ਮੇਘ ਰਾਜ ਮਿੱਤਰ
ਨੈਪੋਲੀਅਨ ਬੋਨਾਪਾਰਟ ਨੇ ਕਿਹਾ ਸੀ ਕਿ, ‘‘ਚੀਨ ਇੱਕ ਸੁੱਤਾ ਹੋਇਆ ਸ਼ੇਰ ਹੈ। ਇਸਨੂੰ ਸੁੱਤਾ ਹੀ ਰਹਿਣ ਦਿਉ, ਜਦੋਂ ਜਾਗ ਪਿਆ ਤਾਂ ਸਾਰੀ ਦੁਨੀਆਂ ਨੂੰ ਹਿਲਾ ਦੇਵੇਗਾ।’’ ਉਸ ਦੁਆਰਾ ਇਹ ਕਹੇ ਗਏ ਸ਼ਬਦ 1949 ਵਿੱਚ ਉਸ ਸਮੇਂ ਹਕੀਕਤ ਬਣ ਗਏ ਜਦੋਂ ਮਾਓ-ਜੇ-ਤੁੰਗ ਦੀ ਅਗਵਾਈ ਵਿੱਚ ਉੱਥੋਂ ਦੇ ਕਮਿਊਨਿਸਟਾਂ ਨੇ ਰਾਜਸੱਤਾ `ਤੇ ਕਬਜ਼ਾ ਕਰ ਲਿਆ। ਉਹਨਾਂ ਕਾਮਰੇਡਾਂ ਦੀਆਂ ਕੁਰਬਾਨੀਆਂ ਅਤੇ ਸਖਤ ਮਿਹਨਤ ਸਦਕਾ ਅੱਜ ਚੀਨ ਦੇ ਲੋਕ ਢਿੱਡ-ਭਰਵੀਂ ਰੋਟੀ ਖਾ ਰਹੇ ਹਨ ਅਤੇ ਇੱਜ਼ਤ-ਮਾਣ ਵਾਲੀ ਜ਼ਿੰਦਗੀ ਜਿਉਂ ਰਹੇ ਹਨ। ਇਸਦਾ ਕੁੱਲ ਖੇਤਰਫਲ 95 ਲੱਖ 61 ਹਜ਼ਾਰ ਵਰਗ ਕਿਲੋਮੀਟਰ ਹੈ। ਖੇਤਰਫਲ ਦੇ ਲਿਹਾਜ਼ ਨਾਲ ਜੇ ਦੇਖੀਏ ਤਾਂ ਇਸ ਦਾ ਤੀਜਾ ਸਥਾਨ ਹੈ। ਇੱਕ ਅਰਬ ਤੀਹ ਕਰੋੜ ਦੀ ਜਨਸੰਖਿਆ ਹੋਣ ਕਰਕੇ ਇਸਨੂੰ ਸੰਸਾਰ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੋਣ ਦਾ ਮਾਣ ਪ੍ਰਾਪਤ ਹੈ। ਚੀਨ ਦੇ ਉੱਤਰ ਵਿੱਚ ਰੂਸ ਅਤੇ ਮੰਗੋਲੀਆ, ਦੱਖਣ ਵਿੱਚ ਭਾਰਤ, ਬਰਮ੍ਹਾ, ਲਾਊਸ ਵੀਅਤਨਾਮ ਅਤੇ ਨੇਪਾਲ ਦੀਆਂ ਹੱਦਾਂ ਹਨ। ਪੂਰਬ ਵਿੱਚ ਪ੍ਰਸ਼ਾਂਤ ਮਹਾਂਸਾਗਰ ਹੈ। ਭਾਰਤ ਦੀ ਤਰ੍ਹਾਂ ਹੀ ਚੀਨ ਵਿੱਚ ਵੀ ਅਨੇਕਾਂ ਨਸਲਾਂ ਅਤੇ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ। ਇਸਦੀ ਕੁੱਲ ਵਸੋਂ ਦੇ 93% ਲੋਕ ਹਾਂਸ ਜਾਤੀ ਨਾਲ ਸਬੰਧ ਰੱਖਦੇ ਹਨ। ਬਾਕੀ ਮੰਗੋਲ, ਤਿੱਬਤੀ, ਮਾਂਚੂ, ਜਿਸ, ਪਈ, ਕੋਰੀਅਨ ਅਤੇ ਹੂਈ ਜਾਤਾਂ ਨਾਲ ਸਬੰਧਿਤ ਹਨ। ਅੱਜ ਵੀ 10% ਲੋਕ ਬੁੱਧ ਧਰਮ, ਕਨਫਿਉਸੀਅਸ ਅਤੇ ਤਾਓਇਜ਼ਮ ਨਾਲ ਸਬੰਧਿਤ ਹਨ। ਤਾਓਇਜ਼ਮ ਅਜਿਹਾ ਧਰਮ ਹੈ ਜਿਹੜਾ ਮੁਢਲੇ ਰੂਪ ਵਿੱਚ ਨਾਸਤਿਕ ਵਿਚਾਰਧਾਰਾ ਨਾਲ ਹੀ ਸਬੰਧਿਤ ਹੈ।
1949 ਵਿੱਚ ਕਮਿਊਨਿਸਟਾਂ ਨੇ ਰਾਜਸੱਤਾ ਆਪਣੇ ਹੱਥਾਂ ਵਿੱਚ ਲੈ ਕੇ ਸਮੁੱਚੇ ਦੇਸ਼ ਵਿੱਚ ਕੰਮ ਕਰਦੇ ਵੱਖ-ਵੱਖ ਰਾਜਾਂ ਨੂੰ ਆਪਣੇ ਨਾਲ ਮਿਲਾ ਲਿਆ ਅਤੇ ਕੇਂਦਰੀ ਸਰਕਾਰ ਕਾਇਮ ਕਰ ਦਿੱਤੀ। ਜਿਸਦੀ ਵਾਗਡੋਰ ਮਾਓ-ਜੇ-ਤੁੰਗ ਦੇ ਹੱਥ ਵਿੱਚ ਸੀ। ਮਾਓ ਨੇ ਸਭ ਤੋਂ ਪਹਿਲਾਂ ਭੂਮੀ ਸੁਧਾਰਾਂ ਵੱਲ ਧਿਆਨ ਦਿੱਤਾ। ਉਸਨੇ ਵੱਡੇ-ਵੱਡੇ ਜਾਗੀਰਦਾਰਾਂ ਤੋਂ ਜ਼ਮੀਨ ਖੋਹ ਲਈ ਅਤੇ ਇਸ ਨੂੰ ਭੂਮੀਹੀਣ ਕਿਸਾਨਾਂ ਵਿੱਚ ਵੰਡ ਦਿੱਤਾ। ਇਸ ਤਰ੍ਹਾਂ ਉੱਥੋਂ ਦੇ 30 ਕਰੋੜ ਕਿਸਾਨ ਜ਼ਮੀਨਾਂ ਦੇ ਮਾਲਿਕ ਬਣ ਗਏ। ਫਿਰ ਉਸਨੇ ‘ਖੇਤੀਬਾੜੀ ਉਤਪਾਦਕ ਸਹਿਕਾਰੀ ਸਭਾਵਾਂ’ ਦਾ ਨਿਰਮਾਣ ਕੀਤਾ ਤੇ ਹੌਲੀ-ਹੌਲੀ ਖੇਤੀਬਾੜੀ ਦਾ ਸਮੂਹੀਕਰਨ ਕਰ ਦਿੱਤਾ। ਇਸ ਤਰ੍ਹਾਂ ਕਰਦੇ ਹੋਏ ਉਸਨੇ ਨਿੱਜੀ ਮਾਲਕੀ ਨੂੰ ਖਤਮ ਕਰ ਦਿੱਤਾ। ਹਰ ਕੰਮ ਕਰਨ ਵਾਲੇ ਨੂੰ ਉਸਦੀ ਮਿਹਨਤ ਮਿਲਣ ਲੱਗ ਪਈ। ਇਸ ਤਰ੍ਹਾਂ ਹੀ ਕਾਰਖਾਨਿਆਂ ਵਿੱਚ ਕੀਤਾ ਗਿਆ। ਪਹਿਲਾਂ ਕਾਰਖਾਨਿਆਂ ਦੀਆਂ ਸਹਿਕਾਰੀ ਸਭਾਵਾਂ ਬਣਾਈਆਂ ਗਈਆਂ। ਫਿਰ 1956 ਵਿੱਚ ਉਹਨਾਂ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ ਜਿਸ ਨਾਲ ਸਮੂਹ ਕਾਰਖਾਨੇ ਸਰਕਾਰ ਦੇ ਬਣ ਗਏ।
ਕਾਰਖਾਨੇ ਅਤੇ ਖੇਤੀਬਾੜੀ ਦਾ ਸਮੂਹੀਕਰਨ ਕਰਨ ਤੋਂ ਬਾਅਦ ਚੀਨੀ ਸਰਕਾਰ ਨੇ ਕਮਿਊਨਾਂ ਬਣਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ। 1961 ਵਿੱਚ ਪਹਿਲੀ ਕਮਿਊਨ ਹੇਨਾਨ ਪ੍ਰਾਂਤ ਵਿੱਚ ਸਥਾਪਿਤ ਕੀਤੀ ਗਈ। ਇਸ ਤਰ੍ਹਾਂ ਹਰ ਕਮਿਊਨ ਵਿੱਚ 4000 ਤੋਂ 5000 ਪਰਿਵਾਰਾਂ ਨੂੰ ਸ਼ਾਮਿਲ ਕੀਤਾ ਗਿਆ। ਖੇਤੀਬਾੜੀ ਉਦਯੋਗ, ਵਿੱਦਿਆ ਅਤੇ ਸੈਨਿਕ ਪ੍ਰਬੰਧ ਆਦਿ ਸਾਰੇ ਇਸਦੇ ਕੰਟਰੋਲ ਵਿੱਚ ਹੁੰਦੇ ਸਨ। 1990 ਤੱਕ ਚੀਨ ਵਿੱਚ ਕਿਸੇ ਕੋਲ ਕੋਈ ਵੀ ਨਿੱਜੀ ਜਾਇਦਾਦ ਨਹੀਂ ਸੀ। ਪਰ ਅੱਜਕੱਲ੍ਹ ਇਸ ਸਬੰਧੀ ਕਾਨੂੰਨਾਂ ਵਿੱਚ ਕੁਝ ਢਿੱਲ ਦੇ ਦਿੱਤੀ ਗਈ ਹੈ। ਹੁਣ ਬਹੁਤ ਸਾਰੇ ਵਿਅਕਤੀ ਆਪਣੇ ਮਕਾਨਾਂ ਦੇ ਖੁਦ ਮਾਲਕ ਬਣ ਗਏ ਹਨ। ਤੇ ਇਸ ਨਿੱਜੀ ਮਾਲਕੀ ਦੇ ਕਾਨੂੰਨ ਵਿੱਚ ਢਿੱਲਾਂ ਦੇਣ ਦਾ ਸਿਲਸਿਲਾ ਜਾਰੀ ਹੈ।