ਵਿਦਿਆਰਥੀ ਅੰਦੋਲਨ…(29)

ਮੇਘ ਰਾਜ ਮਿੱਤਰ

ਤਿਆਨਮਿਨ ਚੌਕ ਵਿੱਚ ਹੋਏ ਵਿਦਿਆਰਥੀ ਵਿਦਰੋਹ ਬਾਰੇ ਵੀ ਮੈਂ ਜਾਣਕਾਰੀ ਲੈਣ ਦਾ ਯਤਨ ਕੀਤਾ। ਉਹ ਕਹਿਣ ਲੱਗੇ ਕਿ ‘‘ਅਜਿਹੇ ਵਿਦਿਆਰਥੀਆਂ ਨੂੰ ਸਮਝਾਉਣ ਲਈ ਅਸੀਂ ਭਰਪੂਰ ਯਤਨ ਕੀਤੇ। ਚੀਨ ਦਾ ਪ੍ਰਧਾਨ ਮੰਤਰੀ ਉਹਨਾਂ ਕੋਲ ਉਹਨਾਂ ਨੂੰ ਸਮਝਾਉਣ ਲਈ ਖੁਦ ਚੱਲ ਕੇ ਗਿਆ। ਇੱਥੋਂ ਦੀਆਂ ਹਜ਼ਾਰਾਂ ਜਥੇਬੰਦੀਆਂ ਦੇ ਕਾਰਕੁਨਾਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ ਮੁਜ਼ਾਹਰੇ ਕਰਕੇ ਉਹਨਾਂ ਨੂੰ ਕਿਹਾ ਕਿ ਅਸੀਂ ਇਹ ਰਾਜ ਲੱਖਾਂ ਵਿਅਕਤੀਆਂ ਦੀਆਂ ਸ਼ਹਾਦਤਾਂ ਦੇ-ਕੇ ਲਿਆਂਦਾ ਹੈ। ਇਸ ਨੂੰ ਅਜਾਈਂ ਹੀ ਪੁੱਠਾ ਗੇੜਾ ਦੇਣ ਦੀ ਇਜ਼ਾਜਤ ਅਸੀਂ ਬਿਲਕੁਲ ਨਹੀਂ ਦੇਵਾਂਗੇ। ਇਸ ਤਰ੍ਹਾਂ ਸਮਝਾਉਣ ਦੇ ਯਤਨਾਂ ਵਿੱਚ ਅਸਫਲ ਰਹਿਣ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਇਸ ਵਿਦਿਆਰਥੀ ਵਿਦਰੋਹ ਨੂੰ ਕੁਚਲਣ ਦੇ ਹੁਕਮ ਦੇ ਦਿੱਤੇ। ਜਿਸਦੇ ਸਿੱਟੇ ਵਜੋਂ ਸੈਂਕੜਿਆਂ ਦੀ ਤਾਦਾਦ ਵਿੱਚ ਵਿਦਿਆਰਥੀ ਮਾਰੇ ਗਏ। ਰਹਿੰਦੇ ਬਹਕੀ ਵਿਦਰੋਹ ਕਰਨ ਦੇ ਦੋਸ਼ ਵਿੱਚ ਜ਼ੇਲ੍ਹਾਂ ਵਿੱਚ ਸੁੱਟ ਦਿੱਤੇ ਗਏ। ਮਾਓ ਬਾਰੇ ਗੱਲਬਾਤ ਕਰਨ `ਤੇ ਉਹਨਾਂ ਨੇ ਕਿਹਾ ਕਿ ਅੱਜ ਦਾ ਸਾਡਾ ਸਮਾਜ ਮਾਓ ਦੀ ਹੀ ਦੇਣ ਹੈ। ਪਰ ਮਾਓ ਨੇ ਕੁਝ ਗੰਭੀਰ ਕਿਸਮ ਦੀਆਂ ਗਲਤੀਆਂ ਵੀ ਕੀਤੀਆਂ ਸਨ। ਜਿਵੇਂ 1955 ਵਿੱਚ ਜਦੋਂ ਚੀਨ ਵਿੱਚ ਕਾਲ ਪੈ ਗਿਆ ਸੀ ਤੇ ਲੋਕ ਭੁੱਖ ਨਾਲ ਮਰਨ ਲੱਗੇ ਸਨ ਤਾਂ ਮਾਓ ਨੇ ਹੁਕਮ ਦਿੱਤਾ ਸੀ ਕਿ, ‘‘ਚਿੜੀਆਂ, ਕਬੂਤਰ, ਘੁੱਗੀਆਂ, ਕਾਂ ਜਿਹੜੇ ਸਾਡੀਆਂ ਫਸਲਾਂ ਨੂੰ ਨਸ਼ਟ ਕਰ ਰਹੇ ਹਨ, ਮਾਰ ਕੇ ਖਾ ਲਏ ਜਾਣ। ਉਨ੍ਹਾਂ ਦੱਸਿਆ ਕਿ, ‘‘ਭਾਵੇਂ ਉਸ ਸਮੇਂ ਇਹ ਲੋੜ ਸੀ। ਇਸ ਨਾਲ ਇੱਕ ਤਾਂ ਫਸਲਾਂ ਨੂੰ ਨਸ਼ਟ ਕਰਨ ਵਾਲੇ ਪਰਿੰਦੇ ਖਤਮ ਹੋ ਗਏ ਦੂਜਾ ਭੁੱਖ ਦੇ ਸਤਾਏ ਲੋਕਾਂ ਨੂੰ ਕਾਲ ਵਿੱਚੋਂ ਜੀਵਤ ਬਚਣ ਲਈ ਕੁਝ ਰਾਹਤ ਪ੍ਰਾਪਤ ਹੋ ਗਈ। ਪਰ ਅੱਜ ਦੀ ਪੀੜ੍ਹੀ ਅਤੇ ਹਾਕਮ ਇਸਨੂੰ ਮਾਓ ਦੀ ਗਲਤੀ ਕਹਿੰਦੇ ਹਨ।’’
ਇਸ ਤਰ੍ਹਾਂ ਹੀ ਚੀਨ ਵਿੱਚ 1966-68 ਤੱਕ ‘ਸੱਭਿਆਚਾਰਕ ਇਨਕਲਾਬ’, ਜੋ ਮਾਓ ਦੀ ਅਗਵਾਈ ਵਿੱਚ ਚਲਾਇਆ ਗਿਆ ਸੀ। ਇਸ ਵਿੱਚ ਸਾਰੇ ਵਿੱਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਸਨ ਅਤੇ ਸਾਰੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਲੋਕਾਂ ਦੇ ਤਜਰਬਿਆਂ ਤੋਂ ਸਿੱਖਣ ਲਈ ਪਿੰਡਾਂ ਵਿੱਚ ਭੇਜ ਦਿੱਤਾ ਗਿਆ ਸੀ। ਸਾਰੇ ਚੀਨੀ ਬੱਚਿਆਂ ਨੂੰ ਕਿੱਲਾਂ, ਮੇਖਾਂ ਅਤੇ ਹੋਰ ਲੋਹੇ ਦੀਆਂ ਚੀਜ਼ਾਂ ਲੱਭਣ ਤੇ ਲਾ ਦਿੱਤਾ ਗਿਆ ਸੀ। ਇਸ ਸਮੇਂ ਦੌਰਾਨ ਦੇਸ਼ ਵਿੱਚ ਸਾਰੀ ਤਰੱਕੀ ਰੁਕ ਗਈ ਅਤੇ ਚੀਨ ਲਗਭਗ 20 ਸਾਲ ਪਿੱਛੇ ਜਾ ਪਿਆ। ‘ਗੈਂਗ ਆਫ ਫੋਰ’ ਬਾਰੇ ਵੀ ਚੀਨੀ ਜਨਤਾ ਦਾ ਰਵੱਈਆ ਵਧੀਆ ਨਹੀਂ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਇਹ ਚਾਰ ਵਿਅਕਤੀ ਚੀਨੀ ਕਮਿਊਨਿਸਟ ਪਾਰਟੀ ਦੇ ‘ਪੌਲੇਟ ਬਿਊਰੋ’ ਦੇ ਮੈਂਬਰ ਸਨ। ਪਰ ਇਹਨਾਂ ਨੇ ਲੋਕਾਂ ਉੱਤੇ ਸਖਤ ਡਿਸਪਲਿਨ ਲਾਗੂ ਕਰਨ ਦੀ ਪੈਰਵਾਈ ਕੀਤੀ ਸੀ। ਉਹ ਚਾਹੁੰਦੇ ਸੀ ਕਿ ਹਰੇਕ ਚੀਨੀ ਨਾਗਰਿਕ ਇੱਕ ਵਿਸ਼ੇਸ਼ ਵਰਦੀ ਪਹਿਨੇ। ਜਿਸ ਵਿੱਚ ਮਾਓ ਵਰਗਾ ਦੋ ਜੇਬਾਂ ਵਾਲਾ ਕਮੀਜ਼ ਹੋਵੇ। ਇਸ ਤਰ੍ਹਾਂ ਇਹਨਾਂ ਲੋਕਾਂ ਨੂੰ ਵੀ ਉਹਨਾਂ ਨੇ ਆਪਣੀ ਸਿਆਸਤ ਰਾਹੀਂ ਨਿਖੇੜ ਦਿੱਤਾ। ਅੱਜ ਉਹਨਾਂ ਵਿੱਚੋਂ ਦੋ, ਜਿਨ੍ਹਾਂ ਵਿੱਚ ਮਾਓ ਦੀ ਵਿਧਵਾ ਵੀ ਸ਼ਾਮਿਲ ਹੈ, ਮਰ ਚੁੱਕੇ ਹਨ। ਰਹਿੰਦੇ ਦੋ ਨਾਲ ਲੋਕ ਹੀ ਤੋੜਾ-ਵਿਛੋੜਾ ਕਰ ਚੁੱਕੇ ਹਨ।
ਮਾਓ ਦੀ ਇੱਕ ਹੋਰ ਗਲਤੀ, ਜੋ ਉਹ ਇਕਬਾਲ ਕਰਦੇ ਹਨ ਉਹ ਇਹ ਸੀ ਕਿ ‘ਲੀ-ਸਿਆਓ-ਚੀ’ ਇੱਕ ਬੁੱਧੀਮਾਨ ਵਿਅਕਤੀ ਸੀ। ਜੇ ਮਾਓ ‘ਲੀ-ਸਿਆਓ-ਚੀ’ ਅਨੁਸਾਰ ਚੱਲਿਆ ਹੁੰਦਾ ਤਾਂ ਚੀਨ ਅੱਜ ਦੁਨੀਆਂ ਦੀ ਸਾਰੇ ਪੱਖਾਂ ਤੋਂ ਸਭ ਤੋਂ ਵੱਡੀ ਤਾਕਤ ਹੁੰਦਾ। ਅੱਜ ਦੀ ਚੀਨ ਦੀ ਕਮਿਊਨਿਸਟ ਪਾਰਟੀ ਦਾ ਸੈਂਟਰਲ ਕਮੇਟੀ ਦਾ ਚੇਅਰਮੈਨ ਲੀ-ਸਿਆਓ-ਚੀ ਦਾ ਸਮਰਥਕ ਹੈ। ਚੀਨ ਵਿੱਚ ਉਹ ਸਭ ਤੋਂ ਵੱਧ ਪ੍ਰਭਾਵਸ਼ਾਲੀ ਵਿਅਕਤੀ ਹੈ।
ਚੋ-ਇਨ-ਲਾਈ ਬਾਰੇ ਉਨ੍ਹਾਂ ਦਾ ਖਿਆਲ ਹੈ ਕਿ ਉਹ ਬਹੁਤ ਹੀ ਵਧੀਆ ਵਿਅਕਤੀ ਸੀ ਜਿਸ ਨੇ ਚੀਨ ਵਿੱਚ ਇਨਕਲਾਬ ਲਿਆਉਣ ਲਈ ਇੱਕ ਵਧੀਆ ਰੋਲ ਅਦਾ ਕੀਤਾ। ਉਹ ਦਸਦੇ ਸਨ ਕਿ ਚੋ-ਇਨ-ਲਾਈ ਦੇ ਆਪਣੇ ਘਰ ਇੱਕ ਬੇਟਾ ਪੈਦਾ ਹੋਇਆ ਸੀ ਪ੍ਰੰਤੂ ਘਰ ਵਿੱਚ ਬੱਚੇ ਦੀ ਦੇਖਭਾਲ ਕਰਨ ਵਾਲੀ ‘ਆਇਆ’ ਦੀ ਅਣਗਹਿਲੀ ਕਾਰਨ ਇਹ ਬੱਚਾ ਖੂਹ ਵਿੱਚ ਜਾ ਡਿੱਗਿਆ ਜਿਸ ਕਰਕੇ ਉਸਦੀ ਮੌਤ ਹੋ ਗਈ। ਪਰ ਚੋ-ਇਨ-ਲਾਈ ਨੇ ਆਇਆ ਨੂੰ ਕੁਝ ਨਾ ਕਿਹਾ। ਉਸ ਨੇ ਇਨਕਲਾਬ ਵਿੱਚ ਮਾਰੇ ਗਏ ਆਪਣੇ ਸਾਥੀਆਂ ਦੇ ਇੱਕ-ਦੋ ਯਤੀਮ ਬੱਚਿਆਂ ਨੂੰ ਗੋਦ ਵਿੱਚ ਲੈ ਲਿਆ। ਅੱਜ ਉਹ ਬੱਚੇ ਚੀਨ ਵਿੱਚ ਵੱਡੇ ਅਹੁਦਿਆਂ `ਤੇ ਬਿਰਾਜਮਾਨ ਹਨ। ਚੀਨ ਦਾ ਮੌਜੂਦਾ ਪ੍ਰਧਾਨ ਮੰਤਰੀ ਵੀ ਲੀ-ਜਿਆਓ-ਚੀ ਦੀਆਂ ਨੀਤੀਆਂ ਦਾ ਹੀ ਸਮਰਥਕ ਹੈ।

Back To Top