7. ਝਾਕੀਆਂ ਦਾ ਪ੍ਰਧਾਨ ਤਰਕਸ਼ੀਲ

– ਮੇਘ ਰਾਜ ਮਿੱਤਰ

ਬੱਸੀ ਪਠਾਣਾ
29-8-85
ਸ਼ਹੀਦਾਂ ਦੇ ਖੂਨ ਸੰਗ ਰੱਤੀ ਲਾਲ ਸਲਾਮ, ਮੈਂ ਬਾਲ ਕ੍ਰਿਸ਼ਨ ਕਮੇਟੀ, ਪ੍ਰੀਤ ਨਗਰ ਸਿਟੀ ਬਾਜ਼ਾਰ, ਬੱਸੀ ਪਠਾਣਾ ਦਾ ਪ੍ਰਧਾਨ ਹਾਂ। ਬੇਸ਼ੱਕ………ਕਮੇਟੀ ਵੱਲੋਂ ਮਾਤਾ ਦਾ ਜਾਗਰਣ ਅਤੇ ਜਨਮ ਅਸ਼ਟਮੀ ਦੇ ਮੌਕੇ `ਤੇ ਝਾਕੀਆਂ ਆਦਿ ਦਾ ਬੰਦੋਬਸਤ ਕੀਤਾ ਜਾਂਦਾ ਹੈ। ਪਰ ਮੈਂ ਫਿਰ ਵੀ ਪੱਕਾ ਨਾਸਤਿਕ ਹਾਂ। ਪ੍ਰਧਾਨਗੀ ਸੰਭਾਲਿਆਂ ਕਈ ਸਾਲ ਗੁਜਰ ਚੁੱਕੇ ਹਨ। ਪਦਵੀ ਛੱਡਣ ਦਾ ਕੋਈ ਚੰਗਾ ਮੌਕਾ ਨਹੀਂ ਜੁੜਦਾ। ਸਰਬ-ਸੰਮਤੀ ਨਾਲ ਬਿਨਾਂ ਕਿਸੇ ਵਿਰੋਧ ਤੋਂ ਪ੍ਰਧਾਨਗੀ ਪਦ ਤੇ ਚੁਣ ਲਿਆ ਜਾਂਦਾ ਹਾਂ।
ਸ੍ਰੀ ਮਾਨ ਜੀ ਮੈਂ ਅਕਸਰ ਸੋਚਦਾ ਰਹਿੰਦਾ ਹਾਂ ਕਿ ਮੈਂ ਚਾਰਲਿਸ ਡਾਰਵਿਨ ਦਾ ਪੁੱਤਰ ਲੈਨਿਨ ਸਟਾਲਿਨ ਦਾ ਭਰਾ ਕਾਰਲ ਮਾਰਕਸ ਫਰੈਂਡਰਿਕ ਐਂਗਲਜ਼ ਦਾ ਸ਼ਾਗਿਰਦ ਡਾ. ਇਬਰਾਹਮ ਟੀ. ਕਾਵੂਰ ਸਾਹਿਬ ਦਾ ਸਾਥੀ ਹਾਂ। `ਤੇ ਦੇਵ ਪੁਰਸ਼ ਹਾਰ ਗਏ ਕਿਤਾਬ ਕਮਿਊਨਿਸਟਾਂ ਦੇ ਹੱਥ ਪਸਤੌਲ ਹੈ ਜੋ ਕਿ ਧਰਮ ਦੇ ਠੇਕੇਦਾਰਾਂ ਨੂੰ ਭੁੰਨ ਕੇ ਰੱਖ ਸਕਦੀ ਹੈ ਅਤੇ ਰੱਖ ਦੇਵੇਗੀ। ਕਿਤਾਬ ਪੜ੍ਹੀ ਉਲਥਾ ਕਰਨ ਲਈ ਅਤੇ ਕਾਵੂਰ ਸਾਹਿਬ ਦੇ ਚੁੱਕੇ ਬੀੜੇ ਨੂੰ ਅਗਾਂਹ ਵਧਾਉਣ ਲਈ ਮੇਰੇ ਵੱਲੋਂ ਬੇਹੱਦ ਸ਼ੁਕਰੀਆ। ਕੁਝ ਅਰਸੇ ਪਹਿਲਾਂ ਚਾਰਲਿਸ ਡਾਰਵਿਨ ਦੀ ਜੀਵਾਂ ਦੀ ਉੱਤਪਤੀ ਪੜ੍ਹੀ। ਯੋਗਤਾ ਬਹੁਤ ਥੋੜ੍ਹੀ ਹੈ। ਸਿਰਫ਼ ਮੈਟਰਿਕ। ਡਿਕਸ਼ਨਰੀ ਵੀ ਬਹੁਤ ਇਹੋ ਜਿਹੇ ਸ਼ਬਦ ਨਹੀਂ ਮਿਲਦੇ। ਆਦਤ ਦੇ ਆਧਾਰ `ਤੇ ਅਕਸਰ ਸੋਚਦਾ ਹਾਂ ਉਹ ਦਿਨ ਜ਼ਰੂਰ ਆਵੇਗਾ ਜਦੋਂ ਧਰਤੀ ਉੱਤੇ ਜਮਾਂਦਰੂ ਅੰਨ੍ਹੇ, ਬੋਲੇ, ਲੂਲੇ ਲੰਗੜੇ ਆਦਿ ਲੋਕਾਂ ਦਾ ਜਨਮ ਖ਼ਤਮ ਹੋ ਜਾਵੇਗਾ। ਮੈਂ ਦਿਲੋਂ ਉਮੀਦ ਰੱਖਦਾ ਹਾਂ ਕਿ ਇਸ ਕਿਤਾਬ ਨੂੰ ਵੀ ਤੁਸੀਂ ਪੰਜਾਬੀ ਜਾਂ ਹਿੰਦੀ ਵਿਚ ਅਨੁਵਾਦ ਕਰ ਦੇਵੋਗੇ। ਪ੍ਰਧਾਨ ਜੀ, ਮੈਂ ਸੁਸਾਇਟੀ ਦਾ ਮੈਂਬਰ ਬਣਨਾ ਚਾਹੁੰਦਾ ਹਾਂ। ਆਰਥਿਕ ਸਹਾਇਤਾ ਤਾਂ ਮੈਂ ਨਹੀਂ ਕਰ ਸਕਦਾ। ਕਿਉਂਕਿ ਮੇਰੀ ਮਾਲੀ ਹਾਲਤ ਇਜਾਜ਼ਤ ਨਹੀਂ ਦਿੰਦੀ। ਜਾਂ ਮੇਰਾ ਜਨਮ ਹੀ ਰਾਸ਼ੀਆਂ ਵਿਚ ਹੋਇਆ ਹੁੰਦਾ ਤਾਂ ਮਨ ਭਾਉਂਦੀ ਨੌਕਰੀ ਮਿਲਣ ਸਦਕਾ ਮੇਰਾ ਦੂਸਰਾ ਨਾ ਐਲਬਰਟ ਆਇਸਟਾਇਨ ਹੋਣਾ ਸੀ। ਖੈਰ ਮੈਂ ਅਕਸਰ ਕਈ ਧਾਰਮਿਕ ਪ੍ਰੋਗਰਾਮਾਂ `ਤੇ ਵੇਖਿਆ ਕਿ ਲੋਕੀ ਖੇਲਣ ਲੱਗ ਜਾਂਦੇ ਹਨ। ਮਨੋ-ਵਿਗਿਆਨੀ ਦੇ ਤੌਰ `ਤੇ ਜਾਂ ਕਾਵੂਰ ਸਾਹਿਬ ਦੇ ਸ਼ਬਦਾਂ ਵਿਚ ਇਹੋ-ਜਿਹੇ ਲਾਈ ਲੱਗਾਂ ਦੇ ਅਚੇਤ ਦਿਮਾਗ ਦੇ ਵਿਚ ਜਾਂ ਤਾਂ ਉਸ ਚੀਜ਼ ਦਾ ਹੱਦ ਤੋਂ ਵੱਧ ਡਰ ਹੁੰਦਾ ਹੈ ਜਾਂ ਮਹਿਜ ਬਕਵਾਸ ਵਿਸ਼ਵਾਸ। ਚਸ਼ਮਦੀਦ ਗਵਾਹ ਦੇ ਤੌਰ `ਤੇ ਅਤੇ ਆਪਣੀ ਤਰਕਸ਼ੀਲਤਾ ਦੇ ਆਧਾਰ `ਤੇ ਮੈਂ ਤੁਹਾਨੂੰ ਆਪਣੇ ਇਲਾਕੇ ਵਿਚ ਹੋ ਰਹੀਆਂ ਘਟਨਾਵਾਂ ਦਾ ਵੇਰਵਾ ਦਿੰਦਾ ਰਹਾਂਗਾ। ਅਕਸਰ ਮੈਨੂੰ ਦਿਲਚਸਪੀ ਹੈ, ਇਹਨਾਂ ਖੋਜਾਂ ਵਿਚੋਂ ਮੈਂ ਡੀ. ਐੱਚ. ਲਾਰੰਸ ਦੇ ਸ਼ਬਦਾਂ ਵਿਚ ਮਿੰਨੀ-ਮਿੰਨੀ ਜੋਤ ਦੇ ਚਿਰਾਂ ਤੱਕ ਟਿਮਟਮਾਉਂਦੇ ਰਹਿਣ ਨਾਲ ਭਬੂਕਾ ਬਣ ਕੇ ਸੋਹਲੇ `ਚ ਮੁੱਕ ਜਾਣਾ ਚੰਗਾ ਸਮਝਦਾ ਹਾਂ।
ਸਚਾਈ ਦੀ ਭਾਲ ਵਿਚ,
ਹਰਬੰਸ ਸਿੰਘ ਹੀਰੋ
ਜਦੋਂ ਤਰਕਸ਼ੀਲਾਂ ਕੋਲ ਆਪਣੇ ਤਿਥ, ਤਿਉਹਾਰ, ਮੇਲੇ, ਰਸਮਾਂ ਤੇ ਰਿਵਾਜ ਨਹੀਂ ਹਨ ਤਾਂ ਮਜ਼ਬੂਰੀ ਵੱਸ ਸਾਨੂੰ ਅਧਿਆਤਮ ਵਾਦੀਆਂ ਦੇ ਰਸਮਾਂ ਰਿਵਾਜਾਂ ਵਿਚ ਸ਼ਾਮਿਲ ਹੋਣਾ ਪੈਂਦਾ ਹੈ। ਸੋ ਲੋੜ ਹੈ ਤਰਕਸ਼ੀਲ ਵੀ ਆਪਣੇ ਤਿੱਥ ਤਿਉਹਾਰ, ਮੇਲੇ, ਰਸਮਾਂ ਰਿਵਾਜ ਬਣਾਉਣ ਤਾਂ ਜੋ ਧਾਰਮਿਕ ਅੰਧ ਵਿਸ਼ਵਾਸਾਂ ਨਾਲ ਜੁੜੇ ਸਭਿਆਚਾਰ ਦੇ ਮੁਕਾਬਲੇ ਉਸਾਰੂ ਸਭਿਆਚਾਰ ਹੋਂਦ ਵਿਚ ਆ ਸਕੇ।

Back To Top