– ਮੇਘ ਰਾਜ ਮਿੱਤਰ
ਹੁਸ਼ਿਆਰਪੁਰ
30.4.1986
ਸਤਿ-ਸ੍ਰੀ-ਅਕਾਲ।
ਮੈਂ ਛੇ ਕੁ ਮਹੀਨੇ ਪਹਿਲਾਂ ਡਾ. ਇਬਰਾਹਹਮ ਟੀ. ਕਾਵੂਰ ਦੀ ਪੁਸਤਕ `ਤੇ ਦੇਵ ਪੁਰਸ਼ ਹਾਰ ਗਏ’ ਪੜ੍ਹੀ। ਜਿਸ ਨੇ ਮੇਰੇ ਮਨ ਵਿਚ ਪੱਕੇ ਹੋਏ ਵਹਿਮਾਂ ਨੂੰ ਦੂਰ ਕੀਤਾ। ਉਸ ਤੋਂ ਬਾਅਦ ਮੈਂ ਰੈਸ਼ਨੇਲਿਸਟ ਸੁਸਾਇਟੀ ਪੰਜਾਬ ਦੁਆਰਾ ਪ੍ਰਕਾਸ਼ਤ ਪੁਸਤਕ ‘‘ਦੇਵ ਦੈਂਤ ਤੇ ਰੂਹਾਂ’’ ਪੜ੍ਹੀ। ਅੱਜ ਤੱਕ ਮੈਂ ਬਹੁਤ ਸਾਰਿਆਂ ਨੂੰ ਇਹ ਪੁਸਤਕਾਂ ਪੜ੍ਹਨ ਦੀ ਜ਼ੋਰਦਾਰ ਤਾਕੀਦ ਕੀਤੀ ਹੈ।
ਤੁਸੀਂ ਪੰਜਾਬ ਵਿਚ ਰੈਸ਼ਨੇਲਿਸਟ ਸੁਸਾਇਟੀ ਬਣਾ ਕੇ ਜੋ ਝੂਠੇ ਸਾਧੂ ਸੰਤਾਂ ਦਾ ਪਰਦਾਫਾਸ਼ ਕੀਤਾ ਤੇ ਭੂਤਾਂ-ਪ੍ਰੇਤਾਂ ਵਹਿਮਾਂ ਤੋਂ ਲੋਕਾਂ ਨੂੰ ਮੁਕਤ ਕਰਾਇਆ। ਇਸ ਤੋਂ ਮੇਰਾ ਤੇ ਮੇਰੇ ਨਾਲ ਦੇ ਸਾਥੀਆਂ ਦਾ ਮਨ ਬਹੁਤ ਖੁਸ਼ ਹੈ।
ਮੈਂ ਤੁਹਾਨੂੂੰ ਇਕ ਗੱਲ ਤੋਂ ਜਾਣੂ ਕਰਵਾਉਣਾ ਚਾਹੁੰਦਾ ਹਾਂ। ਉਹ ਇਹ ਹੈ ਕਿ ਅਪ੍ਰੈਲ 1986 ਦੇ ਪੰਥਕ ਰਸਾਲੇ ‘ਸੰਤ ਸਿਪਾਹੀ’ ਵਿਚ ਹਰਪ੍ਰੀਤ ਸਿੰਘ ਦਾ ਲੇਖ ਮੌਤ ਤੋਂ ਬਾਅਦ ਜ਼ਿੰਦਗੀ ਛਪਿਆ। ਉਸ ਵਿਚ 10 ਮਿਸਾਲਾਂ ਦਿੱਤੀਆਂ ਹਨ। ਜਦੋਂ ਕਿਸੇ 2 ਤੋਂ 4 ਸਾਲ ਦੇ ਲੜਕੇ ਲੜਕੀ ਨੇ ਆਪਣੇ ਪਿਛਲੇ ਜਨਮ ਦੀਆਂ ਗੱਲਾਂ ਦੱਸੀਆਂ ਤਾਂ ਇਹ ਮਿਸਾਲਾਂ ਉਸ ਨੇ ਇਲਸਟਰੇਟਿਡ ਵੀਕਲੀ ਤੋਂ ਲਈਆਂ ਹਨ। ਪਰ ਕਾਵੂਰ ਪਹਿਲਾਂ ਹੀ ਆਪਣੀ ਪੁਸਤਕ ਵਿਚ ਇਨ੍ਹਾਂ ਚੀਜ਼ਾਂ ਦਾ ਖੰਡਨ ਕਰ ਚੁੱਕਾ ਹੈ। ਜੇਕਰ ਮੈਂ ਕਾਵੂਰ ਦੀਆਂ ਦੋਵੇਂ ਪੁਸਤਕਾਂ ਨਾ ਪੜ੍ਹੀਆਂ ਹੁੰਦੀਆਂ ਤਾਂ ਇਹ ਲੇਖ ਪੜ੍ਹ ਕੇ ਮੈਂ ਯਕੀਨੀ ਮੌਤ ਤੋਂ ਪਹਿਲਾਂ ਤੇ ਬਾਅਦ ਦੀ ਜ਼ਿੰਦਗੀ ਵਿਚ ਯਕੀਨ ਕਰ ਲੈਣਾ ਸੀ। ਇਕ ਪਾਸੇ ਤੁਸੀਂ ਲੋਕਾਂ ਨੂੰ ਵਹਿਮਾਂ `ਚੋਂ ਕੱਢ ਰਹੇ ਹੋ। ਪਰ ਦੂਜੇ ਪਾਸੇ ਇਹ ਲੇਖ ਪੜ੍ਹਨ ਵਾਲਿਆਂ ਦਾ ਮੌਤ ਤੋਂ ਪਹਿਲਾਂ ਤੇ ਬਾਅਦ ਦੀ ਜ਼ਿੰਦਗੀ ਵਿਚ ਪੂਰਾ ਯਕੀਨ ਬੱਝ ਜਾਵੇਗਾ। ਕੀ ਇਹ ਠੀਕ ਹੈ?
ਪਰ ਉਸੇ ਵਿਚ ਇਹ ਗੱਲ ਵੀ ਕਹੀ ਗਈ ਹੈ ਕਿ ਜਦੋਂ ਆਦਮੀ ਦਾ ਦਿਲ ਬੰਦ ਹੋਣ ਤੋਂ ਬਾਅਦ ਦਿਮਾਗ ਚੱਲਦਾ ਰਹਿੰਦਾ ਹੈ ਤੇ ਜਿਸ ਤਰ੍ਹਾਂ ਕਿਸੇ ਦੀ ਜ਼ਿੰਦਗੀ ਵਿਚ ਸੰਸਕਾਰ ਬਣੇ ਹੁੰਦੇ ਹਨ। ਉਸੇ ਤਰ੍ਹਾਂ ਦੀਆਂ ਤਸਵੀਰਾਂ ਉਸ ਦੇ ਸੁਪਨੇ ਵਿਚ ਆਉਂਦੀਆਂ ਹਨ। ਉਸ ਵਕਤ ਚਿੱਤਰੇ ਗਏ ਚਿੱਤਰਾਂ ਨੂੰ ਮੌਤ ਤੋਂ ਬਾਅਦ ਦੀ ਜ਼ਿੰਦਗੀ ਨਾਲ ਸੰਬੰਧਤ ਕਰ ਦਿੱਤਾ ਜਾਂਦਾ ਹੈ। ਉਸ ਨੇ ਕਿਹਾ ਹੈ ਕਿ ਹਿਪਨੋਟਾਈਜ਼ ਕਰਕੇ ਬੱਚੇ ਤੋਂ ਉਸ ਤੋਂ ਉਸਦੇ ਪਿਛਲੇ ਜਨਮ ਦੀਆਂ ਗੱਲਾਂ ਪੁੱਛੀਆਂ ਜਾ ਸਕਦੀਆਂ ਹਨ।
ਇਸ ਤੋਂ ਬਾਅਦ ਮੇਰੇ ਸਾਥੀ ਰੈਸ਼ਨੇਲਿਸਟ ਸੁਸਾਇਟੀ ਪੰਜਾਬ ਦੇ ਮੈਂਬਰ ਬਣਨਾ ਚਾਹੁੰਦੇ ਹਨ। ਜੇਕਰ ਹੁਸ਼ਿਆਰਪੁਰ ਵਿਚ ਜਾਂ ਨੇੜੇ ਕਿਤੇ ਕੋਈ ਸੰਸਥਾ ਹੈ ਤਾਂ ਸਾਨੂੰ ਦੱਸੋ। ਜੇ ਨਹੀਂ ਤਾਂ ਦੱਸਣਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।
ਧੰਨਵਾਦ ਸਹਿਤ,
ਤੁਹਾਡਾ ਹਮ-ਖ਼ਿਆਲ
ਜਸਵੰਤ ਸਿੰਘ
ਬ੍ਰਹਿਮ ਮੰਡ ਵਿਚ ਹਰੇਕ ਵਸਤੂ ਦਾ ਅੰਤ ਹੈ। ਕਿਸੇ ਦਾ ਅੰਤ ਕੁਝ ਮਿੰਟਾਂ ਵਿਚ ਹੀ ਹੋ ਜਾਣਾ ਹੁੰਦਾ ਹੈ ਤੇ ਕਿਸੇ ਦਾ ਅੰਤ ਕੁਝ ਸਾਲਾਂ ਵਿਚ ਹੋ ਜਾਣਾ ਹੁੰਦਾ ਹੈ। ਮਨੁੱਖੀ ਸਰੀਰ ਵੀ ਨਾਸ਼ਵਾਨ ਹੈ। ਸੱਤਰ ਅੱਸੀ ਵਰ੍ਹੇ ਦੀ ਜ਼ਿੰਦਗੀ ਦੌਰਾਨ ਇਹ ਧਰਤੀ ਵਿਚ ਆਪਣੇ ਅੰਸ ਲੈਂਦਾ ਹੈ ਤਾਂ ਅੰਤ ਸਾਰਾ ਕੁਝ ਧਰਤੀ ਨੂੰ ਹੀ ਮੋੜ ਦਿੰਦਾ ਹੈ ਤੇ ਆਪਣਾ ਚੱਕਰ ਖ਼ਤਮ ਕਰ ਲੈਂਦਾ ਹੈ। ਪੂਰਬ ਜਨਮ ਜਾਂ ਪੁਨਰ ਜਨਮ ਆਦਿ ਕੁਝ ਨਹੀਂ ਹੁੰਦਾ। ਹਾਂ ਇਹ ਇੱਕ ਭਰਮ ਜ਼ਰੂਰ ਹਨ ਜਿਹੜੇ ਕਿਸੇ ਵੀ ਆਦਮੀ ਵਿੱਚ ਆਪਣੇ ਆਪ ਵੀ ਪੈਦਾ ਹੋ ਸਕਦੇ ਹਨ ਅਤੇ ਹਿਪਨੋਸਿਸ ਰਾਹੀਂ ਕੁੱਝ ਸੁਝਾਵਾਂ ਦੀ ਮਦਦ ਨਾਲ ਪੈਦਾ ਵੀ ਕੀਤੇ ਜਾ ਸਕਦੇ ਹਨ। ਪਰ ਇਹ ਹਕੀਕੀ ਨਹੀਂ ਹੁੰਦਾ। ਪਰ ਅੱਜ ਕੱਲ੍ਹ ਤਾਂ ਕਈ ਚਲਾਕ ਕਿਸਮ ਦੇ ਵਿਅਕਤੀ ਕਿਸੇ ਦੀ ਜਾਇਦਾਦ ਹੜੱਪ ਕਰਨ ਲਈ, ਜਾਂ ਆਪਣੇ ਪ੍ਰੇਮ ਸੰਬੰਧ ਜਾਰੀ ਰੱਖਣ ਲਈ ਕਿਸੇ ਹੋਰ ਨਿੱਜੀ ਮਕਸਦ ਲਈ ਅਜਿਹੇ ਪੁਨਰ ਜਨਮ ਪੈਦਾ ਕਰ ਹੀ ਲੈਂਦੇ ਹਨ ਤੇ ਲਾਈਲੱਗ ਮੂਰਖ ਅਜਿਹੇ ਚੱਕਰ ਵਿਚ ਫਸ ਹੀ ਜਾਂਦੇ ਹਨ।