ਚੀਨੀ ਪੁਲਿਸ…(28)

ਮੇਘ ਰਾਜ ਮਿੱਤਰ

ਚੀਨ ਦੀ ਪੁਲਿਸ ਦਾ ਜ਼ਿਕਰ ਵੀ ਜ਼ਰੂਰ ਹੋਣਾ ਚਾਹੀਦਾ ਹੈ। ਤੁਸੀਂ ਵੇਖੋਗੇ ਕਿ ਕਿਸੇ ਵੀ ਚੀਨੀ ਪੁਲਿਸ ਵਾਲੇ ਕੋਲ ਰਾਈਫਲ ਜਾਂ ਪਿਸਤੌਲ ਤਾਂ ਕੀ ਹੋਣੀ ਸੀ, ਇੱਕ ਡੰਡਾ ਵੀ ਨਹੀਂ ਹੁੰਦਾ। ਪੁਲਿਸ ਵਾਲੇ ਨਜ਼ਰੀਂ ਵੀ ਬਹੁਤ ਹੀ ਘੱਟ ਆਉਣਗੇ। ਪਰ ਉੱਥੇ ਕਾਨੂੰਨ ਬਹੁਤ ਸਖ਼ਤ ਹਨ। ਕਾਨੂੰਨ ਤੋੜਨ ਵਾਲੇ ਵਿਅਕਤੀਆਂ ਨੂੰ ਸਜ਼ਾ ਜ਼ਰੂਰ ਹੁੰਦੀ ਹੈ। ਭਾਰਤ ਵਿੱਚ ਤਾਂ ਮੁਕੱਦਮਿਆਂ ਦੇ ਫੈਸਲੇ 20-20, 30-30 ਵਰ੍ਹੇ ਨਹੀਂ ਹੁੰਦੇ ਪਰ ਚੀਨੀ ਡੇਢ ਕੁ ਸਾਲ ਦੇ ਅੰਦਰ ਹਰ ਮੁਕੱਦਮੇ ਦਾ ਫੈਸਲਾ ਕਰ ਹੀ ਦਿੰਦੇ ਹਨ। ਇਸ ਦੀ ਇੱਕ ਉਦਾਹਰਨ ਮੈਂ ਇੱਥੇ ਦੇਣਾ ਚਾਹਾਂਗਾ। ਇੱਕ ਦਿਨ ਦੁਪਹਿਰ ਨੂੰ ਅਸੀਂ ਇੱਕ ਹੋਟਲ ਵਿੱਚ ਖਾਣਾ ਖਾ ਰਹੇ ਸਾਂ। ਮਹਿੰਗੀ ਸ਼ਰਾਬ ਦੀ ਵੀ ਇੱਕ ਬੋਤਲ ਮੰਗਵਾਈ ਹੋਈ ਸੀ। ਉਹਨਾਂ ਦੇ ਜ਼ਿਆਦਾ ਜ਼ੋਰ ਦੇਣ `ਤੇ ਇੱਕ-ਇੱਕ ਪੈੱਗ ਪੀ ਲਿਆ ਸੀ। ਸਾਡੀ ਵੈਨ ਦੇ ਡਰਾਈਵਰ ਨੂੰ ਅਸੀਂ ਇਸ ਦੀ ਵਰਤੋਂ ਕਰਨ ਲਈ ਕਿਹਾ। ਪਰ ਉਹ ਕਹਿਣ ਲੱਗਿਆ ਕਿ, ‘‘ਮੇਰੀ ਨੌਕਰੀ ਮੈਨੂੰ ਪਿਆਰੀ ਹੈ।’’ ਦੂਸਰੇ ਸਾਥੀਆਂ ਨੇ ਵੀ ਸਾਨੂੰ ਦੱਸਿਆ ਕਿ, ‘‘ਜੇ ਇਹ ਦਾਰੂ ਦਾ ਪੈੱਗ ਲੈ ਲਵੇਗਾ, ਨਾ ਤਾਂ ਅਸੀਂ ਇਹ ਕਹਿ ਸਕਾਂਗੇ ਕਿ ਇਸ ਨੇ ਇਹ ਨਹੀਂ ਪੀਤੀ ਅਤੇ ਨਾ ਹੀ ਇਹ ਮੁੱਕਰ ਸਕੇਗਾ।’’ ਮੇਰੇ ਕਹਿਣ ਦਾ ਭਾਵ ਹੈ ਕਿ ਚੀਨ ਵਿੱਚ ਕਾਨੂੰਨ ਦਾ ਰਾਜ ਹੈ। ਪਿੱਛੇ ਜਿਹੇ ਇੱਕ ਪ੍ਰਾਂਤੀ ਰਾਜ ਦੇ ਮੀਤ ਪ੍ਰਧਾਨ ਨੂੰ ਕੁਰੱਪਸ਼ਨ ਕਰਕੇ ਗੋਲੀ ਮਾਰ ਦਿੱਤੀ ਗਈ ਸੀ।
ਅੱਜ ਤੋਂ ਤੀਹ ਕੁ ਵਰ੍ਹੇ ਪਹਿਲਾਂ ਮੈਂ ਹਿੰਦੀ ਦੇ ਮੈਗਜ਼ੀਨ ‘ਧਰਮਯੁੱਗ’ ਵਿੱਚ ਪੜ੍ਹਿਆ ਸੀ ਕਿ ਇੱਕ ਪੱਤਰਕਾਰ ਚੀਨੀ ਸ਼ਹਿਰ ਕੈਂਟੋਨ ਵਿਖੇ ਗਿਆ ਸੀ। ਤਾਂ ਉਸਨੇ ਦੇਖਿਆ ਕਿ ਉਸਦੇ ਹੋਟਲ ਦੇ ਦਰਵਾਜ਼ੇ ਨੂੰ ਬਾਹਰੋਂ ਜਿੰਦਾ ਨਹੀਂ ਸੀ ਲੱਗ ਸਕਦਾ। ਉਸਨੇ ਜਦੋਂ ਹੋਟਲ ਵਾਲਿਆਂ ਨੂੰ ਇਸਦਾ ਕਾਰਨ ਪੁੱਛਿਆ ਤਾਂ ਉਸਨਾਂ ਨੇ ਦੱਸਿਆ ਕਿ ‘‘ਇਨਕਲਾਬ ਪਿੱਛੋਂ ਚੋਰੀ ਦੀ ਕੋਈ ਵਾਰਦਾਤ ਨਹੀਂ ਹੁੰਦੀ। ਇਸ ਲਈ ਅਸੀਂ ਕਮਰਿਆਂ ਨੂੰ ਜਿੰਦੇ ਨਹੀਂ ਲਾਉਂਦੇ।’’ ਪਰ ਜਦੋਂ ਉਹੀ ਪੱਤਰਕਾਰ ਬੀਜ਼ਿੰਗ ਵਿੱਚ ਗਿਆ ਤਾਂ ਉਥੇ ਹੋਟਲ ਵਾਲਿਆਂ ਨੇ ਕਮਰੇ ਨੂੰ ਜਿੰਦਾ ਲਾ ਕੇ ਚਾਬੀਆਂ ਉਸਦੇ ਸਪੁਰਦ ਕਰ ਦਿੱਤੀਆਂ। ਜਦੋਂ ਉਸਨੇ ਹੋਟਲ ਵਾਲਿਆਂ ਤੋਂ ਇਸਦਾ ਕਾਰਨ ਜਾਨਣਾ ਚਾਹਿਆ ਤਾਂ ਉਸਨੇ ਕਿਹਾ, ‘‘ਬੀਜ਼ਿੰਗ ਵਿੱਚ ਵਿਦੇਸ਼ੀ ਬਹੁਤੇ ਆਉਂਦੇ ਹਨ। ਇਸ ਲਈ ਇੱਥੇ ਕਦੇ-ਕਦੇ ਚੋਰੀ ਦੀ ਘਟਨਾ ਵਾਪਰ ਜਾਂਦੀ ਹੈ।’’ ਇਸ ਤਰ੍ਹਾਂ ਅਸੀਂ ਚੀਨੀ ਅਧਿਕਾਰੀਆਂ ਤੋਂ ਇਹ ਜਾਣਕਾਰੀ ਵੀ ਲਈ ਕਿ, ‘‘ਕੀ ਚੀਨ ਵਿੱਚ ਚੋਰੀ ਜਾਂ ਲੁੱਟ-ਖੋਹਾਂ ਦੇ ਕੁਝ ਕੇਸ ਹੁੰਦੇ ਹਨ ਜਾਂ ਨਹੀਂ।’’ ਤਾਂ ਉਹਨਾਂ ਦਾ ਕਹਿਣਾ ਸੀ ਕਿ, ‘‘ਚੋਰੀ ਜਾਂ ਲੁੱਟ-ਖੋਹ ਲੋਕ ਉਦੋਂ ਹੀ ਕਰਦੇ ਹਨ ਜਦੋਂ ਉਹਨਾਂ ਕੋਲ ਖਾਣ-ਪੀਣ, ਪਹਿਨਣ ਅਤੇ ਰਹਿਣ-ਸਹਿਣ ਦੀ ਸਮੱਸਿਆ ਆ ਖੜ੍ਹੀ ਹੋਵੇ। ਚੀਨ ਵਿੱਚ ਅਜਿਹੀਆਂ ਸਮੱਸਿਆਵਾਂ ਨਹੀਂ ਹਨ। ਇਸ ਲਈ ਅਜਿਹੇ ਅਪਰਾਧ ਬਹੁਤ ਘੱਟ ਹੁੰਦੇ ਹਨ।’’

Back To Top