ਮੇਘ ਰਾਜ ਮਿੱਤਰ
ਆਪਣੀ ਦਸ ਦਿਨਾਂ ਦੀ ਠਹਿਰ ਦੌਰਾਨ ਪ੍ਰੋ. ਵਾਂਗ ਅਤੇ ਦੂਸਰੀ ਦੋ-ਭਾਸ਼ੀਆ ਲੜਕੀ ਚੰਦਰਿਮਾ ਰਾਹੀਂ ਮੈਂ ਬਹੁਤ ਸਾਰੇ ਚੀਨੀ ਵਸਨੀਕਾਂ ਤੋਂ ਚੀਨ ਦੇ ਲੋਕਾਂ, ਰੀਤੀ-ਰਿਵਾਜਾਂ, ਸੱਭਿਆਚਾਰ, ਰਹਿਣ-ਸਹਿਣ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਨੂੰ ਮੈਂ ਭਾਰਤੀ ਜਨਤਾ ਦੇ ਸੰਦਰਭ ਵਿੱਚ ਪੇਸ਼ ਕਰ ਰਿਹਾ ਹਾਂ। ਚਲੋ, ਗੱਲ ਜਨਮ ਤੋਂ ਹੀ ਸ਼ੁਰੂ ਕਰੀਏ। ਸਾਡੇ ਭਾਰਤ ਵਿੱਚ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦੀ ਔਲਾਦ ਵਿੱਚ ਵੱਧ ਤੋਂ ਵੱਧ ਮੁੰਡੇ ਹੀ ਪੈਦਾ ਹੋਣ। ਇਸ ਲਈ ਉਹ ਗਰਭ ਦੇ ਦੋ-ਤਿੰਨ ਮਹੀਨਿਆਂ ਬਾਅਦ ਹੀ ਭਰੂਣ ਟੈਸਟ ਕਰਵਾਉਣੇ ਸ਼ੁਰੂ ਕਰ ਦਿੰਦੇ ਹਨ। ਭਰੂਣ ਵਿੱਚ ਜੇ ਲੜਕੀ ਹੋਵੇ ਤਾਂ ਉਸਦਾ ਖੁਰਾ-ਖੋਜ ਮਿਟਾ ਦਿੱਤਾ ਜਾਂਦਾ ਹੈ। ਜੇ ਇਵੇਂ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਭਾਰਤ ਵਿੱਚ ਲੜਕਿਆਂ ਨੂੰ ਸ਼ਾਦੀਆਂ ਲਈ ਲੜਕੀਆਂ ਹੀ ਨਹੀਂ ਮਿਲਣੀਆਂ। ਸਿੱਟੇ ਵਜੋਂ ਲੜਕਿਆਂ ਵੱਲੋਂ ਲੜਕੀਆਂ ਨੂੂੰ ਛੇੜ-ਛਾੜ ਕਰਨ ਦੇ ਮਾਮਲੇ ਵਧਣਗੇ। ਵਿਆਹ ਨਾ ਹੋਣ ਕਾਰਨ ਬਹੁਤ ਸਾਰੇ ਮਾਨਸਿਕ ਰੋਗੀ ਬਣ ਜਾਣਗੇ। ਬਲਾਤਕਾਰ ਵਰਗੇ ਜ਼ੁਰਮਾਂ ਵਿੱਚ ਭਾਰੀ ਵਾਧਾ ਹੋਏਗਾ। ਨਾ ਤਾਂ ਭਾਰਤ ਸਰਕਾਰ ਅਤੇ ਨਾ ਹੀ ਜਨਤਕ ਜਥੇਬੰਦੀਆਂ ਇਸ ਆਪੇ ਪੈਦਾ ਕੀਤੀ ਜਾ ਰਹੀ ਭਵਿੱਖੀ ਸਮੱਸਿਆ ਵੱਲ ਕੋਈ ਧਿਆਨ ਦੇ ਰਹੇ ਹਨ। ਪਰ ਚੀਨ ਵਿੱਚ ਅਜਿਹਾ ਨਹੀਂ ਹੁੰਦਾ। ਉੱਥੇ ਮੁੰਡੇ ਕੁੜੀ ਵਿੱਚ ਕੋਈ ਫਰਕ ਨਹੀਂ ਸਮਝਿਆ ਜਾਂਦਾ।
ਚੀਨ ਦੀ ਆਬਾਦੀ 1 ਅਰਬ 30 ਕਰੋੜ ਦੇ ਨਜ਼ਦੀਕ ਹੈ। ਇਸ ਲਈ ਮਾਓ ਦੇ ਸਮੇਂ ਤੋਂ ਹੀ ਇਸ ਆਬਾਦੀ ਨੂੰ ਅੱਗੇ ਵਧਣੋਂ ਰੋਕਣ ਲਈ ਬਹੁਤ ਸਾਰੀਆਂ ਸਕੀਮਾਂ ਬਣਾਈਆਂ ਗਈਆਂ ਸਨ। ਉਨ੍ਹਾਂ ਨੇ ਅਜਿਹੇ ਸਰਕਾਰੀ ਮੁਲਾਜ਼ਮਾਂ ਲਈ ਜੁਰਮਾਨੇ ਨਿਸ਼ਚਿਤ ਕੀਤੇ ਹੋਏ ਸਨ ਜਿਹੜੇ ਇੱਕ ਤੋਂ ਵੱਧ ਬੱਚੇ ਪੈਦਾ ਕਰਦੇ ਸਨ, ਅਜਿਹੇ ਸਰਕਾਰੀ ਮੁਲਾਜ਼ਮਾਂ ਦੇ ਇੰਕਰੀਮੈਂਟ ਬੰਦ ਕਰ ਦਿੱਤੇ ਜਾਂਦੇ ਸਨ, ਬਦਲੀਆਂ ਦੂਰ-ਦੁਰਾਡੇ ਥਾਵਾਂ `ਤੇ ਕਰ ਦਿੱਤੀਆਂ ਜਾਂਦੀਆਂ ਸਨ ਪਰ ਅੱਜਕੱਲ੍ਹ ਅਜਿਹਾ ਨਹੀਂ ਹੁੰਦਾ। ਫਿਰ ਵੀ ਸਰਕਾਰ ਉਨ੍ਹਾਂ ਮੁਲਾਜ਼ਮਾਂ ਅਤੇ ਬੱਚਿਆਂ ਨੂੰ, ਜਿਹੜੇ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੁੰਦੇ ਹਨ, ਨਵੇਂ ਸਾਲ `ਤੇ ਕੋਈ ਨਾ ਕੋਈ ਤੋਹਫਾ, ਜੋ ਮਾਇਕ ਸਹਾਇਤਾ ਦੇ ਰੂਪ ਵਿੱਚ ਹੁੰਦਾ ਹੈ, ਦਿੰਦੀ ਹੈ। ਸੋ, ਬਹੁਤੇ ਮਾਪੇ ਸਿਰਫ ਇੱਕੋ ਹੀ ਬੱਚਾ ਪੈਦਾ ਕਰਦੇ ਹਨ। ਲਗਭਗ 15-20% ਜੋੜੇ ਅਜਿਹੇ ਹੁੰਦੇ ਹਨ ਜਿਹੜੇ ਇੱਕ ਵੀ ਬੱਚਾ ਪੈਦਾ ਨਹੀਂ ਕਰਦੇ। ਭਰੂਣ ਟੈਸਟਾਂ `ਤੇ ਤਾਂ ਬਿਲਕੁਲ ਪਾਬੰਦੀ ਹੈ। ਬੀਜ਼ਿੰਗ ਦੇ ਦੌਰੇ ਦੌਰਾਨ ਸਾਨੂੰ ਅਜਿਹਾ ਇੱਕ ਵੀ ਕਲੀਨਿਕ ਨਜ਼ਰ ਨਹੀਂ ਆਇਆ ਜਿੱਥੇ ਭਰੂਣ-ਟੈਸਟਾਂ ਦਾ ਕੋਈ ਬੋਰਡ ਟੰਗਿਆ ਹੋਵੇ। ਬੱਚੇ ਨੂੰ ਜਨਮ ਦੇਣ ਲਈ ਹਰੇਕ ਇਸਤਰੀ ਨੂੰ ਸਰਕਾਰੀ ਹਸਪਤਾਲ ਵਿੱਚ ਦਵਾਈਆਂ ਅਤੇ ਸਹੂਲਤਾਂ ਉਪਲਬਧ ਹਨ। ਪਹਿਲਾਂ ਅੱਸੀਵੇਂ ਦੇ ਦਹਾਕੇ ਵਿੱਚ ਇਹ ਮੁਫਤ ਸਨ ਪਰ ਅੱਜਕੱਲ੍ਹ ਇਨ੍ਹਾਂ ਲਈ ਕੁਝ ਖਰਚ ਵੀ ਦੇਣਾ ਪੈਂਦਾ ਹੈ। ਬੱਚੇ ਘੱਟ ਹੋਣ ਕਾਰਨ ਮਾਂ-ਪਿਉ, ਦਾਦਾ ਦਾਦੀ ਸਭ ਦੇ ਧਿਆਨ ਦਾ ਕੇਂਦਰ ਇੱਕ ਜਾਂ ਦੋ ਬੱਚੇ ਹੀ ਹੁੰਦੇ ਹਨ। ਇਸ ਲਈ ਉਹਨਾਂ ਦੀ ਸਾਂਭ-ਸੰਭਾਲ ਸਾਹਿਬਜ਼ਾਦਿਆਂ ਦੀ ਤਰ੍ਹਾਂ ਹੁੰਦੀ ਹੈ। ਘੱਟ ਬੱਚੇ ਵਾਲਿਆਂ ਮਾਪਿਆਂ ਲਈ ਪੜ੍ਹਾਈ ਦੀਆਂ ਸਹੂਲਤਾਂ ਵੀ ਬਹੁਤ ਜ਼ਿਆਦਾ ਹਨ।
ਚੀਨ ਦੇ 90% ਲੋਕ ਪੜ੍ਹੇ ਲਿਖੇ ਹਨ। ਸਿਰਫ 10% ਹੀ ਅਜਿਹੇ ਹਨ ਜਿਹੜੇ ਪੜ੍ਹਾਈ ਤੋਂ ਵਾਂਝੇ ਰਹਿ ਗਏ। ਇਸਦਾ ਕਾਰਨ ਵੀ ਚੀਨ ਦੇ ਸੱਭਿਆਚਾਰਕ ਇਨਕਲਾਬ ਨੂੰ ਸਮਝਿਆ ਜਾਂਦਾ ਹੈ। ਬਹੁਤਿਆਂ ਦਾ ਖਿਆਲ ਹੈ ਕਿ ਉਸ ਸਮੇਂ ਰੌਲਾ-ਰੱਪਾ ਹੀ ਪੈਂਦਾ ਰਿਹਾ। ਕਿਉਂਕਿ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੂੰ ਲੋਕਾਂ ਤੋਂ ਸਿੱਖਣ ਲਈ ਹੁਕਮ ਚਾੜ੍ਹ ਦਿੱਤੇ ਗਏ ਸਨ। ਚੀਨ ਨੇ ਆਪਣੀ ਸਮੁੱਚੀ ਆਬਾਦੀ ਨੂੰ 1990 ਤੱਕ ਹੀ ਰਹਿਣ ਲਈ ਮਕਾਨ, ਖਾਣ ਲਈ ਭੋਜਨ ਅਤੇ ਪਹਿਨਣ ਲਈ ਕੱਪੜੇ ਮੁਹੱਈਆ ਕਰਵਾ ਦਿੱਤੇ ਸਨ। ਮੈਂ ਇਹ ਨਹੀਂ ਕਹਿੰਦਾ ਕਿ ਚੀਨ ਵਿੱਚ ਮੰਗਤੇ ਨਹੀਂ ਹਨ। ਮੈਨੂੰ ਆਪਣੇ ਸਫ਼ਰ ਦੌਰਾਨ ਦੋ-ਤਿੰਨ ਮੰਗਤੇ ਵੀ ਦੇਖਣ ਲਈ ਮਿਲੇ। ਇੱਕ 70-75 ਸਾਲਾ ਬੁੱਢੀ ਨੇ ਪੰਜ ਮਿੰਟ ਲਈ ਮੇਰਾ ਕਮੀਜ਼ ਹੀ ਫੜ੍ਹ ਕੇ ਰੱਖਿਆ ਤੇ ਖਿੱਚੀ ਗਈ, ਤਾਂ ਜੋ ਮੈਂ ਉਸਨੂੰ ਕੁਝ ਭਿੱਖਿਆ ਦੇ ਸਕਾਂ। ਇਸ ਤਰ੍ਹਾਂ ਹੀ ਇੱਕ 7-8 ਸਾਲਾਂ ਦੀ ਬੱਚੀ ਪੁਲ ਹੇਠੋਂ ਆਉਣ ਜਾਣ ਵਾਲੇ ਯਾਤਰੀਆਂ ਤੋਂ ਕੁਝ ਮੰਗਦੀ ਸਾਡੇ ਨਜ਼ਰੀਂ ਆਈ। ਇੱਕ ਹੋਰ ਵਿਦੇਸ਼ੀ ਵੀ ਅਜਿਹਾ ਨਜ਼ਰੀਂ ਆਇਆ ਜਿਹੜਾ ਆਪਣੇ ਸੰਗੀਤ ਦੇ ਜ਼ਰੀਏ ਲੋਕਾਂ ਤੋਂ ਦਾਨ ਮੰਗ ਰਿਹਾ ਸੀ। ਚੀਨੀ ਅਧਿਕਾਰੀਆਂ ਨਾਲ ਹੋਈ ਗੱਲਬਾਤ ਤੋਂ ਇਹ ਪਤਾ ਲੱਗਿਆ ਕਿ ਇਹ ਵਿਅਕਤੀ ਆਦਤਨ ਮੰਗਦੇ ਹਨ। ਪਰ ਉਂਝ 1980 ਤੋਂ ਪਹਿਲਾਂ ‘ਭਿੱਖਿਆ’ ਅਤੇ ‘ਮੰਗਤੇ’ ਨਾਂ ਦੇ ‘ਸ਼ਬਦ’ ਅਤੇ ‘ਵਿਅਕਤੀ’ ਉਨ੍ਹਾਂ ਦੀਆਂ ਡਿਕਸ਼ਨਰੀਆਂ ਅਤੇ ਦੇਸ਼ ਵਿੱਚੋਂ ਅਲੋਪ ਹੋ ਗਏ ਸਨ। ਚੀਨ ਵਿੱਚ ਮਨੁੱਖਾਂ ਦੁਆਰਾ ਚਲਾਏ ਜਾਣ ਵਾਲੇ ਰਿਕਸ਼ੇ ਨਹੀਂ ਹਨ। ਪਰ ਕੁਝ ਘਰਾਂ ਨੇ ਆਪਣੇ ਬੁੱਢੇ ਮਾਪਿਆਂ ਨੂੰ ਇਧਰ-ਉਧਰ ਲਿਜਾਣ ਲਈ ਅਤੇ ਥੋੜ੍ਹਾ ਜਿਹਾ ਸਮਾਨ ਲਿਆਉਣ-ਲਿਜਾਣ ਲਈ ਸਾਈਕਲ ਰਿਕਸ਼ੇ ਜ਼ਰੂਰ ਰੱਖੇ ਹੋਏ ਹਨ। ਚੀਨੀਆਂ ਦੇ ਖਾਣੇ ਵਿੱਚ ਦੁੱਧ, ਘਿਓ, ਕਣਕ, ਚਾਵਲ, ਮਿਰਚ-ਮਸਾਲੇ ਆਦਿ ਨਹੀਂ ਹੁੰਦੇ। ਉਹ ਤਾਂ ਜੰਗਲੀ ਖੁੰਬਾਂ, ਸਮੁੰਦਰੀ ਸਬਜ਼ੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਮੀਟ ਖਾਣ ਦੇ ਸ਼ੌਕੀਨ ਹਨ। ਹੁਣ ਤਾਂ ਉਹਨਾਂ ਨੇ ਚੀਨ ਵਿੱਚੋਂ ਫਸਲਾਂ, ਕਣਕ, ਮੱਕੀ, ਚਾਵਲ ਆਦਿ ਉਗਾਉਣੇ ਬਹੁਤ ਘੱਟ ਕਰ ਦਿੱਤੇ ਹਨ। ਇਸ ਦਾ ਕਾਰਨ ਇਹ ਹੈ ਕਿ ਉਹਨਾਂ ਕੋਲ ਪਹਿਲਾਂ ਹੀ ਅਨਾਜ ਵਾਧੂ ਹੈ। ਬਹੁਤੇ ਇਲਾਕਿਆਂ ਵਿੱਚ ਜੰਗਲ ਲਾਏ ਜਾ ਰਹੇ ਹਨ। ਉਹਨਾਂ ਦੇ ਖੇਤ ਬਹੁਤ ਤਰਤੀਬਬੱਧ ਨਜ਼ਰ ਆਉਂਦੇ ਹਨ।
ਬੀਜਿੰਗ ਵਿੱਚ ਠਹਿਰ ਦੌਰਾਨ ਮੈਂ ਸਵੇਰ ਦੀ ਸੈਰ ਮੀਡੀਆ ਸੈਂਟਰ ਦੇ ਕੋਲ ਸਥਿਤ ਪਾਰਕ ਵਿੱਚ ਕਰਿਆ ਕਰਦਾ ਸਾਂ, ਤੇ ਮੈਂ ਦੇਖਿਆ ਕਿ ਬਹੁਤ ਸਾਰੇ ਬਜ਼ੁਰਗ ਪਾਣੀ ਦੇ ਡੱਬੇ ਅਤੇ ਕੂਚੀਆਂ ਲੈ ਕੇ ਪਾਰਕਾਂ ਵਿੱਚ ਖੜ੍ਹੇ ਹੋ ਕੇ ਪੱਕੇ ਥਾਵਾਂ ਤੇ ਪਾਣੀ ਨਾਲ ਕੁਝ ਨਾ ਕੁਝ ਲਿਖ ਰਹੇ ਹੁੰਦੇ। ਮੈਂ ਸੋਚਦਾ ਸ਼ਾਇਦ ਇਹ ਇਹਨਾਂ ਦਾ ਇਬਾਦਤ ਕਰਨ ਦਾ ਢੰਗ ਹੈ। ਪਰ ਆਪਣੇ ਦੋ-ਭਾਸ਼ੀਏ ਤੋਂ ਮੈਨੂੰ ਇਹ ਜਾਣਕਾਰੀ ਮਿਲੀ ਕਿ ਉਹ ਬਜ਼ੁਰਗ ਲੋਕਾਂ ਨੂੰ ਦਰਸਾ ਰਹੇ ਹਨ ਕਿ ਉਹਨਾਂ ਦੀ ਲਿਖਾਈ ਵਧੀਆ ਹੈ। ਜੇ ਕੋਈ ਅਨਪੜ੍ਹ ਹੈ ਤਾਂ ਸਾਡੇ ਕੋਲ ਟਿਊਸ਼ਨ ਰੱਖ ਲਵੇ, ਅਸੀਂ ਉਸਦੀ ਲਿਖਾਈ ਵਧੀਆ ਬਣਾ ਦੇਵਾਂਗੇ।