ਮੇਘ ਰਾਜ ਮਿੱਤਰ
ਸਾਡੇ ਦੇਸ਼ ਦੇ ਲੋਕ ਇੱਕ ਦੂਜੇ ਬਾਰੇ ਵਿਚਾਰ ਉਸਦੇ ਧਾਰਮਿਕ ਵਿਸਵਾਸ਼ਾਂ ਜਾਂ ਪਹਿਰਾਵੇ ਨੂੰ ਵੇਖ ਕੇ ਹੀ ਬਣਾਉਂਦੇ ਹਨ। ਹਰ ਨਿੱਕੀ ਜਿਹੀ ਗੱਲ ਪਿੱਛੇ ਹਿੰਦੂ ਮੁਸਲਮਾਨਾਂ ਵਿੱਚ ਦੰਗੇ ਖੜ੍ਹੇ ਹੋ ਜਾਂਦੇ ਹਨ। ਕੰਮ ਕਰਨ ਸਮੇਂ ਵੀ ਬੰਦੇ ਦੀ ਜਾਤ ਨੂੰ ਹੀ ਵੇਖਿਆ ਜਾਂਦਾ ਹੈ। ਇਸ ਤੋਂ ਬਗੈਰ ਵੀ ਸਾਡੇ ਲੋਕ ਇੱਕ ਦੂਜੇ ਦੀ ਚੁਗਲੀ ਕਰਨ, ਈਰਖਾ ਕਰਨ, ਚਮਚਾਗਿਰੀ, ਅਫ਼ਸਰਸ਼ਾਹੀ, ਗੁੰਡਾਗਰਦੀ, ਛੇੜਖਾਨੀ, ਰਿਸ਼ਵਤਖੋਰੀ, ਅਤੇ ਕੰਮਚੋਰੀ ਆਦਿ ਬੁਰਾਈਆਂ ਦੇ ਸ਼ਿਕਾਰ ਹੁੰਦੇ ਹਨ। ਆਪਣੇ ਦੋ-ਭਾਸ਼ੀਏ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ਵਿੱਚ ਇਹਨਾਂ ਬੁਰਾਈਆਂ ਲਈ ਕੋਈ ਥਾਂ ਨਹੀਂ। ਉੱਥੇ ਮਨੁੱਖ ਇੱਕ ਦੂਜੇ ਨੂੰ ਨਫ਼ਰਤ ਨਹੀਂ ਕਰਦੇ ਅਤੇ ਨਾ ਹੀ ਕਿਸੇ ਗਲਤੀ ਕਰਨ ਕਰਕੇ ਬੰਦੇ ਨੂੰ ਜ਼ਲੀਲ ਕੀਤਾ ਜਾਂਦਾ ਹੈ ਸਗੋਂ ਗਲਤੀ ਦਾ ਮੁੜ ਦੁਹਰਾਓ ਨਾ ਹੋਵੇ, ਇਸ ਲਈ ਇਸ ਦੀ ਚੀਰਫਾੜ ਜ਼ਰੂਰ ਕੀਤੀ ਜਾਂਦੀ ਹੈ। ਇੱਥੇ ਨਾ ਹੀ ਕੋਈ ਆਪਣੇ ਆਪ ਨੂੰ ਬਾਸ ਸਮਝਦਾ ਹੈ ਨਾ ਹੀ ਮਤਾਹਿਤ। ਆਪਸੀ ਭਾਈਚਾਰਾ ਬਣਾ ਕੇ ਰੱਖਣ ਲਈ ਪੂਰਾ ਤਾਣ ਲਾਇਆ ਜਾਂਦਾ ਹੈ।
                        
                        
                        
                        
                        
                        
                        
                        
                        
		