– ਮੇਘ ਰਾਜ ਮਿੱਤਰ
ਹੈਦਰ ਨਗਰ
26-8-85
ਮੈਂ ਇਸ ਪੱਤਰ ਵਿਚ ਇਕ ਅਜਿਹੀ ਦਿਲਚਸਪ ਕਹਾਣੀ ਬਿਆਨ ਕਰਾਂਗਾ ਜਿਸ ਦਾ ਆਧਾਰ ਬਿਲਕੁਲ ਝੂਠ ਅਤੇ ਨਿਰਾ ਪਾਖੰਡ ਸੀ। ਸ੍ਰੀਮਾਨ ਜੀ, ਮੇਰੇ ਨਜ਼ਦੀਕ ਹੀ ਇਕ ਪਿੰਡ (ਕਸਬਾ) ਜਮਾਲਪੁਰ ਹੈ। ਜਿੱਥੇ ਇਕ ਬਹੁਤ ਹੀ ਇਮਾਨਦਾਰ, ਸਾਊ ਵਿਅਕਤੀ ਰਹਿੰਦਾ ਸੀ। ਜੋ ਜਾਤ ਦਾ ਮੁਸਲਮਾਨ ਸੀ, ਰੱਬ ਵਿਚ ਉਸ ਦਾ ਬਹੁਤ ਵਿਸ਼ਵਾਸ ਸੀ। ਰਮਜ਼ਾਨ ਦੇ ਮਹੀਨੇ ਉਸਦੀ ਦਿਲ ਫੇਲ ਹੋਣ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ। ਉਸ ਨੂੰ ਕਬਰ ਵਿਚ ਦਫ਼ਨਾ ਦਿੱਤਾ ਗਿਆ। ਕੁਝ ਦਿਨਾਂ ਬਾਅਦ ਲੋਕਾਂ ਵਿਚ ਇਹ ਗੱਲ ਫ਼ੈਲ ਗਈ ਕਿ ਸੂਫ਼ੀ (ਮੌਲਵੀ) ਦੀ ਕਬਰ ਵਿਚੋਂ ਰਾਤ ਨੂੰ 12 ਵਜੇ ਅੱਗ ਨਿਕਲਦੀ ਹੈ ਅਤੇ ਉਸ ਦੀ ਕਬਰ ਵਿਚ ਇਕ ਫੁੱਟ ਚੌੜੀ ਦਰਾੜ ਵੀ ਪੈ ਗਈ ਹੈ। ਇਸ ਖ਼ਬਰ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਮੈਨੂੰ ਮੇਰੇ ਮਿੱਤਰ ਨੇ ਜਦੋਂ ਇਹ ਖ਼ਬਰ ਦੱਸੀ ਤਾਂ ਮੈਨੂੂੰ ਯਕੀਨ ਨਾ ਆਇਆ। ਮੈਂ ਇਕ ਕੋਰਾ ਝੂਠ ਕਹਿ ਕੇ ਭੰਡਿਆ। ਪਰ ਫਿਰ ਮੈਂ ਫ਼ੈਸਲਾ ਕੀਤਾ ਕਿ ਇਸ ਦੀ ਪੂਰੀ ਪੜਤਾਲ ਕੀਤੀ ਜਾਵੇ। ਇਕ ਦਿਨ ਮੈਂ ਉਸੇ ਪਿੰਡ ਦੀਆਂ ਕਬਰਾਂ ਵਿਚ ਗਿਆ ਜਿੱਥੇ ਕੁਝ ਮਜ਼ਦੂਰ ਕੰਮ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਇਸ ਖ਼ਬਰ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹ ਖੁਦ ਆਪ ਵੀ ਡਰਦੇ ਹਨ। ਉਨ੍ਹਾਂ ਮੈਨੂੰ ਉਸ ਕਬਰ ਵੱਲ ਇਸ਼ਾਰਾ ਕੀਤਾ ਜਿੱਥੇ ਉਹ ਦਫ਼ਨਾਏ ਗਏ ਸਨ। ਮੈਂ ਹਿੰਮਤ ਨਾਲ ਕਬਰ ਕੋਲ ਪਹੁੰਚ ਗਿਆ ਅਤੇ ਹੇਠ ਲਿਖੀ ਜਾਣਕਾਰੀ ਪ੍ਰਾਪਤ ਕੀਤੀ :
1. ਕਬਰ ਵਿਚ ਕੋਈ ਵੀ ਦਰਾੜ ਪਾਟੀ ਹੋਈ ਨਹੀਂ ਸੀ।
ਨੋਟ :- ਜੇਕਰ ਨਵੀਂ ਕਬਰ ਉੱਪਰ ਵਰਖਾ (ਮੀਂਹ) ਪੈ ਜਾਵੇ ਤਾਂ ਕਬਰ ਦੀ ਮਿੱਟੀ ਦੱਬ ਜਾਂਦੀ ਹੈ ਜਾਂ ਦਰਾੜ ਵੀ ਪੈ ਸਕਦੀ ਹੈ ਕਿਉਂਕਿ ਪੋਲੀ ਮਿੱਟੀ ਪਾਣੀ ਨਾਲ ਹੇਠਾਂ ਨੂੰ ਦੱਬ ਜਾਂਦੀ ਹੈ। ਇਹ ਕੋਈ ਖਾਸ ਗੱਲ ਨਹੀਂ ਜੇ ਮੀਂਹ ਆਦਿ ਨਾ ਪੈਣ ਤਾਂ ਕਬਰ ਵਿਚ ਦਰਾੜ ਨਹੀਂ ਪੈ ਸਕਦੀ।
2. ਕਬਰ ਵਿਚੋਂ ਕੋਈ ਅੱਗ ਨਹੀਂ ਸੀ ਨਿਕਲੀ।
ਨੋਟ :- ਜੇ ਕਬਰ ਵਿਚੋਂ ਅੱਗ ਨਿਕਲੀ ਹੁੰਦੀ ਤਾਂ ਕਬਰ ਦੀ ਮਿੱਟੀ ਦਾ ਰੰਗ ਅਸਲ ਰੰਗ ਨਾਲੋਂ ਜ਼ਰੂਰ ਵੱਟਿਆ ਹੁੰਦਾ ਭਾਵ ਮਿੱਟੀ ਦਾ ਰੰਗ ਲਾਲ ਜਾਂ ਕਾਲਾ ਹੋ ਜਾਂਦਾ, ਉੱਥੇ ਅਜਿਹਾ ਨਹੀਂ ਸੀ।
3. ਇਹ ਖ਼ਬਰ ਕਿਸੇ ਪਾਖੰਡੀ ਵੱਲੋਂ ਫ਼ੈਲਾਈ ਗਈ ਸੀ ਜੋ ਨਿਰਆਧਾਰ ਸੀ।
ਸ੍ਰੀਮਾਨ ਜੀ,
ਆਪ ਜੀ ਵੱਲੋਂ ਡਾ. ਕਾਵੂਰ ਦੀ ਵਿਚਾਰਧਾਰਾ ਹੋਰ ਪ੍ਰਫੁੱਲਤ ਕਰਨ ਲਈ ਬਹੁਤ ਵਧਾਈ। ਸਾਡੇ ਸਮਾਜ ਵਿਚ ਵਿਗਿਆਨਕ ਸੁਧਾਰਾਂ ਦੀ ਅਤਿ ਲੋੜ ਹੈ। ਵਹਿਮਾਂ-ਭਰਮਾਂ ਦਾ ਅਜੇ ਵੀ ਕਾਫ਼ੀ ਬੋਲਬਾਲਾ ਹੈ। ਸੱਚ ਨੂੰ ਹਮੇਸ਼ਾ ਢਕਣ ਦੀ ਕੋਸ਼ਿਸ਼ ਕੀਤੀ ਗਈ, ਸੱਚ ਬੋਲਣ ਵਾਲੇ ਵਿਗਿਆਨੀਆਂ ਨੂੰ ਆਪਣੀਆਂ ਜਾਨਾਂ ਕੁਰਬਾਨ ਕਰਨੀਆਂ ਪਈਆਂ। ਹੁਣ ਇਹ ਕਾਲਾ ਝੂਠ ਬਹੁਤ ਉਮਰ ਨਹੀਂ ਰਹਿ ਸਕੇਗਾ।
ਹਮ ਸਫ਼ਰ ਸਾਥੀ,
ਮੁਹੰਮਦ ਸ਼ਰੀਫ
ਕੀ, ਕਿਉਂ ਕਿਵੇਂ ਦੀ ਭਾਵਨਾ ਹੀ ਅਸਲੀ ਤਰਕਸ਼ੀਲਤਾ ਹੈ। ਜੇ ਹਰ ਪਿੰਡ ਵਿਚ ਕੁਝ ਨੌਜੁਆਨ ਇਸ ਤਰ੍ਹਾਂ ਦੇ ਵਰਤਾਰਿਆਂ ਨੂੰ ਅਮਲੀ ਤੌਰ `ਤੇ ਪਰਖ ਕਰਨ ਦੀ ਕੋਸ਼ਿਸ਼ ਕਰਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਤੋਂ ਅੰਧ ਵਿਸ਼ਵਾਸਾਂ ਦਾ ਸਦਾ ਲਈ ਖ਼ਾਤਮਾ ਹੋ ਜਾਵੇਗਾ।