ਜਿਉਂਦੀਆਂ ਮੱਛੀਆਂ ਖਾਧੀਆਂ!….(25)

ਮੇਘ ਰਾਜ ਮਿੱਤਰ

ਇਸ ਤਰ੍ਹਾਂ ਹੀ ਮਾਸ ਸਬੰਧੀ ਇੱਕ ਹੋਰ ਘਟਨਾ, ਜੋ ਸਾਡੇ ਨਾਲ ਵਾਪਰੀ, ਉਸ ਦਾ ਜ਼ਿਕਰ ਕਰਨਾ ਵੀ ਮੈਂ ਅਤਿ ਜ਼ਰੂਰੀ ਸਮਝਦਾ ਹਾਂ। ਸਾਡੀ ਵਿਦਾਇਗੀ ਵਾਲੇ ਦਿਨ ਉਹਨਾਂ ਨੇ ਸਾਨੂੰ ਕਿਹਾ ਕਿ ਅੱਜ ਦੀ ਪਾਰਟੀ ਤੁਹਾਨੂੰ ‘ਹੌਟ-ਪੌਟ’ ਦੀ ਕਰਵਾਵਾਂਗੇ। ਮੈਂ ਤੇ ਜਗਦੇਵ ਨੇ ਕਿਹਾ ਕਿ ਦੇਖਦੇ ਹਾਂ ‘ਹੌਟ-ਪੌਟ’ ਕੀ ਹੁੰਦਾ ਹੈ, ਉਹਨੂੰ ਵੀ ਆਉਣ ਦਿਉ। ਉਹ ਸਾਨੂੰ ਇੱਕ ਹੋਟਲ ਦੀ 22ਵੀਂ ਮੰਜ਼ਿਲ ਤੇ ਲੈ ਗਏ। ਸਾਨੂੰ ਇੱਕ ਅਜਿਹੇ ਮੇਜ਼ ਦੇ ਆਲੇ-ਦੁਆਲੇ ਬਿਠਾਇਆ ਗਿਆ ਜਿਸ ਦੇ ਕੇਂਦਰ ਵਿੱਚ ਇੱਕ ਬਰਨਰ ਫਿੱਟ ਕੀਤਾ ਹੋਇਆ ਸੀ। ਇਸ ਉੱਤੇ ਤੇਲ ਜਾਂ ਪਾਣੀ ਦਾ ਕੋਈ ਬਰਤਨ ਜਿਹਾ ਰੱਖਿਆ ਹੋਇਆ ਸੀ। ਵੱਖ-ਵੱਖ ਕਿਸਮ ਦੇ ਖਾਣੇ ਆਉਂਦੇ ਰਹੇ, ਅਸੀਂ ਸੁਆਦ ਨਾਲ ਖਾਂਦੇ ਰਹੇ। ਕੁਝ ਸਮੇਂ ਬਾਅਦ ਇੱਕ ਵੇਟਰ ਅਜਿਹਾ ਡੌਂਗਾ ਲੈ ਆਈ, ਜੋ ਢਕਿਆ ਹੋਇਆ ਸੀ। ਉਤਸੁਕਤਾ ਵੱਸ ਮੈਂ ਉਸਦਾ ਢੱਕਣ ਚੁੱਕ ਲਿਆ ਅਤੇ ਵੇਖਿਆ ਕਿ ਉਸ ਵਿੱਚੋਂ ਦੋ-ਤਿੰਨ ਜਿਉਂਦੀਆਂ ਛੋਟੀਆਂ-ਛੋਟੀਆਂ ਮੱਛੀਆਂ ਉੱਛਲ ਕੇ ਬਾਹਰ ਜਾ ਡਿੱਗੀਆਂ, ਹੈਰਾਨੀ ਨਾਲ ਮੈਂ ਫਟਾਫਟ ਡੌਂਗੇ `ਤੇ ਢੱਕਣ ਉਵੇਂ ਹੀ ਲਾ ਦਿੱਤਾ ਅਤੇ ਵੇਟਰ ਜਿਉਂਦੀਆਂ ਮੱਛੀਆਂ ਨੂੰ ਚੁੱਕ ਕੇ ਲੈ ਗਈ। ਉਸ ਤੋਂ ਬਾਅਦ ਸਾਡੇ ਦੋ-ਭਾਸ਼ੀਏ ਪ੍ਰੋ. ਵਾਂਗ ਨੇ ਸੀਖਾਂ ਨਾਲ ਇੱਕ ਮੱਛੀ ਫੜ੍ਹੀ ਅਤੇ ਉਸਨੂੰ ਉਬਲਦੇ ਤੇਲ ਜਾਂ ਪਾਣੀ ਵਿੱਚ ਪਾਇਆ ਤੇ ਜਦੋਂ ਉਹ ਲਾਲ ਹੋ ਗਈ ਤਾਂ ਥੋੜ੍ਹੀ ਜਿਹੀ ਛਿੱਲ ਕੇ ਮੇਰੀ ਪਲੇਟ ਵਿੱਚ ਰੱਖ ਦਿੱਤੀ। ਇਸ ਤਰ੍ਹਾਂ ਹੀ ਉਸਨੇ ਜਗਦੇਵ ਲਈ ਕੀਤਾ। ਅਸੀਂ ਖਾ ਤਾਂ ਰਹੇ ਸੀ, ਪਰ ਸਾਨੂੰ ਕਚਿਆਣ ਜਿਹੀ ਜ਼ਰੂਰ ਆ ਰਹੀ ਸੀ। ਭਾਵੇਂ ਇਹ ਝੀਂਗਾਂ ਮੱਛੀਆਂ ਸੁਆਦੀ ਸਨ ਪਰ ਫਿਰ ਵੀ ਬਹੁਤ ਥੋੜ੍ਹੀਆਂ ਹੀ ਖਾ ਸਕੇ।
ਇਸੇ ਸਮੇਂ ਹੀ ਮੈਂ ਖਿੜਕੀ ਵਿੱਚੋਂ ਬਾਹਰ ਤੱਕਿਆ ਤਾਂ ਖਿਸਕਣ ਵਾਲੀਆਂ ਪੌੜੀਆਂ ਵਿੱਚ ਹੀ ਖੜ੍ਹਾ ਇੱਕ ਪ੍ਰੇਮੀ ਜੋੜਾ ਇੱਕ ਦੂਜੇ ਨੂੰ ਚੁੰਮਣ ਲੱਗਿਆ ਹੋਇਆ ਸੀ।

Back To Top