ਕਿ ਇਹ ਇੱਕ ਮਿੰਟ ਵਿੱਚ ਇਸ ਤੋਂ ਸੱਠ ਗੁਣਾ, ਇੱਕ ਘੰਟੇ ਵਿੱਚ ਇਸ ਤੋਂ ਵੀ ਸੱਠ ਗੁਣਾ ਅਤੇ ਇੱਕ ਦਿਨ ਵਿੱਚ ਇਸ ਤੋਂ ਅੱਗੇ ਹੋਰ ਚੌਵੀ ਗੁਣਾ ਅਤੇ ਇੱਕ ਸਾਲ ਵਿੱਚ ਇਹਨਾਂ ਸਭ ਦੀ ਗੁਣਾ ਕਰਨ ਤੋਂ ਬਾਅਦ ਤਿੰਨ ਸੌ ਪੈਂਹਟ ਗੁਣਾ ਦੂਰੀ ਕਿਲੋਮੀਟਰਾਂ ਵਿੱਚ ਤੈਅ ਕਰ ਲਵੇਗਾ। ਇਹ ਦੂਰੀ ਚੁਰਾਨਵੇ ਖਰਬ ਸੱਠ ਅਰਬ ਕਿਲੋਮੀਟਰ ਦੇ ਲੱਗਭੱਗ ਹੁੰਦੀ ਹੈ। ਸਾਡੇ ਸੂਰਜ ਮੰਡਲ ਦਾ ਸਭ ਤੋਂ ਨੇੜੇ ਤਾਰਾ ਐਲਫਾ ਸੈਂਚੁਰੀ ਹੈ। ਇਸ ਤੋਂ ਪ੍ਰਕਾਸ਼ ਸਾਡੇ ਕੋਲ ਪੁੱਜਣ ਲਈ 4.3 ਵਰੇ੍ਹ ਲੈ ਲੈਂਦਾ ਹੈ। ਵਿਗਿਆਨੀਆਂ ਨੇ ਬ੍ਰਹਿਮੰਡੀ ਦੂਰੀਆਂ ਨੂੰ ਮਾਪਣ ਲਈ ਇੱਕ ਹੋਰ ਇਕਾਈ ਪਾਰਸੈਕ ਪ੍ਰਚਲਤ ਕੀਤੀ ਹੋਈ ਹੈ। ਜਿਹੜੀ ਲੱਗਭੱਗ 3.26 ਪ੍ਰਕਾਸ਼ ਵਰੇ੍ਹ ਦੇ ਬਰਾਬਰ ਹੁੰਦੀ ਹੈ।