-ਮੇਘ ਰਾਜ ਮਿੱਤਰ
ਭੱਟੀਆਂ
30-9-85
ਸਤਿ ਸ੍ਰੀ ਅਕਾਲ
ਅਸੀਂ ਸਭ ਬਿਲਕੁਲ ਪੂਰੀ ਤਰ੍ਹਾਂ ਠੀਕ-ਠਾਕ ਹਾਂ। ਹਾਲੇ ਤੱਕ ਤਾਂ ਕੋਈ ਸ਼ੱਕ ਵਾਲੀ ਵੀ ਗੁੰਜਾਇਸ਼ ਨਹੀਂ ਹੈ। ਜਿਸ ਤੋਂ ਇਹ ਯਕੀਨ ਹੋ ਸਕੇ ਕਿ ਤੁਸੀਂ ਠੀਕ ਨਹੀਂ। ਅਸੀਂ ਆਪਣਾ ਬਹੁਤ ਵੱਡਾ ਕੇਸ ਸਮਝਦੇ ਸੀ ਇਥੋਂ ਤੱਕ ਸਾਨੂੰ ਏਨਾ ਵੀ ਯਕੀਨ ਨਹੀਂ ਸੀ ਕਿ ਕੀ ਅਸੀਂ ਕਦੇ ਠੀਕ ਹੋ ਜਾਵਾਂਗੇ? ਸਾਨੂੰ ਤਾਂ ਇਹੀ ਡਰ ਰਹਿੰਦਾ ਸੀ ਕਿ ਪਤਾ ਨਹੀਂ ਕਿ ਕਿਹੜੇ ਵੇਲੇ ਕਿਹੜੀ ਚੀਜ਼ ਨੇ ਸਾਡੇ ਕਿਸੇ ਵੀ ਜੀਅ ਨੂੰ ਝੰਜੋੜ ਕੇ ਰੱਖ ਦੇਣਾ ਹੈ ਜਾਂ ਕਿਹੜੇ ਵੇਲੇ ਕਿੰਨਾ ਨੁਕਸਾਨ ਕਰ ਦੇਣਾ ਹੈ। ਮੇਘ ਰਾਜ ਜੀ ਇਨਸਾਨ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੁੰਦਾ, ਬਾਕੀ ਸਭ ਨੁਕਸਾਨ ਜਾਂ ਘਾਟੇ ਪੂਰੇ ਕੀਤੇ ਜਾ ਸਕਦੇ ਹਨ। ਸਿਰਫ਼ ਆਦਮੀ ਨੂੰ ਹੌਂਸਲਾ ਚਾਹੀਦਾ ਹੈ। ਜਿਸ ਤਰ੍ਹਾਂ ਕਹਿ ਦਿੰਦੇ ਹਾਂ ਕਿ ਆਦਮੀ ਪਹਾੜ ਤੋਂ ਡਿੱਗ ਕੇ ਤਾਂ ਉੱਠ ਸਕਦਾ ਹੈ ਪਰ ਆਪਣੀ ਇੱਜ਼ਤ ਤੋਂ ਡਿੱਗ ਕੇ ਕਦੇ ਵੀ ਸਾਰੀ ਜ਼ਿੰਦਗੀ ਨਹੀਂ ਉੱਠ ਸਕਦਾ।
ਅਸੀਂ ਸਭ ਸਿਆਣਿਆਂ ਕੋਲ ਗਏ ਹਾਂ ਪਰ ਸਾਨੂੰ ਦਿਲੋਂ ਕਦੇ ਯਕੀਨ ਨਹੀਂ ਹੋਇਆ ਸੀ ਕਿ ਇਹ ਸਿਆਣਾ ਸਾਨੂੰ ਠੀਕ ਵੀ ਕਰ ਦੇਵੇਗਾ। ਕਿਉਂਕਿ ਅਸੀਂ ਤਾਂ ਇਹੀ ਸੁਣਿਆ ਹੈ ਕਿ ਸਿਆਣੇ ਇਹੋ ਜਿਹੇ ਕੰਮ ਸਿਰਫ਼ ਇਕ ਜਾਂ ਦੋ ਸਾਲ ਲਈ ਹੀ ਕਰਦੇ ਹਨ। ਹਰ ਵਾਰੀ ਇਹ ਹੀ ਸੁਣਦੇ ਸੀ ਕਿ ਇਹ ਕੰਮ ਕਰਨ ਵਾਲਾ ਸਿਆਣਾ ਬਹੁਤ ਤਕੜਾ ਹੈ। ਉਸਨੂੰ ਹੌਲੀ-ਹੌਲੀ ਰਸਤੇ ਵਿਚੋਂ ਹਟਾਇਆ ਜਾਵੇਗਾ। ਇਸ ਤਰ੍ਹਾਂ ਤਿੰਨ-ਤਿੰਨ ਮਹੀਨੇ ਗੁੰਮਰਾਹ ਕਰਕੇ ਰੱਖਦੇ। ਜਦਕਿ ਕੰਮ ਉਸੇ ਤਰ੍ਹਾਂ ਚੱਲਦਾ ਰਹਿੰਦਾ ਸੀ। ਅੱਗੋਂ ਸਿਆਣਾ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਤੁਹਾਡਾ ਕੰਮ ਬਹੁਤ ਵੱਡਾ ਹੈ। ਇਸ ਲਈ ਹੌਲੀ-ਹੌਲੀ ਠੀਕ ਹੋਵੇਗਾ। ਅਸੀਂ ਵਿਚਾਰੇ ਉਸ ਸਿਆਣੇ `ਤੇ ਯਕੀਨ ਕਰਕੇ ਘਰ ਨੂੰ ਇਸ ਤਸੱਲੀ ਨਾਲ ਆ ਜਾਂਦੇ ਕਿ ਰੱਬ ਕਦੇ ਤਾਂ ਠੀਕ ਕਰੇਗਾ ਜਾਂ ਸਾਡੀ ਕਿਸਮਤ ਵਿਚ ਠੋਕਰਾਂ ਹੀ ਲਿਖੀਆਂ ਹਨ। ਕਈ ਵਾਰ ਸਿਆਣੇ ਕਹਿੰਦੇ ਕਿ ਤੁਹਾਡਾ ਘਰ ਕੀਲਣਾ ਪਵੇਗਾ ਤੇ ਪਾਣੀ ਦੀ ਬੋਤਲ ਦੇ ਦਿੰਦੇ ਕਿ ਇਸਦਾ ਛਿੱਟਾ ਦੇ ਦੇਣਾ। ਪਰ ਸਾਨੂੰ ਭੋਲਿਆਂ ਨੂੰ ਕੀ ਪਤਾ ਸੀ ਕਿ ਇਹ ਪਾਣੀ ਤਾਂ ਆਪਣੇ ਨਲਕੇ ਦੇ ਪਾਣੀ ਨਾਲ ਦਾ ਹੀ ਹੈ।
ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਡੀ ਇੰਨੀ ਪੁਰਾਣੀ ਬੀਮਾਰੀ ਤੁਸੀਂ ਦੋ ਘੰਟੇ ਵਿਚ ਹੀ ਠੀਕ ਕਰ ਦਿੱਤੀ। ਸਾਡੇ ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ। ਪਤਾ ਨਹੀਂ ਅਸੀਂ ਕਿੰਨਿਆਂ ਤੇ ਸ਼ੱਕ ਕਰਨਾ ਸੀ ਕਿ ਇਸਨੇ ਕੁਝ ਕਰਾਇਆ ਹੈ, ਉਸ ਨੇ ਕਰਾਇਆ ਹੈ। ਹਰ ਰੋਜ਼ ਕੰਮ ਤੋਂ ਆ ਕੇ ਇਹ ਸੁਣਦੇ ਸੀ ਕਿ ਅੱਜ ਘਰ ਟੂਣਾ ਆ ਗਿਰਿਆ ਹੈ। ਸੁਣ ਕੇ ਮਨ ਬਹੁਤ ਦੁੱਖੀ ਹੁੰਦਾ ਸੀ। ਹੁਣ ਤਾਂ ਸੌਂ ਵੀ ਰੱਜ ਕੇ ਲਈਦਾ ਹੈ। ਅੱਗੇ ਤਾਂ ਕਦੇ ਨੀਂਦ ਵੀ ਨਹੀਂ ਆਉਂਦੀ ਸੀ। ਹੁਣ ਤਾਂ ਬਿਲਕੁਲ ਠੀਕ ਠਾਕ ਹੈ। ਕਿਸੇ ਕਿਸਮ ਦਾ ਕੋਈ ਫ਼ਿਕਰ ਨਹੀਂ। ਇਕ ਵਾਰ ਫਿਰ ਤੁਹਾਡੀ ਸੁਸਾਇਟੀ ਦਾ ਅਸੀਂ ਸਾਰੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੁਹਾਡੀ ਇਸ ਸੁਸਾਇਟੀ ਦੀ ਕਾਮਯਾਬੀ ਸਦਾ ਪ੍ਰਫੁੱਲਤ ਰਹੇ। ਸਾਡੀਆ ਸ਼ੁਭ ਇੱਛਾਵਾਂ ਤੁਹਾਡੇ ਨਾਲ ਹਨ। ਅਸੀਂ ਹੁਣ ਤੁਹਾਡੇ ਕੋਲ 15 ਦਿਨਾਂ ਤੱਕ ਗੇੜਾ ਮਾਰਾਂਗੇ। ਸਾਡਾ ਕਿੱਡਾ ਵੱਡਾ ਰੋਗ ਟੁੱਟ ਗਿਆ ਹੈ। ਹੋਰ ਅਸੀਂ ਕਿਸਮਤ ਤੋਂ ਕੀ ਮੰਗਦੇ ਹਾਂ।
ਤੁਹਾਡਾ ਪ੍ਰਸ਼ੰਸਕ,
ਮਨਜੀਤ ਸਿੰਘ
ਇਹ ਕੇਸ ਅਸੀਂ ਖੰਨੇ ਨੇੜੇ ਪਿੰਡ ਭੱਟੀ ਵਿਚ 17 ਅਗਸਤ 1985 ਨੂੰ ਹੱਲ ਕੀਤਾ ਸੀ। ਇਸਦੀ ਪੂਰੀ ਰਿਪੋਰਟ ਕਿਤਾਬ ਰੌਸ਼ਨੀ ਵਿਚ ‘‘ਸ਼ਰਾਬੀ ਦਾ ਭੂਤ’’ ਨਾਂ ਦੇ ਸਿਰਲੇਖ ਹੇਠ ਛਪੀ ਹੋਈ ਹੈ।