ਮੇਘ ਰਾਜ ਮਿੱਤਰ
ਭਾਰਤੀ ਧਾਰਮਿਕ ਸਥਾਨਾਂ ਉੱਪਰ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਲਈ ਮੁਸੀਬਤਾਂ ਖੜ੍ਹੀਆਂ ਕੀਤੀਆਂ ਜਾਂਦੀਆਂ ਹਨ। ਲਾਊਡ ਸਪੀਕਰਾਂ ਰਾਹੀਂ ਉਹ ਲੋਕਾਂ ਦੀ ਨੀਂਦ ਖਰਾਬ ਕਰਨ ਦਾ ਕਾਰਨ ਬਣਦੇ ਹਨ ਅਤੇ ਇਹਨਾਂ ਵਿੱਚ ਰਹਿਣ ਵਾਲੇ ਪੁਜਾਰੀ ਵਰਗ ਵਿਹਲੜ ਰਹਿ ਕੇ ਲੋਕਾਂ ਵਿੱਚ ਵਿਹਲੇ ਰਹਿਣ ਦੀ ਪ੍ਰਵਿਰਤੀ ਵਧਾਉਂਦੇ ਹਨ। ਚੀਨ ਵਿੱਚ ਧਾਰਮਿਕ ਸਥਾਨ ਹੁੰਦੇ ਜ਼ਰੂਰ ਹਨ, ਇਹਨਾਂ ਵਿੱਚ ਗਿਰਜੇ, ਬੋਧੀ, ਮੱਠ ਆਦਿ ਹੁੰਦੇ ਹਨ ਪਰ ਇਹ ਖੁਲ੍ਹਦੇ ਦਫਤਰਾਂ ਦੇ ਬੰਦ ਹੋਣ ਤੋਂ ਬਾਅਦ ਹੀ ਹਨ। ਇਸ ਦਾ ਕਾਰਨ ਇਹ ਹੈ ਕਿ ਇਹਨਾਂ ਦੀ ਕਮਾਈ ਤੇ ਪਲਣ ਵਾਲਾ ਕੋਈ ਨਹੀਂ ਹੁੰਦਾ। ਹਰ ਪੁਜਾਰੀ ਨੂੰ ਆਪਣੀ ਰੋਟੀ ਰੋਜੀ ਮਿਹਨਤ ਕਰਕੇ ਹੀ ਖਾਣੀ ਪੈਂਦੀ ਹੈ। ਉਂਝ ਵੀ ਚੀਨ ਦੇ 90% ਲੋਕ ਨਾਸਤਿਕ ਹਨ। ਇਸ ਲਈ ਇਹਨਾਂ ਧਾਰਮਿਕ ਸਥਾਨਾਂ ਤੇ ਜਾਣ ਵਾਲੇ ਵਿਅਕਤੀ ਘੱਟ ਹੀ ਹੁੰਦੇ ਹਨ। ਲਾਊਡ ਸਪੀਕਰਾਂ ਆਦਿ ਦਾ ਤਾਂ ਨਾਂ ਨਿਸ਼ਾਨ ਵੀ ਨਹੀਂ ਹੁੰਦਾ। ਚੀਨੀਆਂ ਦਾ ਕਹਿਣਾ ਹੈ ਕਿ ਉਹ ਆਪਣੇ ਲੋਕਾਂ ਵਿੱਚ ਇਹ ਪ੍ਰਚਾਰ ਕਰਦੇ ਹਨ ‘‘ਜੇ ਤੁਸੀਂ ਰੱਬ ਨੂੰ ਮੰਨਣਾ ਹੀ ਹੈ ਤਾਂ ਘਰ ਬੈਠ ਕੇ ਮੰਨੋ ਪਰ ਦਲਾਲਾਂ ਜਾਂ ਰੱਬ ਦੇ ਏਜੰਟਾਂ ਨੂੰ ਨਾ ਮੰਨੋ। ਕੋਈ ਵੀ ਰੱਬ ਮਨੁੱਖਤਾ ਦੀ ਲੁੱਟ ਨਹੀਂ ਕਰਦਾ ਕਿਉਂਕਿ ਰੱਬ ਤਾਂ ਹੁੰਦਾ ਹੀ ਨਹੀਂ। ਇਸ ਲਈ ਉਸਨੇ ਲੁੱਟ ਵੀ ਕੀ ਕਰਨੀ ਹੈ ਪਰ ਦਲਾਲ ਹੁੰਦੇ ਹੀ ਹਨ, ਉਹ ਮਨੁੱਖਤਾ ਦੀ ਲੁੱਟ ਕੀਤੇ ਬਗੈਰ ਰਹਿ ਵੀ ਨਹੀਂ ਸਕਦੇ।’’
ਗਿਰਜਿਆਂ ਤੇ ਬੋਧੀ ਮੱਠਾਂ ਨੂੰ ਸਿਆਸਤ ਵਿੱਚ ਦਖਲ ਅੰਦਾਜ਼ੀ ਕਰਨ ਦੀ ਪੂਰਨ ਮਨਾਹੀ ਹੁੰਦੀ ਹੈ ਪਰ ਭਾਰਤ ਵਿੱਚ ਤਾਂ ਹਰ ਸਰਕਾਰ ਦੇ ਰਚਣਹਾਰੇ ਇਹ ਹੀ ਹੁੰਦੇ ਨੇ। ਪਿੰਡਾਂ ਦੇ ਪੰਚਾਂ ਤੋਂ ਲੈ ਕੇ ਦਿੱਲੀ ਦੇ ਲਾਲ ਕਿਲੇ ਤੱਕ ਇਹ ਹੀ ਤੈਅ ਕਰਦੇ ਹਨ ਕਿ ਪਿੰਡਾਂ ਜਾਂ ਦੇਸ਼ ਦੀ ਸਰਦਾਰੀ ਕਿਸ ਧਿਰ ਕੋਲ ਹੋਵੇਗੀ।