27. ਮੰਮੀ ਡੈਡੀ ਪੜ੍ਹੇ ਲਿਖੇ ਹਨ

– ਮੇਘ ਰਾਜ ਮਿੱਤਰ

ਸਮਾਣਾ
26.4.86
ਸ਼ੁਭ ਇਛਾਵਾਂ
ਮੈਂ ਆਪ ਜੀ ਦੀਆਂ ਪ੍ਰਕਾਸ਼ਤ ਕੀਤੀਆਂ ਡਾ. ਇਬਰਾਹੀਮ ਟੀ. ਕਾਵੂਰ ਦੀਆਂ ਦੋਵੇਂ ਕਿਤਾਬਾਂ ਪੜ੍ਹੀਆਂ ਹਨ। ਮੈਨੂੰ ਇਨ੍ਹਾਂ ਕਿਤਾਬਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ, ਸਿੱਟੇ ਵਜੋਂ ਮੈਂ ਬਿਲਕੁਲ ਨਾਸਤਿਕ ਹੋ ਗਿਆ ਹਾਂ।
ਮੇਰੇ ਮੰਮੀ ਡੈਡੀ ਦੋਵੇਂ ਪੜ੍ਹੇ ਲਿਖੇ ਹਨ ਪਰ ਬਦਕਿਸਮਤੀ ਨਾਲ ਉਹ ਬਹੁਤ ਹੀ ਅੰਧ-ਵਿਸ਼ਵਾਸੀ ਹਨ। ਦੋਵੇਂ ਅਧਿਆਪਕ ਹਨ ਇਸਦੇ ਬਾਵਜੂਦ ਵੀ ਉਹ ਤਰਕਸ਼ੀਲ ਵਿਚਾਰਧਾਰਾ ਨੂੰ ਨਹੀਂ ਮੰਨਦੇ।
ਸਾਡਾ ਬਹੁਤ ਹੀ ਸੰਖੇਪ ਜਿਹਾ ਪਰਿਵਾਰ ਹੈ ਪਰ ਧਾਰਮਿਕ ਕੱਟੜਤਾ ਨੇ ਸਾਡੇ ਪਰਿਵਾਰ ਦਾ ਸੁੱਖ ਚੈਨ ਬਰਬਾਦ ਕਰ ਰੱਖਿਆ ਹੈ ਖਾਸ ਕਰਕੇ ਮੇਰਾ ਤੇ ਮੇਰੇ ਵੱਡੇ ਭਰਾ ਦਾ। ਮੇਰਾ ਭਰਾ ਵੀ ਤਰਕਸ਼ੀਲ ਵਿਚਾਰਧਾਰਾ ਵਿਚ ਵਿਸ਼ਵਾਸ ਰੱਖਦਾ ਹੈ।
ਅੱਜ ਤੋਂ ਕੁਝ ਸਮਾਂ ਪਹਿਲਾਂ ਬਦਕਿਸਮਤੀ ਨਾਲ ਮੇਰੇ ਭਰਾ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਸੀ। ਮੇਰੇ ਮਾਤਾ-ਪਿਤਾ ਇਸਨੂੰ ਭੂਤ-ਪ੍ਰੇਤਾਂ ਦਾ ਕਾਰਾ ਮੰਨਦੇ ਸਨ। ਪਰ ਮੈਂ ਅਜਿਹਾ ਨਹੀਂ ਮੰਨਿਆ, ਕਿਉਂਕਿ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਉਸਦਾ ਦਿਮਾਗ ਤੱਤੀ ਸ਼ਰਾਬ ਪੀਣ ਨਾਲ ਤੇ ਸੁੱਖੇ ਵਰਗੇ ਨਸ਼ੇ ਵਰਤਣ ਨਾਲ ਖਰਾਬ ਹੋਇਆ ਹੈ ਤੇ ਮੇਰੇ ਭਰਾ ਦਾ ਬਹੁਤ ਹੀ ਪਿਆਰਾ ਦੋਸਤ ਉਹਨਾਂ ਦਿਨਾਂ ਵਿਚ ਗਲ ਫਾਹਾ ਲੈ ਕੇ ਮਰ ਗਿਆ ਸੀ ਜਿਸ ਦਾ ਉਸਦੇ ਦਿਲ ਉੱਪਰ ਬਹੁਤ ਹੀ ਗਹਿਰਾ ਅਸਰ ਸੀ।
ਦੋ ਮਹੀਨੇ ਮੇਰੇ ਮਾਤਾ-ਪਿਤਾ ਮੇਰੇ ਭਰਾ ਨੂੰ ਭੂਤਾਂ-ਪ੍ਰੇਤਾਂ ਨੂੰ ਕੱਢਣ ਵਾਲੇ ਅਖੌਤੀ ਸਾਧਾਂ ਕੋਲ ਲੈ ਕੇ ਘੁੰਮਦੇ ਰਹੇ ਉਸਦੀ ਬੀਮਾਰੀ ਨਾਲ ਹੋਰ ਵੀ ਮਾੜੀ ਹਾਲਤ ਹੋ ਗਈ ਸੀ। ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕੋਲ ਲੈ ਗਏ। ਜਿੱਥੇ ਸਿਰਫ਼ ਪੰਦਰਾਂ ਦਿਨਾਂ ਦੇ ਇਲਾਜ ਤੋਂ ਬਾਅਦ ਮੇਰਾ ਭਰਾ ਬਿਲਕੁਲ ਠੀਕ ਹੋ ਗਿਆ ਤੇ ਹੁਣ ਵੀ ਬਿਲਕੁਲ ਠੀਕ ਹੈ। ਇਹ ਗੱਲ ਅੱਜ ਤੋਂ ਚਾਰ ਸਾਲ ਪਹਿਲਾਂ ਦੀ ਹੈ ਤੇ ਹੁਣ ਮੇਰਾ ਭਰਾ ਬੀ. ਏ. ਪਾਸ ਕਰ ਗਿਆ ਤੇ ਤਰਕਸ਼ੀਲ ਵਿਚਾਰਧਾਰਾ ਵਿਚ ਪੂਰਾ ਵਿਸ਼ਵਾਸ ਰੱਖਦਾ ਹੈ ਪਰ ਮੇਰੀ ਮਾਤਾ ਜੀ ਹਾਲੇ ਤੱਕ ਆਪਣਾ ਅੰਧ-ਵਿਸ਼ਵਾਸ ਛੱਡਣ ਨੂੰ ਤਿਆਰ ਨਹੀਂ, ਸਗੋਂ ਇਹ ਮੰਨਦੀ ਹੈ ਕਿ ਮੇਰਾ ਭਰਾ ਉਸ ਵੱਲੋਂ ਕਰਵਾਈ ਪਾਠ ਪੂਜਾ ਨਾਲ ਹੀ ਠੀਕ ਹੋਇਆ ਹੈ।
ਸੰਯੋਗਵਸ ਮੈਨੂੰ ਤੁਹਾਡੇ ਵੱਲੋਂ ਅਨੁਵਾਦ ਕੀਤੀਆਂ ਡਾ. ਕਾਵੂਰ ਦੀਆਂ ਕਿਤਾਬਾਂ ਪੜ੍ਹਨ ਨੂੰ ਮਿਲੀਆਂ ਤੇ ਮੈਂ ਤੁਹਾਨੂੰ ਚਿੱਠੀ ਲਿਖਣ ਦਾ ਫ਼ੈਸਲਾ ਕੀਤਾ। ਕਿਤਾਬਾਂ ਪੜ੍ਹ ਕੇ ਮੇਰੇ ਦਿਮਾਗ ਵਿਚ ਕੁਝ ਸਵਾਲ ਆਏ ਹਨ ਜੋ ਮੈਂ ਤੁਹਾਥੋਂ ਸਪੱਸ਼ਟ ਕਰਵਾਉਣੇ ਚਾਹੁੰਦਾ ਹਾਂ।
1. ਕੀ ਤੁਹਾਨੂੰ ਹਿਪਨੋਟਿਜ਼ਮ ਆਉਂਦੀ ਹੈ? ਜਾਂ ਇਹ ਕਿੱਥੋਂ ਸਿੱਖੀ ਜਾ ਸਕਦੀ ਹੈ? ਤਾਂ ਕਿ ਅੱਗੇ ਤੋਂ ਜੇ ਕਿਸੇ ਕਿਸਮ ਦੀ ਸਮੱਸਿਆ ਪੈਦਾ ਹੋ ਜਾਵੇ ਤਾਂ ਭੋਲੇ ਭਾਲੇ ਲੋਕਾਂ ਨੂੰ ਮੈਂ ਆਪਣੀਆਂ ਸੇਵਾਵਾਂ ਪੇਸ਼ ਕਰਕੇ ਪਾਖੰਡੀਆਂ ਸਾਧਾਂ ਤੋਂ ਬਚਾ ਸਕਾਂ।
2. ਮੈਂ ਤੁਹਾਨੂੰ ਮਿਲਕੇ ਆਪਣੇ ਤਰਕਸ਼ੀਲ ਵਿਚਾਰਾਂ ਨੂੰ ਹੋਰ ਚੰਗੀ ਤਰ੍ਹਾਂ ਪੱਕੇ ਕਰਨਾ ਚਾਹੁੰਦਾ ਹਾਂ ਤੁਹਾਨੂੰ ਕਿੱਥੇ ਤੇ ਕਦੋਂ ਮਿਲਿਆ ਜਾ ਸਕਦਾ ਹੈ? ਕਿਰਪਾ ਕਰਕੇ ਇਹ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ।
ਤੁਹਾਡਾ ਸ਼ੁਭਚਿੰਤਕ
ਰਵਿੰਦਰ ਜੀਤ ਸਿੰਘ
ਭਾਰਤ ਵਿਚ ਬਹੁਤ ਸਾਰੇ ਅਦਾਰੇ ਅਜਿਹੇ ਹਨ ਜਿਥੇ ਹਿਪਨੋਟਿਜ਼ਮ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਅੱਜ ਕੱਲ੍ਹ ਪੁਲਿਸ ਅਫ਼ਸਰਾਂ ਨੂੰ ਵੀ ਅਜਿਹੀ ਟੇ੍ਰਨਿੰਗ ਦੀ ਸਹੂਲਤ ਕਲਕੱਤੇ ਵਿਖੇ ਉਪਲਬਧ ਹੈ। ਹਰੇਕ ਵਿਅਕਤੀ ਹਿਪਨੋਟਿਜ਼ਮ ਸਿੱਖ ਸਕਦਾ ਹੈ। ਇਸ ਵਿਚ ਥੋੜ੍ਹੇ ਜਿਹੇ ਅਭਿਆਸ ਦੀ ਹੀ ਲੋੜ ਹੁੰਦੀ ਹੈ। ਅਸੀਂ ਸੁਸਾਇਟੀ ਵੱਲੋਂ ਹਰ ਸਾਲ ਅਜਿਹਾ ਕੈਂਪ ਲਾਉਂਦੇ ਰਹਿੰਦੇ ਹਾਂ।

Back To Top