ਕਿੱਲਾਂ-ਮੇਖਾਂ ਚੁਗਣਾ….(32)

ਮੇਘ ਰਾਜ ਮਿੱਤਰ

ਚੀਨ ਵਿੱਚ ਮਾਓ-ਜੇ-ਤੁੰਗ ਦੀ ਅਗਵਾਈ ਵਿੱਚ ਬਹੁਤ ਸਾਰੇ ਜਨ-ਅੰਦੋਲਨ ਚਲਾਏ ਗਏ। ਮਾਓ-ਜੇ-ਤੁੰਗ ਅਨੁਸਾਰ ਨਵੇਂ ਸਮਾਜ ਦੀ ਸਿਰਜਣਾ ਲਈ ਜਨ ਅੰਦੋਲਨ ਮੁੱਖ ਭੂਮਿਕਾ ਨਿਭਾਉਂਦੇ ਹਨ। ਇਹਨਾਂ ਨਾਲ ਮਾਰਕਸੀ-ਲੈਨਿਨ ਵਿਚਾਰਧਾਰਾ ਦਾ ਪ੍ਰਚਾਰ ਹੁੰਦਾ ਹੈ। ਲੋਕਾਂ ਦੇ ਵਿਚਾਰ ਪਤਾ ਲਗਦੇ ਹਨ ਅਤੇ ਲੋਕਾਂ ਵਿੱਚ ਆਪਣੇ-ਪਣ ਦੀ ਭਾਵਨਾ ਪੈਦਾ ਹੁੰਦੀ ਹੈ। ਇਹਨਾਂ ਜਨ-ਅੰਦੋਲਨਾਂ ਨਾਲ ਲੋਕਾਂ ਵਿੱਚ ਕ੍ਰਾਂਤੀਕਾਰੀ ਜੋਸ਼ ਵੀ ਕਾਇਮ ਰਹਿੰਦਾ ਹੈ। ਇਹਨਾਂ ਵਿੱਚੋਂ ਸਭ ਤੋਂ ਪਹਿਲਾ ‘ਭੂਮੀ-ਸੁਧਾਰ’ ਅੰਦੋਲਨ ਸੀ। ਜਿਸ ਦਾ ਜ਼ਿਕਰ ਪਹਿਲਾਂ ਵੀ ਕੀਤਾ ਗਿਆ ਹੈ। ਇਸ ਤਰ੍ਹਾਂ ਕਮਿਊਨਾਂ ਦਾ ਅੰਦੋਲਨ ਸੀ। ਇਸ ਤਰ੍ਹਾਂ ਹੀ ਇੱਕ ਅੰਦੋਲਨ ਰਾਹੀਂ ਉਨ੍ਹਾਂ ਨੇ ਬਾਲ-ਵਿਆਹ, ਬਹੁ-ਵਿਆਹ, ਰਖੇਲ ਪ੍ਰਥਾ ਦਾ ਖਾਤਮਾ ਕਰ ਦਿੱਤਾ। ਅਜਿਹੇ ਪਤੀਆਂ ਨੂੰ ਵੀ ਸਜ਼ਾਵਾਂ ਦਿੱਤੀਆਂ ਗਈਆਂ, ਜਿਹੜੇ ਆਪਣੀਆਂ ਪਤਨੀਆਂ ਨਾਲ ਦੁਰ-ਵਿਵਹਾਰ ਕਰਦੇ ਸਨ ਅਤੇ ਆਪਣੇ ਪੁੱਤਾਂ-ਧੀਆਂ ਦੇ ਵਿਆਹਾਂ ਦੇ ਪ੍ਰਬੰਧ ਕਰਨ `ਤੇ ਵੀ ਪਾਬੰਦੀ ਲਾ ਦਿੱਤੀ ਗਈ। ਜਿਸਦਾ ਮੁੱਖ ਮੰਤਵ ਨੌਜੁਆਨ ਪੀੜ੍ਹੀ ਨੂੰ ਆਪਣੇ ਵਿਆਹਾਂ ਬਾਰੇ ਫੈਸਲੇ ਲੈਣ ਲਈ ਸੁਤੰਤਰ ਬਣਾਉਣਾ ਸੀ। ਇਸ ਤਰ੍ਹਾਂ ਹੀ ਉਸਨੇ ਇੱਕ ਹੋਰ ਅੰਦੋਲਨ ‘ਲੰਬੀ ਛਾਲ’ ਚੀਨ ਦੀ ਆਰਥਿਕ ਗਤੀ ਨੂੰ ਤੇਜ਼ ਕਰਨ ਲਈ 1958 ਵਿੱਚ ਸ਼ੁਰੂ ਕੀਤਾ। ਇਸ ਦਾ ਮੁੱਖ ਉਦੇਸ਼ 1972 ਤੱਕ ਭਾਰੀ ਉਦਯੋਗਾਂ ਦੇ ਖੇਤਰ ਵਿੱਚ ਚੀਨ ਨੂੰ ਇੰਗਲੈਂਡ ਤੋਂ ਅੱਗੇ ਕੱਢਣ ਦਾ ਸੀ। ਚੀਨ ਨੇ ਇਸ ਅੰਦੋਲਨ ਤਹਿਤ ਕੋਲੇ ਦੇ ਉਤਪਾਦਨ ਵਿੱਚ 108%, ਕੱਚੇ ਤੇਲ ਦੇ ਉਤਪਾਦਨ ਵਿੱਚ 55%, ਅਤੇ ਬਿਜਲੀ ਦੀ ਪੈਦਾਵਾਰ ਵਿੱਚ 42% ਵਾਧਾ ਕੀਤਾ। ਪਰ 1966 ਵਿੱਚ ਸੱਭਿਆਚਾਰਕ ਇਨਕਲਾਬ ਸ਼ੁਰੂ ਕਰਨ ਕਰਕੇ ਇਸ ਅੰਦੋਲਨ ਨੂੰ ਢਾਹ ਵੱਜੀ।
ਸਭਿਆਚਾਰਕ ਅੰਦੋਲਨ ਦਾ ਮੁੱਖ ਉਦੇਸ਼ ਚੀਨ ਵਿੱਚ ਮਾਓ-ਜੇ-ਤੁੰਗ ਦੇ ਵਿਰੁੱਧ ਕੰਮ ਕਰ ਰਹੀਆਂ ਦੋ ਰਾਜਨੀਤਕ ਸ਼ਕਤੀਆਂ ਨੂੰ ਦਬਾਉਣਾ ਸੀ। ਇਹਨਾਂ ਵਿੱਚ ਇੱਕ ਲਿਉ-ਸ਼ਾਉ-ਚੀ ਦਾ ਗੁੱਟ ਸੀ ਅਤੇ ਦੂਜਾ ਲਿਨ-ਪਿਆਉ ਦਾ ਗੁੱਟ ਸੀ। ਇਹ ਦੋਵੇਂ ਗੁੱਟ ਮਾਓ ਨੂੰ ਪਾਸੇ ਹਟਾ ਕੇ ਆਪਣੀ ਸਥਾਪਤੀ ਕਰਨਾ ਚਾਹੁੰਦੇ ਸਨ। ਚੀਨ ਦੇ ਵਰਤਮਾਨ ਆਗੂ ਇਸ ਸਭਿਆਚਾਰਕ ਅੰਦੋਲਨ ਨੂੰ ਇੱਕ ਮਹਾਨ ਗਲਤੀ ਮੰਨਦੇ ਹਨ। ਕਿਉਂਕਿ ਇਸ ਅੰਦੋਲਨ ਦੌਰਾਨ ਮਾਓ-ਵਿਰੋਧੀਆਂ ਦਾ ਦਮਨ ਕੀਤਾ ਗਿਆ। ਸਕੂਲਾਂ ਤੇ ਕਾਲਜਾਂ ਵਿੱਚ ਹੋਣ ਵਾਲੇ ਇਮਤਿਹਾਨਾਂ ਨੂੰ ਖਤਮ ਕਰ ਦਿੱਤਾ ਗਿਆ। ਵਿਦਿਆਰਥੀਆਂ ਲਈ ਖੇਤੀ ਅਤੇ ਕਾਰਖਾਨਿਆਂ ਵਿੱਚ ਹੱਥੀਂ ਕੰਮ ਕਰਨਾ ਜ਼ਰੂਰੀ ਕਰਾਰ ਦਿੱਤਾ ਗਿਆ। ਇਸ ਵਿੱਚ ਬੁੱਧੀਜੀਵੀਆਂ ਨੂੰ ਸਜ-ਧਜ ਦਾ ਜੀਵਨ ਛੱਡ ਕੇ ਸਾਦੀ ਰਹਿਣੀ-ਬਹਿਣੀ ਅਪਨਾਉਣ ਲਈ ਕਿਹਾ ਗਿਆ। ਇਸ ਕ੍ਰਾਂਤੀ ਰਾਹੀਂ ਚੀਨ ਦੀ ਆਰਥਿਕ ਸਥਿਤੀ ਵਿੱਚ ਕਾਫੀ ਗਿਰਾਵਟ ਆ ਗਈ। ਲੋਕਾਂ ਦਾ ਜੀਵਨ ਪੱਧਰ ਉੱਚਾ ਉੱਠਣ ਦੀ ਬਜਾਏ ਨੀਵਾਂ ਹੋ ਗਿਆ। ਸਭਿਆਚਾਰਕ ਇਨਕਲਾਬ ਦੌਰਾਨ ਹਰ-ਰੋਜ਼ ਜਲਸੇ, ਜਲੂਸ ਤੇ ਹੜਤਾਲਾਂ ਚਲਦੀਆਂ ਰਹਿੰਦੀਆਂ ਸਨ। ਇਸ ਲਈ ਆਰਥਿਕ ਵਿਕਾਸ ਵਿੱਚ ਕਮੀ ਹੋ ਗਈ। 1976 ਵਿੱਚ ਮਾਓ-ਜੇ-ਤੁੰਗ ਦੀ ਮੌਤ ਹੋ ਗਈ। ਹੁਆ-ਗੁਆ-ਫੇਂਗ ਨੇ ਸੱਤਾ ਆਪਣੇ ਕਬਜ਼ੇ ਵਿੱਚ ਲੈ ਕੇ ਮਾਓ ਦੇ ਸਮਰਥਕਾਂ ਦਾ ਸਫਾਇਆ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਮਾਓ ਦੀ ਪਤਨੀ ਚਿਆਂਗ-ਚਿੰਗ ਅਤੇ ਉਸਦੇ ਸਮਰਥਕਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ। 1981 ਵਿੱਚ ਹੁਆ-ਗੁਆ-ਫੇਂਗ ਨੂੰ ਵੀ ਆਪਣੇ ਆਹੁਦੇ ਤੋਂ ਹਟਾ ਦਿੱਤਾ ਗਿਆ।
ਹੁਣ ਦੇ ਸਾਸ਼ਕਾਂ ਨੇ ਚੀਨ ਵਿੱਚ ਆਰਥਿਕ ਉਦਾਰਵਾਦ ਦੀ ਨੀਤੀ ਬਣਾਈ ਹੈ। ਇਸ ਤਹਿਤ ਆਰਥਿਕ ਵਿਕਾਸ ਲਈ ਨਿੱਜੀ ਖੇਤਰ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਚੀਨ ਨੇ 2015 ਤੱਕ ਅਮਰੀਕਾ ਤੋਂ ਅੱਗੇ ਲੰਘ ਜਾਣ ਦੀ ਵਿਉਂਤ ਬਣਾਈ ਹੈ। ਇਸ ਕੰਮ ਲਈ ਉਹਨਾਂ ਨੇ ਛੇ ਜੋਨਾਂ ਦੀ ਚੋਣ ਕੀਤੀ ਹੈ। ਇਹਨਾਂ ਜੋਨਾਂ ਨੂੰ ਦੁਨੀਆਂ ਦੇ ਸਭ ਤੋਂ ਵੱਧ ਵਿਕਸਿਤ ਇਲਾਕੇ ਬਣਾਉਣ ਲਈ ਚੀਨ ਸਿਰ-ਤੋੜ ਯਤਨ ਕਰ ਰਿਹਾ ਹੈ। ਇਸ ਪੱਖੋਂ ਉਹ ਕਾਫੀ ਹੱਦ ਤੱਕ ਸਫਲ ਵੀ ਹੋ ਚੁੱਕਿਆ ਹੈ।

Back To Top