ਰਾਸ਼ਟਰੀ ਜਨ ਕਾਂਗਰਸ…(31)

ਮੇਘ ਰਾਜ ਮਿੱਤਰ

ਚੀਨ ਦੀ ਰਾਸ਼ਟਰੀ ਜਨ ਕਾਂਗਰਸ ਰਾਜਸੱਤਾ ਦੀ ਸਭ ਤੋਂ ਸਰਵਉੱਚ ਸੰਸਥਾ ਹੈ। ਮਾਰਚ 1999 ਵਿੱਚ ਰਾਸ਼ਟਰੀ ਜਨ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ 3000 ਦੇ ਲਗਭਗ ਸੀ। ਰਾਸ਼ਟਰੀ ਜਨ ਕਾਂਗਰਸ ਦੇ ਮੈਂਬਰ ਨੂੰ ਡਿਪਟੀ ਕਿਹਾ ਜਾਂਦਾ ਹੈ। ਇਹਨਾਂ ਦੀ ਚੋਣ ਵਿਧਾਨ ਪਾਲਿਕਾਵਾਂ ਅਤੇ ਨਗਰ ਪਾਲਿਕਾਵਾਂ ਦੁਆਰਾ ਕੀਤੀ ਜਾਂਦੀ ਹੈ ਤੇ ਇਹਨਾਂ ਦਾ ਅਰਸਾ ਪੰਜ ਸਾਲ ਦਾ ਹੁੰਦਾ ਹੈ। ਇਸ ਰਾਸ਼ਟਰੀ ਜਨ ਕਾਂਗਰਸ ਦੇ ਸਭ ਤੋਂ ਵੱਡੇ ਅਹੁਦੇਦਾਰ ਨੂੰ ਸਭਾਪਤੀ ਜਾਂ ਚੇਅਰਮੈਨ ਕਿਹਾ ਜਾਂਦਾ ਹੈ। ਲੀ-ਪੈਂਗ ਚੀਨ ਦੀ ਰਾਸ਼ਟਰੀ ਜਨ ਕਾਂਗਰਸ ਦੇ ਮੌਜੂਦਾ ਚੇਅਰਮੈਨ ਹਨ। ਇਹ ਰਾਸ਼ਟਰੀ ਜਨ ਕਾਂਗਰਸ ਹੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦੀ ਹੈ ਅਤੇ ਪ੍ਰਧਾਨ ਮੰਤਰੀ ਦੀ ਸਿਫਾਰਸ਼ `ਤੇ ਬਾਕੀ ਮੰਤਰੀਆਂ ਨੂੰ ਨਿਯੁਕਤ ਕਰਦੀ ਹੈ। ਰਾਸ਼ਟਰੀ ਜਨ ਕਾਂਗਰਸ ਹੀ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਕਰਦੀ ਹੈ। ਸ਼੍ਰੀ ਜਿਆਂਗ-ਜੀ-ਮਿਨ ਚੀਨ ਦੇ ਮੌਜੂਦਾ ਰਾਸ਼ਟਰਪਤੀ ਹਨ। 1998 ਵਿੱਚ ਉਹਨਾਂ ਨੂੰ ਇਸ ਅਹੁਦੇ `ਤੇ ਚੁਣਿਆ ਗਿਆ ਸੀ। ਸ਼੍ਰੀ ਜ਼ੂ-ਰੋਂਗ-ਜ਼ੀ ਚੀਨ ਦੇ ਵਰਤਮਾਨ ਪ੍ਰਧਾਨ ਮੰਤਰੀ ਹਨ। ਇਹਨਾਂ ਦੀ ਨਿਯੁਕਤੀ ਵੀ 1998 ਵਿੱਚ ਕੀਤੀ ਗਈ ਸੀ। ਚੀਨ ਦੀ ਰਾਸ਼ਟਰੀ ਜਨ ਕਾਂਗਰਸ ਇੱਥੋਂ ਦੀ ਸਰਵਉੱਚ ਅਦਾਲਤ ਦੇ ਮੁੱਖ ਜੱਜ ਦੀ ਚੋਣ ਕਰਦੀ ਹੈ। ਬਾਕੀ ਜੱਜਾਂ ਦੀ ਨਿਯੁਕਤੀ ਰਾਸ਼ਟਰੀ ਜਨ ਕਾਂਗਰਸ ਦੀ ਸਥਾਈ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਪਰ ਹੇਠਲੀ ਪੱਧਰ ਦੇ ਜੱਜਾਂ ਦੀ ਚੋਣ ਉੱਥੋਂ ਦੀਆਂ ਪ੍ਰਾਂਤੀ ਜਨ ਕਾਂਗਰਸ ਦੀਆਂ ਕਮੇਟੀਆਂ ਦੁਆਰਾ ਕੀਤੀ ਜਾਂਦੀ ਹੈ।
ਅਸਲ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦਾ ਚੀਨ ਦੀ ਸਾਰੀ ਰਾਜ ਸੱਤਾ ਦੇ ਉੱਪਰ ਪੂਰਨ ਕਬਜ਼ਾ ਹੁੰਦਾ ਹੈ। ਕਮਿਉੂਨਿਸਟ ਪਾਰਟੀ ਦੇ ਮੈਂਬਰਾਂ ਦੀ ਗਿਣਤੀ 5 ਕਰੋੜ 40 ਲੱਖ ਹੈ। ਸਿਰਫ ਉਹਨਾਂ ਵਿਅਕਤੀਆਂ ਨੂੰ ਹੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣਾਇਆ ਜਾਂਦਾ ਹੈ ਜਿਨ੍ਹਾਂ ਦਾ ਕਮਿਊਨਿਸਟ ਵਿਚਾਰਧਾਰਾ ਵਿੱਚ ਪੱਕਾ ਵਿਸ਼ਵਾਸ ਹੋਵੇ। ਮੈਂਬਰ ਬਣਨ ਲਈ ਸਬੰਧਿਤ ਵਿਅਕਤੀ ਨੂੰ ਆਪਣੇ ਸੈੱਲ ਵਿੱਚ ਲਿਖਤੀ ਅਰਜੀ ਦੇਣੀ ਪੈਂਦੀ ਹੈ। ਫਿਰ ਉਸਨੂੰ ਦੋ ਮੈਂਬਰਾਂ ਤੋਂ ਸਿਫਾਰਸ਼ ਕਰਵਾਉਣੀ ਪੈਂਦੀ ਹੈ। ਮੈਂਬਰ ਬਣਨ ਤੋਂ ਬਾਅਦ ਵੀ ਉਸਨੂੰ ਕੱਚੇ ਤੌਰ `ਤੇ ਮੈਂਬਰ ਲਿਆ ਜਾਂਦਾ ਹੈ। ਇਸ ਸਮੇਂ ਦੌਰਾਨ ਜੇ ਉਸਦਾ ਕੰਮ ਸੰਤੋਸ਼ਜਨਕ ਨਾ ਲੱਗੇ ਤਾਂ ਉਸ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾਂਦੀ ਹੈ।

Back To Top