ਮੇਘ ਰਾਜ ਮਿੱਤਰ
ਚੀਨ ਦੀ ਰਾਜਧਾਨੀ ਬੀਜ਼ਿੰਗ ਹੈ। ਇਹ ਬਹੁਤ ਹੀ ਪੁਰਾਣਾ ਸ਼ਹਿਰ ਹੈ। ਬਹੁਤ ਸਮਾਂ ਪੁਰਾਣੇ ਮਾਨਵੀ ਪਿੰਜਰਾਂ ਦੇ ਪਥਰਾਟ ਇੱਥੋਂ ਮਿਲ ਚੁੱਕੇ ਹਨ ਜਿਹੜੇ ਇਸ ਗੱਲ ਦਾ ਸਬੂਤ ਹਨ ਕਿ ਮਨੁੱਖ 5 ਲੱਖ ਵਰ੍ਹੇ ਤੋਂ ਪਹਿਲਾਂ ਤੋਂ ਇੱਥੇ ਰਹਿੰਦਾ ਆਇਆ ਹੈ। ਇਹ ਇੱਕ ਵੱਡਾ ਮੈਟਰੋਪੋਲਿਟਨ ਸ਼ਹਿਰ ਹੈ, ਜਿਸ ਦਾ ਇਤਿਹਾਸ 3000 ਵਰ੍ਹੇ ਪੁਰਾਣਾ ਹੈ। ਇਹ ਦੇਸ਼ ਦੀ ਸਿਆਸੀ, ਸੱਭਿਆਚਾਰਕ ਅਤੇ ਬੁੱਧੀਮਾਨੀ ਗਤੀਵਿਧੀਆਂ ਦਾ ਕੇਂਦਰ ਹੈ। ਇਸ ਵਿੱਚ ਕੇਂਦਰੀ ਸਰਕਾਰ ਦੇ ਦਫਤਰ ਅਤੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਹਨ।
ਬੀਜ਼ਿੰਗ 1700 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਦੀ ਆਬਾਦੀ 1 ਕਰੋੜ 10 ਲੱਖ ਹੈ। ਤੀਹ ਲੱਖ ਲੋਕ ਅਜਿਹੇ ਹਨ ਜਿਹੜੇ ਬੀਜ਼ਿੰਗ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਇੱਥੋਂ ਦੇ 95% ਲੋਕ ਹਾਨ ਕਬੀਲੇ ਨਾਲ ਸਬੰਧਿਤ ਹਨ ਅਤੇ ਰਹਿੰਦੇ 5% ਘੱਟ ਗਿਣਤੀ ਵਾਲੀਆਂ ਜਾਤੀਆਂ ਵਿੱਚੋਂ ਹਨ। ਮਈ-ਜੂਨ ਵਿੱਚ ਇੱਥੋਂ ਦਾ ਤਾਪਮਾਨ ਬਹੁਤ ਹੀ ਸੁਹਾਵਣਾ ਲਗਭਗ 10-15 ਡਿਗਰੀ ਸੈਲਸੀਅਸ ਵਿਚਕਾਰ ਹੁੰਦਾ ਹੈ। ਇੱਥੋਂ ਦੀ ਕ੍ਰੰਸੀ ਰੀਮਿੰਬੀ ਹੈ ਜਿਸਦੇ ਮੁਢਲੇ ਯੁਨਿਟ ਨੂੰ ਜੁਆਨ ਕਿਹਾ ਜਾਂਦਾ ਹੈ। ਹਫਤਾ ਪੰਜ ਦਿਨਾਂ ਦਾ ਅਤੇ ਦਫਤਰਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੁੰਦਾ ਹੈ। ਇਸ ਵਿੱਚ 1 ਘੰਟੇ ਦੀ ਬ੍ਰੇਕ ਵੀ ਹੁੰਦੀ ਹੈ। ਦੁਕਾਨਾਂ ਐਤਵਾਰ ਸਮੇਤ ਸਵੇਰੇ 9 ਵਜੇ ਤੋਂ ਰਾਤ ਦੇ 9 ਵਜੇ ਤੱਕ ਖੁੱਲ੍ਹੀਆਂ ਰਹਿੰਦੀਆਂ ਹਨ। ਸਾਰੇ ਹੋਟਲਾਂ ਵਿੱਚ ਡਾਕ ਸੇਵਾਵਾਂ, ਟੈਲੀਫੋਨ ਸੇਵਾਵਾਂ ਅਤੇ ਇੰਟਰਨੈਟ ਸੇਵਾਵਾਂ ਉਪਲਬਧ ਹਨ। ਫੋਨ ਕਾਰਡ ਸਾਰੇ ਦਫਤਰਾਂ ਅਤੇ ਹੋਟਲਾਂ ਵਿੱਚੋਂ ਮੁੱਲ ਮਿਲ ਸਕਦਾ ਹੈ। ਜਗਦੇਵ ਨੇ ਵੀ ਫੋਨ ਕਾਰਡ ਸ਼ੌਕ ਵਜੋਂ ਹੀ ਖ੍ਰੀਦ ਲਿਆ ਸੀ। ਬਿਜਲੀ ਦੀ ਵੋਲਟੇਜ਼ 220 ਵੋਲਟ ਹੀ ਉਪਲਬਧ ਹੈ। ਹਵਾਈ ਜਹਾਜ਼ `ਤੇ ਯਾਤਰਾ ਲਈ ਅੰਤਰਰਾਸ਼ਟਰੀ ਹਵਾਈ ਉਡਾਨ ਵਾਸਤੇ ਹਵਾਈ ਅੱਡਾ ਫੀਸ 90 ਜੁਆਨ ਹੈ ਅਤੇ ਚੀਨ ਵਿਚਲੀਆਂ ਘਰੇਲੂ ਉਡਾਨਾਂ ਲਈ ਇਹ ਫੀਸ 50 ਜੁਆਨ ਹੈ।