ਹੋਰ ਦੇਖਣਯੋਗ ਥਾਂਵਾਂ…(35)

ਮੇਘ ਰਾਜ ਮਿੱਤਰ

ਇਸ ਤੋਂ ਇਲਾਵਾ ਬੀਜ਼ਿੰਗ ਦਾ ਚਿੜੀਆਘਰ ਸਭ ਤੋਂ ਵੱਡਾ ਹੈ। ਚੀਨੀ ਰਿੱਛ ਜਿਸਨੂੰ ਜਿਆਂਟ-ਪਾਂਡਾ ਕਹਿੰਦੇ ਹਨ, ਵੀ ਇਸ ਵਿੱਚ ਦੇਖਣ ਨੂੰ ਮਿਲਦੇ ਹਨ। ਇਸ ਤੋਂ ਇਲਾਵਾ 47 ਟਨ ਭਾਰੀ ਤੇ 7 ਮੀਟਰ ਉੱਚੀ ਬੈਲਟੈਂਪਲ ਦੀ ਘੰਟੀ ਹੈ। ਇਹ ਚੀਨ ਵਿੱਚ ਸਭ ਤੋਂ ਵੱਡੀ ਹੈ। 23 ਮੀਟਰ ਉੱਚੀ ਬੁੱਧ ਦੀ ਮੂਰਤੀ ਅਜਿਹੀ ਹੈ ਜਿਹੜੀ ਇੱਕੋ ਦਰਖਤ ਦੇ ਤਣੇ ਤੋਂ ਬਣੀ ਹੋਈ ਹੈ। ਇਸ ਤਰ੍ਹਾਂ ਹੀ ਇੱਕ ਮਹਾਤਮਾ ਬੁੱਧ ਦੀ ਮੂਰਤੀ ਹੈ ਜਿਹੜੀ ਸੁੱਤੀ ਪਈ ਹੈ। ਤਿਆਨਮਿਨ ਚੌਕ ਵੀ 37 ਹੈਕਟੇਅਰ ਵਿੱਚ ਫੈਲਿਆ ਹੋਇਆ ਹੈ। ਬੀਜ਼ਿੰਗ ਵਿੱਚ ਕਮਿਊਨਿਸਟ ਪਾਰਟੀ ਦੀ ਸੈਂਟਰਲ ਕਮੇਟੀ ਦੀ ਅਤੇ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਟੈਂਡਿੰਗ ਕਮੇਟੀ ਤੋਂ ਇਲਾਵਾ 160 ਦੇਸ਼ਾਂ ਦੇ ਦੂਤ-ਘਰ ਹਨ। ਅੰਤਰਰਾਸ਼ਟਰੀ ਜਥੇਬੰਦੀਆਂ ਦੇ 150 ਦਫਤਰ ਅਤੇ 7 ਹਜ਼ਾਰ ਦੇ ਲਗਭਗ ਨੁਮਾਇੰਦੇ ਹਨ। ਬੀਜ਼ਿੰਗ ਵਿੱਚ ਢਾਈ ਲੱਖ ਦੇ ਕਰੀਬ ਵਿਗਿਆਨੀ ਉੱਥੋਂ ਦੇ 400 ਖੋਜ ਪੜਤਾਲ ਨਾਲ ਸਬੰਧਿਤ ਅਦਾਰਿਆਂ ਵਿੱਚ ਕੰਮ ਕਰ ਰਹੇ ਹਨ।
ਬੀਜ਼ਿੰਗ ਵਿੱਚ 5 ਰੇਲਵੇ ਸਟੇਸ਼ਨ ਹਨ ਅਤੇ ਸਵੇਰੇ 5. 30 ਵਜੇ ਤੋਂ ਲੈ ਕੇ 11. 00 ਵਜੇ ਰਾਤ ਤੱਕ ਹਰੇਕ 4 ਮਿੰਟ `ਤੇ ਟ੍ਰਾਮਜ਼ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਬੀਜ਼ਿੰਗ ਵਿੱਚ 70,000 ਟੈਕਸੀਆਂ ਸੜਕਾਂ ਤੇ ਦਿਨ-ਰਾਤ ਦਿਖਾਈ ਦਿੰਦੀਆਂ ਹਨ। ਟੈਕਸੀਆਂ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ। ਇੱਕ ਨੂੰ ‘ਬਾਕਸਬੈਗਨ’ ਕਹਿੰਦੇ ਹਨ। ਇਸ ਦਾ ਕਿਰਾਇਆ ਦੋ ਜੁਆਨ ਪ੍ਰਤੀ ਕਿਲੋਮੀਟਰ ਹੁੰਦਾ ਹੈ। ਇੱਕ ਹੋਰ ਦਾ ਕਿਰਾਇਆ 1. 6 ਜੁਆਨ ਪ੍ਰਤੀ ਕਿਲੋਮੀਟਰ ਹੁੰਦਾ ਹੈ। ਸਭ ਤੋਂ ਸਸਤੀ ‘ਜਿਆਲੀ’ ਟੈਕਸੀ ਹੁੰਦੀ ਹੈ ਜਿਸਦਾ ਕਿਰਾਇਆ 1. 2 ਜੁਆਨ ਪ੍ਰਤੀ ਕਿਲੋਮੀਟਰ ਹੁੰਦਾ ਹੈ। ਹਰ ਟੈਕਸੀ ਵਾਲਾ ਇਮਾਨਦਾਰ ਵਿਅਕਤੀ ਹੁੰਦਾ ਹੈ ਅਤੇ ਤੁਹਾਨੂੰ ਰਸੀਦ ਦੇ ਕੇ ਹੀ ਪੈਸੇ ਵਸੂਲਦਾ ਹੈ। ਇੱਥੇ ਬਸਾਂ ਬਿਜਲੀ ਨਾਲ ਚਲਦੀਆਂ ਹਨ। ਬਹੁਤੀਆਂ ਬਸਾਂ ਦੀਆਂ ਡਰਾਈਵਰ ਅਤੇ ਕੰਡਕਟਰ ਇਸਤਰੀਆਂ ਹੀ ਹੁੰਦੀਆਂ ਹਨ। ਕੋਈ ਵੀ ਬਸ ਦਾ ਡਰਾਈਵਰ ਦਰਵਾਜ਼ਾ ਖੁੱਲ੍ਹਾ ਰੱਖ ਕੇ ਸਫਰ ਨਹੀਂ ਕਰ ਸਕਦਾ। ਬਸਾਂ ਸਵੇਰੇ 5.00 ਵਜੇ ਤੋਂ ਸ਼ੁਰੂ ਹੋ ਕੇ ਰਾਤ 11.00 ਵਜੇ ਤੱਕ ਚਲਦੀਆਂ ਰਹਿੰਦੀਆਂ ਹਨ। ਹਰੇਕ 5-10 ਮਿੰਟ ਤੱਕ ਬਸ ਮਿਲ ਜਾਂਦੀ ਹੈ ਅਤੇ ਹਰ 5-7 ਸੌ ਮੀਟਰ ਦੂਰੀ ਤੇ ਬਸ ਸਟੈਂਡ ਹੈ।
2008 ਵਿੱਚ ਹੋਣ ਵਾਲੀਆਂ ਖੇਡਾਂ ਲਈ ਵੀ ਬੀਜ਼ਿੰਗ ਨੇ ਆਪਣੇ-ਆਪ ਨੂੰ ਤਿਆਰ ਕੀਤਾ ਹੋਇਆ ਹੈ। ਭਾਵੇਂ ਹੁਣ ਇਹ ਘੋਸ਼ਣਾ ਕਰ ਦਿੱਤੀ ਗਈ ਹੈ ਕਿ 2008 ਵਿਚਲੀਆਂ ਉਲੰਪਿਕ ਖੇਡਾਂ ਬੀਜ਼ਿੰਗ ਵਿੱਚ ਹੀ ਹੋਣਗੀਆਂ ਪਰ ਪਹਿਲਾਂ ਉਹਨਾਂ ਨੇ ਹੇਠ ਲਿਖੀਆਂ ਗੱਲਾਂ ਕਰਕੇ ਆਪਣੇ-ਆਪ ਨੂੰ ਸਭ ਤੋਂ ਮਜ਼ਬੂਤ ਦਾਅਵੇਦਾਰ ਸਿੱਧ ਕੀਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਚੀਨ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਹੈ ਅਤੇ ਪਿਛਲੀਆਂ ਦੋ ਉਲੰਪਿਕਾਂ ਵਿੱਚ ਤਮਗਿਆਂ ਦੀ ਗਿਣਤੀ ਵਿੱਚ ਚੌਥਾ ਨੰਬਰ ਪ੍ਰਾਪਤ ਕੀਤਾ ਹੈ। ਇਸ ਸ਼ਹਿਰ ਵਿੱਚ ਸਭ ਤੋਂ ਘੱਟ ਜ਼ੁਰਮ ਅਤੇ ਸੜਕੀ-ਦੁਰਘਟਨਾਵਾਂ ਹੁੰਦੀਆਂ ਹਨ।
ਚੀਨ ਨੇ 1215 ਹੈਕਟੇਅਰ ਵਿੱਚ ਬੀਜ਼ਿੰਗ ਦੇ ਉੱਤਰ ਵਿੱਚ ਇੱਕ ਉਲੰਪਿਕ ਪਾਰਕ ਬਣਾਇਆ ਹੈ। ਇਸ ਵਿੱਚ ਇੱਕ 80 ਹਜ਼ਾਰ ਸੀਟਾਂ ਵਾਲਾ ਸਟੇਡੀਅਮ ਹੋਵੇਗਾ। ਇਸ ਤੋਂ ਇਲਾਵਾ 14 ਜਿਮਨਾਸਟਕ ਦੇ ਹਾਲ ਹੋਣਗੇ। ਜਿਸ ਦੇ ਦੁਆਲੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਰੱਖਣ ਲਈ 760 ਹੈਕਟੇਅਰ ਵਿੱਚ ਜੰਗਲ ਅਤੇ ਹਰੇ-ਭਰੇ ਇਲਾਕੇ ਹੋਣਗੇ। ਇਸ ਤੋਂ ਇਲਾਵਾ ਬੀਜ਼ਿੰਗ ਵਿੱਚ 344 ਵੱਡੇ ਹੋਟਲ ਹਨ ਜਿਨ੍ਹਾਂ ਵਿੱਚ 4 ਲੱਖ ਲੋਕਾਂ ਦੇ ਠਹਿਰਨ ਦਾ ਪ੍ਰਬੰਧ ਹੈ।
ਚੀਨ ਵਿੱਚ ਮਾਰਕਿਟਾਂ ਵੀ ਦੋ ਕਿਸਮ ਦੀਆਂ ਹਨ। ਇੱਕ ਮਾਰਕਿਟ ਬਹੁ-ਮੰਜ਼ਿਲੀ ਇਮਾਰਤ ਹੁੰਦੀ ਹੈ ਜਿਸ ਨੂੰ ‘ਮਾਲ’ ਕਿਹਾ ਜਾਂਦਾ ਹੈ। ਮਾਲ ਵਿੱਚ ਵੱਖ-ਵੱਖ ਮੰਜ਼ਿਲਾਂ ਤੇ ਵੱਖ-ਵੱਖ ਵੰਨਗੀ ਦੀਆਂ ਚੀਜ਼ਾਂ ਮਿਲਦੀਆਂ ਹਨ। ਇੱਕ ਮੰਜ਼ਿਲ ਤੇ ਕੱਪੜੇ ਉਪਲਬਧ ਹੋਣਗੇ, ਦੂਜੀ ਮੰਜ਼ਿਲ `ਤੇ ਜੁੱਤੀਆਂ, ਤੀਜੀ ਮੰਜ਼ਿਲ `ਤੇ ਖਾਣੇ ਦਾ ਸਮਾਨ ਅਤੇ ਚੌਥੀ ਮੰਜ਼ਿਲ `ਤੇ ਲੋਹੇ ਦਾ ਸਮਾਨ ਉਪਲਬਧ ਹੋਵੇਗਾ। ਇਨ੍ਹਾਂ ਬਹੁ -ਮੰਜ਼ਿਲੀ ਇਮਾਰਤਾਂ ਵਿੱਚ ਉੱਪਰ ਥੱਲੇ ਜਾਣ ਲਈ ਐਲੀਵੇਟਰਾਂ ਦਾ ਪ੍ਰਬੰਧ ਹੁੰਦਾ ਹੈ ਜੋ ਹਮੇਸ਼ਾ ਗਤੀਸ਼ੀਲ ਰਹਿੰਦੇ ਹਨ। ਇਹਨਾਂ ਮਾਲਾਂ ਵਿੱਚ ਚੀਜ਼ਾਂ ਮਿਆਰੀ ਹੁੰਦੀਆਂ ਹਨ ਅਤੇ ਕੀਮਤਾਂ ਨਿਸ਼ਚਿਤ ਹੁੰਦੀਆਂ ਹਨ। ਦੂਜੀਆਂ ਮਾਰਕਿਟਾਂ ਵਿੱਚ ਚੀਜ਼ਾਂ ਮਿਆਰੀ ਵੀ ਨਹੀਂ ਹੁੰਦੀਆਂ ਅਤੇ ਰੇਟ ਵੀ ਨਿਸ਼ਚਿਤ ਨਹੀਂ ਹੁੰਦੇ। 1980 ਤੋਂ ਪਹਿਲਾਂ ਹਰੇਕ ਸਥਾਨ ਤੇ ਹਰੇਕ ਵਸਤੂ ਦਾ ਰੇਟ ਲਗਭਗ ਇੱਕੋ ਜਿਹਾ ਹੁੰਦਾ ਸੀ। ਪਰ ਅੱਜਕੱਲ੍ਹ ਤਾਂ ਤੁਹਾਨੂੰ ਸੌਦੇਬਾਜ਼ੀ ਕਰਨੀ ਪੈਂਦੀ ਹੈ। ਮੈਂ ਇੱਕ ਜੈਕੇਟ ਅਜਿਹੀ ਦੁਕਾਨ ਤੋਂ ਖਰੀਦੀ ਜਿਸ ਦੀ ਮਾਲਕ ਇੱਕ ਇਸਤਰੀ ਸੀ। ਉਸਨੇ ਜੈਕੇਟ ਦੇ 400 ਜੁਆਨ ਮੰਗ ਕੀਤੀ। ਮੈਂ 150 ਜੁਆਨ `ਤੇ ਅੜਿਆ ਰਿਹਾ। ਅਖੀਰ ਸਾਡਾ ਸੌਦਾ 160 ਜੁਆਨ `ਤੇ ਹੋ ਗਿਆ। ਇੱਕ ਮਾਰਕਿਟ ਵਿੱਚ ਤਾਂ ਇੱਕ 17-18 ਸਾਲਾ ਲੜਕੀ ਨੇ ਮੇਰਾ ਬੂਟ ਹੀ ਫੜ ਲਿਆ ਅਤੇ ਮੱਲੋ ਮੱਲੀ ਪਾਲਿਸ਼ ਕਰਨ ਲੱਗ ਪਈ। ਜਗਦੇਵ ਨੇ ਉਸ ਤੋਂ ਪਾਲਿਸ਼ ਖਰੀਦ ਕੇ ਹੀ ਮੇਰਾ ਖਹਿੜਾ ਛੁਡਾਇਆ। ਇਸ ਤਰ੍ਹਾਂ ਲਗਭਗ ਦੋ ਦਿਨ ਅਸੀਂ ਇਹਨਾਂ ਮਾਰਕਿਟਾਂ ਵਿੱਚ ਬਗੈਰ ਦੋ-ਭਾਸ਼ੀਏ ਦੇ, ਘੁੰਮਦੇ ਰਹੇ।
ਤਿਆਨਮਿਨ ਚੌਕ ਵਿੱਚ ਮੈਂ ਉਹ ਸਥਾਨ ਦੇਖਿਆ ਜਿੱਥੇ ਵਿਦਿਆਰਥੀ ਅੰਦੋਲਨਕਾਰੀਆਂ ਨੂੰ ਮਾਰਿਆ ਗਿਆ ਸੀ। ਇੱਥੇ ਮਾਓ ਦੀ ਯਾਦ ਵਿੱਚ ਇੱਕ ਮਿਉਜ਼ੀਅਮ ਵੀ ਬਣਿਆ ਹੋਇਆ ਹੈ। ਜਿਸ ਵਿੱਚ ਮਾਓ ਨਾਲ ਸਬੰਧਿਤ ਵਸਤੂਆਂ, ਉਸਦੀਆਂ ਪੁਸ਼ਾਕਾਂ, ਸੋਫੇ, ਪੈੱਨ ਆਦਿ ਰੱਖੇ ਹੋਏ ਹਨ। ਇਸ ਤੋਂ ਇਲਾਵਾ ਇੱਥੇ ਚੌਕ ਵਿੱਚ ‘ਗੇ੍ਰਟ ਪੀਪਲਜ਼ ਹਾਲ’ ਬਣਿਆ ਹੋਇਆ ਹੈ। ਜਿਸ ਵਿੱਚ 10,000 ਵਿਅਕਤੀ ਇੱਕੋ ਸਮੇਂ ਬੈਠ ਸਕਦੇ ਹਨ।
ਤਿਆਨਮਿਨ ਚੌਕ ਵਿੱਚ ਹੀ ‘ਗੇ੍ਰਟ ਪੀਪਲਜ਼ ਹਾਲ’ ਦੇ ਨਜ਼ਦੀਕ ਹੀ ਹੇਠਲੀ ਮੰਜ਼ਿਲ `ਤੇ ਇੱਕ ਛੋਟੀ ਜਿਹੀ ਮਾਰਕਿਟ ਬਣੀ ਹੋਈ ਹੈ। ਜਿਸ ਵਿੱਚ ਮੈਂ ਮਾਓ ਨਾਲ ਸਬੰਧਿਤ ਬਹੁਤ ਸਾਰੇ ਬੈਜਜ਼ ਅਤੇ ਮਾਓ ਦਾ ਕਾਂਸੀ ਦਾ ਬੁੱਤ ਖ੍ਰੀਦਿਆ। ਤਿਆਨਮਿਨ ਚੌਕ ਵਿੱਚ ਹੀ ਮੈਂ ਦੇਖਿਆ ਕਿ ਚੀਨ ਦੇ ਜੰਗਲਾਤ ਮਹਿਕਮੇ ਕੋਲ ਕੇ੍ਰਨਾਂ ਹਨ। ਉਹ ਕਿਸੇ ਦਰਖਤ ਨੂੰ ਸਮੇਤ ਮਿੱਟੀ ਜੜੋਂ ਉਖਾੜਨ ਲਈ ਕੇ੍ਰਨਾਂ ਦੀ ਵਰਤੋਂ ਕਰਦੇ ਹਨ।

Back To Top