26. ਮੁੰਦਰੀ ਵਿਚ ਮੂੰਗਾ

– ਮੇਘ ਰਾਜ ਮਿੱਤਰ

ਅਜਨੋਹਾ
24।4।86
ਕਾਫ਼ੀ ਕੋਸ਼ਿਸ਼ ਤੋਂ ਬਾਅਦ ਆਪ ਜੀ ਦੀ ਨਵੀਂ ਪ੍ਰਕਾਸ਼ਤ ਕਿਤਾਬ ‘‘ਰੌਸ਼ਨੀ’’ ਪੜ੍ਹਨ ਨੂੰ ਪ੍ਰਾਪਤ ਹੋਈ। ਬਹੁਤ ਹੀ ਵਧੀਆ ਉੱਦਮ ਹੈ। ਕੁਝ ਇਕ ਸ਼ਬਦ ਜੋੜ ਧਿਆਨ ਮੰਗਦੇ ਹਨ ਕਿ ਸ਼ਬਦ ਹੈ ‘‘ਹੇਰਾਂ ਸ਼ਾਸਤਰ’’ ਮੇਰਾ ਖ਼ਿਆਲ ਹੈ ਕਿ ਇਹ ‘‘ਹੋਰਾਂ ਸ਼ਾਸਤਰ’’ ਹੈ। ਹਰ ਇਕ ਸ਼ਬਦ ਕੁਝ ਸਿਹਤ ਵਧੀਆ ਨਾ ਹੋਣ ਕਾਰਨ ਮੈਂ ਨੋਟ ਕਰਕੇ ਲਿਖ ਸਕਣ ਵਿਚ ਅਸਮਰਥ ਹਾਂ। ਫਿਰ ਵੀ ਮੈਂ ਕਿਤਾਬ ਨੂੰ ਗੋਰ ਨਾਲ ਪੜ੍ਹਿਆ ਹੈ।ਇਕ ਚੀਜ਼ ਮੈਂ ਪ੍ਰਯੋਗੀ ਤੌਰ `ਤੇ ਪਰਖਣ ਤੋਂ ਅਸਮੱਰਥ ਰਹੀ ਹਾਂ ਪਰ ਫਿਰ ਵੀ ਮੇਰੀ ਚਾਹ ਜ਼ਰੂਰ ਹੈ ਕਿ ਇਨ੍ਹਾਂ ਨੂੰ ਪਰਖ ਕੇ ਕੋਈ ਸਿੱਟਾ ਜ਼ਰੂਰ ਨਿਕਲੇ, ਤੁਸੀਂ ਕਿਹਾ ਹੈ ਕਿ ਨੀਲਮ, ਪੁਖਰਾਜ ਜਾਂ ਮਾਨਕ ਆਦਿ ਦਾ ਕੋਈ ਫਾਇਦਾ ਨਹੀਂ ਪਰ ਮੈਨੂੰ ਸ਼ੱਕ ਹੈ। ਹੇਠਾਂ ਲਿਖੇ ਕਾਰਨਾਂ ਕਰਕੇ :-
1. ਉੱਤਲ ਲੈਂਜ਼ ਦੀ ਫੋਕਸ ਦੂਰੀ `ਤੇ ਬਣਿਆ ਪ੍ਰਕਾਸ਼ ਬਿੰਦੂ ਕਾਲੀ ਵਸਤੂ ਨੂੰ ਬੜੀ ਜਲਦੀ ਅੱਗ ਲਾਉਂਦਾ ਹੈ।
2. ਪ੍ਰਿਜ਼ਮ ਰੌਸ਼ਨੀ ਨੂੰ ਇਸਦੇ ਅਲੱਗ-ਅਲੱਗ ਰੰਗਾਂ ਵਿਚ ਨਿਖੇੜਦਾ ਹੈ।
3. ਸਿਰ ਦਰਦ ਵੇਲੇ ਆਪਣੀਆਂ ਪੁੜਪੁੜੀਆਂ ਨਾਲ ਦੋ ਚੁੰਬਕ ਉਲਟ ਧਰੁਵ ਰੱਖ ਕੇ ਬੰਨਣ ਨਾਲ ਸਿਰ ਦਰਦ ਹਟ ਜਾਂਦਾ ਹੈ। ਇਹ ਪ੍ਰਯੋਗ ਮੈਂ ਬੜੀ ਦੇਰ ਤੋਂ ਕਰਦੀ ਰਹੀ ਹਾਂ। ਪਿਛਲੇ ਮਹੀਨੇ ਦੇ ਸੋਵੀਅਤ ਦੇਸ਼ ਵਿਚ ਵੀ ਇਕ ਇਹੋ ਜਿਹਾ ਯੰਦਰ ਵੇਖਿਆ ਜੋ ਮੱਥੇ `ਤੇ ਬੰਨ੍ਹ ਕੇ ਸਿਰ ਦਰਦ ਤੋਂ ਛੁਟਕਾਰਾ ਮਿਲਦਾ ਹੈ।
4. ਕਿਸੇ ਹਿੱਸੇ `ਤੇ ਸੱਟ ਲੱਗ ਜਾਵੇ ਤਾਂ ਲਾਲ ਲੈਂਪ ਨਾਲ ਸੇਕ ਦਿੰਦੇ ਹਨ।
ਉਪਰੋਕਤ ਗੱਲਾਂ ਕਾਰਨ ਮੈਂ ਸੋਚਦੀ ਹਾਂ ਕਿ ਨੀਲਮ ਵਿਚੋਂ ਲੰਘੀਆਂ ਨੀਲੀਆਂ ਕਿਰਨਾਂ, ਪੁਖਰਾਜ ਵਿਚੋਂ ਪੀਲੀਆਂ ਅਤੇ ਮਾਨਕ ਵਿਚ ਲੰਘੀਆਂ ਲਾਲ ਕਿਰਨਾਂ ਸ਼ਾਇਦ ਦੇਹ ਨੂੰ ਕੋਈ ਫਾਇਦਾ ਦਿੰਦੀਆਂ ਹੋਣ। ਪਰਖ ਕਰਵਾ ਕੇ ਦੇਖਣਾ।
ਨੇਕ ਖਾਹਿਸ਼ਾ ਨਾਲ
ਸਮਰਜੀਤ ਕੌਰ
ਕੁਝ ਜੋਤਸ਼ੀ ਲੋਕਾਂ ਨੂੰ ਲੁੱਟਣ ਲਈ ਹੱਥ ਵੇਖਣ ਦੇ ਨਾਲ ਨਾ ਮੂੰਗੇ ਵੀ ਰੱਖਦੇ ਹਨ। ਅੰਧ ਵਿਸ਼ਵਾਸੀ ਲੋਕਾਂ ਨੂੰ ਮਹਿੰਗੇ ਭਾਅ ਵੇਚ ਕੇ ਕਾਫ਼ੀ ਪੈਸਾ ਕਮਾਉਂਦੇ ਹਨ। ਅੱਜ ਤੱਕ ਸਾਨੂੰ ਕੋਈ ਵੀ ਜੋਤਸ਼ੀ ਅਜਿਹਾ ਨਹੀਂ ਮਿਲਿਆ ਹੈ ਜਿਹੜਾ ਸਾਨੂੰ ਇਹ ਦੱਸ ਸਕਦਾ ਹੋਵੇ ਕਿ ਇਹ ਮੂੰਗੇ ਕਿਸੇ ਵਿਅਕਤੀ ਦੀ ਕਿਸਮਤ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ? ਨਾ ਹੀ ਸਾਰੇ ਜੋਤਸ਼ੀ ਇਸ ਵਿਸ਼ੇ `ਤੇ ਇਕ ਰਾਏ ਹੀ ਰੱਖਦੇ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਜਦੋਂ ਕੋਈ ਵਿਗਿਆਨਕ ਸੱਚਾਈ ਪ੍ਰਮਾਣਤ ਮੰਨ ਲਈ ਜਾਂਦੀ ਹੈ ਤਾਂ ਇਕ ਹੀ ਵਿਸ਼ੇ `ਤੇ ਸਾਰੇ ਵਿਗਿਆਨਕਾਂ ਦੀ ਰਾਏ ਇਕ ਹੀ ਹੋ ਜਾਂਦੀ ਹੈ। ਪਰ ਕਿਸੇ ਗੈਰ ਵਿਗਿਆਨਕ ਗੱਲ ਬਾਰੇ ਅੱਡ-ਅੱਡ ਵਿਅਕਤੀਆਂ ਦੇ ਵਿਚਾਰ ਹਮੇਸ਼ਾ ਅਲੱਗ-ਅਲੱਗ ਹੀ ਹੁੰਦੇ ਹਨ। ਇਸ ਤਰ੍ਹਾਂ ਮੂੰਗਿਆਂ ਸੰਬੰਧੀ ਸਾਰੇ ਜੋਤਸ਼ੀਆਂ ਦੇ ਵਿਚਾਰ ਅਲੱਗ-ਅਲੱਗ ਹੀ ਹੁੰਦੇ ਹਨ ਇਸ ਲਈ ਅਸੀਂ ਇਨ੍ਹਾਂ ਨੂੰ ਗੈਰ ਵਿਗਿਆਨਕ ਮੰਨਦੇ ਹਾਂ। ਇਕ ਗੱਲ ਹੋਰ ਹੈ ਜੋ ਸਾਡੀ ਸਮਝੋਂ ਬਾਹਰ ਹੈ ਕਿ ਇਹ ਮੂੰਗੇ ਵੱਧ ਭਾਅ `ਤੇ ਵੇਚਣ ਨਾਲ ਜਾਂ ਪਾਠ ਪੂਜਾ ਕਰਕੇ ਪਵਾਉਣ ਨਾਲ ਇਨ੍ਹਾਂ ਦਾ ਪ੍ਰਭਾਵ ਕਿਵੇਂ ਵਧ ਜਾਂਦਾ ਹੈ।

Back To Top