ਦੁਨੀਆਂ ਦੇ ਬਾਕੀ ਭਾਗਾਂ ਵਿੱਚ ਅੰਧਵਿਸ਼ਵਾਸ…(17)

ਮੇਘ ਰਾਜ ਮਿੱਤਰ

ਜਿਵੇਂ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਅਸੀਂ ਬੀਜ਼ਿੰਗ ਜਾਣ ਤੋਂ ਪਹਿਲਾਂ ਹੀ ਇਹ ਫੈਸਲਾ ਕਰ ਲਿਆ ਸੀ ਕਿ ਜੋ ਕੁੱਝ ਅਸੀਂ 17 ਸਾਲਾਂ ਦੀ ਲੋਕਾਂ ਨਾਲ ਨੇੜਤਾ ਵਿੱਚੋਂ ਸਿੱਖਿਆ ਹੈ, ਉਹ ਸਾਰਾ ਕੁੱਝ ਚੀਨੀ ਲੋਕਾਂ ਨੂੰ ਸਿਖਾਉਣ ਦਾ ਯਤਨ ਕਰਾਂਗੇ। ਸਾਡੇ ਇਸ ਰੁਝਾਨ ਨੂੰ ਦੇਖਦਿਆਂ ਚੀਨੀ ਅਧਿਕਾਰੀਆਂ ਨੇ ਵੀ ਇਹੋ ਹੀ ਪਹੁੰਚ ਅਪਣਾ ਲਈ। ਉਨ੍ਹਾਂ ਨੇ ਵੀ ਅੰਧ-ਵਿਸ਼ਵਾਸਾਂ ਦੇ ਖੇਤਰ ਵਿੱਚ ਜੋ ਜਾਣਕਾਰੀ ਉਹਨਾਂ ਕੋਲ ਉਪਲਬਧ ਸੀ, ਉਹ ਸਾਨੂੰ ਦੇਣ ਦਾ ਭਰਪੂਰ ਯਤਨ ਕੀਤਾ। 45 ਮਿੰਟ ਦੇ ਇਸ ਐਪੀਸੋਡ ਵਿੱਚ ਸੈਂਟਰਲ ਟੈਲੀਵਿਜ਼ਨ ਦੇ ਅਧਿਕਾਰੀਆਂ ਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਉਹਨਾਂ ਵਿਦਿਆਰਥੀਆਂ ਨੂੰ ਬੁਲਾਇਆ ਹੋਇਆ ਸੀ ਜਿਹੜੇ ਬੀਜ਼ਿੰਗ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਸਨ। ਇਨ੍ਹਾਂ ਵਿੱਚ ਦੋ ਵਿਦਿਆਰਥੀ ਹੀਲਾਲ ਅਤੇ ਸੂਰ ਸੈਂਡਟਾ ਸਨ ਅਤੇ ਕਲਕੱਤੇ ਦੇ ਰਹਿਣ ਵਾਲੇ ਸਨ। ਇਹ ਉੱਥੇ ਚੀਨੀ ਭਾਸ਼ਾ ਵਿੱਚ ਐਮ. ਏ. ਕਰ ਰਹੇ ਸਨ। ਹੋਰ ਵਿਦਿਆਰਥੀਆਂ ਵਿੱਚ ਕੁੱਝ ਜਰਮਨ, ਆਸਟ੍ਰੇਲੀਅਨ, ਜਪਾਨੀ, ਅਮਰੀਕਨ ਅਤੇ ਕਈ ਹੋਰ ਦੇਸ਼ਾਂ ਦੇ ਵਿਦਿਆਰਥੀ ਵੀ ਆਏ ਹੋਏ ਸਨ। ਉਸੇ ਹਾਲ ਵਿੱਚ ਮਿਸਟਰ ਸੂਈ ਨੇ ਸਾਡੀ ਜਾਣ-ਪਹਿਚਾਣ ਕਰਾਉਂਦਿਆਂ ਇਸ ਸ਼ੂਟਿੰਗ ਨੂੰ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਸ਼ੀਮਾ ਨੈਣ ਨੇ ਚਮਚੇ ਵਿੰਗੇ ਕਰਨ ਵਾਲਾ ਟ੍ਰਿੱਕ ਦਿਖਾਇਆ। ਉਸ ਨੇ ਇਹ ਵੀ ਦੱਸਿਆ ਕਿ ਸੰਸਾਰ ਦਾ ਇੱਕ ਪ੍ਰਸਿੱਧ ਜਾਦੂਗਰ ਯੂਰੀ ਗੈਲਰ ਇਸ ਟਿੱ੍ਰਕ ਨਾਲ ਕਿਵੇਂ ਧਰਤੀ ਦੇ ਅਰਬਾਂ ਲੋਕਾਂ ਨੂੰ ਬੇਵਕੂਫ ਬਣਾਉਂਦਾ ਰਿਹਾ ਹੈ। ਉਹ ਬਹੁਤ ਸਾਰੇ ਚਮਚੇ ਵੀ ਲੈ ਕੇ ਆਇਆ। ਉਸਨੇ ਸਾਡੇ ਸਮੇਤ ਹਾਜ਼ਰ ਦਰਸ਼ਕਾਂ ਨੂੰ ਇਸ ਟਿੱ੍ਰਕ ਦੀ ਸਿਖਲਾਈ ਵੀ ਦਿੱਤੀ। ਕਿਉਂਕਿ ਇਸ ਪ੍ਰੋਗਰਾਮ ਵਿੱਚ ਮੁੱਖ ਰੋਲ ਤਰਕਸ਼ੀਲਾਂ ਦਾ ਹੀ ਸੀ। ਇਸ ਲਈ ਤਰਕਸ਼ੀਲ ਅਗਲੇ ਟਿੱ੍ਰਕ ਲਈ ਇੱਕ ਵਿਅਕਤੀ ਨੂੰ ਲੈ ਆਏ। ਉਸਨੂੰ ਇੱਕ ਕੁਰਸੀ ਉੱਤੇ ਬਿਠਾ ਲਿਆ ਗਿਆ। ਉਹਦੇ ਸਿਰ ਉੱਪਰ ਛੇ ਇੱਟਾਂ ਇੱਕ ਦੂਜੀ ਦੇ ਉੱਪਰ ਕਰਕੇ ਚਿਣ ਦਿੱਤੀਆਂ ਗਈਆਂ। ਫਿਰ ਇੱਕ ਤਰਕਸ਼ੀਲ ਨੇ ਹਥੌੜੇ ਦੇ ਇੱਕ ਵਾਰ ਨਾਲ ਸਾਰੀਆਂ ਇੱਟਾਂ ਤੋੜ ਦਿੱਤੀਆਂ। ਉਹਨਾਂ ਨੇ ਇਸ ਟ੍ਰਿੱਕ ਪਿੱਛੇ ਕੰਮ ਕਰਦੇ ਵਿਗਿਆਨਕ ਨਿਯਮਾਂ ਦੀ ਵਿਆਖਿਆ ਵੀ ਵਿਸਥਾਰ ਸਹਿਤ ਕੀਤੀ।
ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਉਹਨਾਂ ਨੇ ਜਗਦੇਵ ਨੂੰ ਜ਼ਮੀਨ ਉੱਤੇ ਲਿਟਾ ਲਿਆ। ਲਗਭਗ 25 ਕਿਲੋ ਭਾਰੀ ਇੱਕ ਪੱਥਰ ਦੀ ਸਲੈਬ ਉਸ ਦੇ ਪੇਟ ਉੱਤੇ ਰੱਖ ਦਿੱਤੀ ਗਈ। ਹਥੌੜੇ ਦੇ ਇੱਕ ਵਾਰ ਨਾਲ ਇਸ ਸਲੈਬ ਦੇ ਦੋ ਟੁਕੜੇ ਕਰ ਦਿੱਤੇ ਗਏ। ਅਸੀਂ ਉਨ੍ਹਾਂ ਨੂੂੰ ਦੱਸਿਆ ਕਿ ਇਹ ਹੁਨਰ ਤਾਂ ਸਾਡੀ ਸੰਸਥਾ ਦੇ ਕਈ ਵਰਕਰ ਪਹਿਲਾਂ ਹੀ ਕਰ ਲੈਂਦੇ ਹਨ। ਪਰ ਉਹ ਇਸ ਕੰਮ ਲਈ ਆਟੇ ਵਾਲੀ ਚੱਕੀ ਦੇ ਪੱਥਰ ਨੂੰ ਵਰਤੋਂ ਵਿੱਚ ਲਿਆਉਂਦੇ ਹਨ। ਇਸ ਢੰਗ ਨਾਲ ਉਹਨਾਂ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਟ੍ਰਿੱਕ ਵੀ ਦਿਖਾਏ। ਇਸ ਤੋਂ ਬਾਅਦ ਵਾਰੀ ਜਗਦੇਵ ਦੀ ਆਈ। ਉਸਨੇ ਵੀ ਆਪਣੀ ਜੀਭ ਵਿੱਚ ਤ੍ਰਿਸ਼ੂਲ ਲੰਘਾ ਕੇ ਚੀਨੀਆਂ ਨੂੰ ਹੈਰਾਨ ਕੀਤਾ। ਛੁਰੀ ਨਾਲ ਚਾਵਲਾਂ ਵਾਲੀ ਗੜਵੀ ਵੀ ਉਠਾ ਕੇ ਇਹ ਦੱਸਿਆ ਗਿਆ ਕਿ ਕਿਵੇਂ ਭਾਰਤ ਦੇ ਢੌਂਗੀ ਇਸ ਟ੍ਰਿੱਕ ਰਾਹੀਂ ਗਰਭਵਤੀ ਇਸਤਰੀਆਂ ਦੇ ਪੇਟ ਵਿਚਲੇ ਬੱਚੇ ਦਾ ਲਿੰਗ ਦਰਸਾਉਂਦੇ ਹਨ। ਰੁਮਾਲ ਦੀ ਰਾਡ ਬਣਾ ਕੇ ਇੰਡੀਆ-ਚਾਇਨਾ ਦਾ ਝੰਡਾ ਪ੍ਰਗਟ ਕਰਕੇ ਵੀ ਦਿਖਾਇਆ ਗਿਆ। ਇੱਥੇ ਜਗਦੇਵ ਨੇ ਆਪਣੀ ਨਬਜ਼ ਬੰਦ ਕਰਕੇ ਵੀ ਦਿਖਾਈ। ਉਸ ਤੋਂ ਬਾਅਦ ਵਾਰੀ ਦੂਸਰੇ ਦੇਸ਼ਾਂ ਦੇ ਵਿਦਿਆਰਥੀਆਂ ਦੀ ਆਈ। ਉਹਨਾਂ ਨੇ ਕੁਝ ਸੁਆਲ ਵੀ ਸਾਨੂੰ ਪੁੱਛੇ ਤੇ ਦੱਸੇ।
ਕੁਝ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਵਿੱਚ ਕਿਵੇਂ ਮੂਰਤੀਆਂ ਅੱਥਰੂ ਵਹਾਉਂਦੀਆਂ ਹਨ ਜਾਂ ਕਈ ਧਾਰਮਿਕ ਦਿਨਾਂ ਉੱਤੇ ਲੋਕ ਆਪਣੇ ਹੱਥਾਂ-ਪੈਰਾਂ ਵਿੱਚ ਕਿੱਲ ਠੁਕਵਾ ਕੇ ਸੂਲੀ ਉੱਤੇ ਲਟਕ ਜਾਂਦੇ ਹਨ। ਇੱਕ ਅਰਬੀ ਮੁਲਕ ਦੇ ਵਸਨੀਕ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਵਿੱਚ ਕਿਵੇਂ ਲੋਕ ਇੱਕ ਖਾਸ ਦਿਨ ਨੂੰ ਆਪਣੀਆਂ ਛਾਤੀਆਂ ਬਲੇਡ ਨਾਲ ਕੱਟ ਲੈਂਦੇ ਹਨ ਜਾਂ ਸੰਗਲ ਮਾਰ ਕੇ ਆਪਣੇ ਆਪ ਨੂੰ ਜਖ਼ਮੀ ਕਰ ਲੈਂਦੇ ਹਨ। ਕੁਝ ਹੋਰਾਂ ਨੇ ਉਨ੍ਹਾਂ ਦੇ ਦੇਸ਼ ਵਿੱਚ ਦਿੱਤੀਆਂ ਜਾਂਦੀਆਂ ਪਸ਼ੂ-ਬਲੀਆਂ ਦਾ ਜ਼ਿਕਰ ਕੀਤਾ। ਕੁਝ ਪੱਛਮੀ ਦੇਸ਼ਾਂ ਦੇ ਵਿਦਿਆਰਥੀ ਤਾਂ ਟੈਲੀਪੈਥੀ, ਉਡਨ ਤਸ਼ਤਰੀਆਂ, ਜੈਤੀ ਆਦਿ ਦਾ ਜ਼ਿਕਰ ਕਰਦੇ ਵੀ ਦੇਖੇ ਗਏ। ਕੁਝ ਹੋਰ ਨੇ ਕਿਰਲੀਅਨ ਫੋਟੋਗ੍ਰਾਫੀ, ਔਰਾਜ, ਹਵਾ ਵਿੱਚ ਉੱਡਣਾ, ਵਿਸ਼ਵਾਸ ਰਾਹੀਂ ਠੀਕ ਹੋਣਾ, ਸਾਹ ਰੋਕਣਾ ਆਦਿ ਕਰਾਮਾਤੀ ਸ਼ਕਤੀਆਂ ਦਾ ਜ਼ਿਕਰ ਕਰਦੇ ਵੀ ਵੇਖੇ ਗਏ। ਇੱਕ ਵਿਦਿਆਰਥੀ ਨੇ ਤਾਂ ਅੰਧ-ਮਹਾਂਸਾਗਰ ਬਰਮੂਦਾ-ਟ੍ਰੈਂਗਲ ਦਾ ਜ਼ਿਕਰ ਵੀ ਲੈ ਆਂਦਾ। ਇੱਕ ਅਮਰੀਕਨ ਨਾਗਰਿਕ ਨੇ ਦੱਸਿਆ ਕਿ ਕਿਵੇਂ ਇੱਕ ਘਰ ਵਿੱਚ ਆਪਣੇ-ਆਪ ਪਾਣੀ ਦੀਆਂ ਟੂਟੀਆਂ ਚੱਲ ਪੈਂਦੀਆਂ ਸਨ, ਟੈਲੀਵਿਜ਼ਨ ਆਨ ਹੋ ਜਾਂਦਾ ਸੀ, ਘਰ ਦੇ ਭਾਂਡੇ ਹਵਾ ਵਿੱਚ ਉਛਲਣ ਲੱਗ ਜਾਂਦੇ ਸਨ, ਖਾਣਾ ਪਲੇਟਾਂ ਵਿੱਚੋਂ ਗਾਇਬ ਹੋ ਜਾਂਦਾ ਸੀ। ਉਹਨਾਂ ਸਭ ਦੇ ਸੁਆਲਾਂ ਦੇ ਜਵਾਬ ਦੇਣ ਦੀ ਵਾਰੀ ਮੇਰੀ ਤੇ ਸੀਮਾ ਨੈਣ ਦੀ ਸੀ। ਅਸੀਂ ਉਹਨਾਂ ਨੂੰ ਦੱਸਿਆ ਕਿ ਅਜਿਹੇ ਅੰਧ-ਵਿਸ਼ਵਾਸ ਕਿਸੇ ਨਾ ਕਿਸੇ ਰੂਪ ਵਿੱਚ ਸਮੁੱਚੀ ਦੁਨੀਆਂ ਵਿੱਚ ਪਾਏ ਜਾਂਦੇ ਹਨ। ਅਸੀਂ ਦੂਸਰੇ ਦੇਸ਼ਾਂ ਦੇ ਅੰਧ-ਵਿਸ਼ਵਾਸਾਂ `ਤੇ ਹੱਸਦੇ ਹਾਂ। ਪਰ ਆਪਣੇ ਦੇਸ਼ ਦੇ ਅੰਧ-ਵਿਸ਼ਵਾਸਾਂ `ਤੇ ਸ਼ਰਮਿੰਦਾ ਨਹੀਂ ਹੁੰਦੇ। ਇੱਕ ਜਪਾਨੀ ਵਿਦਿਆਰਥੀ ਤਾਂ ਇਹ ਜ਼ਿਕਰ ਕਰਦਾ ਰਿਹਾ ਕਿ ਗੈਬੀ ਸ਼ਕਤੀਆਂ ਕੁਝ ਵਿਅਕਤੀਆਂ ਵਿੱਚ ਜ਼ਰੂਰ ਹੁੰਦੀਆਂ ਹਨ। ਮੈਂ ਉਸ ਨੂੰ ਆਪਣੀ ਸੁਸਾਇਟੀ ਵੱਲੋਂ ਰੱਖੇ ਹੋਏ 4000 ਡਾਲਰ ਦੇ ਇਨਾਮ ਦਾ ਜ਼ਿਕਰ ਕੀਤਾ ਅਤੇ ਇਹ ਵੀ ਦੱਸਿਆ ਕਿ ਦੁਨੀਆਂ ਵਿੱਚ ਹੋਰ ਅਜਿਹੀਆਂ ਤਰਕਸ਼ੀਲ ਸੰਸਥਾਵਾਂ ਹਨ, ਜਿਨ੍ਹਾਂ ਨੇ ਇਸ ਤੋਂ ਵੀ ਵੱਡੇ ਇਨਾਮ ਰੱਖੇ ਹੋਏ ਹਨ। ਇਸ ਸਮੇਂ ਸ਼ੀਮਾ ਨੈਣ ਨੇ ਵੀ ਕਿਹਾ ਕਿ ਜੇ ਦੁਨੀਆਂ ਵਿੱਚੋਂ ਇੱਕ ਵੀ ਗੈਬੀ ਸ਼ਕਤੀਆਂ ਦਾ ਮਾਲਕ ਵਿਅਕਤੀ ਮਿਲ ਜਾਏ ਤਾਂ ਉਹ ਇੱਕ ਕਰੋੜ ਡਾਲਰ ਇਨਾਮ ਵੀ ਦੇ ਸਕਦੇ ਹਨ।
ਇਸ ਤਰ੍ਹਾਂ ਇਸ ਬਹਿਸ-ਵਟਾਂਦਰੇ ਵਿੱਚ ਹਾਜ਼ਰ ਲਗਭਗ 90% ਵਿਅਕਤੀ ਸਾਡੀ ਵਿਚਾਰਧਾਰਾ ਵਾਲੇ ਬਣ ਗਏ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਬਹੁਤੇ ਵਿਦਿਆਰਥੀ ਅੰਧ-ਵਿਸ਼ਵਾਸਾਂ ਦੇ ਹੱਕ ਵਿੱਚ ਆਪਣੀਆਂ ਦਲੀਲਾਂ ਦੇ ਰਹੇ ਸਨ। ਪਰ ਪ੍ਰੋਗਰਾਮ ਦੀ ਸਮਾਪਤੀ `ਤੇ ਉਹਨਾਂ ਵਿੱਚ ਬਹੁਤੇ ਤਰਕਸ਼ੀਲਾਂ ਦੀ ਸੋਚ ਅਪਣਾਉਣ ਵਿੱਚ ਰੁਚਿਤ ਹੋਏ। ਇੱਕ ਜਪਾਨੀ ਵਿਦਿਆਰਥੀ ਨੂੰ ਤਾਂ ਇਹ ਯਕੀਨ ਹੀ ਨਾ ਹੋਇਆ ਕਿ ਇੱਕ ਹਿੰਦੋਸਤਾਨੀ ਨਾਸਤਿਕ ਵੀ ਹੋ ਸਕਦਾ ਹੈ ? ਦੋ-ਚਾਰ ਵਾਰ ਮੈਨੂੰ ਉਸ ਲਈ ਇਹ ਕਹਿਣਾ ਪਿਆ ਕਿ ਮੈਂ ਨਾਸਤਿਕ ਹਾਂ। ਪ੍ਰੋਗਰਾਮ ਦੀ ਸਮਾਪਤੀ `ਤੇ ਇੱਕ ਜਰਮਨ ਜੋੜੇ ਨੇ ਜੋ ਬੀਜ਼ਿੰਗ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਪਰ ਰਿਸ਼ਤੇ ਵਿੱਚ ਪਤੀ-ਪਤਨੀ ਸਨ, ਨੇ ਵੀ ਆਪਣੀ ਮਾਨਸਿਕ ਸਮੱਸਿਆ ਦਾ ਜ਼ਿਕਰ ਮੇਰੇ ਕੋਲ ਕੀਤਾ। ਮੈਂ ਉਸ ਜੋੜੇ ਨੂੰ ਕਿਸੇ ਯੋਗ ਮਨੋਰੋਗਾਂ ਦੇ ਮਾਹਿਰ ਕੋਲ ਜਾਣ ਦੀ ਸਲਾਹ ਦਿੱਤੀ। ਮਿਸਟਰ ਸੂਈ ਸਾਡਾ ਹੋਸਟ ਸੀ, ਉਸ ਨਾਲ ਸਾਡੀ ਇਹ ਆਖਰੀ ਮੁਲਾਕਾਤ ਹੀ ਸੀ। ਇਸ ਲਈ ਉਹ ਸਾਡੇ ਵਾਸਤੇ ਚਾਕਲੇਟ, ਬਿਸਕੁਟ ਅਤੇ ਇੰਡੀਅਨ-ਟੀ ਦੇ ਪੈਕੇਟਾਂ ਦੇ ਤੋਹਫੇ ਲੈ ਕੇ ਆਇਆ ਜੋ ਅਸੀਂ ਖਿੜੇ ਮੱਥੇ ਪ੍ਰਵਾਨ ਕਰ ਲਏ।

Back To Top