ਕਾਗਜ਼ ਪੱਤਰ ਮੁਕੰਮਲ ਹੋਏ…(3)

ਮੇਘ ਰਾਜ ਮਿੱਤਰ

ਕਮਰੇ ਵਿੱਚ ਜਾ ਕੇ ਮੈਂ ਜਗਦੇਵ ਨਾਲ ਸਲਾਹ-ਮਸ਼ਵਰਾ ਕੀਤਾ ਅਤੇ ਚਾਈਨਾ ਸੈਂਟਰਲ ਟੈਲੀਵਿਜ਼ਨ ਲਈ ਦਿਖਾਉਣ ਵਾਲੇ ਪੰਜਾਹ ਟ੍ਰਿੱਕਾਂ ਦੇ ਵੇਰਵੇ, ਲੋੜੀਂਦਾ ਸਮਾਨ ਅਤੇ ਸਮਾਂ ਆਦਿ ਦੇ ਵੇਰਵੇ ਚਾਰ-ਪੰਜ ਕਾਗਜ਼ਾਂ ਉੱਤੇ ਤਿਆਰ ਕਰ ਲਏ ਅਤੇ ਠੀਕ ਚਾਰ ਵਜੇ ਮੈਂ ਯਾਂਗ ਊ ਨੂੰ ਫੈਕਸ ਰਾਹੀਂ ਭੇਜ ਦਿੱਤੇ। ਮਿਸਟਰ ਯਾਂਗ ਊ ਨੇ ਫੋਨ ਉੱਤੇ ਹੀ ਇਨ੍ਹਾਂ ਵੇਰਵਿਆਂ ਬਾਰੇ ਬਹੁਤ ਸਾਰੇ ਸਪੱਸ਼ਟੀਕਰਨ ਮੈਥੋਂ ਲਏ। ਅੰਗਰੇਜ਼ੀ ਬੋਲਣ ਦੀ ਮੁਹਾਰਤ ਸਾਡੀ ਦੋਵਾਂ ਦੀ ਇੱਕੋ ਜਿਹੀ ਹੀ ਸੀ। ਇਸ ਲਈ ਉਸਦੀਆਂ ਕੁਝ ਗੱਲਾਂ ਮੇਰੇ ਪੱਲੇ ਨਾ ਪੈਂਦੀਆਂ ਅਤੇ ਮੇਰੀਆਂ ਬਹੁਤ ਸਾਰੀਆਂ ਗੱਲਾਂ ਉਸਨੂੰ ਸਮਝ ਨਹੀਂ ਸੀ ਆਉਂਦੀਆਂ। ਪਰ ਗੱਲਾਂ ਦਾ ਦੁਹਰਾਉ ਕਰਕੇ ਅਸੀਂ ਇੱਕ ਦੂਜੇ ਨੂੰ ਸਮਝ ਹੀ ਜਾਂਦੇ ਸਾਂ। ਮਿਸਟਰ ਯਾਂਗ ਊ ਨੇ ਮੈਨੂੰ ਦੱਸਿਆ ਕਿ, ‘‘ਉਸਨੂੰ ਜ਼ਰੂਰੀ ਕੰਮ ਲਈ ਪਾਕਿਸਤਾਨ ਜਾਣਾ ਪੈ ਰਿਹਾ ਹੈ। ਇਸ ਲਈ ਮੁਲਾਕਾਤ ਦੁਬਾਰਾ ਨਹੀਂ ਹੋ ਸਕੇਗੀ।’’ ਬੀਜ਼ਿੰਗ ਵਾਲਿਆਂ ਨੂੰ ਯਾਂਗ ਊ ਨੇ ਸੂਚਿਤ ਕਰ ਦਿੱਤਾ ਸੀ। ਸੋ ਉਹ ਏਅਰ ਪੋਰਟ ਤੋਂ ਸਾਨੂੰ ਹੋਟਲ ਲਿਜਾਣ ਦਾ ਪ੍ਰਬੰਧ ਆਪੇ ਕਰ ਲੈਣਗੇ।
17 ਤਾਰੀਖ ਦਾ ਦਿਨ ਸਾਡੇ ਕੋਲ ਪੂਰਾ ਖਾਲੀ ਸੀ, ਕਿਉਂਕਿ ਸਾਨੂੰ ਵੀਜ਼ਾ 18 ਤਾਰੀਖ ਨੂੰ ਮਿਲਣਾ ਸੀ। ਸੋ ਅਸੀਂ ਨੋਇਡਾ ਵਿਖੇ ਮੇਰੇ ਮਾਮੇ ਦੇ ਲੜਕੇ ਸ਼ਰਦ ਕੁਮਾਰ ਬਾਂਸਲ ਦੇ ਘਰ ਜਾਣ ਦਾ ਫੈਸਲਾ ਕੀਤਾ। ਸ਼ਰਦ ਪੱਕਾ ਤਰਕਸ਼ੀਲ ਹੈ ਅਤੇ ਕਿਸੇ ਸਮੇਂ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਬਰਨਾਲਾ ਇਕਾਈ ਦਾ ਪ੍ਰਧਾਨ ਵੀ ਰਹਿ ਚੁੱਕਿਆ ਹੈ। ਫੋਨ ਕਰਨ `ਤੇ ਸ਼ਰਦ ਆ ਗਿਆ ਅਤੇ ਅਸੀਂ ਉਸਦੀ ਕਾਰ ਰਾਹੀਂ ਉਸਦੇ ਘਰ ਪੁੱਜ ਗਏ। ਇੱਥੇ ਅਸੀਂ ਸ਼ਰਦ ਨੂੰ ਬਹੁਤ ਸਾਰੇ ਜਾਦੂ ਦੇ ਟ੍ਰਿੱਕ ਦਿਖਾਏ ਅਤੇ ਐਲਬਮ ਵਿੱਚ ਯਾਂਗ ਊ ਦੁਆਰਾ ਸੁਝਾਏ ਸੁਧਾਰ ਕੀਤੇ। ਦੂਸਰੇ ਦਿਨ ਅਸੀਂ ਇਮੀਗਰੇਸ਼ਨ ਦੇ ਦਫਤਰ ਜਾ ਕੇ ਡੇਰੇ ਲਾ ਲਏ। ਮੈਂ ਠੀਕ ਤਿੰਨ ਵਜੇ ਵੀਜ਼ਾ ਦਫਤਰ ਪੁੱਜ ਗਿਆ। ਚਾਰ ਵਜੇ ਉਨ੍ਹਾਂ ਨੇ 1090 ਰੁਪਏ ਪ੍ਰਤੀ ਵਿਅਕਤੀ ਫੀਸ ਦੇ ਪ੍ਰਾਪਤ ਕਰਕੇ ਵੀਜੇ ਸਾਡੇ ਹੱਥ ਫੜ੍ਹਾ ਦਿੱਤੇ। 18 ਤਾਰੀਖ ਨੂੰ ਹੀ ਰਾਤ ਦੇ ਠੀਕ 12 ਵਜੇ ਸਾਡੀ ਬੀਜ਼ਿੰਗ ਲਈ ਉਡਾਨ ਸੀ। ਨੌਂ ਵਜੇ ਸਾਡਾ ਹਵਾਈ ਅੱਡੇ ਤੇ ਰਿਪੋਟਿੰਗ ਟਾਈਮ ਸੀ। ਅਜੇ ਅਸੀਂ ਇਮੀਗਰੇਸ਼ਨ ਚੈੱਕਅਪ ਲਈ ਜਾਣਾ ਸੀ। ਇਸ ਲਈ ਮੈਂ ਉਸੇ ਸਮੇਂ ਆਟੋ ਰਿਕਸ਼ਾ ਫੜ੍ਹਿਆ ਅਤੇ ਪਾਸਪੋਰਟ ਲੈ ਕੇ ਇਮੀਗਰੇਸ਼ਨ ਦੇ ਦਫਤਰ ਪੁੱਜ ਗਿਆ। ਫਾਰਮ ਭਰ ਕੇ ਉਨ੍ਹਾਂ ਨੇ ਲਗਭਗ ਇੱਕ ਘੰਟੇ ਵਿੱਚ ਹੀ ਇਮੀਗਰੇਸ਼ਨ ਚੈੱਕਅਪ ਦੀ ਮੋਹਰ ਲਗਾ ਦਿੱਤੀ। ਹੁਣ ਸਾਡੇ ਲਈ ਬੀਜ਼ਿੰਗ ਜਾਣ ਦੇ ਸੱਭੇ ਰਸਤੇ ਹੀ ਸਾਫ਼ ਹੋ ਗਏ ਸਨ। ਸਾਨੂੰ ਇੱਕ ਖਤਰਾ ਜ਼ਰੂਰ ਬਣਿਆ ਹੋਇਆ ਸੀ ਕਿ ਸਾਡੇ ਜਾਦੂ ਦੇ ਸਮਾਨ ਵਿੱਚ ਕੁਝ ਬਲਣਸ਼ੀਲ ਅਤੇ ਕੁਝ ਵਿਸਫੋਟਕ ਪਦਾਰਥ ਸਨ। ਇਸ ਲਈ ਅਸੀਂ ਉਨ੍ਹਾਂ ਨੂੰ ਵੀ ਨਸ਼ਟ ਕਰਨ ਦਾ ਫੈਸਲਾ ਲੈ ਲਿਆ। ਸੋਡੀਅਮ ਮੈਟਲ ਨੂੰ ਅਸੀਂ ਧਰਤੀ ਵਿੱਚ ਦਬਾ ਦਿੱਤਾ ਅਤੇ ਚਿੱਟੇ ਫਾਸਫੋਰਸ ਨੂੰ ਅੱਗ ਨਾਲ ਮਚਾ ਦਿੱਤਾ। ਗਲਾਈਸ੍ਰੀਨ ਅਤੇ ਲਾਲ ਦਵਾਈ ਨੂੰ ਅਲੱਗ-ਅਲੱਗ ਬੈਗਾਂ ਵਿੱਚ ਕਰ ਦਿੱਤਾ। ਦੀਆ ਸਲਾਈਆਂ ਸੁੱਟ ਦਿੱਤੀਆਂ। ਠੀਕ ਨੌਂ ਵਜੇ ਅਸੀਂ ਏਅਰ ਪੋਰਟ ਦੇ ਅੰਦਰ ਪੁੱਜ ਗਏ।
ਲਗੇਜ਼ ਵਿੱਚ ਜਾਣ ਵਾਲਾ ਸਮਾਨ ਏਅਰਪੋਰਟ ਦੇ ਅਧਿਕਾਰੀਆਂ ਦੇ ਸਪੁਰਦ ਕਰ ਦਿੱਤਾ ਗਿਆ। ਕਸਟਮ ਅਤੇ ਇਮੀਗਰੇਸ਼ਨ ਵਾਲਿਆਂ ਨੇ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰ ਲਈ ਅਤੇ ਸਾਨੂੰ ਜਹਾਜ਼ ਦੀ ਉਡਾਨ ਤੋਂ ਵੀਹ ਮਿੰਟ ਪਹਿਲਾਂ ਜਹਾਜ਼ ਵਿੱਚ ਬਿਠਾ ਦਿੱਤਾ।
ਇਤਫਾਕ-ਵੱਸ ਮੇਰੀ ਸੀਟ ਖਿੜਕੀ ਵਾਲੇ ਪਾਸੇ ਨੂੰ ਹੀ ਸੀ। ਸਾਡੇ ਜਹਾਜ਼ ਨੇ ਲਗਭਗ ਸਾਢੇ ਪੰਜ ਵਜੇ ਬੈਂਕਾਕ ਪੁੱਜਣਾ ਤੇ ਰੁਕਣਾ ਸੀ। ਉੱਥੇ ਸਾਡੇ ਤੁਰਨ-ਫਿਰਨ ਲਈ ਲਗਭਗ ਛੇ ਘੰਟੇ ਦਾ ਸਮਾਂ ਸੀ। ਠੀਕ ਬਾਰਾਂ ਵੱਜ ਕੇ ਪੰਜ ਮਿੰਟ ਤੇ ਜਹਾਜ਼ ਨੇ ਦਿੱਲੀ ਹਵਾਈ ਅੱਡੇ ਨੂੰ ਅਲਵਿਦਾ ਕਹਿ ਦਿੱਤੀ। ਖਿੜਕੀ ਰਾਹੀਂ ਦਿੱਲੀ ਦੀਆਂ ਲਾਈਟਾਂ ਅਤੇ ਹਾਈਵੇ ਉੱਤੇ ਚਲਦੀਆਂ ਗੱਡੀਆਂ ਦੀਆਂ ਲਾਈਟਾਂ ਨਜ਼ਰ ਆਉਂਦੀਆਂ ਸਨ। ਲਾਈਟਾਂ ਦਰਸਾ ਰਹੀਆਂ ਸਨ ਕਿ ਦਿੱਲੀ ਨੂੰ ਕਿਸੇ ਤਰਤੀਬ ਵਿੱਚ ਨਹੀਂ ਵਸਾਇਆ ਗਿਆ ਅਤੇ ਅਜੇ ਵੀ ਇਉਂ ਹੀ ਕੀਤਾ ਜਾ ਰਿਹਾ ਹੈ। ਛੇਤੀ ਹੀ ਸਾਡਾ ਜਹਾਜ਼ 38,000 ਫੁੱਟ ਦੀ ਉਚਾਈ ਉੱਤੇ ਪੁੱਜ ਗਿਆ। ਸਕਰੀਨ ਤੇ ਨਜ਼ਰ ਆ ਗਿਆ ਸੀ ਕਿ ਇਸ ਦੀ ਸਪੀਡ 900 ਕਿ. ਮੀ. ਪ੍ਰਤੀ ਘੰਟਾ ਸੀ।

Back To Top