– ਮੇਘ ਰਾਜ ਮਿੱਤਰ
ਰਾਜਪੁਰਾ
17-3-86
ਜੈ ਡਾਕਟਰ ਕਾਵੂਰ ਜੀ
ਮੈਂ ਆਪ ਜੀ ਨੂੰ ਇਸ ਪੱਤਰ ਰਾਹੀਂ ਸੂਚਿਤ ਕਰ ਰਹੀ ਹਾਂ ਕਿ ਤੁਸੀਂ ਪੰਜਾਬ ਦੇ ਸ਼ਹਿਰ ਬਿਆਸ ਦੀ ਚੰਗੀ ਤਰ੍ਹਾਂ ਪੜਤਾਲ ਕਰੋ। ਉਥੋਂ ਦੇ ਮਹਾਰਾਜ ਕਹੇ ਜਾਣ ਵਾਲੇ ਚਰਨ ਸਿੰਘ ਜੀ ਮੇਰੇ ਅਨੁਸਾਰ ਪਾਖੰਡੀ ਲੱਗਦੇ ਹਨ। ਉਹਨਾਂ ਦੇ ਲੱਖਾਂ ਕਰੋੜਾਂ ਦੇਸੀ-ਵਿਦੇਸ਼ੀ ਸ਼ਰਧਾਲੂ ਉਨ੍ਹਾਂ ਦੇ ਵਸਾਏ ਸ਼ਹਿਰ ਬਿਆਸ ਜਾਂਦੇ ਹਨ। ਮੇਰੇ ਮਾਤਾ ਜੀ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਮੰਨਦੇ ਹਨ। ਮੇਰਾ ਉਨ੍ਹਾਂ ਵਿਚ ਜ਼ਰਾ ਵੀ ਵਿਸ਼ਵਾਸ ਨਹੀਂ ਹੈ। ਇਸ ਤਰ੍ਹਾਂ ਲੋਕ ਊਸ਼ਾ ਮਾਤਾ ਜੋ ਆਗਰੇ ਰਹਿੰਦੀ ਹੈ। ਅਕਸਰ ਪੰਜਾਬ ਵਿਚ ਕਈ ਹੋਰ ਜ਼ਿਲਿ੍ਹਆਂ ਵਿਚ ਆਉਂਦੀ ਰਹਿੰਦੀ ਹੈ। ਕ੍ਰਿਪਾ ਕਰਕੇ ਉਸ ਦੀ ਵੀ ਜਾਂਚ ਪੜਤਾਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਪੰਜਾਬ ਜਾਂ ਸ੍ਰੀ ਲੰਕਾ ਦਾ ਇਨਾਮ ਜਿੱਤਣ ਲਈ ਕਿਹਾ ਜਾਵੇ। ਇਹ ਦੋਵੇਂ ਕਈ ਪ੍ਰਕਾਰ ਦੇ ਚਮਤਕਾਰ ਕਰਦੇ ਹਨ। ਮਹਾਰਾਜ ਦੇ ਅਨੁਸਾਰ ਆਤਮਾ ਸਰੀਰ ਛੱਡਕੇ ਉੱਪਰ ਚਲੀ ਜਾਂਦੀ ਹੈ ਅਤੇ ਊਸ਼ਾ ਮਾਤਾ ਰਾਤ ਨੂੰ ਚੌਂਕੀਆਂ ਭਰਦੀ ਹੈ। ਬਹੁਤ ਕ੍ਰਿਪਾ ਹੋਵੇਗੀ ਜੇਕਰ ਤੁਸੀਂ ਇਨ੍ਹਾਂ ਦੋਹਾਂ ਦੀ ਪੜਤਾਲ ਕਰੋ। ਅੱਗੋਂ ਵੀ ਮੈਂ ਪੱਤਰ-ਵਿਵਹਾਰ ਰੱਖਣਾ ਚਾਹੁੰਦੀ ਹਾਂ। ਰੱਬ ਹੈ ਇਸ ਬਾਰੇ ਕੀ ਵਿਚਾਰ ਹਨ? ਜ਼ਰੂਰ ਉੱਤਰ ਦਿਉ। ਸਚਾਈ ਦੀ ਭਾਲ ਵਿਚ।
ਰੀਤੂ ਵਰਮਾ,
ਅੱਜ ਕੱਲ੍ਹ ਪੰਜਾਬ ਵਿਚ ਸਭ ਤੋਂ ਵੱਧ ਗਿਣਤੀ ਵਿਚ ਪੈਰੋਕਾਰ ਰਾਧਾ ਸੁਆਮੀਆਂ ਦੇ ਹੀ ਹਨ। ਇਸ ਮਿਸ਼ਨ ਦੇ ਮੁਖੀਆਂ ਨੇ ਸਾਡੇ ਦੇਸ਼ ਦੀਆਂ ਕਮਜ਼ੋਰੀਆਂ ਦਾ ਬਹੁਤ ਹੀ ਲਾਭ ਉਠਾਇਆ ਹੈ। ਇਸ ਲਈ ਉਨ੍ਹਾਂ ਨੇ ਅਨੁਸ਼ਾਸਨ, ਸਮੇਂ ਦੀ ਪਾਬੰਦੀ, ਸਫ਼ਾਈ, ਮਿਠਾਸ, ਘੱਟ ਰੇਟ ਆਦਿਕ ਨੈਤਿਕ ਕਦਰਾਂ ਕੀਮਤਾਂ ਦੀ ਆਪਣੇ ਡੇਰੇ ਵਿਚ ਵਰਤੋਂ ਕੀਤੀ ਹੈ। ਇਨ੍ਹਾਂ ਗੱਲਾਂ ਦੇ ਪ੍ਰਭਾਵ ਅਧੀਨ ਹੀ ਬਹੁਤ ਸਾਰੇ ਲੋਕ ਇਸ ਡੇਰੇ ਦੇ ਭਗਤ ਬਣ ਗਏ ਹਨ। ਇਸ ਡੇਰੇ ਵਿਚ ਬਹੁਤ ਹੀ ਸੂਖਮ ਢੰਗ ਨਾਲ ਲੋਕਾਂ ਨੂੰ ਹਿਪਨੋਟਾਈਜ਼ ਕਰਕੇ ਉਨ੍ਹਾਂ ਦੇ ਨਸ਼ੇ ਆਦਿ ਛੁਡਵਾਏ ਜਾਂਦੇ ਹਨ। ਬਹੁਤ ਸਾਰੇ ਪਰਿਵਾਰ ਇਨ੍ਹਾਂ ਦੇ ਇਸ ਲਈ ਵੀ ਸ਼ਰਧਾਲੂ ਬਣ ਜਾਂਦੇ ਹਨ ਤਾਂ ਜੋ ਉਨ੍ਹਾਂ ਦੇ ਘਰੇਲੂ ਮੈਂਬਰ ਨਸ਼ੇ ਖਾਣ ਹੀ ਨਾ ਲੱਗ ਜਾਣ। ਪਰ ਇਹ ਡੇਰੇ ਵਾਲੇ ਲੋਕਾਂ ਦੀ ਸੋਚ ਗੈਰ ਵਿਗਿਆਨਕ ਬਣਾ ਕੇ ਉਨ੍ਹਾਂ ਨੂੰ ਸਦਾ ਲਈ ਅਪਾਹਜ ਤੇ ਲਾਈ ਲੱਗ ਬਣਾ ਰਹੇ ਹਨ।
ਆਗਰੇ ਵਾਲੀ ਊਸ਼ਾ ਮਾਤਾ ਨੇ ਵੀ ਪੰਜਾਬ ਦੇ ਲੋਕਾਂ ਨੂੰ ਬਰਬਾਦ ਕੀਤਾ ਹੈ। ਲੋਕਾਂ ਦੇ ਘਰਾਂ ਵਿਚ ਜਗਰਾਤੇ ਕਰਵਾ ਕੇ ਨਵੀਂ ਕਿਸਮ ਦੇ ਵਹਿਮ ਪੈਦਾ ਕਰਨੇ ਇਸ ਦਾ ਮੁੱਖ ਕਿੱਤਾ ਹੈ।
