29. ਪ੍ਰੀਤ ਲੜੀ ਨੇ ਤਰਕਸ਼ੀਲ ਬਣਾਇਆ ਸੀ

– ਮੇਘ ਰਾਜ ਮਿੱਤਰ

ਤੂਤ

2 ਮਈ 1986

ਹਰ ਯੁੱਗ ਵਿਚ ਜਾਗੇ ਦਿਮਾਗ ਵਾਲੇ ਇਨਸਾਨ ਇਹ ਇੱਛਾ ਰੱਖਦੇ ਆਏ ਹਨ ਕਿ ਕੋਈ ਨਾ ਕੋਈ ਐਸੇ ਇਨਕਲਾਬੀ ਵਿਚਾਰਾਂ ਵਾਲੀ ਸੰਸਥਾ ਹੋਣੀ ਚਾਹੀਦੀ ਹੈ ਜੋ ਲੋਕਾਂ ਨੂੰ ਗੁੰਮਰਾਹ ਹੋਣੋ ਬਚਾ ਸਕੇ, ਵਿਗਿਆਨਕ ਢੰਗਾਂ ਨਾਲ ਲੋਕਾਂ ਦੇ ਮਨਾਂ ਵਿੱਚੋਂ ਅੰਧ ਵਿਸ਼ਵਾਸ ਦਾ ਹਨੇਰਾ ਦੂਰ ਕਰ ਸਕੇ ਅਤੇ ਅਖੌਤੀ ਜਿੰਨਾਂ ਭੂਤਾਂ ਦਾ ਪਰਦਾ ਫਾਸ਼ ਕਰ ਸਕੇ। ਪੰਜਾਬ ਵਿਚ ਅਜਿਹੀ ਸੰਸਥਾ ਹੀ ਲੋੜ ਸੀ ਕਿਉਂਕਿ ਇੱਥੇ ਥਾਂ ਥਾਂ ਅੱਡੇ ਬਣਾਈ ਬੈਠੇ ਸਾਧਾਂ, ਫਕੀਰਾਂ, ਟੂਣੇ ਹਾਰਿਆਂ ਵੱਲੋਂ ਧਾਗੇ-ਤਵੀਤ, ਵਿਭੂਤੀ (ਰਾਖ) ਪਵਿੱਤਰ ਜਲ ਅਤੇ ਹੋਰ ਪਤਾ ਨਹੀਂ ਕੀ ਕੀ ਅਖੌਤੀ ਪਵਿੱਤਰ ਚੀਜ਼ਾਂ, ਅੰਧ ਵਿਸ਼ਵਾਸੀ ਲੋਕਾਂ ਨੂੰ ਦੇ ਦੇ ਕੇ ਲੁੱਟਿਆ ਜਾ ਰਿਹਾ ਹੈ ਅਤੇ ਸੂਝ ਸਿਆਣਪ ਨੂੰ ਘੁਣ ਲਾਈ ਜਾ ਰਹੀ ਹੈ।

ਗੁਰਬਖਸ਼ ਸਿੰਘ ਪ੍ਰੀਤ ਲੜੀ ਦੀਆਂ ਲਿਖਤਾਂ ਨੇ ਮੈਨੂੰ ਤਰਕਸ਼ੀਲ ਬਣਾਇਆ ਸੀ, ਹੁਣ ਤੁਹਾਡੀ ਸੰਸਥਾ ਕਾਇਮ ਹੋਣ ਨਾਲ ਮੇਰੀ ਤਰਕਸ਼ੀਲਤਾ ਨੂੰ ਹਮਾਇਤ ਮਿਲੀ ਹੈ। ਇਸ ਸੁਸਾਇਟੀ ਦੇ ਕਾਇਮ ਕਰਨ `ਤੇ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ।

ਇਬਰਾਹੀਮ ਟੀ.ਕਾਵੂਰ ਨੇ ਆਪਣੀਆਂ ਰਚਨਾਵਾਂ ਵਿੱਚ ਅਖੌਤੀ ਭੂਤਾਂ ਵੱਲੋਂ ਘਰਾਂ ਵਿਚ ਕੱਪੜੇ ਸਾੜਨ, ਪੱਥਰ ਸੁੱਟਣ ਆਦਿ ਵਰਗੀਆਂ ਘਟਨਾਵਾਂ ਦਾ ਜ਼ਿਕਰ ਤਾਂ ਕੀਤਾ ਹੈ, ਪਰੰਤੂ ਕਿਸੇ ਆਦਮੀ ਜਾਂ ਔਰਤ ਵਿੱਚ ‘‘ਪੌਣ-ਆਉਣ’’ ਤੇ ਉਸ ਵੱਲੋਂ ਸਿਰ ਮਾਰਨ ਅਤੇ ਉਰਲੀਆਂ ਪਰਲੀਆਂ ਮਾਰਨ ਦਾ ਜ਼ਿਕਰ ਅਤੇ ਇਲਾਜ ਨਹੀਂ ਦੱਸਿਆ ਗਿਆ। ਅਜਿਹੀਆਂ ਸਾਡੇ ਪਿੰਡ ਵਿਚ ਅਨੇਕਾਂ ਘਰਾਂ ਵਿਚ ਔਰਤਾਂ (ਜਾਂ ਮਰਦ ਵੀ) ਹਨ ਜਿੰਨ੍ਹਾਂ ਵਿੱਚ ‘‘ਭੂਤਾਂ ਆਉਂਦੀਆਂ’’ ਹਨ ਅਤੇ ਉਹ ਸਿਰ ਮਾਰਦੀਆਂ ਹਨ। ਉਨ੍ਹਾਂ ਦਾ ਇਲਾਜ ਕਰਨ ਲਈ ‘‘ਸਿਆਣੇ’’ ਸੱਦੇ ਜਾਂਦੇ ਹਨ ਜਾਂ ‘‘ਬਾਬੇ ਸ਼ਹੀਦ ਦੇ’’ ਲੈ ਜਾਇਆ ਜਾਂਦਾ ਹੈ। ਨਾ ਕੇਵਲ ਸਾਡੇ ਪਿੰਡ ਹੀ ਸਗੋਂ ਹਰ ਪਿੰਡ ਵਿੱਚ ਅਜਿਹੇ ਮਰੀਜ਼ ਤੁਹਾਨੂੰ ਮਿਲ ਸਕਦੇ ਹਨ। ਜੇ ਕੋਈ ਤੁਹਾਨੂੰ ਅਜਿਹੇ ਇਲਾਜ ਲਈ ਸੱਦੇ ਤਾਂ ਕੀ ਤੁਸੀਂ ਅਜਿਹੇ ਮਰੀਜ਼ ਦੀ ‘‘ਸਿਰ ਘੁੰਮਾਉਣ ਦੀ ਆਦਤ’’ ਹਟਾ ਕੇ ਠੀਕ ਹਾਲਤ ਵਿਚ ਲਿਆ ਸਕਦੇ ਹੋ।

ਇਬਰਾਹੀਮ ਟੀ। ਕਾਵੂਰ ਇਹੋ ਜਿਹਾ ਇਲਾਜ ਮੈੱਸਮਰੇਜਮ ਜਾਂ ਸੰਮੋਹਣੀ ਨੀਂਦ ਦੁਆਰਾ ਕਰਦੇ ਰਹੇ ਹਨ। ਤੁਸੀਂ ਵੀ ਅਜਿਹਾ ਹੀ ਢੰਗ ਵਰਤਦੇ ਹੋਵੋਗੇ। ਕੀ ਇਹ ਮੈੱਸਮਰੇਜ਼ਮ ਦਾ ਢੰਗ ਤੁਸੀਂ ਰੈਸਨੇਲਿਸਟ ਸੁਸਾਇਟੀ ਦੀਆਂ ਸ਼ਾਖਾਵਾਂ ਦੇ ਮੈਂਬਰਾਂ ਨੂੰ ਨਹੀਂ ਸਮਝਾ ਸਕਦੇ ਤਾਂ ਕਿ ਸਾਖਾਵਾਂ ਦੇ ਮੈਂਬਰ ਆਪਣੇ ਸਥਾਨਕ ਕੇਸਾਂ ਨਾਲ ਨਿਪਟ ਸਕਣ? ਤੁਹਾਡਾ ਇਹ ਇਖਲਾਕੀ ਫਰਜ਼ ਬਣਦਾ ਹੈ ਕਿ ਸ਼ਾਖਾਵਾਂ ਦੇ ਮੈਂਬਰਾਂ ਨੂੰ ਵੀ ਇਹ ਢੰਗ ਸਮਝਾਏ ਜਾਣ। ਕਿਉਂਕਿ ਇਨ੍ਹਾਂ ਸ਼ਾਖਾਵਾਂ ਨੇ ਹੀ ਤੁਹਾਡਾ ਪ੍ਰਚਾਰ ਕਰਨਾ ਹੈ ਤੁਹਾਨੂੰ ਹਮਾਇਤ ਦੇਣੀ ਹੈ। ਇਸੇ ਹੀ ਢੰਗ ਨਾਲ ਤੁਸੀਂ ਵੱਧ ਤੋਂ ਵੱਧ ਲੋਕਾਂ ਦਾ ਅੰਧ ਵਿਸ਼ਵਾਸ ਦੂਰ ਕਰ ਸਕਦੇ ਹੋ। ਇੱਕਲੇ ਤੁਸੀਂ, ਸਾਰੇ ਪੰਜਾਬ ਦੇ ਅੰਧ-ਵਿਸ਼ਵਾਸੀ ਮਸਲੇ ਹੱਲ ਨਹੀਂ ਕਰ ਸਕਦੇ।

ਸੋ ਮੈਂ ਉਮੀਦ ਕਰਦਾ ਹਾਂ ਕਿ ਸਾਰੀਆਂ ਸ਼ਾਖਾਵਾਂ ਦੇ ਮੈਂਬਰਾਂ ਨੂੰ ਤੁਸੀਂ ਇਹ ਸਿਖਲਾਈ ਦਿਉਗੇ ਅਤੇ ਵੱਧ ਤੋਂ ਵੱਧ ਇਨਸਾਨੀ ਭਲਾਈ ਦਾ ਪੁੰਨ ਖੱਟੋਗੇ। ਤੁਹਾਡੇ ਉੱਤਰ ਦੀ ਉਡੀਕ ਮੈਨੂੰ ਰਹੇਗੀ। ਜੈ ਹਿੰਦ।

ਸ਼ੁਭ ਚਿੰਤਕ

ਰੈਸ਼ਨੇਲਿਸਟ ਸੁਸਾਇਟੀ ਤੂਤ ਦਾ ਇਕ ਮੈਂਬਰ,

ਬਿੱਕਰ ਸਿੰਘ ਆਜ਼ਾਦ

ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਸਾਰੇ ਪਿੰਡਾਂ ਤੇ ਸ਼ਹਿਰਾਂ ਵਿਚ ਬਹੁਤ ਸਾਰੇ ਵਿਅਕਤੀਆਂ ਵਿਚ ਪੌਣ ਆਉਂਦੀ ਹੈ। ਸੁਸਾਇਟੀ ਨੇ ਪਿਛਲੇ ਸਮੇਂ ਵਿਚ ਅਜਿਹੇ ਹਜ਼ਾਰਾਂ ਹੀ ਕੇਸਾਂ ਨੂੰ ਠੀਕ ਵੀ ਕੀਤਾ ਹੈ। ਕੁਝ ਵਿਅਕਤੀ ਅਜਿਹੀ ਪੌਣ ਆਉਣ ਨੂੰ ਵੀ ਆਪਣੀ ਕਮਾਈ ਦਾ ਸਾਧਨ ਬਣਾ ਲੈਂਦੇ ਹਨ। ਉਹ ਨਿਸ਼ਚਿਤ ਦਿਨਾਂ ਤੇ ਆਪਣੇ ਵਿੱਚ ਪੌਣ ਲੈ ਕੇ ਆਉਂਦੇ ਹਨ ਅਤੇ ਲੋਕਾਂ ਨੂੰ ਕੁਝ ਆਮ ਜਿਹੀਆਂ ਗੱਲਾਂ ਦੱਸ ਕੇ ਉਨ੍ਹਾਂ ਤੋਂ ਪੈਸੇ ਠੱਗਦੇ ਰਹਿੰਦੇ ਹਨ। ਕਿਉਂਕਿ ਅਜਿਹੇ ਵਿਅਕਤੀ ਪੌਣ ਆਉਣ ਦਾ ਫਰੇਬ ਹੀ ਕਰਦੇ ਹਨ ਇਨ੍ਹਾਂ ਦਾ ਇਲਾਜ ਤਾਂ ਲੋਕਾਂ ਦੀ ਜਥੇਬੰਦਕ ਏਕਤਾ ਹੀ ਕਰ ਸਕਦੀ ਹੈ। ਦੂਸਰੇ ਕਿਸਮ ਦੀ ਪੌਣ ਬਾਰੇ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਇਹ ਭੂਤਾਂ ਪ੍ਰੇਤਾਂ ਵਿਚ ਵਿਸ਼ਵਾਸ ਕਾਰਨ ਪੈਦਾ ਹੋਈ ਦਿਮਾਗੀ ਉਲਝਣ ਹੀ ਹੁੰਦੀ ਹੈ ਜਿਸ ਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾ ਸਕਦਾ ਹੈ।

Back To Top