-ਮੇਘ ਰਾਜ ਮਿੱਤਰ
ਚੱਕ ਰਾਮ ਸਿੰਘ ਵਾਲਾ
12-3-86
ਨਮਸਤੇ।
ਮੈਂ ਪੂਰਨ ਤੌਰ `ਤੇ ਨਾਸਤਿਕ ਵਿਅਕਤੀ ਹਾਂ। ਇਹ ਵਿਚਾਰ ਸ਼ਾਇਦ ਮੇਰੇ ਮਾਤਾ-ਪਿਤਾ ਦੇ ਅੰਧ ਵਿਸ਼ਵਾਸੀ ਨਾ ਹੋਣ ਕਰਕੇ ਹੋਏ ਜਾਂ ਉਨ੍ਹਾਂ ਦੇ ਭੂਤਾਂ-ਪ੍ਰੇਤਾਂ ਨੂੰ ਨਾ ਮੰਨਣ ਕਰਕੇ ਹੋਏ ਹਨ। ਪ੍ਰੰਤੂ ਉਹ ਪੂਰਨ ਰੂਪ ਵਿਚ ਆਸਤਿਕ ਹਨ। ਰੱਬ ਜਾਂ ਰੱਬ ਦੇ ਬਾਰੇ ਜਾਨਣ ਦੀ ਇੱਛਾ ਨੇ ਹੀ ਮੈਨੂੰ ਧਾਰਮਿਕ ਤੋਂ ਨਾਸਤਿਕ ਬਣਾਇਆ। ਮੈਂ ਕੁਝ ਕਮਿਊਨਿਸਟ ਵਿਚਾਰਾਂ ਕਰਕੇ ਤੇ ਰੈਸ਼ਨੇਲਿਸਟ ਸੁਸਾਇਟੀ ਵੱਲੋਂ ਪ੍ਰਕਾਸ਼ਤ ਕਿਤਾਬਾਂ ‘ਦੇਵ ਦੈਂਤ ਤੇ ਰੂਹਾਂ’ ਅਤੇ `ਤੇ ਦੇਵ ਪੁਰਸ਼ ਹਾਰ ਗਏ; ਕਮਿਊਨਿਸਟ ਯੂਥ ਲੀਗ ਵੱਲੋਂ ਪ੍ਰਕਾਸ਼ਿਤ ਭਗਤ ਸਿੰਘ ਦੀ ਲਿਖੀ ਹੋਈ ਕਿਤਾਬ ‘‘ਮੈਂ ਨਾਸਤਿਕ ਕਿਉਂ ਹਾਂ’, ਨੂੰ ਪੜ੍ਹ ਕੇ ਬਿਲਕੁਲ ਰੱਬ ਦੀ ਹੋਂਦ ਨੂੰ ਮੰਨਣੋਂ ਹਟ ਗਿਆ ਹਾਂ ਤੇ ਕਿਸੇ ਵੀ ਕਿਸਮ ਦੇ ਭੇਖਾਂ-ਪਾਖੰਡਾਂ, ਜਾਦੂ-ਟੂਣਿਆਂ, ਮੰਤਰਾਂ ਅਤੇ ਹਥੌਲਿਆਂ ਵਿਚ ਵਿਸ਼ਵਾਸ ਨਹੀਂ ਕਰਦਾ। ਪਰ ਕੁਝ ਸ਼ੰਕੇ, ਜਿਨ੍ਹਾਂ ਵਿਅਕਤੀਆਂ ਨਾਲ ਮੈਂ ਇਨ੍ਹਾਂ ਵਿਸ਼ਿਆਂ ਦੇ ਵਿਰੋਧ ਵਿਚ ਬਹਿਸ ਕਰਦਾ ਹਾਂ, ਨੇ ਪੈਦਾ ਕਰ ਦਿੱਤੇ ਹਨ ਜਿਵੇਂ :-
1. ਕਿਸੇ ਸਿਆਣੇ ਦੁਆਰਾ ਕਿਸੇ ਸੱਪ ਜਾਂ ਕੁੱਤੇ ਦੇ ਕੱਟੇ ਨੂੰ ਹਥੌਲਾ ਪਾ ਕੇ ਠੀਕ ਕਰ ਦੇਣਾ।
2. ਕਿਸੇ ਦੇ ਗਲੇ ਵਿਚ ਹੋਏ ਕਨੇਡੂ ਜਾਂ ਕਛਰਾਲੀਆਂ ਨੂੰ ਹਥੌਲੇ ਨਾਲ ਠੀਕ ਕਰ ਦੇਣਾ।
3. ਕਿਸੇ ਜੋਗੀ ਦੁਆਰਾ ਕਿਸੇ ਦੀ ਜਾੜ੍ਹ ਵਿਚੋਂ ਮੰਤਰ ਪੜ੍ਹਨ ਨਾਲ ਕੀੜਾ ਕੱਢ ਦੇਣਾ। (ਇਹ ਘਟਨਾ ਸਾਡੇ ਪਿੰਡ ਦੀ ਹੀ ਹੈ ਕਿ ਇਕ ਇਸਤਰੀ ਦੀ ਜਾੜ੍ਹ ਵਿਚ ਕੀੜੇ ਸਨ ਜੋ ਜੋਗੀ ਨੇ ਉਸਦੇ ਇਕ ਇਕ ਡੱਕਾ ਕਰਕੇ ਸੱਤ ਵਾਰ ਕੂਹਣੀ ਉੱਪਰ ਲਾਇਆ ਤੇ ਕੀੜਾ ਆਪਣੇ ਆਪ ਬਾਹਰ ਆ ਗਿਆ।)
4. ਅੱਧਾ ਸਿਰ ਦੁਖਦੇ ਨੂੰ ਮੰਤਰ ਪੜ੍ਹ ਕੇ ਠੀਕ ਕਰ ਦੇਣਾ।
5. ਕਿਸੇ ਵਿਅਕਤੀ ਦੇ, ਜੇਕਰ ਚੁੱਕ ਪਈ ਹੋਵੇ ਤਾਂ ਉਸਦੀ ਕੋਈ ਸਕੀ ਭੈਣ ਹੀ ਠੀਕ ਕਰ ਸਕਦੀ ਹੈ, ਕੋਈ ਹੋਰ ਨਹੀਂ।
6. ਸਰੀਰ ਉੱਪਰ ਹੋਏ ਮੁਹਕਿਆਂ ਦਾ ਕਿਸੇ ਸਾਧ-ਸੰਤ ਦੇ ਡੇਰੇ ਵਿਚ ਲੂਣ ਦੀ ਸੁੱਖ ਸੁਖਣ ਨਾਲ ਠੀਕ ਹੋ ਜਾਣਾ ਆਦਿ।
ਕ੍ਰਿਪਾ ਕਰਕੇ ਮੈਨੂੰ ਇਹ ਨਾ ਸਮਝਾਉਣ ਦੀ ਕੋਸ਼ਿਸ਼ ਕਰਨਾ ਕਿ ਮੈਂ ਰੈਸ਼ਨੇਲਿਸਟ ਸੁਸਾਇਟੀ ਜਾਂ ਡਾ. ਕਾਵੂਰ ਦੀਆਂ ਰੱਖੀਆਂ ਸ਼ਰਤਾਂ ਤੋਂ ਅਣਜਾਣ ਹਾਂ। ਇਨ੍ਹਾਂ ਬਾਰੇ ਪੜਤਾਲ ਕਰਕੇ ਵਿਸ਼ਲੇਸ਼ਣ ਕਰਕੇ ਮੈਨੂੰ ਦੱਸਣ ਦੀ ਕੋਸ਼ਿਸ਼ ਕਰਨਾ ਤਾਂ ਕਿ ਮੈਂ ਇਸ ਸੰਬੰਧ ਵਿਚ ਕਿਸੇ ਉਲਝਣ ਵਿਚ ਨਾ ਪੈਣ ਤੇ ਸਗੋਂ ਕਿਸੇ ਵੀ ਵਿਅਕਤੀ ਨੂੰ ਆਪਣੀ ਦਲੀਲ ਦੁਆਰਾ ਆਪਣੀ ਗੱਲ ਮੰਨਵਾ ਸਕਾਂ। ਇਸ ਲਈ ਮੈਂ ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ। ਪੱਤਰ ਦੀ ਉਡੀਕ ਵਿਚ,
ਆਪ ਦਾ ਵਿਸ਼ਵਾਸ ਪਾਤਰ,
ਗੁਰਮੇਲ ਸਿੰਘ
ਸੱਪ ਦੇ ਕੱਟੇ ਤੋਂ ਹਥੌਲਾ ਪਵਾਉਣ ਦਾ ਅਸਰ ਵੀ ਮਾਨਸਿਕ ਹੁੰਦਾ ਹੈ। ਕਿਉਂਕਿ ਪੰਜਾਬ ਦੀ ਧਰਤੀ `ਤੇ ਮਿਲਣ ਵਾਲੇ ਨੱਬੇ ਪ੍ਰਤੀਸ਼ਤ ਸੱਪ ਤਾਂ ਜ਼ਹਿਰੀਲੇ ਹੀ ਘੱਟ ਹੁੰਦੇ ਹਨ। ਮਨੁੱਖ ਨੂੰ ਮਾਰ ਦੇਣਾ ਉਨ੍ਹਾਂ ਦੇ ਵੱਸ ਵਿਚ ਨਹੀਂ ਹੁੰਦਾ। ਜੋ ਸੱਪ ਜ਼ਹਿਰੀਲੇ ਹੁੰਦੇ ਹਨ ਉਹ ਹਥੌਲਾ ਪਵਾਉਣ ਤੱਕ ਦਾ ਸਮਾਂ ਹੀ ਨਹੀਂ ਦਿੰਦੇ ਇਸ ਤੋਂ ਪਹਿਲਾਂ ਹੀ ਮਨੁੱਖ ਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਹਥੌਲਿਆਂ ਦਾ ਅਸਰ ਵੀ ਮਾਨਸਿਕ ਹੀ ਹੁੰਦਾ ਹੈ।
ਇਸ ਤਰ੍ਹਾਂ ਹੀ ਜੇ ਹਲਕਿਆ ਕੁੱਤਾ ਅੱਠ ਵਿਅਕਤੀਆਂ ਨੂੰ ਕੱਟਦਾ ਹੈ ਉਨ੍ਹਾਂ ਵਿਚੋਂ ਦੋ ਦੇ ਹਲਕ ਜਾਣ ਦੀ ਸੰਭਾਵਨਾ ਹੁੰਦੀ ਹੈ। ਬਾਕੀ ਛੇ ਜੇ ਹਥੌਲਾ ਪੁਆ ਲੈਂਦੇ ਹਨ ਤੇ ਠੀਕ ਰਹਿੰਦੇ ਹਨ ਇਹ ਸਮਝਦੇ ਹਨ ਕਿ ਉਹ ਹਥੌਲੇ ਨਾਲ ਹੀ ਠੀਕ ਹੋਏ ਹਨ। ਅਸਲੀਅਤ ਇਹ ਹੁੰਦੀ ਹੈ ਕਿ ਉਨ੍ਹਾਂ ਦੇ ਸਰੀਰ ਦੇ ਰੱਖਿਆ ਪ੍ਰਬੰਧ ਨੇ ਹੀ ਹਲਕਾਅ ਦੇ ਜਰਾਸੀਮਾਂ ਨੂੰ ਦਿਮਾਗ ਤੱਕ ਪਹੁੰਚਣ ਤੋਂ ਪਹਿਲਾਂ ਹੀ ਖ਼ਤਮ ਕਰ ਦਿੱਤਾ ਹੁੰਦਾ ਹੈ।
ਗਲੇ ਵਿਚ ਹੋਏ ਕਨੇਡੂ ਜਾਂ ਕਛਰਾਲੀਆਂ ਸਰੀਰ ਵਿਚ ਕਿਸੇ ਇਨਫੈਕਸ਼ਨ ਕਾਰਨ ਪੈਦਾ ਹੁੰਦੀਆਂ ਹਨ। ਜਦੋਂ ਕੋਈ ਵਿਅਕਤੀ ਹਥੌਲਾ ਪੁਆ ਲੈਂਦਾ ਹੈ ਨਾਲ ਹੀ ਕੋਈ ਦੇਸੀ ਜਾਂ ਅੰਗਰੇਜ਼ੀ ਦਵਾਈ ਵੀ ਖਾਂਦਾ ਰਹਿੰਦਾ ਹੈ ਜਿਸ ਕਾਰਨ ਕਛਰਾਲੀਆਂ ਜਾਂ ਕਨੇਡੂ ਕੁਝ ਸਮੇਂ ਬਾਅਦ ਦੱਬ ਜਾਂਦੇ ਹਨ। ਕਈ ਵਾਰ ਇਹ ਪੱਕ ਜਾਂਦੇ ਹਨ ਤੇ ਪਸ ਬਾਹਰ ਨਿਕਲ ਜਾਂਦੀ ਹੈ। ਹਥੌਲੇ ਦਾ ਇਨ੍ਹਾਂ ਉੱਪਰ ਕੋਈ ਵੀ ਅਸਰ ਨਹੀਂ ਹੁੰਦਾ।
ਪੰਜਾਬ ਜਾਂ ਭਾਰਤ ਦੇ ਲੋਕਾਂ ਦੇ ਨਿਕਲਣ ਵਾਲੇ ਬਹੁਤ ਮੁਹਕਿਆਂ ਦੀਆਂ ਕਿਸਮਾਂ ਹੀ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਆਪਣੇ ਆਪ ਠੀਕ ਹੋਣੀਆਂ ਹੀ ਹੁੰਦੀਆਂ ਹਨ। ਲੋਕ ਸੁੱਖਾਂ ਸੁੱਖ ਲੈਂਦੇ ਹਨ ਤੇ ਠੀਕ ਤਾਂ ਆਪਣੇ ਆਪ ਹੀ ਹੁੰਦੇ ਹਨ ਪਰ ਉਨ੍ਹਾਂ ਨੂੰ ਵਿਸ਼ਵਾਸ ਇਹ ਹੋ ਜਾਂਦਾ ਹੈ ਕਿ ਉਹ ਸੁੱਖ ਸੁੱਖਣ ਨਾਲ ਹੀ ਠੀਕ ਹੋਏ ਹਨ। ਮੈਂ ਬਹੁਤ ਸਾਰੇ ਅਜਿਹੇ ਵਿਅਕਤੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਦੇ ਮੌਹਕੇ ਨਿਕਲੇ ਸਨ ਪਰ ਉਨ੍ਹਾਂ ਨੇ ਕੋਈ ਸੁੱਖ ਨਹੀਂ ਸੁੱਖੀ ਪਰ ਫਿਰ ਵੀ ਠੀਕ ਹੋ ਗਏ ਹਨ।
ਕਿਸੇ ਵੀ ਵਿਅਕਤੀ ਦੀ ਜਾੜ੍ਹ ਵਿਚ ਕੀੜੇ ਨਹੀਂ ਹੁੰਦੇ ਸਗੋਂ ਬੈਕਟੀਰੀਆ ਹੁੰਦਾ ਹੈ ਜਿਹੜਾ ਬਹੁਤ ਹੀ ਬਰੀਕ ਹੁੰਦਾ ਹੈ ਜਿਸਨੂੰ ਨੰਗੀ ਅੱਖ ਨਾਲ ਵੇਖਣਾ ਸੰਭਵ ਹੀ ਨਹੀਂ। ਇਸ ਤਰ੍ਹਾਂ ਯੋਗੀਆਂ ਦੁਆਰਾ ਵਿਖਾਇਆ ਕੀੜਾ ਉਹਨਾਂ ਦੁਆਰਾ ਮਾਰੀ ਗਈ ਠੱਗੀ ਦਾ ਪ੍ਰਤੀਕ ਹੀ ਹੁੰਦਾ ਹੈ।
ਕਈ ਵਾਰੀ ਸਿਰ ਦੁੱਖਣ ਦਾ ਕਾਰਨ ਮਾਨਸਿਕ ਹੁੰਦਾ ਹੈ। ਹਥੌਲੇ ਵਿਚ ਯਕੀਨ ਕਰਨ ਵਾਲੇ ਇਸ ਤਰ੍ਹਾਂ ਵੀ ਠੀਕ ਹੋ ਜਾਂਦੇ ਹਨ। ਕਈ ਹੋਰ ਢੰਗਾਂ ਜਿਵੇਂ ਸਿਰ ਘੁੱਟ ਕੇ ਬੰਨ ਲੈਣਾ, ਪੁੜਪੁੜੀਆਂ ਵਿਚ ਫਹੇ ਲਾ ਲੈਣਾ, ਦੋਹੀਂ ਪਾਸੀ ਚੁੰਬਕ ਬੰਨ ਲੈਣਾ, ਮੱਥੇ ਵਿਚ ਲੇਪ ਕਰ ਲੈਣਾ ਨਾਲ ਵੀ ਠੀਕ ਹੋ ਜਾਂਦੇ ਹਨ।
ਸਾਡੀ ਰੀੜ ਦੀ ਹੱਡੀ ਵਿਚ ਤੇਤੀ ਮਣਕੇ ਹੁੰਦੇ ਹਨ, ਇਨ੍ਹਾਂ ਮਣਕਿਆਂ ਵਿਚ ਦੀ ਦਿਮਾਗੀ ਤੰਤੂ ਪ੍ਰਬੰਧ ਦੀਆਂ ਨਾੜੀਆਂ ਲੰਘਦੀਆਂ ਹਨ। ਜਿਹੜੀਆਂ ਸਾਡੀਆਂ ਲੱਤਾਂ ਦੀ ਹਰਕਤ `ਤੇ ਕਾਬੂ ਰੱਖਦੀਆਂ ਹਨ। ਜਦੋਂ ਕਿਸੇ ਮਣਕੇ ਦੇ ਥੋੜ੍ਹਾ ਬਹੁਤ ਹਿਲਣ ਨਾਲ ਸਾਡੀ ਢੂਹੀ ਕੁਝ ਆਕੜ ਜਾਂਦੀ ਹੈ ਇਸਨੂੰ ਅਸੀਂ ਚੁੱਕ ਪੈਣਾ ਆਖਦੇ ਹਾਂ ਪਰ ਡਾਕਟਰੀ ਵਿਗਿਆਨ ਵਿਚ ਇਹ ਕੋਈ ਬੀਮਾਰੀ ਨਹੀਂ ਹੈ।