ਮੇਘ ਰਾਜ ਮਿੱਤਰ
ਸਫ਼ਰ ਉੱਤੇ ਜਾਣ ਸਮੇਂ ਮੇਰੀ ਰੁਚੀ ਘੱਟ ਤੋਂ ਘੱਟ ਭਾਰ ਚੁੱਕਣ ਵਿੱਚ ਹੁੰਦੀ ਹੈ। ਪਰ ਮੇਰੀ ਪਤਨੀ ਵੱਧ ਤੋਂ ਵੱਧ ਭਾਰ ਚੁਕਾਉਣਾ ਚਾਹੁੰਦੀ ਹੁੰਦੀ ਹੈ ਅਤੇ ਅਕਸਰ ਸਾਡਾ ਸਮਝੌਤਾ ਵਿੱਚ-ਵਿਚਾਲੇ ਜਿਹੇ ਹੀ ਹੋ ਜਾਂਦਾ ਹੈ। ਸੋ ਪਹਿਨੇ ਹੋਏ ਕੱਪੜਿਆਂ ਤੋਂ ਇਲਾਵਾ ਦੋ ਸੂਟ ਮੈਂ ਆਪਣੇ ਬੈਗ ਵਿੱਚ ਪਾ ਲਏ। ਸਾਡੇ ਦੁਆਰਾ ਪਿੰਡਾਂ ਵਿੱਚ ਦਿਖਾਏ ਜਾਂਦੇ ਪ੍ਰੋਗਰਾਮਾਂ ਦੀਆਂ ਕੁਝ ਵੀਡੀਓ ਕੈਸੇਟਾਂ ਅਤੇ ਤਰਕਸ਼ੀਲ ਲਹਿਰ ਲਈ ਸਾਡੇ ਵੱਲੋਂ ਛਾਪੀਆਂ ਗਈਆਂ 50 ਕਿਤਾਬਾਂ ਦੀ ਇੱਕ-ਇੱਕ ਕਾਪੀ ਜਿਨ੍ਹਾਂ, ਦੀ ਚਾਈਨਾ ਵਾਲਿਆਂ ਨੇ ਮੰਗ ਕੀਤੀ ਸੀ, ਉਹ ਵੀ ਅਸੀਂ ਆਪਣੇ ਬੈਗ ਵਿੱਚ ਪਾ ਲਈਆਂ ਮੇਰੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਮੈਂ ਚਾਈਨਾ ਸੈਂਟਰਲ ਟੈਲੀਵਿਜ਼ਨ ਵਾਲੇ ਕੁਝ ਅਧਿਕਾਰੀਆਂ ਲਈ ਅਤੇ ਉੱਥੇ ਕੰਮ ਕਰਦੀ ਤਰਕਸ਼ੀਲਾਂ ਦੀ ਜਥੇਬੰਦੀ ਲਈ ਕੁਝ ਤੋਹਫੇ ਵੀ ਜ਼ਰੂਰ ਲੈ ਕੇ ਜਾਵਾਂ। ਸੋ ਮੈਂ ਸ੍ਰੀ ਲੰਕਾ ਦੇ ਡਾਕਟਰ ਅਬਰਾਹਮ ਟੀ ਕੋਵੂਰ ਦੀਆਂ ਲਿਖੀਆਂ ਹੋਈਆਂ ਅੰਗਰੇਜ਼ੀ ਪੁਸਤਕਾਂ ਦੇ ਤਿੰਨ ਸੈੱਟ ਵੀ ਆਪਣੇ ਬੈਗ ਵਿੱਚ ਰੱਖ ਲਏ ਅਤੇ ਪਰਿਵਾਰ ਦੇ ਮੈਂਬਰਾਂ ਦੇ ਕਹਿਣ ਉੱਤੇ ਮੈਂ ਆਪਣੇ ਕੈਮਰੇ ਵਿੱਚ ਰੀਲ੍ਹ ਵੀ ਪੁਆ ਲਈ। ਇਸ ਤਰ੍ਹਾਂ ਬੱਸ ਫੜ੍ਹੀ ਅਤੇ ਸ਼ਾਮ ਦੇ 7 ਵਜੇ ਮੈਂ ਜਗਦੇਵ ਦੇ ਘਰ ਲੁਧਿਆਣੇ ਪੁੱਜ ਗਿਆ। ਜਗਦੇਵ ਨੇ ਇੱਕ ਅਟੈਚੀਕੇਸ ਤਾਂ ਜਾਦੂ ਦੀਆਂ ਆਈਟਮਾਂ ਦਾ ਭਰਿਆ ਹੋਇਆ ਸੀ ਅਤੇ ਇੱਕ ਹੋਰ ਅਟੈਚੀਕੇਸ ਵਿੱਚ ਉਸਦੇ ਆਪਣੇ ਕੱਪੜੇ ਸਨ। ਦੋ ਤਿੰਨ ਘੰਟੇ ਆਰਾਮ ਕਰਨ ਤੋਂ ਬਾਅਦ ਅਸੀਂ ਲੁਧਿਆਣੇ ਬਸ ਸਟੈਂਡ ਦੇ ਸਾਹਮਣਿਓਂ ‘ਡੀ-ਲਕਸ’ ਬਸ ਫੜ੍ਹੀ ਅਤੇ ਦਿੱਲੀ ਲਈ ਰਵਾਨਾ ਹੋ ਗਏ। ਸਾਡੀ ਬਸ ਲੱਗਭਗ ਰਾਤ ਦੇ 12 ਵਜੇ ਰਾਜਪੁਰੇ ਬਾਈਪਾਸ ਉੱਪਰ ਰੁਕ ਗਈ।
ਮੈਂ ਦਿੱਲੀ ਵੱਲੋਂ ਜਾਂ ਬੀਜ਼ਿੰਗ ਵੱਲੋਂ ਕਿਸੇ ਸੂਚਨਾ ਦੇ ਇੰਤਜ਼ਾਰ ਵਿੱਚ ਸੀ। ਇਸ ਲਈ ਮੈਂ ਰਾਜਪੁਰੇ ਇੱਕ ਐਸ. ਟੀ. ਡੀ. ਤੋਂ ਘਰ ਫੋਨ ਕਰਨ ਲਈ ਗਿਆ। ਉਸੇ ਸਮੇਂ ਉਸੇ ਐਸ. ਟੀ. ਡੀ. ਤੇ ਇੱਕ ਇਸਤਰੀ ਰੋਂਦੀ ਹੋਈ ਦਿੱਲੀ ਨੂੰ ਆਪਣੇ ਪਤੀ ਵੱਲ ਫੋਨ ਕਰ ਰਹੀ ਸੀ ਕਿਵੇਂ ਉਸਦੀ ਸੀਟ ਤੋਂ ਪਿਛਲੀ ਸੀਟ ਉੱਤੇ ਬੈਠਾ ਹੋਇਆ ਇੱਕ ਸ਼ਰਾਬੀ ਵਿਅਕਤੀ ਉਸਨੂੰ ਸਾਰੇ ਰਸਤੇ ਤੰਗ ਕਰਦਾ ਰਿਹਾ ਹੈ। ਉਸਦੇ ਪਤੀ ਨੇ ਫੋਨ ਉੱਤੇ ਹੀ ਉਸਨੂੰ ਸਲਾਹ ਦਿੱਤੀ ਕਿ ਉਹ ਸਾਰੀ ਘਟਨਾ ਬਸ ਦੇ ਡਰਾਈਵਰ ਅਤੇ ਕੰਡਕਟਰ ਦੇ ਧਿਆਨ ਵਿੱਚ ਲਿਆਵੇ ਅਤੇ ਉਸ ਇਸਤਰੀ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਇਹ ਸਾਰੀ ਗੱਲ ਦੱਸ ਦਿੱਤੀ। ਇਤਫ਼ਾਕ-ਵੱਸ ਇਹ ਬੱਸ ਸਾਡੀ ਹੀ ਸੀ। ਕੁਝ ਸਮੇਂ ਬਾਅਦ ਡਰਾਈਵਰ ਅਤੇ ਕੰਡਕਟਰ ਆ ਗਏ। ਉਨ੍ਹਾਂ ਨੇ ਉਸ ਇਸਤਰੀ ਨੂੰ ਉਸ ਵਿਅਕਤੀ ਦੀ ਪਹਿਚਾਣ ਕਰਨ ਲਈ ਕਿਹਾ। ਡਰਾਈਵਰ ਅਤੇ ਕੰਡਕਟਰ ਨੇ ਉਸ ਵਿਅਕਤੀ ਨੂੰ ਬੱਸ ਵਿੱਚੋਂ ਉਤਾਰ ਲਿਆ ਅਤੇ ਉਸਦੀ ਥੱਪੜ-ਪਰੇਡ ਕਰਨ ਲੱਗ ਪਏ। ਉਸ ਇਸਤਰੀ ਨੇ ਵੀ ਹੁਸ਼ਿਆਰਪੁਰ ਦੇ ਉਸ ਵਿਅਕਤੀ ਦੇ ਚਾਰ-ਪੰਜ ਥੱਪੜ ਜੜ੍ਹ ਦਿੱਤੇ। ਉਸ ਵਿਅਕਤੀ ਦੇ ਨਾਲ ਸਫਰ ਕਰ ਰਹੀ 18-19 ਸਾਲਾਂ ਦੀ ਸਾਥਣ ਨੂੰ ਵੀ ਉਤਾਰ ਲਿਆ ਗਿਆ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ‘‘ਤੁਹਾਡਾ ਰਿਸ਼ਤਾ ਕੀ ਹੈ ?’’ ਤਾਂ ਉਹ ਕਹਿਣ ਲੱਗੀ ਕਿ ‘‘ਅਸੀਂ ਭੈਣ ਭਰਾ ਹਾਂ।’’ ਜਦੋਂ ਸਵਾਰੀਆਂ ਨੇ ਉਸਨੂੰ ਪੁੱਛਿਆ, ‘‘ਤੁਸੀਂ ਬੱਸ ਵਿੱਚ ਬੀਅਰ ਕਿਉਂ ਪੀ ਰਹੇ ਸੀ ?’’ ਤਾਂ ਉਹ ਲੜਕੀ ਕਹਿਣ ਲੱਗੀ ਕਿ ‘‘ਕੀ ਬੱਸ ਵਿੱਚ ਬੀਅਰ ਪੀਣਾ ਜ਼ੁਰਮ ਹੈ ?’’ ਇਸ ਤਰ੍ਹਾਂ ਦੇ ਨਜ਼ਾਰੇ ਦੇਖਦੇ ਤੇ ਮਾਣਦੇ ਹੋਏ ਅਸੀਂ 15 ਮਈ 2001 ਸਵੇਰ ਨੂੰ ਦਿੱਲੀ ਪੁੱਜ ਗਏ।
ਅਸੀਂ ਬੱਸ ਸਟੈਂਡ ਦੇ ਨਜ਼ਦੀਕ ਹੀ ਇੱਕ ਕਮਰਾ ਕਿਰਾਏ ਉੱਤੇ ਲੈ ਲਿਆ ਅਤੇ ਆਪਣਾ ਸਮਾਨ ਕਮਰੇ ਵਿੱਚ ਰੱਖ ਦਿੱਤਾ। ਦੋ ਘੰਟੇ ਆਰਾਮ ਕਰਨ ਤੋਂ ਬਾਅਦ ਵੀਜ਼ਾ ਲਵਾਉਣ ਲਈ ਚੀਨੀ ਇੰਬੈਸੀ ਦੇ ਵੀਜਾ ਦਫਤਰ ਪੁੱਜ ਗਏ ਪਰ ਚੀਨੀ ਇੰਬੈਸੀ ਬੰਦ ਸੀ। ਇਹ ਸਿਰਫ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਨੂੰ ਹੀ ਖੁੱਲ੍ਹਦੀ ਹੈ। ਬਾਕੀ ਦਿਨ ਬੰਦ ਰਹਿੰਦੀ ਹੈ। ਪਰ ਅਸੀਂ ਯਾਂਗ ਊ ਨੂੰ ਮਿਲਣਾ ਸੀ। ਉਹ ਵੀ ਇੱਥੇ ਨਹੀਂ ਪੁੱਜਿਆ ਸੀ। ਸਾਨੂੰ ਸ਼ੱਕ ਹੋ ਗਿਆ ਕਿ ਸ਼ਾਇਦ ਯਾਂਗ ਊ ਚੀਨੀ ਇੰਬੈਂਸੀ ਵਿਖੇ ਸਾਨੂੰ ਉਡੀਕ ਹੀ ਨਾ ਰਿਹਾ ਹੋਵੇ। ਇਸ ਲਈ ਅਸੀਂ ਉਹਦੇ ਪਿਛਲੇ ਪਾਸੇ ਪੁੱਜ ਗਏ ਪਰ ਉਹ ਉੱਥੇ ਵੀ ਨਹੀਂ ਸੀ। ਮੈਂ ਜਗਦੇਵ ਨੂੰ ਇੰਬੈਸੀ ਦੇ ਗੇਟ ਦੇ ਸਾਹਮਣੇ ਛੱਡ ਕੇ ਯਾਂਗ ਊ ਨੂੰ ਫੋਨ ਕਰਨ ਲਈ ਗਿਆ ਤਾਂ ਉਸਨੇ ਕਿਹਾ ਕਿ ‘‘ਤੁਸੀਂ ਇੰਬੈਸੀ ਦੇ ਮੁੱਖ ਗੇਟ ਸਾਹਮਣੇ ਹੀ ਰੁਕੋ, ਮੈਂ ਪੰਜ ਮਿੰਟ `ਚ ਹੀ ਪਹੁੰਚ ਰਿਹਾ ਹਾਂ। ਠੀਕ ਪੰਜ ਮਿੰਟ ਬਾਅਦ ਉਹ ਉੱਥੇ ਸੀ। ਸਭ ਤੋਂ ਪਹਿਲਾਂ ਤਾਂ ਉਸ ਨੇ ਇਸ ਗੱਲ ਲਈ ਅਫਸੋਸ ਪ੍ਰਗਟ ਕੀਤਾ ਕਿ ‘‘ਮੈਂ ਤੁਹਾਨੂੰ ਗਲਤ ਦਿਨ `ਤੇ ਸੱਦ ਲਿਆ ਹੈ। ਅੱਜ ਤਾਂ ਵੀਜ਼ਾ ਦਫਤਰ ਬੰਦ ਹੈ।’’ ਉਸਨੇ ਸਾਨੂੰ ਆਪਣੀ ਵੱਡੀ ਸਾਰੀ ਕਾਰ ਵਿੱਚ ਬਿਠਾ ਲਿਆ ਜਿਸ ਵਿੱਚ ਕਈ ਤਰ੍ਹਾਂ ਦੇ ਵੱਡੇ-ਵੱਡੇ ਵੀਡੀਓ ਕੈਮਰੇ ਰੱਖੇ ਹੋਏ ਸਨ। ਵੀਜ਼ਾ ਦਫਤਰ ਦਿਖਾਇਆ ਤੇ ਕਹਿਣ ਲੱਗਿਆ, ‘‘ਕੱਲ੍ਹ ਨੂੰ ਆਪਾਂ ਇੱਥੇ 9.00 ਵਜੇ ਵੀਜ਼ਾ ਦਫਤਰ `ਚ ਫਾਰਮ ਜਮ੍ਹਾਂ ਕਰਵਾਵਾਂਗੇ।’’ ਅਸੀਂ ਮੁੜ ਆਪਣੇ ਹੋਟਲ ਦੇ ਕਮਰੇ ਵਿੱਚ ਆ ਗਏ।