ਮੇਘ ਰਾਜ ਮਿੱਤਰ
16 ਮਈ 2001 ਨੂੰ ਠੀਕ 9 ਵਜੇ ਅਸੀਂ ਚਾਨਕਿਆਪੁਰੀ ਵਿੱਚ ਚੀਨੀ ਇੰਵੈਸੀ ਪੁੱਜ ਗਏ। ਕੁਝ ਸਮੇਂ ਬਾਅਦ ਯਾਂਗ ਊ ਵੀ ਉੱਥੇ ਆ ਗਿਆ। ਅਸੀਂ ਦੋਵੇਂ ਫਾਰਮ ਵੀਜ਼ੇ ਲਈ ਭਰ ਕੇ ਦੇ ਦਿੱਤੇ। ਵੀਜ਼ੇ ਵਾਲਿਆਂ ਨੇ ਸਾਨੂੰ ਮੁੜ 18 ਮਈ ਨੂੰ 4 ਵਜੇ ਆਉਣ ਲਈ ਰਸੀਦ ਦੇ ਦਿੱਤੀ। ਇਸ ਤੋਂ ਬਾਅਦ ਯਾਂਗ ਊ ਨੇ ਸਾਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਅਤੇ ਉਸਨੇ ਦੱਸਿਆ ਕਿ ਸਾਡੀਆਂ ਟਿਕਟਾਂ ਲਈ ਬੀਜ਼ਿੰਗ ਤੋਂ ਪੈਸੇ ਵੀ ਪੁੱਜ ਗਏ ਹਨ। ਇਸ ਲਈ ਅੱਜ ਹੀ ਅਸੀਂ ਟਿਕਟਾਂ ਖ੍ਰੀਦ ਲਵਾਂਗੇ। ਉਸਨੇ ਕਿਹਾ ਕਿ, ‘‘ਟਿਕਟਾਂ ਖ੍ਰੀਦਣ ਤੋਂ ਪਹਿਲਾਂ ਮੈਨੂੰ ਇੱਕ ਦੋ ਘੰਟੇ ਲਈ ਬੈਂਕ ਵਿੱਚ ਕੁਝ ਕੰਮ ਹਨ। ਇਸ ਲਈ ਮੈਂ ਤੁਹਾਨੂੰ ਉੰਨੇ ਸਮੇਂ ਲਈ ਇੱਕ ਅਜਿਹੀ ਚੀਨੀ ਇਸਤਰੀ ਕੋਲ ਛੱਡ ਦਿੰਦਾ ਹਾਂ ਜੋ ਵਧੀਆ ਹਿੰਦੀ ਬੋਲ ਸਕਦੀ ਹੈ।’’ ਇਸ ਲਈ ਉਹ ਸਾਨੂੰ ਮੈਡਮ ਜਾਓ ਜੁਚੀਆ ਦੇ ਘਰ ਲੈ ਗਏ। ਮੈਡਮ ਜਾਓ ਜੁਚੀਆ ਰੇਡੀਓ ਸਟੇਸ਼ਨ ਬੀਜ਼ਿੰਗ ਦੀ ਦਿੱਲੀ ਵਿੱਚ ਮੁਖੀ ਹੈ। ਇਸ ਦੇ ਨਾਲ ਹੀ ਇਸਦਾ ਇੱਕ ਹੋਰ ਸਹਿਪਾਠੀ ਹੈ। ਇਹ ਦੋਵੇਂ ਲਗਭਗ 54 ਕੁ ਸਾਲ ਦੀ ਉਮਰ ਦੇ ਹਨ। ਇਹ ਦੋਵੇਂ ਰੇਡੀਓ ਸਟੇਸ਼ਨ ਲਈ ਖਬਰਾਂ ਭੇਜਣ ਦਾ ਕੰਮ ਕਰਦੇ ਹਨ। ਮੈਡਮ ਨਾਲ ਹੋਈ ਗੱਲਬਾਤ ਦੌਰਾਨ ਉਸਨੇ ਦੱਸਿਆ ਕਿ, ‘‘ਚੀਨ ਵਿੱਚ ਹੁਣ ਮਾਓ ਵੇਲੇ ਦਾ ਸਿਸਟਮ ਨਹੀਂ ਰਿਹਾ। ਹੁਣ ਚੀਨ ਪੱਛਮੀ ਦੇਸ਼ਾਂ ਦੀ ਨਕਲ ਕਰਕੇ ਅੱਗੇ ਵਧਣ ਦਾ ਯਤਨ ਕਰ ਰਿਹਾ ਹੈ। ਅੱਜ ਦੇ ਚੀਨ ਦੇ ਨਵੇਂ ਸਿਸਟਮ ਵਿੱਚ ਖੂਬੀਆਂ ਵੀ ਹਨ ਅਤੇ ਕਮੀਆਂ ਵੀ ਹਨ। ਪਰ ਅੱਜ ਦੇ ਸਾਡੇ ਸਿਸਟਮ ਵਿੱਚ ਕਮੀਆਂ ਘੱਟ ਹਨ ਤੇ ਖੂਬੀਆਂ ਜ਼ਿਆਦਾ ਹਨ। ਪਹਿਲਾਂ ਵਾਲੇ ਸਿਸਟਮ ਵਿੱਚ ਕਮੀਆਂ ਜ਼ਿਆਦਾ ਸਨ ਤੇ ਖੂਬੀਆਂ ਘੱਟ ਸਨ।’’ ਉਸਨੇ ਅੱਗੇ ਦੱਸਿਆ ‘‘ਕਿ, 1980 ਵਿੱਚ ਜਦੋਂ ਮੈਂ ਪਹਿਲੀ ਵਾਰ ਦਿੱਲੀ ਆਈ ਸੀ ਤੇ ਕੁਝ ਵਰ੍ਹੇ ਇੱਥੇ ਰਹੀ ਸੀ ਤਾਂ ਉਸ ਸਮੇਂ ਇੰਝ ਜਾਪਦਾ ਸੀ ਕਿ ਦਿੱਲੀ ਬੀਜ਼ਿੰਗ ਨਾਲੋਂ ਘੱਟੋ-ਘੱਟ ਵੀਹ ਵਰ੍ਹੇ ਅੱਗੇ ਹੈ। ਪਰ ਮੈਂ ਹੁਣ ਕਾਫੀ ਸਮਾਂ ਬੀਜ਼ਿੰਗ ਵਿੱਚ ਬਿਤਾ ਕੇ ਪਿਛਲੇ ਸਾਲ ਮੁੜ ਦਿੱਲੀ ਆ ਗਈ। ਹੁਣ ਮੈਨੂੰ ਜਾਪਦਾ ਹੈ ਕਿ ਬੀਜ਼ਿੰਗ ਦਿੱਲੀ ਨਾਲੋਂ ਵੀਹ ਵਰ੍ਹੇ ਅੱਗੇ ਨਿਕਲ ਚੁੱਕਿਆ ਹੈ।’’ ਉਹ ਕਹਿਣ ਲੱਗੀ ਕਿ ‘‘ਬੀਜ਼ਿੰਗ ਵਿੱਚ ਤੁਹਾਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਵੇਗੀ। ਉਹ ਤੁਹਾਨੂੰ ਹਰ ਪੱਖੋਂ ਵਧੀਆ ਤੋਂ ਵਧੀਆ ਸਹੂਲਤਾਂ ਦੇਣਗੇ ਪਰ ਹੋ ਸਕਦਾ ਹੈ ਕਿ ਚੀਨੀ ਖਾਣਾ ਤੁਹਾਨੂੰ ਪਸੰਦ ਨਾ ਆਵੇ। ਇਸ ਲਈ ਜੇ ਤੁਸੀਂ ਚਾਹੋਗੇ ਤਾਂ ਤੁਹਾਨੂੰ ਉਹ ਆਪਣਾ ਖਾਣਾ ਖੁਦ ਤਿਆਰ ਕਰਨ ਲਈ ਰਾਸ਼ਨ ਵੀ ਦੇ ਸਕਦੇ ਹਨ।’’ ਪਰ ਅਸੀਂ ਮੈਡਮ ਜੁਚੀਆ ਨੂੰ ਦੱਸ ਦਿੱਤਾ ਕਿ ‘‘ਅਸੀਂ ਤਰਕਸ਼ੀਲ ਹਾਂ। ਕਿਸੇ ਜ਼ਾਤ-ਪਾਤ ਜਾਂ ਕਿਸੇ ਧਰਮ ਵਿੱਚ ਸਾਡਾ ਉੱਕਾ ਹੀ ਵਿਸ਼ਵਾਸ ਨਹੀਂ ਹੈ। ਇਸ ਲਈ ਚੀਨੀ ਜੋ ਵੀ ਸਾਨੂੰ ਖਵਾਉਣਗੇ ਅਸੀਂ ਉਹ ਹੀ ਖਾਵਾਂਗੇ।’’
ਮੈਡਮ ਜੁਚੀਆ ਦਾ ਇੱਕੋ ਪੁੱਤਰ ਹੈ ਜੋ ਬੀਜ਼ਿੰਗ ਵਿੱਚ ਨੌਕਰੀ ਕਰਦਾ ਹੈ। ਮੈਡਮ ਜੁਚੀਆ ਨੇ ਸਾਨੂੰ ਵਾਪਸੀ ਉੱਤੇ ਰੇਡੀਓ ਲਈ ਇੰਟਰਵਿਊ ਦੇਣ ਲਈ ਵੀ ਕਿਹਾ। ਭਾਵੇਂ ਅਸੀਂ ਵਾਅਦਾ ਕੀਤਾ ਪਰ ਘਰ ਮੁੜਨ ਦੀ ਕਾਹਲੀ ਕਰਕੇ ਅਸੀਂ ਇੰਟਰਵਿਊ ਲਈ ਸਮਾਂ ਨਹੀਂ ਕੱਢ ਸਕੇ। ਮੈਡਮ ਜੁਚੀਆ ਦੇ ਘਰ ਜਗਦੇਵ ਨੇ ਬਹੁਤ ਸਾਰੇ ਜਾਦੂ ਦੇ ਟ੍ਰਿੱਕ ਵੀ ਦਿਖਾਏ। ਜਿੰਨਾਂ ਵਿੱਚ ਗੇਂਦਾਂ ਹੱਥ ਦੀਆਂ ਉਂਗਲਾਂ ਵਿੱਚ ਇੱਕ ਤੋਂ ਚਾਰ ਕਰਨੀਆਂ ਜਾਂ ਚਾਰ ਤੋਂ ਇੱਕ ਕਰਕੇ ਅਲੋਪ ਕਰ ਦੇਣੀਆਂ ਸਨ। ਮੈਡਮ ਜੁਚੀਆ ਅਤੇ ਉਸਦੇ ਸਹਿਪਾਠੀ ਨੇ ਇਨ੍ਹਾਂ ਟ੍ਰਿੱਕਾਂ ਨੂੰ ਬਹੁਤ ਪਸੰਦ ਕੀਤਾ। ਲਗਭਗ ਡੇਢ ਘੰਟੇ ਬਾਅਦ ਯਾਂਗ ਊ ਵੀ ਸਾਨੂੰ ਲੈਣ ਲਈ ਵਾਪਸ ਆ ਗਿਆ। ਉਹ ਸਾਨੂੰ ਥਾਈ ਏਅਰ ਦੇ ਦਫਤਰ ਵਿੱਚ ਟਿਕਟਾਂ ਖ੍ਰੀਦਣ ਲਈ ਲੈ ਤੁਰਿਆ। ਏਅਰ ਵੇਜ਼ ਦੇ ਦਫਤਰ ਵਾਲਿਆਂ ਨੇ ਜਦੋਂ ਸਾਡੇ ਪਾਸਪੋਰਟਾਂ ਦੇ ਵੇਰਵਿਆਂ ਦੀ ਮੰਗ ਕੀਤੀ ਤਾਂ ਸਾਡੇ ਧਿਆਨ ਵਿੱਚ ਆਇਆ ਕਿ ਅਸੀਂ ਆਪਣੇ ਪਾਸਪੋਰਟ ਵੀਜ਼ਾ ਲਵਾਉਣ ਲਈ ਦੇ ਚੁੱਕੇ ਹਾਂ। ਪਰ ਨਾਲ ਹੀ ਮੇਰੇ ਧਿਆਨ ਵਿੱਚ ਆਇਆ ਕਿ ਸਾਡੇ ਪਾਸਪੋਰਟ ਨੰਬਰ ਅਤੇ ਹੋਰ ਵੇਰਵੇ ਬਰਨਾਲੇ ਮੇਰੇ ਘਰ ਪੁੱਤਰ ਅਮਿਤ ਕੋਲ ਹਨ। ਮੈਂ ਯਾਂਗ ਊ ਤੋਂ ਉਸਦਾ ਮੋਬਾਈਲ ਫੋਨ ਫੜ੍ਹਿਆ ਅਤੇ ਬਰਨਾਲੇ ਫੋਨ ਕੀਤਾ। ਅਮਿਤ ਘਰ ਹੀ ਸੀ। ਉਸਨੇ ਉਸ ਸਮੇਂ ਹੀ ਸਾਡੇ ਸਾਰੇ ਵੇਰਵੇ ਮੈਨੂੰ ਲਿਖਾ ਦਿੱਤੇ। ਲੱਗਭਗ 20 ਮਿੰਟਾਂ ਵਿੱਚ ਥਾਈ ਏਅਰਵੇਜ਼ ਵਾਲਿਆਂ ਨੇ ਸਾਨੂੰ ਟਿਕਟਾਂ ਬਣਾ ਕੇ ਦੇ ਦਿੱਤੀਆਂ। ਟਿਕਟਾਂ ਸਾਡੇ ਹਵਾਲੇ ਕਰਨ ਤੋਂ ਬਾਅਦ ਯਾਂਗ ਊ ਨੇ ਸਾਡੀ ਫੋਟੋ ਐਲਬਮ ਦੇਖੀ ਅਤੇ ਉਸਨੇ ਉਸਨੂੰ ਹੋਰ ਵੀ ਵਧੀਆ ਬਣਾਉਣ ਲਈ ਕੁਝ ਸੁਝਾਅ ਦਿੱਤੇ। ਉਸਨੇ ਸਾਨੂੰ ਦੱਸਿਆ ਕਿ ਚੀਨੀ ਹੋਟਲਾਂ ਵਿੱਚ ਪਖਾਨੇ ਲਈ ਟਿਸ਼ੂ ਪੇਪਰ ਹੀ ਉਪਲਬਧ ਹੁੰਦਾ ਹੈ ਪਰ ਭਾਰਤੀ ਆਪਣੀ ਸਫਾਈ ਪਾਣੀ ਨਾਲ ਕਰਦੇ ਹਨ। ਇਸ ਲਈ ਸਾਨੂੰ ਕੋਈ ਆਪਣਾ ਬਰਤਨ ਨਾਲ ਲਿਜਾਣਾ ਠੀਕ ਰਹੇਗਾ। ਅਸੀਂ ਮਿਸਟਰ ਯਾਂਗ ਊ ਨੂੰ ਚਾਈਨਾ ਵਿੱਚ ਕੁਝ ਦਿਨ ਹੋਰ ਰੁਕਣ ਦੀ ਇੱਛਾ ਦੱਸੀ। ਤਾਂ ਉਹ ਕਹਿਣ ਲੱਗਿਆ ਕਿ, ‘‘ਚਾਈਨਾ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਹੈ। ਇਸ ਲਈ ਤੁਹਾਨੂੰ ਆਪਣੇ ਖਰਚੇ ਤੇ ਰੁਕਣਾ ਮਹਿੰਗਾ ਪਵੇਗਾ। ਇਹ ਗੱਲ ਭਾਰਤੀਆਂ ਦੇ ਵੱਸ ਦੀ ਨਹੀਂ। ਇਸ ਲਈ ਮੈਂ ਤੁਹਾਨੂੰ ਸਲਾਹ ਦੇਵਾਂਗਾ ਕਿ ਜਿੰਨੇ ਦਿਨ ਚਾਈਨਾ ਸੈਂਟਰਲ ਟੈਲੀਵਿਜ਼ਨ ਵਾਲੇ ਰੋਕਣਾ ਚਾਹੁੰਦੇ ਹਨ, ਉਨੇ ਦਿਨ ਹੀ ਰੁਕੋ। ਚਾਈਨਾ ਵਿੱਚੋਂ ਖ੍ਰੀਦਦਾਰੀ ਵੀ ਨਾ ਕਰਨਾ ਕਿਉਂਕਿ ਭਾਰਤ ਵਿੱਚੋਂ ਹੀ ਚੀਨੀ ਮਾਲ ਚੀਨ ਨਾਲੋਂ ਸਸਤਾ ਮਿਲੇਗਾ। ਕਿਉਂਕਿ ਚੀਨ ਸਰਕਾਰ ਚੀਨ ਵਿੱਚ ਬਣੇ ਮਾਲ ਨੂੰ ਹੋਰ ਦੇਸ਼ਾਂ ਵਿੱਚ ਭੇਜਣ ਲਈ ਸਬਸਿਡੀਆਂ ਦਿੰਦੀ ਹੈ। ਉਸੇ ਹੀ ਮਾਲ ਨੂੰ ਚੀਨ ਵਿੱਚ ਵੇਚਣ ਲਈ ਟੈਕਸ ਵਸੂਲ ਕਰਦੀ ਹੈ।’’ ਉਸਨੇ ਸਾਨੂੰ ਸੀ. ਸੀ. ਟੀ. ਵੀ. ਵਾਲਿਆਂ ਦੀ ਮੰਗ ਵੀ ਦੱਸੀ ਕਿ ਉਹ ਸਾਰੇ ਟ੍ਰਿੱਕਾਂ ਲਈ ਸੂਚਨਾ, ਲੋੜੀਂਦਾ ਸਮਾਨ ਅਤੇ ਵੇਰਵੇ ਮੰਗ ਰਹੇ ਹਨ। ਇਸ ਲਈ ਤੁਸੀਂ ਆਪਣੇ ਹੋਟਲ ਦੇ ਕਮਰੇ ਵਿੱਚ ਜਾ ਕੇ ਆਪਣੇ ਦੁਆਰਾ ਦਿਖਾਏ ਜਾਂਦੇ ਟ੍ਰਿੱਕਾਂ ਦੇ ਵੇਰਵੇ ਸ਼ਾਮ ਨੂੰ 4 ਵਜੇ ਤੱਕ ਮੈਨੂੰ ਫੈਕਸ ਰਾਹੀਂ ਭੇਜ ਦੇਣੇ। ਅਸੀਂ ਯਾਂਗ ਊ ਤੋਂ ਵਿਦਾ ਲਈ ਅਤੇ ਆਪਣੇ ਕਮਰੇ ਨੂੰ ਚੱਲ ਪਏ।
                        
                        
                        
                        
                        
                        
                        
                        
                        
		