ਮੇਘ ਰਾਜ ਮਿੱਤਰ
ਆਖਰੀ ਦਿਨ ਸੀ. ਸੀ. ਟੀ. ਵੀ. ਦਾ ਡਾਇਰੈਕਟਰ, ਦੋਨੋਂ ਦੋ-ਭਾਸ਼ੀਏ, ਇੱਕ-ਦੋ ਹੋਰ ਸੱਜਣ ਪੁੱਜ ਗਏ। ਆਉਣ ਸਮੇਂ ਉਹ ਸਾਡੇ ਲਈ ਇੱਕ ਵੱਡਾ ਵੀਡੀਓ ਕੈਮਰਾ, ਇੱਕ ਡੀ. ਵੀ. ਡੀ., ਇੱਕ ਸੀ. ਡੀ. ਕਮ-ਆਡੀਓ ਕੈਸੇਟ ਪਲੇਅਰ ਅਤੇ ਦੋ ਘੜੀਆਂ, ਦੋ ਪੈਨ-ਸਟੈਂਡ ਅਤੇ ਹੋਰ ਕਈ ਨਿੱਕੇ-ਮੋਟੇ ਤੋਹਫੇ ਲੈ ਕੇ ਆਏ। ਇੱਕ ਹਜ਼ਾਰ ਡਾਲਰ ਦੀ ਰਾਸ਼ੀ ਉਹਨਾਂ ਨੇ ਸਾਨੂੰ ਸਨਮਾਨ ਵਜੋਂ ਭੇਂਟ ਕੀਤੀ। ਅਸੀਂ ਇਹਨਾਂ ਤੋਹਫਿਆਂ ਅਤੇ ਨਕਦ ਰਾਸ਼ੀ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਸੰਨ 2008 ਦੀਆਂ ਉਲੰਪਿਕ ਖੇਡਾਂ ਸਮੇਂ ਮੁੜ ਮਿਲਣ ਦਾ ਵਾਅਦਾ ਕੀਤਾ ਅਤੇ ਅਸੀਂ ਦੁਪਹਿਰ ਦਾ ਖਾਣਾ ਇਕੱਠਿਆਂ ਇੱਕ ਹੋਟਲ ਵਿੱਚ ਖਾਧਾ। ਅਸੀਂ ਹਵਾਈ ਅੱਡੇ ਵੱਲ ਚੱਲ ਪਏ ਜਿੱਥੇ ਸਾਡੀ ਹਵਾਈ ਯਾਤਰਾ ਦਾ ਪ੍ਰਬੰਧ ਉਹਨਾਂ ਵੱਲੋਂ ਪਹਿਲਾਂ ਹੀ ਕਰ ਦਿੱਤਾ ਗਿਆ ਸੀ। ਹਵਾਈ ਅੱਡੇ ਉੱਤੇ ਪੁੱਜ ਕੇ ਉਹਨਾਂ ਨੇ ਸਾਨੂੰ ਆਪਣੇ ਮੋਬਾਇਲ ਫੋਨ ਲਿਖਵਾਏ ਅਤੇ ਕਿਹਾ ਕਿ ਜੇ ਕਿਤੇ ਕੋਈ ਮੁਸ਼ਕਲ ਆਵੇ ਤਾਂ ਫੋਨ ਕਰ ਦੇਣਾ। ਉਹਨਾਂ ਨੂੰ ਚੀਨ ਸਰਕਾਰ, ਚੀਨੀ ਲੋਕਾਂ, ਅਤੇ ਆਪਣੇ ਵੱਲੋਂ ਸਾਡੇ ਪ੍ਰੀਵਾਰਾਂ ਨੂੰ ਅਤੇ ਭਾਰਤੀ ਲੋਕਾਂ ਨੂੂੰ ‘ਲਾਲ ਸਲਾਮ’ ਕਹੀ। ਇਸ ਤਰ੍ਹਾਂ ਅਸੀਂ ਆਪਣੇ ਜਹਾਜ ਵਿੱਚ ਜਾ ਬੈਠੇ।
ਰਸਤੇ ਵਿੱਚ ਬੈਂਕਾਕ ਉਤਰ ਕੇ ਅਸੀਂ ਦੋ ਦਿਨ ਬੈਂਕਾਕ ਦੇ ਸ਼ਹਿਰ ਦੀਆਂ ਖੂਬਸੂਰਤ ਥਾਵਾਂ ਦਾ ਆਨੰਦ ਮਾਣਿਆ ਅਤੇ ਫਿਰ ਦਿੱਲੀ ਲਈ ਚੱਲ ਪਏ।
ਇੱਥੇ ਹਵਾਈ ਅੱਡੇ ਦੇ ਭਾਰਤੀ ਕਸਟਮ-ਅਧਿਕਾਰੀਆਂ ਨੇ ਸਾਡੇ ਨਾਲ ਜੋ ਵਧੀਕੀ ਕੀਤੀ ਉਸਦਾ ਜ਼ਿਕਰ ਕੀਤੇ ਬਗੈਰ ਵੀ ਮੈਂ ਨਹੀਂ ਰਹਿ ਸਕਦਾ।
ਥਾਈ ਏਅਰਵੇਜ਼ ਦੇ ਅਧਿਕਾਰੀਆਂ ਨੇ ਤਾਂ 15,000 ਰੁਪਏ ਇਸ ਗੱਲ ਦੇ ਵਸੂਲ ਲਏ ਕਿ ਸਾਡੇ ਕੋਲ ਸਮਾਨ ਵਧੇਰੇ ਹੈ। ਦਿੱਲੀ ਏਅਰ ਪੋਰਟ ਦੇ ਕਸ਼ਟਮ-ਅਧਿਕਾਰੀਆਂ ਨੇ ਵੀ. ਡੀ. ਓ. ਕੈਮਰੇ ਤੇ ਕਸਟਮ-ਡਿਊਟੀ ਦੇ 15000 ਰੁਪਏ ਪਾ ਦਿੱਤੇ। ਅਸੀਂ ਇਹਨਾਂ ਅਧਿਕਾਰੀਆਂ ਨੂੰ ਸੀ. ਸੀ. ਟੀ. ਵੀ. ਦੀਆਂ ਉਹ ਚਿੱਠੀਆਂ ਵੀ ਦਿਖਾਈਆਂ ਜਿਨ੍ਹਾਂ ਤਹਿਤ ਇਹ ਸਾਰਾ ਕੁਝ ਗਿਫ਼ਟ ਦੇ ਤੌਰ `ਤੇ ਚੀਨੀ ਸਰਕਾਰ ਵੱਲੋਂ ਦਿੱਤਾ ਗਿਆ ਸੀ ਪਰ ਭਾਰਤੀ ਅਧਿਕਾਰੀ ਕਹਿਣ ਲੱਗੇ, ‘‘ਜੇ ਭਾਰਤ ਸਰਕਾਰ ਦੀ ਕੋਈ ਚਿੱਠੀ ਤੁਹਾਡੇ ਕੋਲ ਹੈ ਤਾਂ ਉਹ ਦਿਖਾਉ।’’ ਅਜਿਹੀ ਚਿੱਠੀ ਸਾਡੇ ਕੋਲ ਕੋਈ ਵੀ ਨਹੀਂ ਸੀ ਕਿਉਂਕਿ ਭਾਰਤ ਸਰਕਾਰ ਨੇ ਤਾਂ ਸਾਨੂੰ ਕਦੇ ਅਜਿਹਾ ਕੋਈ ਸਹਿਯੋਗ ਦਿੱਤਾ ਹੀ ਨਹੀਂ।
ਅਸੀਂ ਚੀਨੀ ਲੋਕਾਂ, ਚੀਨੀ ਸਰਕਾਰ ਤੇ ਸੀ. ਸੀ. ਟੀ. ਵੀ. ਦਾ ਆਪਣੇ ਮਨਾਂ ਵਿੱਚ ਧੰਨਵਾਦ ਕਰਦੇ ਹੋਏ ਆਪਣੀ ਮਿੱਟੀ ਅਤੇ ਆਪਣੀ ਜਨਤਾ ਵਿੱਚ ਇਸ ਵਿਸ਼ਵਾਸ ਨਾਲ ਮੁੜ ਆਏ ਕਿ ਕਿਸੇ ਦਿਨ ਨੂੰ ਸਾਡਾ ਦੇਸ਼ ਵੀ ਚੀਨ ਵਰਗਾ ਹੋਵੇਗਾ!