ਵਿਆਹ ਢੰਗ

-ਮੇਘ ਰਾਜ ਮਿੱਤਲ
ਸਾਡੇ ਗੁਆਂਢ ਵਿਚ ਰਹਿੰਦੀ ਇਕ ਲੜਕੀ ਇੰਦਰਾ ਦੀ ਉਮਰ ਤੀਹਾਂ ਤੋਂ ਟੱਪ ਗਈ ਸੀ ਪਰ ਅਜੇ ਤੱਕ ਉਸਨੂੰ ਕੋਈ ਢੁਕਵਾਂ ਵਰ ਨਹੀਂ ਸੀ ਮਿਲ ਸਕਿਆ ਭਾਵੇਂ ਉਸਦੇ ਮਾਪੇ ਵਿਆਹ ਵਿਚ ਕਾਫੀ ਸਾਰਾ ਦਹੇਜ ਵੀ ਦੇ ਸਕਦੇ ਸਨ ਇਸਦਾ ਮੁੱਖ ਕਾਰਨ ਸੀ ਕਿ ਕਿਸੇ ਜੋਤਸ਼ੀ ਨੇ ਉਸਦੀ ਜਨਮ ਕੁੰਡਲੀ ਬਣਾਉਣ ਸਮੇਂ ਉਸਨੂੰ ਮੰਗਲੀਕ ਕਰਾਰ ਦੇ ਦਿੱਤਾ ਸੀ। ਅੱਜ ਲੱਖਾਂ ਹੀ ਲੜਕੇ ਤੇ ਲੜਕੀਆਂ ਅਜਿਹੇ ਹੀ ਕਾਰਨਾਂ ਕਰਕੇ ਆਪਣੇ ਵਿਆਹਾਂ ਦੀ ਉਮਰ ਲੰਘਾ ਰਹੇ ਹਨ। ਕਿਸੇ ਨੂੰ ਮੰਗਲੀਕ ਦੱਸਿਆ ਜਾ ਰਿਹਾ ਹੈ, ਕਿਸੇ ਦੇ ਮਾਪਿਆਂ ਪਾਸ ਦਹੇਜ ਲਈ ਪੈਸੇ ਨਹੀਂ ਹਨ ਪਰ ਤਰਕਸ਼ੀਲਾਂ ਦੇ ਰਾਜ ਵਿਚ ਅਜਿਹਾ ਨਹੀਂ ਹੋਵੇਗਾ ਕਿਉਂਕਿ ਹਰ ਵਿਅਕਤੀ ਨੂੰ ਰੁਜ਼ਗਾਰ ਦੇਣਾ ਤਰਕਸ਼ੀਲਾਂ ਦੀ ਸਰਕਾਰ ਦੀ ਜ਼ੁੰਮੇਂਵਾਰੀ ਹੋਵੇਗੀ ਅਤੇ ਇਸਦੇ ਨਾਲ ਹੀ ਲੋੜ ਤੋਂ ਵੱਧ ਧਨ ਇਕੱਠਾ ਕਰਨਾ ਇਕ ਜ਼ੁਰਮ ਹੋਵੇਗਾ। ਜਿਸ ਨਾਲ ਅਮੀਰ ਹੋਣ ਦੇ ਸੁਖਾਲੇ ਢੰਗ ਜੋ ਕਿ ਦਹੇਜ ਵਰਗੀਆਂ ਸਮਾਜਿਕ ਬਿਮਾਰੀਆਂ ਨੂੰ ਜਨਮ ਦਿੰਦੇ ਹਨ ਖ਼ਤਮ ਹੋ ਜਾਣਗੇ। ਉਂਝ ਵੀ ਤਰਕਸ਼ਾਹੀ ਸਮਾਜ ਲੜਕੇ ਤੇ ਲੜਕੀਆਂ ਨੂੰ ਆਪਣੇ ਕੰਮ ਦੇ ਸਥਾਨਾਂ ਤੇ ਇਕੱਠੇ ਹੋਣ ਦੀ ਅਤੇ ਆਪਣੀ ਸਮਝ ਦੇ ਆਧਾਰ ਤੇ ਵਿਆਹ ਕਰਵਾਉਣ ਦੀ ਪੂਰੀ ਖੁੱਲ ਦੇਵੇਗਾ। ਇਸ ਨਾਲ ਮਾਪਿਆਂ ਦੇ ਸਿਰਾਂ ਤੋਂ ਬੱਚਿਆਂ ਦੇ ਵਿਆਹਾਂ ਦੀ ਜ਼ਿੰਮੇਵਾਰੀ ਦਾ ਬੋਝ ਘਟ ਜਾਵੇਗਾ ਅਤੇ ਉਹ ਆਪਣੇ ਬੁਢਾਪੇ ਨੂੰ ਸੁਖਾਲੇ ਢੰਗ ਨਾਲ ਬਤੀਤ ਕਰ ਸਕਿਆ ਕਰਨਗੇ। ਅੱਜ ਦੇ ਸਰਮਾਏਦਾਰੀ ਯੁੱਗ ਵਿਚ ਲੜਕਿਆਂ ਤੇ ਲੜਕੀਆਂ ਦੇ ਵਿਆਹਾਂ ਸਮੇਂ ਜਾਤ-ਪਾਤ, ਗੋਤ, ਧਰਮ ਅਤੇ ਜਨਮ ਪੱਤਰੀਆਂ ਆਦਿ ਹੋਣ ਦੇ ਬਹੁਤ ਸਾਰੇ ਫਜ਼ੂਲ ਭਰਮ ਰੁਕਾਵਟ ਬਣ ਜਾਂਦੇ ਹਨ ਪਰ ਤਰਕਸ਼ਾਹੀ ਸਮਾਜ ਵਿਚ ਅਜਿਹੇ ਫਜ਼ੂਲ ਭਰਮਾਂ ਤੇ ਵਹਿਮਾਂ ਲਈ ਕੋਈ ਥਾਂ ਨਹੀਂ ਹੋਵੇਗੀ। ਇਹਨਾਂ ਭਰਮਾਂ ਵਹਿਮਾਂ ਨੂੰ ਪੈਦਾ ਕਰਨ ਵਾਲੇ ਇਨ•ਾਂ ਪਾਖੰਡੀਆਂ ਨੂੰ ਤਰਕਸ਼ੀਲਾਂ ਦੀਆਂ ਅਦਾਲਤਾਂ ਵਿਚ ਆਪਣੇ ਦੁਆਰਾ ਪੈਦਾ ਕੀਤੇ ਜਾਣ ਵਾਲੇ ਇਨ•ਾਂ ਭਰਮਾਂ ਵਹਿਮਾਂ ਨੂੰ ਠੀਕ ਸਿੱਧ ਕਰਨਾ ਹੋਵੇਗਾ ਨਹੀਂ ਤਾਂ ਆਪਣੀਆਂ ਇਹ ਪਾਖੰਡ ਦੀਆਂ ਦੁਕਾਨਾਂ ਬੰਦ ਕਰਨ ਦੇ ਨਾਲ ਨਾਲ ਸੁਧਾਰ ਘਰਾਂ ਵਿਚ ਕੁਝ ਸਮਾਂ ਬਤੀਤ ਕਰਨਾ ਹੋਵੇਗਾ।

Back To Top