ਮੇਘ ਰਾਜ ਮਿੱਤਰ
ਅਪ੍ਰੈਲ ਦੇ ਅਖੀਰਲੇ ਹਫਤੇ ਮੈਨੂੰ ਇੱਕ ਫ਼ੋਨ ਆਇਆ, ਇੱਕ ਇਸਤਰੀ ਟੁੱਟੀ-ਫੁੱਟੀ ਅੰਗਰੇਜ਼ੀ ਵਿੱਚ ਬੋਲ ਰਹੀ ਸੀ। ਉਸਨੇ ਦੱਸਿਆ ਕਿ ਉਹ ਚੀਨ ਦੀ ਰਾਜਧਾਨੀ ਬੀਜ਼ਿੰਗ ਤੋਂ ਬੋਲ ਰਹੀ ਹੈ। ਉਸ ਦਾ ਨਾਂ ਵੂ-ਜਿਆਓ-ਲਿਆਂਗ ਹੈ। ਉਹ ਸੈਂਟਰਲ ਚਾਈਨਾ ਟੈਲੀਵਿਜ਼ਨ ਦੇ ਪ੍ਰੋਗਰਾਮ Tell it you like it ਲਕਿੲ ਟਿ ਦੀ ਸਹਾਇਕ ਡਾਇਰੈਕਟਰ ਹੈ। ਉਹਨਾਂ ਦੇ ਅਦਾਰੇ ਨੇ ਭਾਰਤ ਵਿੱਚ ਕੰਮ ਕਰਦੀ ਤਰਕਸ਼ੀਲ ਲਹਿਰ ਬਾਰੇ ਕਾਫੀ ਕੁਝ ਪੜ੍ਹਿਆ ਤੇ ਸੁਣਿਆ ਹੋਇਆ ਹੈ। ਉਹ ਉਸਦੇ ਕੰਮਾਂ ਤੋਂ ਪ੍ਰਭਾਵਿਤ ਹਨ। ਉਹਨਾਂ ਦਾ ਅਦਾਰਾ ਚਾਹੁੰਦਾ ਹੈ ਕਿ ‘‘ਭਾਰਤ ਤੋਂ ਕੁਝ ਤਰਕਸ਼ੀਲ ਬੀਜ਼ਿੰਗ ਆਉਣ ਅਤੇ ਟੈਲੀਵਿਜ਼ਨ ਰਾਹੀਂ ਚਾਈਨਾ ਦੇ ਲੋਕਾਂ ਨੂੰ ਦੱਸਣ ਕਿ ਭਾਰਤ ਵਿੱਚ ਉਨ੍ਹਾਂ ਨੇ ਤਰਕਸ਼ੀਲ ਲਹਿਰ ਲਈ ਏਨਾ ਕੰਮ ਕਿਵੇਂ ਕੀਤਾ ਹੈ ?’’ ਮੈਂ ਉਸਨੂੰ ਵਿਸ਼ਵਾਸ ਦਿਵਾਇਆ ਕਿ ‘‘ਅਸੀਂ ਤੁਹਾਡੇ ਸੱਦੇ `ਤੇ ਬੀਜ਼ਿੰਗ ਜ਼ਰੂਰ ਆਵਾਂਗੇ।’’ ਉਸਨੂੰ ਮੈਂ ਆਪਣਾ ਈਮੇਲ ਐਡਰੈਸ ਦੇ ਦਿੱਤਾ ਤਾਂ ਜੋ ਸਾਰੀਆਂ ਗੱਲਾਂ ਜਾਂ ਜ਼ਰੂਰਤਾਂ ਦਾ ਲਿਖਤੀ ਤੌਰ `ਤੇ ਬਕਾਇਦਾ ਰਿਕਾਰਡ ਰਹਿ ਸਕੇ। 27 ਅਪ੍ਰੈਲ ਨੂੰ ਵੂ-ਜਿਆਓ-ਲਿਆਂਗ ਦੀ ਪਹਿਲੀ ਈਮੇਲ ਆਈ, ਜਿਸ ਵਿੱਚ ਉਸਨੇ ਲਿਖਿਆ ਸੀ ਕਿ ਚਾਈਨਾ ਸੈਂਟਰਲ ਟੈਲੀਵਿਜ਼ਨ ਤੁਹਾਡੀ ਜਥੇਬੰਦੀ ਦੇ ਦੋ ਮੈਂਬਰਾਂ ਨੂੰ ਬੀਜ਼ਿੰਗ ਬੁਲਾਉਣ ਲਈ ਸੱਦਾ-ਪੱਤਰ ਭੇਜ ਰਿਹਾ ਹੈ। ਦੋਵੇਂ ਵਿਅਕਤੀ ਟ੍ਰਿੱਕ ਵਿਖਾਉਣ ਲਈ ਅਤੇ ਵਿਗਿਆਨਕ ਵਿਆਖਿਆ ਲਈ ਨਿਪੁੰਨ ਹੋਣੇ ਚਾਹੀਦੇ ਹਨ। ਚਾਈਨਾ ਸੈਂਟਰਲ ਟੈਲੀਵਿਜ਼ਨ ਉਨ੍ਹਾਂ ਦੇ ਠਹਿਰਨ, ਖਾਣ-ਪੀਣ ਅਤੇ ਸਫਰੀ ਕਿਰਾਏ ਦਾ ਸਾਰਾ ਬੰਦੋਬਸਤ ਕਰੇਗਾ ਅਤੇ ਇਸ ਯਾਤਰਾ ਦੌਰਾਨ ਉਹ ਚੀਨੀ ਸਰਕਾਰ ਦੇ ਮਹਿਮਾਨ ਹੋਣਗੇ।
ਉਸਨੇ ਇਹ ਵੀ ਲਿਖਿਆ ਸੀ ਕਿ ਚਾਈਨਾ ਸੈਂਟਰਲ ਟੈਲੀਵਿਜ਼ਨ ਇੱਕ ਅਜਿਹਾ ਸਰਕਾਰੀ ਅਦਾਰਾ ਹੈ ਜਿਸ ਦੇ ਸਾਰੇ ਚਾਈਨਾ ਵਿੱਚ ਨੈਟਵਰਕ ਹਨ। ਉਸਨੇ ਮੈਨੂੰ ਨਵੀਂ ਦਿੱਲੀ ਵਿੱਚ ਚਾਈਨਾ ਸੈਂਟਰਲ ਟੈਲੀਵਿਜ਼ਨ ਦੇ ਮੁੱਖ ਰਿਪੋਰਟਰ ਯਾਂਗ ਊ ਦਾ ਪਤਾ ਅਤੇ ਮੋਬਾਈਲ ਫੋਨ ਨੰਬਰ ਵੀ ਲਿਖ ਭੇਜਿਆ, ਤਾਂ ਜੋ ਲੋੜ ਸਮੇਂ ਜਾਂ ਵੀਜ਼ੇ ਆਦਿ ਦੀ ਮੁਸ਼ਕਿਲ ਸਮੇਂ ਉਨ੍ਹਾਂ ਤੋਂ ਸਹਿਯੋਗ ਲਿਆ ਜਾ ਸਕੇ।
ਅਗਲੇ ਦਿਨ ਹੀ ਮੈਨੂੰ ਮਿਸਟਰ ਯਾਂਗ ਊ ਦੀ ਈਮੇਲ ਆਈ, ਜਿਸ ਵਿੱਚ ਉਸਨੇ ਲਿਖਿਆ ਸੀ ਕਿ 15 ਮਈ ਤੱਕ ਤੁਹਾਡੇ ਦੋ ਵਿਅਕਤੀਆਂ ਨੂੰ ਬੀਜ਼ਿੰਗ ਬੁਲਾ ਲਿਆ ਜਾਵੇਗਾ।
ਉਸਨੇ ਮੈਥੋਂ ਇਹ ਵੀ ਜਾਣਕਾਰੀ ਮੰਗੀ ਕਿ ਕੀ ਮੇਘ ਰਾਜ ਮਿੱਤਰ ਜਾਂ ਸੁਸਾਇਟੀ ਦਾ ਕੋਈ ਹੋਰ ਮੈਂਬਰ ਅੰਗਰੇਜ਼ੀ ਵਿੱਚ ਗੱਲਬਾਤ ਕਰ ਸਕਦਾ ਹੈ ? ਮੈਂ ਵਾਪਸੀ ਈਮੇਲ ਵਿੱਚ ਉਸਨੂੰ ਲਿਖ ਦਿੱਤਾ ਕਿ ਸੁਸਾਇਟੀ ਦਾ ਕੋਈ ਵੀ ਮੈਂਬਰ ਅੰਗਰੇਜ਼ੀ ਬੋਲਣ ਵਿੱਚ ਵਧੀਆ ਮੁਹਾਰਤ ਨਹੀਂ ਰੱਖਦਾ। ਡੰਗ-ਟਪਾਊ ਅੰਗਰੇਜ਼ੀ ਮੇਰੇ ਸਮੇਤ ਕਈ ਮੈਂਬਰ ਬੋਲ ਸਕਦੇ ਹਨ। ਵਧੀਆ ਗੱਲ ਇਹ ਹੋਵੇਗੀ ਕਿ ਉਹ ਹਿੰਦੀ ਤੋਂ ਚਾਇਨੀ ਭਾਸ਼ਾ ਵਿੱਚ ਟ੍ਰਾਂਸਲੇਸ਼ਨ ਕਰਨ ਵਾਲਾ ਕੋਈ ਦੋ-ਭਾਸ਼ੀਆ ਲੱਭ ਲੈਣ। ਮਿਸਟਰ ਯਾਂਗ ਊ ਨੇ ਮੈਨੂੰ ਲਿਖ ਭੇਜਿਆ ਕਿ ਭਾਵੇਂ ਬੀਜ਼ਿੰਗ ਵਾਲੇ ਹਿੰਦੀ ਤੋਂ ਚੀਨੀ ਵਿੱਚ ਗੱਲਬਾਤ ਦਾ ਤਰਜ਼ਮਾ ਕਰਨ ਵਾਲਾ ਕੋਈ ਦੋ-ਭਾਸ਼ੀਆ ਲੱਭਣ ਲਈ ਯਤਨਸ਼ੀਲ ਹਨ ਪਰ ਅਜਿਹਾ ਦੋ-ਭਾਸ਼ੀਆ ਮਿਲਣਾ ਮੁਸ਼ਕਿਲ ਹੈ। ਮੈਂ ਕੁਝ ਸਾਥੀਆਂ ਨਾਲ ਇਸ ਸਬੰਧੀ ਸਲਾਹ-ਮਸ਼ਵਰਾ ਕੀਤਾ। ਸਰਜੀਤ ਤਲਵਾਰ, ਡਾ. ਰਾਏ ਜਸਵੀਰ ਸਿੰਘ ਤੇ ਰਾਜਾ ਰਾਮ ਹੰਡਿਆਇਆ ਨਾਲ ਵੀ ਸੰਪਰਕ ਕੀਤਾ ਗਿਆ, ਉਹਨਾਂ ਨੇ ਕੁਝ ਮਜ਼ਬੂਰੀਆਂ ਕਾਰਨ ਅਸਮਰੱਥਾ ਪ੍ਰਗਟਾਈ।
ਕਾਫੀ ਸੋਚ-ਵਿਚਾਰ ਤੋਂ ਬਾਅਦ ਜਾਦੂ ਦੇ ਟਿੱ੍ਰਕ ਦਿਖਾਉਣ ਲਈ ਮੈਂ ਪੰਜਾਬ ਵਿੱਚ ਕੰਮ ਕਰਦੇ ਤਰਕਸ਼ੀਲਾਂ ਵਿੱਚੋਂ ਸਭ ਤੋਂ ਨਿਪੁੰਨ ਵਿਅਕਤੀ ਜਗਦੇਵ ਕੰਮੋਮਾਜਰਾ ਨੂੰ ਆਪਣੇ ਨਾਲ ਬੀਜ਼ਿੰਗ ਜਾਣ ਲਈ ਤਿਆਰ ਕਰ ਲਿਆ, ਪਰ ਜਗਦੇਵ ਦਾ ਪਾਸਪੋਰਟ ਅਜੇ ਤੱਕ ਬਣਿਆ ਨਹੀਂ ਸੀ ਅਤੇ ਨਾ ਹੀ ਮਹਿਕਮੇ ਵੱਲੋਂ ਉਸਨੂੰ ਨੋ-ਅਬਜ਼ੈਕਸ਼ਨ ਸਰਟੀਫਿਕੇਟ ਹੀ ਜਾਰੀ ਕੀਤਾ ਗਿਆ ਸੀ।
ਮੈਂ ਜਗਦੇਵ ਨੂੰ ਭੱਜ-ਨੱਠ ਕਰਕੇ ਪਾਸਪੋਰਟ ਤਿਆਰ ਕਰਵਾਉਣ ਲਈ ਕਿਹਾ। ਉਸਨੇ ਇਸ ਕੰਮ ਲਈ ਚੰਡੀਗੜ੍ਹ ਜਾ ਡੇਰੇ ਲਾਏ। ਪਰ ਕਈ ਦਿਨਾਂ ਦੀ ਭੱਜ-ਨੱਠ ਤੋਂ ਬਾਅਦ ਪਾਸਪੋਰਟ ਅਫਸਰ ਕਹਿਣ ਲੱਗਿਆ ਕਿ, ‘‘ਜੇ ਤੁਸੀਂ ਮੈਨੂੰ ਚਾਈਨਾ ਵਾਲਿਆਂ ਦਾ ਸੱਦਾ-ਪੱਤਰ ਦਿਖਾ ਦੇਵੋ ਤਾਂ ਮੈਂ ਤੁਹਾਨੂੰ ਉਸੇ ਦਿਨ ਹੀ ਪਾਸਪੋਰਟ ਦੇ ਦੇਵਾਂਗਾ।’’ ਮੈਂ ਚਾਈਨਾ ਸੈਂਟਰਲ ਟੈਲੀਵਿਜ਼ਨ ਨੂੰ ਬੇਨਤੀ ਕੀਤੀ ਕਿ ਉਹ ਸਾਨੂੰ ਜਲਦੀ ਤੋਂ ਜਲਦੀ ਸੱਦਾ-ਪੱਤਰ ਭੇਜ ਦੇਣ, ਤਾਂ ਜੋ ਉਹ ਸੱਦਾ-ਪੱਤਰ ਦਿਖਾ ਕੇ ਅਸੀਂ ਜਗਦੇਵ ਦਾ ਪਾਸਪੋਰਟ ਜਾਰੀ ਕਰਵਾ ਸਕੀਏ। ਉਨ੍ਹਾਂ ਨੇ ਫੌਰਨ ਹੀ ਸਾਨੂੰ ਵਾਪਸੀ ਈਮੇਲ ਅਤੇ ਫੈਕਸ ਕਰਕੇ ਸੱਦਾ-ਪੱਤਰ ਭੇਜ ਦਿੱਤਾ। ਜਗਦੇਵ ਨੇ ਪਾਸਪੋਰਟ ਅਫਸਰ ਨੂੰ ਸੱਦਾ-ਪੱਤਰ ਦਿਖਾਇਆ ਤਾਂ ਉਹ ਅਫਸਰ ਕਹਿਣ ਲੱਗਾ ਕਿ, ‘‘ਮੈਨੂੰ ਵੀ ਕੁਝ ਟ੍ਰਿੱਕ ਦਿਖਾਓ।’’ ਜਗਦੇਵ ਨੇ ਦੋ-ਚਾਰ ਟ੍ਰਿੱਕ ਉਸਨੂੰ ਦਿਖਾਏ ਤਾਂ ਉਹ ਵੀ ਪ੍ਰਭਾਵਿਤ ਹੋਏ ਬਗੈਰ ਨਾ ਰਹਿ ਸਕਿਆ। ਉਸ ਨੇ ਜਗਦੇਵ ਨਾਲ ਵਾਅਦਾ ਕੀਤਾ ਕਿ ਉਸੇ ਦਿਨ ਸ਼ਾਮ ਨੂੰ ਪੰਜ ਵਜੇ ਤੱਕ ਉਸਨੂੰ ਪਾਸਪੋਰਟ ਮਿਲ ਜਾਵੇਗਾ ਅਤੇ ਨਾਲ ਹੀ ਬੇਨਤੀ ਕੀਤੀ ਕਿ ਉਹ ਅਜਿਹੇ ਟਿੱ੍ਰਕ ਉਸਦੇ ਘਰ ਆ ਕੇ ਉਸਦੇ ਬੱਚਿਆਂ ਨੂੰ ਵੀ ਦਿਖਾਵੇ। ਜਗਦੇਵ ਨੇ ਚਾਈਨਾ ਦੀ ਯਾਤਰਾ ਤੋਂ ਬਾਅਦ ਅਜਿਹਾ ਕਰਨ ਲਈ ਉਸ ਨਾਲ ਵਾਅਦਾ ਕੀਤਾ।
ਚਾਈਨਾ ਸੈਂਟਰਲ ਟੈਲੀਵਿਜ਼ਨ ਵਾਲਿਆਂ ਨੇ ਮੰਗ ਕੀਤੀ ਸੀ ਕਿ ਅਸੀਂ 18 ਮਈ ਨੂੰ ਉਨ੍ਹਾਂ ਕੋਲ ਬੀਜ਼ਿੰਗ ਪਹੁੰਚ ਜਾਈਏ ਪਰ ਸਾਨੂੰ ਲਗਦਾ ਸੀ ਕਿ ਪਾਸਪੋਰਟ ਦਫਤਰ ਚਾਈਨੀਜ਼ ਅੰਬੈਂਸੀ ਦਾ ਵੀਜ਼ਾ ਅਫਸਰ, ਭਾਰਤ ਦਾ ਇੰਮੀਗਰੇਸ਼ਨ ਦਫਤਰ ਅਤੇ ਟਿਕਟ ਕੰਪਨੀਆਂ ਦੇ ਚੱਕਰ ਸਾਨੂੰ ਮਿਥੀ ਤਾਰੀਖ ਨੂੰ ਬੀਜ਼ਿੰਗ ਨਹੀਂ ਪਹੁੰਚਣ ਦੇਣਗੇ।
ਸੋ ਅਸੀਂ ਸੀ. ਸੀ. ਟੀ. ਵੀ. ਵਾਲਿਆਂ ਨੂੰ ਲਿਖਿਆ ਕਿ ਵਧੀਆ ਗੱਲ ਇਹ ਹੀ ਹੋਵੇਗੀ ਕਿ ਉਹ ਸਾਡਾ ਪ੍ਰੋਗਰਾਮ ਮਈ ਦੇ ਅਖਰੀਲੇ ਹਫਤੇ ਜਾਂ ਜੂਨ ਦੇ ਪਹਿਲੇ ਹਫਤੇ ਤੱਕ ਮੁਲਤਵੀ ਕਰ ਦੇਣ। ਪਰ ਉਹ ਇਸ ਲਈ ਰਜ਼ਾਮੰਦ ਨਾ ਹੋਏ। ਉਹਨਾਂ ਨੇ ਸਾਨੂੰ ਲਿਖਿਆ ਕਿ ਦਿੱਲੀ ਤੋਂ ਉਹਨਾਂ ਦਾ ਨੁਮਾਇੰਦਾ ਯਾਂਗ ਊ ਉਹਨਾਂ ਦੇ ਸਾਰੇ ਕੰਮ ਸਮੇਂ ਸਿਰ ਕਰਵਾ ਦੇਵੇਗਾ।
ਸੋ ਅਸੀਂ ਉਹਨਾਂ ਦੇ ਮਿਥੇ ਹੋਏ ਪ੍ਰੋਗਰਾਮ ਅਨੁਸਾਰ ਹੀ ਚੱਲਣ ਦਾ ਫੈਸਲਾ ਕਰ ਲਿਆ।
ਮੇਰੇ ਪਿਤਾ ਜੀ ਕਾਮਰੇਡ ਬ੍ਰਿਜ ਲਾਲ ਸਹਿਜੜਾ ਜੋ 86 ਸਾਲ ਦੀ ਉਮਰ ਦੇ ਹਨ ਤਾਂ ਮੈਂ ਉਹਨਾਂ ਤੋਂ ਇਜਾਜ਼ਤ ਲਈ ਅਤੇ ਪੁੱਛਿਆ ਕਿ ਤੁਹਾਡੇ ਲਈ ਬੀਜ਼ਿੰਗ ਵਿੱਚੋਂ ਕੀ ਲਿਆਵਾਂ ਤਾਂ ਉਹ ਕਹਿਣ ਲੱਗੇ, ‘‘ਇੱਕ ਸਿੰਘਾਈ ਦੀ ਬੋਸਕੀ ਬਹੁਤ ਪ੍ਰਸਿੱਧ ਹੁੰਦੀ ਸੀ। ਉਸਦਾ ਕੱਪੜਾ ਲੈ ਆਉਣਾ ਤੇ ਇੱਕ ਇੰਗਲੈਂਡ ਦਾ ਚਾਕੂ ਲੈ ਆਉਣਾ।’’ ਸੋ ਇਸ ਤਰ੍ਹਾਂ ਬਾਕੀ ਪਰਿਵਾਰ ਦੇ ਮੈਂਬਰਾਂ ਨੇ ਵੀ ਆਪਣੀਆਂ ਆਪਣੀਆਂ ਮੰਗਾਂ ਮੈਨੂੰ ਲਿਖਵਾ ਦਿੱਤੀਆਂ। ਮੇਰੇ ਪਰਿਵਾਰ ਵਾਲੇ ਅਤੇ ਬਹੁਤ ਸਾਰੇ ਸਨੇਹੀ ਮਿੱਤਰ ਚਾਹੁੰਦੇ ਸਨ ਕਿ ਉਹ ਮੈਨੂੰ ਦਿੱਲੀ ਹਵਾਈ ਅੱਡੇ ਤੇ ਵਿਦਾ ਕਰਕੇ ਆਉਣ, ਪਰ ਮੈਂ ਇਸ ਕਿਸਮ ਦਾ ਦਿੱਖ-ਦਿਖਾਵਾ ਅਤੇ ਫਾਲਤੂ ਖਰਚ ਕਰਨਾ ਨਹੀਂ ਚਾਹੁੰਦਾ ਸਾਂ। ਇਸੇ ਤਰ੍ਹਾਂ ਹੀ ਜਗਦੇਵ ਦਾ ਪਰਿਵਾਰ ਵੀ ਉਸਨੂੰ ਦਿੱਲੀ ਹਵਾਈ ਅੱਡੇ ਤੋਂ ਵਿਦਾਇਗੀ ਦੇਣਾ ਚਾਹੁੰਦਾ ਸੀ। ਪਰ ਅਸੀਂ ਉਹਨਾਂ ਨੂੰ ਵੀ ਰੋਕ ਦਿੱਤਾ।