ਗਧੇ ਦਾ ਮਾਸ!…(24)

ਮੇਘ ਰਾਜ ਮਿੱਤਰ

ਸਾਨੂੰ ਵੱਖ-ਵੱਖ ਹੋਟਲਾਂ ਵਿੱਚ ਤੇ ਦਾਅਵਤਾਂ `ਤੇ ਚੀਨੀਆਂ ਨਾਲ ਖਾਣ-ਪੀਣ ਦਾ ਮੌਕਾ ਮਿਲਿਆ। ਅਸੀਂ ਵੇਖਿਆ ਕਿ ਉਹਨਾਂ ਦੇ ਖਾਣੇ ਵਿੱਚ ਬਹੁਤ ਕਿਸਮ ਦਾ ਮਾਸ ਹੁੰਦਾ ਹੈ। ਇੱਥੇ ਮੈਂ ਇੱਕ ਘਟਨਾ ਦਾ ਜ਼ਿਕਰ ਕੀਤੇ ਤੋਂ ਬਗੈਰ ਨਹੀਂ ਰਹਿ ਸਕਦਾ। ਮੈਂ ਤੇ ਜਗਦੇਵ ਖਾਣੇ ਵਿੱਚ ਸ਼ਾਮਿਲ ਮਾਸ ਦੀਆਂ ਵੱਖ-ਵੱਖ ਵੰਨਗੀਆਂ ਦਾ ਸੁਆਦ ਚੱਖ ਰਹੇ ਸਾਂ। ਇੱਕ ਲਾਲ ਜਿਹੇ ਮਾਸ ਦੇ ਟੁਕੜਿਆਂ ਦਾ ਸੁਆਦ ਮੈਨੂੰ ਬਹੁਤ ਹੀ ਵਧੀਆ ਲੱਗਿਆ। ਮੈਂ ਉਹਨਾਂ ਨੂੰ ਪੁੱਛ ਬੈਠਾ ਕਿ ਇਹ ਸੁਆਦੀ ਮਾਸ ਕਿਸ ਚੀਜ ਦਾ ਹੈ ? ਤਾਂ ਉਹ ਕਹਿਣ ਲੱਗੇ ਕਿ, ‘‘ਇਹ ਗਧੇ ਦਾ ਮਾਸ ਹੈ। ਪਰ ਇਹ ਭਾਰਤੀ ਗਧੇ ਦਾ ਨਹੀਂ ਹੈ। ਕਿਉਂਕਿ ਭਾਰਤ ਵਿੱਚ ਤਾਂ ਗਧੇ ਰੂੜੀਆਂ `ਤੇ ਫਿਰਦੇ ਹਨ। ਇਹ ਚੀਨੀ ਗਧੇ ਦਾ ਹੈ।’’ ਚੀਨੀ ਗਧੇ ਹਮੇਸ਼ਾ ਫਾਰਮਾਂ ਵਿੱਚ ਪਲਦੇ ਹਨ। ਚੀਨ ਵਿੱਚ ਭਾਰਤ ਦੀ ਤਰ੍ਹਾਂ ਪਸ਼ੂ ਕਦੇ ਵੀ ਸੜਕਾਂ ਉੱਪਰ ਖੁੱਲ੍ਹੇ ਫਿਰਦੇ ਅਸੀਂ ਨਹੀਂ ਦੇਖੇ। ਜਿੱਥੋਂ ਤੱਕ ਮੇਰਾ ਖਿਆਲ ਹੈ, ਦੁਨੀਆਂ ਵਿੱਚ ਅਜਿਹੇ ਬਹੁਤ ਘੱਟ ਮੁਲਕ ਹਨ, ਜਿੱਥੇ ਪਸ਼ੂਆਂ ਨੂੰ ਖੁੱਲ੍ਹੇ ਰੱਖਿਆ ਜਾਂਦਾ ਹੈ। ਜਿਸ ਕਰਕੇ ਪਸ਼ੂਆਂ ਨੂੰ ਵੀ ਬਹੁਤ ਸਾਰੀਆਂ ਬਿਮਾਰੀਆਂ ਲਗਦੀਆਂ ਹਨ ਅਤੇ ਮਨੁੱਖਾਂ ਲਈ ਵੀ ਉਹ ਬਹੁਤ ਸਾਰੀਆਂ ਬਿਮਾਰੀਆਂ ਅਤੇ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ। ਉਦਾਹਰਨ ਦੇ ਤੌਰ `ਤੇ ਅੱਜ ਹਿੰਦੁਸਤਾਨ ਦੇ ਹਰ ਸ਼ਹਿਰ ਵਿੱਚ ਅਵਾਰਾ ਗਊਆਂ ਇੱਕ ਵੱਡੀ ਸਮੱਸਿਆ ਹਨ। ਪੰਜਾਬ ਵਿੱਚ ਹੀ ਹਰ ਸਾਲ ਸੈਂਕੜੇ ਵਿਅਕਤੀ ਇਹਨਾਂ ਅਵਾਰਾ ਗਊਆਂ ਕਾਰਨ ਹੋਈਆਂ ਦੁਰਘਟਨਾਵਾਂ ਵਿੱਚ ਜਾਂ ਤਾਂ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਹਨ ਜਾਂ ਲੱਤਾਂ-ਬਾਹਾਂ ਤੁੜਵਾ ਕੇ ਮੰਜੇ ਉੱਤੇ ਪਏ ਦੁੱਖ ਭੋਗਦੇ ਰਹਿੰਦੇ ਹਨ। ਇਹ ਕੁਰੀਤੀ ਭਾਰਤੀਆਂ ਦੀ ਧਰਮ ਵਿੱਚ ਡੂੰਘੀ ਸ਼ਰਧਾ ਦੀ ਦੇਣ ਹੈ।
ਆਪਣੇ ਦੇਸ਼ ਵਿੱਚ ਜਦੋਂ ਵੀ ਮੈਂ ਸੈਰ ਕਰਨ ਜਾਂਦਾ ਹਾਂ ਤਾਂ ਮੈਨੂੰ ਇਸ ਗੱਲ ਦਾ ਉਚੇਚਾ ਖਿਆਲ ਰੱਖਣਾ ਪੈਂਦਾ ਹੈ ਕਿ ਕੋਈ ਅਜਿਹਾ ਸਥਾਨ ਸੈਰ ਕਰਨ ਲਈ ਚੁਣਿਆ ਜਾਵੇ ਜਿੱਧਰ ਅਵਾਰਾ ਗਊਆਂ ਨਾ ਫਿਰਦੀਆਂ ਹੋਣ। ਪਰ ਚੀਨ ਵਿੱਚ ਅਜਿਹਾ ਨਹੀਂ। ਉੱਥੇ ਨਾ ਅਵਾਰਾ ਗਊਆਂ ਹਨ ਨਾ ਹੀ ਅਵਾਰਾ ਬਾਂਦਰ। ਸਾਡੇ ਦੇਸ਼ ਦੇ ਲੋਕ ਤਾਂ ਗਊ ਨੂੰ ਮਾਤਾ ਸਮਝ ਕੇ ਪੂਜਦੇ ਹਨ ਅਤੇ ਬਾਂਦਰ ਨੂੰ ਵੀ ਹਨੂਮਾਨ ਜੀ ਦਾ ਰੂਪ ਸਮਝਦੇ ਹਨ। ਹੋਰ ਤਾਂ ਹੋਰ ਇੱਥੇ ਦੀਆਂ ਸਰਕਾਰਾਂ ਵਿੱਚ ਬਹੁਤ ਸਾਰੇ ਬਦਦਿਮਾਗ ਐਸ. ਡੀ. ਓ. ਜਾਂ ਐਕਸੀਅਨ ਵੀ ਭਰਤੀ ਹੋ ਜਾਂਦੇ ਹਨ ਜਿਹੜੇ ਸੜਕਾਂ ਦੇ ਰਸਤਿਆਂ ਵਿੱਚ ਆਉਂਦੀਆਂ ਮਟੀਆਂ ਜਾਂ ਮੜੀਆਂ ਕਾਰਨ ਸੜਕਾਂ ਹੀ ਟੇਢੀਆਂ ਬਣਾ ਦਿੰਦੇ ਹਨ। ਬਹੁਤ ਸਾਰੇ ਮੰਦਰ/ਮਸਜਿਦਾਂ/ਗੁਰਦੁਆਰੇ ਨਜਾਇਜ਼ ਕਬਜ਼ੇ ਕਰਕੇ ਸਰਵਜਨਕ ਥਾਵਾਂ ਤੇ ਖਾਸ ਕਰਕੇ ਸੜਕਾਂ ਜਾਂ ਰਸਤਿਆਂ ਦੇ ਵਿਚਕਾਰ ਬਣਾ ਦਿੰਦੇ ਹਨ। ਪਰ ਚੀਨ ਵਿੱਚ ਅਜਿਹੀ ਸਮੱਸਿਆ ਨਹੀਂ ਹੈ। ਕੋਈ ਵੀ ਅਜਿਹਾ ਨਹੀਂ ਕਰ ਸਕਦਾ।
ਇੱਕ ਦਿਨ ਮੀਡੀਆ ਸੈਂਟਰ ਦੀ ਹੇਠਲੀ ਮੰਜ਼ਿਲ ਤੇ ਬਣੇ ਰੈਸਟੋਰੈਂਟ ਵਿੱਚ ਮੈਂ ਤੇ ਜਗਦੇਵ ਖਾਣਾ ਖਾ ਰਹੇ ਸਾਂ। ਸਾਡੇ ਖਾਣੇ ਵਿੱਚ ਗਊ ਦਾ ਮਾਸ ਤੇ ਸੂਰ ਦਾ ਮਾਸ ਦੋਵੇਂ ਹੀ ਸ਼ਾਮਿਲ ਸਨ। ਅਚਾਨਕ ਹੀ ਜਗਦੇਵ ਕਹਿਣ ਲੱਗਿਆ, ‘‘ਮਿੱਤਰ ਸਾਹਿਬ, ਆਪਾਂ ਜੋ ਕੁਝ ਇੱਥੇ ਖਾ ਰਹੇ ਹਾਂ ਜੇ ਪੰਜਾਬ ਵਿੱਚ ਖਾਂਦੇ ਹੁੰਦੇ ਤਾਂ ਹੁਣ ਨੂੰ ਕਰਫਿਊ ਲੱਗਿਆ ਹੁੰਦਾ। ਪੰਜ ਸੱਤ ਮਰੇ ਹੁੰਦੇ। ਦੋਹਾਂ ਫਿਰਕਿਆਂ ਵਿੱਚ ਭੜਕਾਹਟ ਪੈਦਾ ਕਰਨ ਦੇ ਦੋਸ਼ ਵਿੱਚ ਆਪਾਂ ਸੀਖਾਂ ਪਿੱਛੇ ਬੰਦ ਹੁੰਦੇ।’’

Back To Top