8. ‘‘ਜਿੰਨ ਤੰਗ ਕਰ ਰਿਹਾ ਹੈ’’

– ਮੇਘ ਰਾਜ ਮਿੱਤਰ

ਹੁਸ਼ਿਆਰਪੁਰ
31-8-85
19 ਅਗਸਤ 1985 ਦੇ ਅੰਕ ਵਿਚ ਡਾ. ਸੁਰਿੰਦਰ ਅਜਨਾਤ ਵੱਲੋਂ ਇਕ ਲੇਖ ‘ਅੰਧ ਵਿਸ਼ਵਾਸ ਕਿਵੇਂ ਦੂਰ ਕਰੀਏ’ ਛਪਿਆ। ਜਿਸ ਵਿਚ ਉਨ੍ਹਾਂ ਨੇ ਭੂਤਾਂ, ਪ੍ਰੇਤਾਂ, ਚੁੜੇਲਾਂ ਬਾਰੇ ਅੰਧ ਵਿਸ਼ਵਾਸ ਦੇ ਨਾਂ ਦੇ ਕੇ ਇਹ ਵੱਡਾ ਲੇਖ ਲਿਖਿਆ। ਇਸ ਲੇਖ ਵਿਚ ਉਨ੍ਹਾਂ ਨੇ ਅਜਿਹੀਆਂ ਘਟਨਾਵਾਂ ਨੂੰ ਦੱਸਿਆ ਕਿ ਭੂਤ ਪ੍ਰੇਤ ਆਦਿ ਸਮਝਣਾ ਅਗਿਆਨੀ ਮਨ ਦਾ ਹੀ ਸਿੱਟਾ ਹੈ। ਜਿੱਥੇ ਤੱਕ ਅੰਧ ਵਿਸ਼ਵਾਸ ਦਾ ਸੰਬੰਧ ਹੈ, ਨਿੱਜੀ ਤੌਰ `ਤੇ ਮੈਂ ਡਾ. ਅਜਨਾਤ ਸਾਹਿਬ ਨਾਲ ਕਾਫ਼ੀ ਹੱਦ ਤੱਕ ਸਹਿਮਤ ਹਾਂ ਪਰ ਪੂਰੀ ਤਰ੍ਹਾਂ ਨਹੀਂ ਉਂਝ ਤਾਂ ਮੈਂ ਪਹਿਲਾਂ ਵੀ ਇਸ ਸੰਬੰਧੀ ਲੇਖ ਪੜ੍ਹੇ ਹਨ। ਪਰ ਮੈਂ ਅਜਿਹੀ ਇਕ ਘਟਨਾ ਉਹਨਾਂ ਦੇ ਅਤੇ ਬਾਕੀ ਪਾਠਕਾਂ ਦੇ ਧਿਆਨ ਵਿਚ ਲਿਆਉਣੀ ਚਾਹੁੰਦਾ ਹਾਂ। ਇਹ ਘਟਨਾ ਬਿਲਕੁਲ ਠੀਕ ਅਤੇ ਮੇਰੇ ਹੀ ਘਰ ਵਿਚ ਵਾਪਰੀ ਸੀ। ਲੱਗਭਗ 15-20 ਸਾਲ ਪਹਿਲਾਂ ਮੇਰੇ ਤੋਂ ਵੱਡੇ ਮੇਰੇ ਭਰਾ ਦੀ ਸ਼ਾਦੀ ਹੋਈ ਪਰ ਸ਼ਾਦੀ ਤੋਂ ਥੋੜ੍ਹੀ ਦੇਰ ਬਾਅਦ ਮੇਰੀ ਭਰਜਾਈ ਦੀ ਸਿਹਤ ਸੁਸਤ ਹੀ ਰਹਿੰਦੀ ਸੀ। ਕਈ ਵਾਰ ਉਨ੍ਹਾਂ ਪਾਸੋਂ ਇਸ ਦਾ ਕਾਰਨ ਪੁੱਛਿਆ ਗਿਆ ਪਰ ਉਹ ਇਸਦਾ ਜਵਾਬ ਖੁੱਲ੍ਹ ਕੇ ਨਹੀਂ ਦਿੰਦੀ ਸੀ। ਮੇਰਾ ਭਰਾ ਉਸ ਸਮੇਂ ਫ਼ੌਜ ਵਿਚ ਨੌਕਰੀ ਕਰਦਾ ਸੀ। ਮੇਰੀ ਭਰਜਾਈ ਦਾ ਅਚਾਨਕ ਬੇਹੋਸ਼ ਹੋ ਜਾਣਾ ਮੇਰੇ ਭਰਾ ਦੀ ਹਾਜ਼ਰੀ ਵਿਚ ਵੀ ਜਾਰੀ ਰਿਹਾ। ਇਸ ਸੰਬੰਧੀ ਮੈਂ ਤੇ ਮੇਰੇ ਭਰਾ ਨੇ ਆਪਣੀ ਮਾਂ ਜਿਸਦੀ ਉਮਰ 50-60 ਸਾਲ ਦੇ ਦਰਮਿਆਨ ਸੀ ਨਾਲ ਗੱਲਬਾਤ ਕੀਤੀ ਤਾਂ ਸਾਡੀ ਮਾਂ ਨੇ ਦੱਸਿਆ ਕਿ ਜਦੋਂ ਸਾਡੀ ਭਰਜਾਈ ਬੇਹੋਸ਼ ਹੁੰਦੀ ਹੈ ਤਾਂ ਕਮਰੇ ਵਿਚ ਤੇਜ਼ ਹਵਾ ਦੇ ਚੱਲਣ ਵਾਂਗ ਆਵਾਜ਼ ਆਉਂਦੀ ਹੈ। ਉਸ ਤੋਂ ਜਲਦੀ ਹੀ ਬਾਅਦ ਸਾਡੀ ਭਰਜਾਈ ਬੇਹੋਸ਼ ਹੋ ਜਾਂਦੀ ਸੀ ਅਤੇ ਲੱਗਭਗ ਅੱਧੇ ਘੰਟੇ ਬਾਅਦ ਉਸ ਨੂੰ ਹੋਸ਼ ਆਉਂਦੀ ਸੀ ਅਤੇ ਉਸ ਦੇ ਸਰੀਰ ਵਿਚ ਬਹੁਤ ਕਮਜ਼ੋਰੀ ਆ ਜਾਂਦੀ ਸੀ।
ਇਕ ਦਿਨ ਉਸ ਕੋਲੋਂ ਇਸ ਬਾਰੇ ਪੁੱਛਿਆ ਗਿਆ ਕਿ ਅਜਿਹਾ ਕਿਉਂ ਤੇ ਕਿਸ ਤਰ੍ਹਾਂ ਹੁੰਦਾ ਹੈ। ਉਸ ਨੇ ਦੱਸਿਆ ਕਿ ਇਕ ਪ੍ਰੇਤ (ਜਿੰਨ) ਆ ਕੇ ਉਸ ਨਾਲ ਸੰਭੋਗ ਕਰਦਾ ਹੈ। ਇਸ ਬਾਰੇ ਉਸ ਨੇ ਆਪਣੇ ਪਤੀ ਨੂੰ ਵੀ ਦੱਸਿਆ ਕਿਉਂਕਿ ਕਈ ਵਾਰ ਉਸਦੀ ਹਾਜ਼ਰੀ ਵਿਚ ਵੀ ਇਸ ਨੂੰ ਦੌਰੇ ਪੈਂਦੇ ਸਨ। ਅਸੀਂ ਇਸ ਬੀਮਾਰੀ ਦਾ ਬੜਾ ਇਲਾਜ ਕਰਾਇਆ। ਕੁਝ ਚੇਲਿਆਂ ਨੇ ਮੰਨਿਆ ਕਿ ਸਾਡੀ ਭਰਜਾਈ `ਤੇ ਇਕ ਪ੍ਰੇਤ (ਜਿੰਨ) ਭਾਰੂ ਹੈ ਅਤੇ ਉਹ ਉਨ੍ਹਾਂ ਵੱਲੋਂ ਕੱਢਣ ਦੀ ਪਹੁੰਚ ਤੋਂ ਬਾਹਰ ਹੈ। ਕੁਝ ਲੋਕਾਂ ਦੇ ਕਹਿਣ ਤੇ ਮੇਰਾ ਭਰਾ ਉਸ ਨੂੰ ਡੇਰਾ ਵਢਭਾਗ ਸਿੰਘ ਵੀ ਲੈ ਕੇ ਗਿਆ। ਕਿਉਂਕਿ ਸੁਣਿਆ ਜਾਂਦਾ ਹੈ ਕਿ ਅਜਿਹੀ ਬਾਹਰ ਦੀ ਕਸਰ ਡੇਰਾ ਵਢਭਾਗ ਸਿੰਘ ਪਹੁੰਚਣ ਤੇ ਦੂਰ ਹੋ ਜਾਂਦੀ ਹੈ। ਪਰ ਉੱਥੇ ਜਾਣ ਦੇ ਬਾਵਜੂਦ ਵੀ ਉਨ੍ਹਾਂ ਦੀ ਇਹ ਬੀਮਾਰੀ ਦੂਰ ਨਹੀਂ ਹੋਈ। ਇਸ ਤੋਂ ਇਲਾਵਾ ਮੇਰੇ ਭਰਾ ਨੇ ਉਸ ਨੂੰ ਤੀਰਥ ਅਸਥਾਨਾਂ ਤੇ ਲਿਜਾ ਕੇ ਇਸ਼ਨਾਨ ਬਗੈਰਾ ਵੀ ਕਰਵਾਇਆ। ਪਰ ਉਸ `ਤੇ ਅਸਰ ਨਾ ਹੋਇਆ। ਮੇਰੀ ਛੋਟੀ ਭੈਣ ਜਿਸ ਦੀ ਉਮਰ ਉਸ ਸਮੇਂ 18-20 ਸਾਲ ਦੀ ਸੀ ਅਤੇ ਜੋ ਅੱਜ ਕੱਲ੍ਹ ਠੀਕ ਠਾਕ ਹੈ, ਨੇ ਵੀ ਸਾਨੂੰ ਦੱਸਿਆ ਕਿ ਇਹ ਪ੍ਰੇਤ ਨਾਂ ਦੀ ਚੀਜ਼ ਉਸ ਵੱਲ ਵੀ ਝੁਕ ਰਹੀ ਹੈ। ਇਕ ਵਾਰ ਮੈਂ ਘਰ ਛੁੱਟੀ ਗਿਆ ਹੋਇਆ ਸੀ। ਮੈਂ, ਮੇਰੇ ਮਾਮੇ ਦਾ ਲੜਕਾ ਤੇ ਸਾਡੀ ਇਹ ਭੈਣ ਮਕਾਨ ਦੀ ਛੱਤ ਉੱਤੇ ਸੁੱਤੇ ਹੋਏ ਸੀ। ਲੱਗਭਗ ਅੱਧੀ ਰਾਤ ਨੂੰ ਅਚਾਨਕ ਮੇਰੀ ਭੈਣ ਰੋਣ ਲੱਗ ਪਈ। ਇਸ ਨਾਲ ਅਸੀਂ ਜਾਗ ਪਏ। ਜਦੋਂ ਅਸੀਂ ਉਸ ਨੂੰ ਉਸਦੇ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਕ ਜਿੰਨ ਮੈਨੂੰ ਤੰਗ ਕਰ ਰਿਹਾ ਹੈ। ਉੱਤਰ ਵਜੋਂ ਮੈਂ ਆਖਿਆ ਕਿ ਇਥੇ ਤਾਂ ਕੁਝ ਵੀ ਨਹੀਂ ਹੈ ਤਾਂ ਉਸ ਨੇ ਉੱਤਰ ਦਿੱਤਾ ਕਿ, ‘‘ਆਹ ਸਾਹਮਣੇ ਤਾਂ ਖੜ੍ਹਾ ਹੈ।’’ ਫਿਰ ਉਸ ਨੇ ਆਖਿਆ ਕਿ ਉਹ ਦੂਰ ਚਲਾ ਗਿਆ ਹੈ। ਮੈਂ ਇਸ ਨੂੰ ਵਹਿਮ ਸਮਝਿਆ ਪਰ ਮੇਰੀ ਭੈਣ ਇੰਨੀ ਡਰ ਗਈ ਸੀ ਕਿ ਉਹ ਇਕੱਲੀ ਸੌਂ ਨਾ ਸਕੀ ਤੇ ਮੈਂ ਉਸਨੂੰ ਆਪਣੇ ਨਾਲ ਸੁਆਇਆ। ਇਕ ਵਾਰ ਸਾਡੀ ਮਾਂ ਨੇ ਦੱਸਿਆ ਕਿ ਇਹ ਪ੍ਰੇਤ ਉਸ ਨਾਲ ਵੀ ਸੰਭੋਗ ਕਰਦਾ ਹੈ। ਸਾਡੀ ਮਾਂ ਨੇ ਦੱਸਿਆ ਕਿ ਇਸ ਦੌਰਾਨ ਉਸ ਦੇ ਸਰੀਰ ਵਿਚ ਬਹੁਤ ਕਮਜ਼ੋਰੀ ਆ ਜਾਂਦੀ ਹੈ। ਮੇਰੇ ਭਰਾ ਨੇ ਦੱਸਿਆ ਕਿ ਉਹ ਇਸ ਤਰ੍ਹਾਂ ਮਹਿਸੂਸ ਕਰਦਾ ਹੈ ਜਿਵੇਂ ਉਹ ਚੀਜ਼ ਮੇਰੇ ਪੈਰਾਂ ਨੂੰ ਕਿਸੀ ਕੁਲਹਾੜੀ ਆਦਿ ਨਾਲ ਕੱਟਦੀ ਸੀ। ਹਾਲਾਂਕਿ ਮੇਰਾ ਭਰਾ ਬਹੁਤ ਦਲੇਰ ਹੈ। ਉਸ ਨੇ ਇਹ ਵੀ ਦੱਸਿਆ ਕਿ ਇਹ ਪ੍ਰੇਤ ਕਿਸੇ ਵੀ ਕੀਮਤ `ਤੇ ਉਸਦੀ ਪਤਨੀ ਨੂੰ ਛੱਡਣ ਲਈ ਤਿਆਰ ਨਹੀਂ ਹੈ। ਆਖ਼ਿਰ ਵਿਚ ਸਾਡੇ ਕੋਲੋਂ ਕਈ ਤਰ੍ਹਾਂ ਦੇ ਇਲਾਜ ਕਰਾਉਣ ਦੇ ਬਾਵਜੂਦ ਵੀ ਉਹ ਬਚ ਨਾ ਸਕੀ। ਮੇਰੇ ਭਰਾ ਨੇ ਦੱਸਿਆ ਕਿ ਇਹ ਪ੍ਰੇਤ ਅਤੇ ਉਸਦੀ ਪਤਨੀ ਕਈ ਵਾਰ ਗੁੱਸੇ ਵਿਚ ਆਏ ਉਸ ਨੂੰ ਦਿਖਾਈ ਦਿੰਦੇ ਹਨ। ਉਸ ਤੋਂ ਬਾਅਦ ਅਜਿਹੀ ਘਟਨਾ ਸਾਡੇ ਘਰ ਵਿਚ ਨਹੀਂ ਵਾਪਰੀ।
ਮੈਂ ਇਸ ਸੰਬੰਧੀ ਆਪ ਦੇ ਵਿਚਾਰ ਜਾਣਨਾ ਚਾਹਾਂਗਾ ਕਿ, ਕੀ ਮੈਂ ਇਸਨੂੰ ਅੰਧ ਵਿਸ਼ਵਾਸ ਸਮਝਾਂ? ਜਦਕਿ ਇਹ ਘਟਨਾ ਮੇਰੇ ਘਰ ਵਿਚ ਮੇਰੇ ਹੀ ਸਾਹਮਣੇ ਵਾਪਰੀ। ਮੈਂ ਇਹ ਲੇਖ ਇਸ ਲਈ ਦਿੱਤਾ ਹੈ ਤਾਂ ਜੋ ਪਾਠਕ ਵੀ ਇਸ ਸੰਬੰਧੀ ਵਿਚਾਰ ਕਰਨ ਤਾਂ ਜੋ ਅਸੀਂ ਸਾਰੇ ਅਸਲੀਅਤ ਜਾਣ ਸਕੀਏ।
ਆਪ ਜੀ ਦਾ ਆਪਣਾ
ਚੰਨਣ ਸਿੰਘ ਮਾਣਕੂ
ਭੂਤਾਂ-ਪ੍ਰੇਤਾਂ ਵਿਚ ਵਿਸ਼ਵਾਸ ਰੱਖਣ ਵਾਲੇ ਵਿਅਕਤੀਆਂ ਨਾਲ ਅਜਿਹੀਆਂ ਹਰਕਤਾਂ ਹੋਣਾ ਵੀ ਆਮ ਵਰਤਾਰਾ ਹੀ ਹੈ। ਇਸ ਪੱਤਰ ਵਿਚਲੀ ਔਰਤਾਂ ਵੀ ਦ੍ਰਿਸ਼ਟੀ ਭਰਮ ਦੀ ਸ਼ਿਕਾਰ ਸੀ ਕਿ ਇਕ ਜਿੰਨ ਉਸ ਨਾਲ ਬਲਾਤਕਾਰ ਕਰਦਾ ਹੈ। ਅਜਿਹੇ ਮਨੋਭਰਮ ਭੂਤਾਂ, ਪ੍ਰੇਤਾਂ, ਜਾਦੂ, ਟੂਣਿਆਂ ਤੇ ਪੂਜਾ ਪਾਠ ਆਦਿ ਰਾਹੀਂ ਹੀ ਬਚਪਨ ਤੋਂ ਹੀ ਮਨਾਂ ਵਿਚ ਭਰ ਦਿੱਤੇ ਜਾਂਦੇ ਹਨ। ਇਸ ਤਰ੍ਹਾਂ ਇਹ ਔਰਤ ਵੀ ਆਪਣੇ ਹੀ ਵਹਿਮਾਂ ਦਾ ਸ਼ਿਕਾਰ, ਬਣ ਗਈ। ਘਰ ਵਾਲਾ ਫ਼ੌਜ ਵਿਚ ਹੋਣ ਕਰਕੇ ਅਕਸਰ ਘਰੋਂ ਬਾਹਰ ਹੀ ਰਹਿੰਦਾ ਸੀ ਜਿਸ ਕਾਰਨ ਉਸ ਦੀ ਸਰੀਰਕ ਲੋੜ ਪੂਰੀ ਨਹੀਂ ਸੀ ਹੁੰਦੀ। ਸਿੱਟੇ ਵਜੋਂ ਇਕ ਜਿੰਨ ਵੱਲੋਂ ਬਲਾਤਕਾਰ ਇਕ ਕਾਮ ਭੁੱਖੀ ਤੰਦਰੁਸਤ ਜਵਾਨ ਔਰਤ ਦੀ ਕਾਮ ਇੱਛਾ ਦੀ ਪੂਰਤੀ ਸੀ। ਸਪੱਸ਼ਟ ਤੌਰ `ਤੇ ਇਲਾਜ ਦੀ ਅਣਹੋਂਦ ਕਰਕੇ ਉਪਰੋਕਤ ਔਰਤ ਦਿਮਾਗੀ ਪਾਗਲਪਣ ਦੀ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਜਾ ਪਈ। ਅਸੀਂ ਇਹ ਵੀ ਆਮ ਹੀ ਵੇਖਿਆ ਹੈ ਕਿ ਜਿਨ੍ਹਾਂ ਘਰਾਂ ਵਿਚ ਇਕ ਵਿਅਕਤੀ ਨੂੰ ਕਸਰ ਹੁੰਦੀ ਹੈ ਉਹਨਾਂ ਘਰਾਂ ਵਿਚ ਸਹਿਮ ਤੇ ਅੰਧਵਿਸ਼ਵਾਸ ਕਾਰਨ ਕੁਝ ਹੋਰ ਪਰਿਵਾਰ ਦੇ ਮੈਂਬਰ ਵੀ ਇਸ ਮਰਜ਼ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਜਦੋਂ ਮੁੱਖ ਮੈਂਬਰ ਨੂੰ ਠੀਕ ਕਰ ਦਿੱਤਾ ਜਾਂਦਾ ਹੈ ਤਾਂ ਬਾਕੀ ਸਾਰੇ ਵੀ ਠੀਕ ਹੋ ਜਾਂਦੇ ਹਨ।

Back To Top