ਹਰਿਆਣੇ ਦਾ ਭੂਤ

– ਮੇਘ ਰਾਜ ਮਿੱਤਰ

ਪਿਛਲੇ ਦੋ ਮਹੀਨਿਆਂ ਤੋਂ ਮੈਨੂੰ ਜੱਗ ਮਾਲੇਰਾ (ਹਰਿਆਣਾ) ਤੋਂ ਬਹੁਤ ਸਾਰੀਆਂ ਚਿੱਠੀਆਂ ਮਿਲ ਰਹੀਆਂ ਹਨ। ਹਰਿਆਣੇ ਦੇ ਤਰਕਸ਼ੀਲ ਸਾਥੀ ਇਹ ਚਾਹੁੰਦੇ ਸਨ ਕਿ ਮੈਂ ਉਹਨਾਂ ਦੇ ਇਲਾਕੇ ਵਿਚ ਜਾ ਕੇ ਲੋਕਾਂ ਦੇ ਮਨਾਂ ਵਿਚ ਪਏ ਕੁਝ ਭਰਮਾਂ ਨੂੰ ਨਵਿਰਤ ਕਰ ਸਕਾਂ। ਅੰਤ ਮੈਂ ਮਿਤੀ 27 ਜੂਨ 1987 ਨੂੰ ਉਹਨਾਂ ਪਾਸ ਪਹੁੰਚਣ ਦੀ ਤਰੀਕ ਨਿਸ਼ਚਿਤ ਕਰ ਲਈ। ਨਿਸ਼ਚਿਤ ਦਿਨ ਤੇ ਮੈਂ ਡਾਕਟਰ ਗੁਰਮੁੱਖ ਸਿੰਘ ਤੇ ਡਾਕਟਰ ਰਣਜੀਤ ਸਿੰਘ ਜੀ ਪਾਸ ਜੱਗ ਮਾਲੇਰਾ ਵਿਖੇ ਪਹੁੰਚ ਗਿਆ। ਜੱਗ ਮਾਲੇਰਾ ਸਰਸਾ ਤਹਿਸੀਲ ਦਾ ਕਾਫੀ ਵੱਡਾ ਪਿੰਡ ਹੈ। ਇਹ ਦਸ ਪਿੰਡ ਅਜਿਹੇ ਹਨ ਜਿੱਥੋਂ ਦੀ ਸਾਰੀ ਵਸੋਂ ਹੀ ਪੰਜਾਬੀ ਬੋਲਦੀ ਹੈ ਅਤੇ ਇਥੋਂ ਦੇ ਵਸਨੀਕਾਂ ਵਿੱਚੋਂ ਬਹੁਤੇ ਨਾਮਧਾਰੀ ਸਿੱਖ ਹਨ। ਕਹਿੰਦੇ ਹਨ ਕਿ ਨਾਮਧਾਰੀਆਂ ਦੇ ਤੀਸਰੇ ਗੁਰੂ ਨੇ ਇਹਨਾਂ ਪਿੰਡਾਂ ਦੀ ਸਾਰੀ ਜ਼ਮੀਨ ਛੱਬੀ ਲੱਖ ਰੂਪੇ ਵਿਚ ਖਰੀਦੀ ਸੀ। 1947 ਦੀ ਵੰਡ ਮਗਰੋਂ ਜਦੋਂ ਨਾਮਧਾਰੀਆਂ ਨੂੰ ਪਾਕਿਸਤਾਨ ਛੱਡਣਾ ਪਿਆ ਤਾਂ ਬਹੁਤ ਸਾਰੇ ਨਾਮਧਾਰੀ ਇਸ ਇਲਾਕੇ ਵਿਚ ਆ ਬੈਠੇ।
ਇਹ ਲੋਕ ਆਪਣੇ ਧਰਮ ਦੇ ਬਹੁਤ ਹੀ ਕੱਟੜ ਸਮਰਥਕ ਹਨ। ਕਹਿੰਦੇ ਹਨ ਕਿ ਅੱਜ ਤੋਂ ਤੀਹ ਵਰ•ੇ ਪਹਿਲਾਂ ਇਕ ਨਾਮਧਾਰੀ ਪਰਿਵਾਰ ਨੇ ਆਪਣੇ ਘਰ ਵਿੱਚ ਇੱਕ ਨਲਕਾ ਲਾ ਲਿਆ ਸੀ ਤਾਂ ਬਹੁਤ ਸਾਰੇ ਨਾਮਧਾਰੀ ਸਿੱਖਾਂ ਨੇ ਰਵਾਇਤੀ ਹਥਿਆਰਾਂ ਨਾਲ ਉਸ ਘਰ ਤੇ ਹਮਲਾ ਕਰ ਦਿੱਤਾ ਸੀ। ਉਹ ਪਰਿਵਾਰ ਤਾਂ ਡਰਦਾ ਹੀ ਘਰ ਛੱਡ ਗਿਆ ਸੀ ਪਰ ਨਾਮਧਾਰੀਆਂ ਨੇ ਆਪਣਾ ਗੁੱਸਾ ਉਸ ਨਲਕੇ ਤੇ ਹੀ ਕੱਢਿਆ ਜਿਸ ਵਿਚ ਚਮੜੇ ਦੀ ਬੋਕੀ ਪਾਈ ਹੋਈ ਸੀ। ਅੱਜ ਇਸ ਇਲਾਕੇ ਵਿਚ ਲਗਭਗ ਦੋ ਸੌ ਦੇ ਨਜ਼ਦੀਕ ਤਰਕਸ਼ੀਲਾਂ ਨੂੰ ਇਕੱਠੇ ਵੇਖ ਕੇ ਦਿਲ ਨੂੰ ਅਥਾਹ ਖੁਸ਼ੀ ਹੋ ਰਹੀ ਸੀ। ਚਾਂਦਣੀ ਹੇਠਾਂ ਦਰੀਆਂ ਤੇ ਕੁਝ ਲੜਕੀਆਂ ਵੀ ਤਰਕਸ਼ੀਲਾਂ ਦੀ ਮੀਟਿੰਗ ਵਿਚ ਹਾਜ਼ਰ ਸਨ। ਭਾਰਤੀ ਕਮਿਊਨਿਸਟ ਪਾਰਟੀ ਦਾ ਜ਼ਿਲ•ਾ ਸਕੱਤਰ ਕਾਮਰੇਡ ਸੁਖਦੇਵ ਸਿੰਘ ਹੁੰਦਲ ਸਟੇਜ ਸਕੱਤਰ ਸੀ। ਪੰਡਾਲ ਵਿਚ ਹਾਜ਼ਰ ਲੋਕਾਂ ਨੇ ਬਹੁਤ ਸਾਰੇ ਸਵਾਲ ਪੁੱਛੇ ਜਿਨ•ਾਂ ਦਾ ਮੈਂ ਆਪਣੀ ਸਮਝ ਅਨੁਸਾਰ ਜੁਆਬ ਦਿੰਦਾ ਰਿਹਾ। ਇਸ ਸਮੇਂ ਕਰੀਆਲਾ ਤੋਂ ਇਕ ਨੌਜੁਆਨ ਨੇ ਮੇਰੇ ਕੰਨ ਵਿਚ ਕਿਹਾ ਕਿ, “ਮੀਟਿੰਗ ਛੇਤੀ ਖਤਮ ਕਰੋ ਕਰਿਆਲਾ ਵਿਖੇ ਇਕ ਘਰ ਵਿਚ ਭਿਆਨਕ ਅੱਗਾਂ ਲੱਗ ਰਹੀਆਂ ਹਨ। ਅੱਜ ਸਵੇਰੇ ਦੀ ਤਿੰਨ ਵਾਰ ਅੱਗ ਲੱਗ ਚੁੱਕੀ ਹੈ। ਆਪਾਂ ਹੁਣੇ ਹੀ ਚੱਲ ਕੇ ਇਹ ਮਾਮਾਲਾ ਸੁਲਝਾਉਣਾ ਹੈ। ” ਅਸੀਂ ਮੀਟਿੰਗ ਵਿਚ ਇਹ ਗੱਲ ਦੱਸੀ ਤਾਂ ਬਹੁਤ ਸਾਰੇ ਵਿਅਕਤੀ ਇਸ ਕੇਸ ਨੂੰ ਹੱਲ ਹੁੰਦਾ ਵੇਖਣ ਲਈ ਤਿਆਰ ਹੋ ਗਏ। ਪਰ ਕੇਸ ਦੀ ਗੰਭੀਰਤਾ ਨੂੰ ਵੇਖਦੇ ਹੋਏ ਅਸੀਂ ਪੰਜ ਵਿਅਕਤੀਆਂ ਨੇ ਹੀ ਜਾਣ ਦਾ ਫੈਸਲਾ ਕੀਤਾ।
ਰਵਾਨਗੀ: ਡਾਕਟਰ ਰਣਜੀਤ ਸਿੰਘ, ਡਾਕਟਰ ਗੁਰਮੁੱਖ, ਡਾਕਟਰ ਗੁਰਮੇਜ, ਕਾਮਰੇਡ ਹਰਦੇਵ ਅਤੇ ਮੈਂ ਇਕ ਸਕੂਟਰ ਤੇ ਇਕ ਮੋਟਰ ਸਾਈਕਲ ਤੇ ਕਰੀਆਲਾ ਨੂੰ ਚੱਲ ਪਏ। ਇਹ ਪਿੰਡ ਜੱਗ ਮਾਲੇਰਾ ਤੋਂ ਛੇ ਕਿਲੋਮੀਟਰ ਦੀ ਵਿੱਥ ਤੇ ਹਰਿਆਣਾ, ਰਾਜਸਥਾਨ ਸਰਹੱਦ ਤੇ ਵਸਿਆ ਹੋਇਆ ਹੈ। ਇਸ ਪਿੰਡ ਵਿਚ ਬਹੁਤ ਸਾਰੇ ਪੰਜਾਬੀ ਪਰਿਵਾਰ ਰਹਿ ਰਹੇ ਹਨ। ਪਿੰਡ ਵਿਚ ਬਹੁਤੇ ਘਰ ਕੱਚੇ ਹਨ। ਭਾਰਤੀ ਕਮਿਊਨਿਸਟ ਪਾਰਟੀ ਕਰੀਆਲਾ ਪਿੰਡ ਦੀ ਇਕਾਈ ਦਾ ਸਕੱਤਰ ਕਾਮਰੇਡ ਹਰਦੇਵ ਸਾਡੀ ਟੀਮ ਦਾ ਇਕ ਮੈਂਬਰ ਸੀ ਇਸ ਲਈ ਸਾਨੂੰ ਘਰ ਲੱਭਣ ਵਿਚ ਕਿਸੇ ਕਿਸਮ ਦੀ ਕੋਈ ਸਪੱਸਿਆ ਨਹੀਂ ਆਈ। ਕੱਚੇ ਰਾਹਾਂ ਤੇ ਗਲੀਆਂ ਵਿਚ ਕੁਝ ਮੋੜ ਕੱਟਣ ਤੋਂ ਬਾਅਦ ਅੰਤ ਵਿਚ ਅਸੀਂ ਸਬੰਧਿਤ ਘਰ ਪਹੁੰਚ ਗਏ। ਕਾਮਰੇਡ ਹਰਦੇਵ ਸਿੰਘ ਤੇ ਡਾਕਟਰ ਗੁਰਮੇਜ ਪਹਿਲਾਂ ਹੀ ਇਸ ਘਰ ਆ ਬੈਠੇ ਸਨ ਤਾਂ ਜੋ ਅੱਗ ਲਾਉਣ ਵਾਲੇ ਵਿਅਕਤੀ ਨੂੰ ਘਟਨਾ ਕਰਦੇ ਸਮੇਂ ਹੀ ਰੰਗੇ ਹੱਥੀ ਫੜਿਆ ਜਾ ਸਕੇ। ਪਰ ਜਿੰਨੀ ਦੇਰ ਉਹ ਘਰ ਵਿਚ ਬੈਠੇ ਰਹੇ ਘਰ ਵਿਚ ਕੋਈ ਘਟਨਾ ਨਾ ਵਾਪਰੀ। ਅਜੇ ਉਹ ਉਠ ਕੇ ਗਲੀ ਦੇ ਮੋੜ ਤੇ ਹੀ ਪਹੁੰਚੇ ਸਨ ਕਿ ਘਰ ਵਿਚ ਅੱਗ ਦੀਆਂ ਦੋ ਘਟਨਾਵਾਂ ਵਾਪਰ ਗਈਆਂ। ਇਸ ਲਈ ਤੁਰੰਤ ਮੀਟਿੰਗ ਵਿਚ ਪਹੁੰਚੇ ਤੇ ਸਾਡੇ ਨਾਲ ਸੰਪਰਕ ਕੀਤਾ।
ਪਹੁੰਚ: ਇਹ ਘਰ ਇਕ ਦਰਮਿਆਨੇ ਕਿਸਾਨ ਬਲੌਰ ਸਿੰਘ ਦਾ ਸੀ ਘਰ ਵਿਚ ਤਿੰਨ ਕਮਰੇ ਪੱਕੇ ਸਨ ਅਤੇ ਬਾਕੀ ਦੇ ਕੁਝ ਕੱਚੇ ਕੋਠੇ ਹੀ ਖੜ•ੇ ਸਨ। ਕਾਫੀ ਖੁੱਲ•ਾ ਵਿਹੜਾ ਸੀ ਅਤੇ ਵਿਹੜੇ ਵਿਚ ਕੁਝ ਦਰਖਤ ਵੀ ਨਜ਼ਰ ਆ ਰਹੇ ਸਨ। ਅਸੀਂ ਵੇਖਿਆ ਕਿ ਘਰ ਵਿੱਚ ਥਾਂ ਥਾਂ ਤੇ ਅੱਗ ਲੱਗਣ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਸਨ। ਘਰ ਦੇ ਸਾਰੇ ਟਰੰਕ ਕੱਢ ਕੇ ਬਰਾਂਡੇ ਵਿਚ ਰੱਖੇ ਹੋਏ ਸਨ। ਸਾਰੇ ਟਰੰਕਾਂ ਨੂੰ ਜਿੰਦਾਂ ਲਾ ਕੇ ਪਿੰਡ ਦੇ ਹੀ ਇਕ ਵਿਅਕਤੀ ਨੂੰ ਟਰੰਕਾਂ ਵੱਲ ਮੂੰਹ ਕਰਕੇ ਬਿਠਾਇਆ ਹੋਇਆ ਸੀ। ਬਜ਼ੁਰਗ ਦਾ ਆਪਣਾ ਹੱਥ ਸੋਟੀ ਨੂੰ ਪਾਇਆ ਹੋਇਆ ਸੀ ਤਾਂ ਜੋ ਭੂਤ ਦੇਖਣ ਸਾਰ ਹੀ ਉਹ ਆਪਣੀ ਸੋਟੀ ਹਰਕਤ ਵਿਚ ਲਿਆ ਸਕੇ। ਕੁਝ ਝੁਲਸੀਆਂ ਹੋਈਆਂ ਰਜਾਈਆਂ ਤੇ ਗਦੈਲੇ ਵਿਹੜੇ ਵਿਚ ਮੰਜੇ ਤੇ ਰੱਖੇ ਹੋਏ ਸਨ ਜਿਹੜੇ ਇਸ ਗੱਲ ਦੀ ਗਵਾਹੀ ਭਰਦੇ ਸਨ ਕਿ ਘਰ ਵਿਚ ਅੱਗ ਹੁਣੇ ਹੀ ਲੱਗ ਕੇ ਹਟੀ ਹੈ।
ਪਰਿਵਾਰ ਵਿਚ ਕੁੱਲ ਛੇ ਜੀਅ ਸਨ। ਪਰਿਵਾਰ ਦਾ ਮੁਖੀ ਐਲਨਾਬਾਦ ਤੋਂ ਕਿਸੇ ਸਿਆਣੇ ਨੂੰ ਲਿਆਉਣ ਗਿਆ ਹੋਇਆ ਸੀ। ਦੋਵੇਂ ਭਰਾ ਅਤੇ ਛੋਟੀ ਭੈਣ ਖੇਤ ਡੰਗਰ ਚਾਰਨ ਗਏ ਹੋਏ ਸਨ। ਵੱਡੀ ਕੁੜੀ ਜਸਵੀਰ ਅਤੇ ਉਸ ਦੀ ਮਾਂ ਹਰਦੀਪ ਕੌਰ ਹੀ ਘਰ ਸਨ। ਪਰਿਵਾਰ ਦੀ ਆਰਥਿਕ ਸਥਿਤੀ ਕੋਈ ਚੰਗੀ ਨਹੀਂ ਸੀ। ਮਾਪੇ ਅਨਪੜ ਸਨ ਇਸ ਲਈ ਉਨ•ਾਂ ਦੇ ਬੱਚਿਆਂ ਦੀ ਪੜ•ਾਈ ਵੱਲ ਵੀ ਕੋਈ ਧਿਆਨ ਨਾ ਦਿੱਤਾ। ਛੋਟੇ ਮੁੰਡੇ ਹੀਰੇ ਨੂੰ ਛੇਵੀਂ ਵਿੱਚੋਂ ਹਟਾ ਕੇ ਖੇਤੀ ਬਾੜੀ ਦੇ ਕੰਮ ਵਿਚ ਲਾ ਲਿਆ। ਜਸਵੀਰ ਛੇਵੀਂ ਵਿਚ ਪੜਦੀ ਸੀ ਪਰ ਮਾਂ ਦੀ ਬਿਮਾਰੀ ਕਾਰਨ ਉਸ ਨੂੰ ਵੀ ਸਕੂਲ ਛੱਡਣਾ ਪਿਆ। ਛੋਟੀ ਗੁੱਡੀ ਸ਼ਰਨਜੀਤ ਘਰ ਦੀ ਇੱਕੋ ਇਕ ਮੈਂਬਰ ਸੀ ਜਿਸ ਨੇ ਆਪਣੀ ਪੜ•ਾਈ ਜਾਰੀ ਰੱਖੀ ਹੋਈ ਸੀ। ਭਾਵੇਂ ਉਹ ਅਜੇ ਚੌਥੀ ਵਿਚ ਹੀ ਸੀ।
ਘਟਨਾਵਾਂ: ਘਰ ਵਿਚ ਸਭ ਤੋਂ ਪਹਿਲੀ ਘਟਨਾ ਮਈ 87 ਦੇ ਪਹਿਲੇ ਹਫਤੇ ਵਿਚ ਵਾਪਰੀ। ਇਕ ਗੋਹੇ ਦੀ ਪਾਥੀ ਆਕਾਸ਼ ਵਿੱਚੋਂ ਉਡੱਦੀ ਆਈ ਤੇ ਵਿਹੜੇ ਵਿਚ ਆ ਡਿੱਗੀ। ਪਰ ਇਸ ਘਟਨਾ ਨੂੰ ਘਰ ਦਿਆਂ ਨੇ ਗੰਭੀਰਤਾ ਨਾਲ ਨਹੀਂ ਲਿਆ। ਇਸ ਤੋਂ ਇਕ ਦਿਨ ਬਾਅਦ ਰੂਪੇ ਨੇ ਬਾਹਰਲੇ ਘਰੋਂ ਡੰਗਰਾਂ ਨੂੰ ਪਾਉਣ ਲਈ ਇਕ ਪੰਡ ਤੂੜੀ ਦੀ ਲਿਆਂਦੀ। ਪੰਡ ਵਿੱਚੋਂ ਤੂੜੀ ਨੂੰ ਵਿਹੜੇ ਵਿਚ ਖੜੀ ਇੱਕ ਖੁਰਲੀ ਦੇ ਨੇੜੇ ਉਲਟਾ ਦਿੱਤਾ। ਤੂੜੀ ਨੂੰ ਖਿਲਾਰਿਆਂ ਅਜੇ ਪੰਜ ਮਿੰਟ ਹੀ ਹੋਏ ਸਨ ਕਿ ਇਸ ਵਿੱਚੋਂ ਧੂੰਆਂ ਨਿਕਲਣ ਲੱਗ ਪਿਆ।
ਇਸ ਤੋਂ ਅਗਲੇ ਦਿਨ ਘਰ ਵਿਚ ਇਕ ਗੰਭੀਰ ਘਟਨਾ ਵਾਪਰੀ। ਘਰ ਦੇ ਵਿਹੜੇ ਵਿਚ ਡੰਗਰਾਂ ਨੂੰ ਸਰਦੀਆਂ ਤੋਂ ਬਚਾਉਣ ਲਈ ਇੱਕ ਕਮਰਾ ਛੱਤਿਆ ਹੋਇਆ ਸੀ ਅਚਾਨਕ ਹੀ ਇਸ ਕਮਰੇ ਵਿਚ ਭਾਂਬੜ ਨਿਕਲਣ ਲੱਗ ਪਏ ਅਤੇ ਵੇਖਦਿਆਂ ਹੀ ਵੇਖਦਿਆਂ ਇਹ ਸਮੇਤ ਛੱਤ ਸੜ ਕੇ ਸੁਆਹ ਹੋ ਗਿਆ।
ਸ੍ਰੀਮਤੀ ਹਰਦੀਪ ਕੌਰ ਨੇ ਚਰਖਾ ਡਾਹਿਆ ਸੀ। ਉਸ ਪਾਸ ਦੋ ਕਿਲੋ ਰੂੰ ਪਈ ਸੀ। ਜਿਸ ਦਾ ਉਹ ਸੂਤ ਕੱਤ ਰਹੀ ਸੀ। ਅਚਾਨਕ ਹੀ ਰੂੰ ਨੂੰ ਅੱਗ ਲੱਗ ਗਈ ਤੇ ਇਹ ਵੀ ਰਾਖ ਬਣ ਗਈ।
ਇਸ ਤੋਂ ਅਗਲੇ ਦਿਨ ਘਰ ਵਿਚ ਕਈ ਭਿਆਨਕ ਘਟਨਾਵਾਂ ਵਾਪਰੀਆਂ। ਖੇਤ ਵਿੱਚੋਂ ਦਾਣੇ ਕੱਢਣ ਤੋਂ ਬਾਅਦ ਗੁੱਲੀ ਡੰਡੇ ਤੇ ਕਣਕ ਦੀ ਰਲੀ ਮਿਲੀ ਬੋਰੀ ਘਰ ਲਿਆ ਕੇ ਰੱਖ ਦਿੱਤੀ ਸੀ ਤਾਂ ਜੋ ਵਿਹਲੇ ਸਮੇਂ ਇਸ ਨੂੰ ਸਾਫ ਕਰਕੇ ਕਣਕ ਵਰਤ ਲਈ ਜਾਵੇਗੀ। ਪਰ ਇਹ ਵੀ ਅੱਗ ਦੀ ਭੇਂਟ ਚੜ ਗਈ।
ਘਰ ਵਿਚ ਪਏ ਕੁਝ ਹੋਰ ਰਜਾਈਆਂ ਤੇ ਗਦੈਲੇ ਵੀ ਇਸ ਦਿਨ ਹੀ ਅੱਗ ਦੀ ਭੇਂਟ ਚੜ ਗਏ। ਸ਼ਾਮ ਸਮੇਂ ਫਿਰ ਘਰ ਵਿਚ ਵਿਚਲੀ ਤੂੜੀ ਦੇ ਢੇਰ ਨੂੰ ਅੱਗ ਲੱਗ ਗਈ।
ਆਪਣੇ ਪਤੀ ਤੋਂ “ਲੁਕੋ ਕੇ ਸ੍ਰੀਮਤੀ ਹਰਦੀਪ ਕੌਰ ਨੇ ਡੋਲੂ ਵਿਚ ਵੀਹ-ਵੀਹ ਦੇ ਚਾਰ ਨੋਟ ਰੱਖੇ ਸਨ ਤਾਂ ਜੋ ਕਿਸੇ ਔਖ-ਸੌਖ ਵੇਲੇ ਕੰਮ ਆ ਸਕਣ। ਘਰ ਦੀ ਵੱਡੀ ਕੁੜੀ ਜਸਬੀਰ ਨੇ ਇਕ ਚਾਦਰ ਕੱਢਣ ਲਈ ਦਿੱਤੀ ਹੋਈ ਸੀ। ਇਸ ਲਈ ਉਸ ਨੇ ਆਪਣੀ ਮਾਂ ਨੂੰ ਕਿਹਾ, “ਚਾਦਰ ਪੂਰੀ ਹੋ ਗਈ ਹੈ। ਹੁਣ ਉਹ ਲੈ ਕੇ ਆਉਣੀ ਹੈ। ਤੁਸੀਂ ਮੈਨੂੰ ਸੋਲਾਂ ਰੂਪੇ ਦੇ ਦੇਵੋ। ” ਮਾਂ ਨੇ ਉਸ ਨੂੰ ਡੋਲੂ ਲਿਆਉਣ ਲਈ ਕਿਹਾ। ਪਰ ਜਦੋਂ ਜਸਵੀਰ ਡੋਲੂ ਲੈ ਕੇ ਆਈ ਤਾਂ ਚਾਰੇ ਨੋਟ ਸੁਆਹ ਬਣੇ ਹੋਏ ਸਨ।
ਇਸ ਤੋਂ ਬਾਅਦ ਤਾਂ ਨੋਟ ਗੁੰਮ ਹੋਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸ੍ਰੀਮਤੀ ਹਰਦੀਪ ਕੌਰ ਨੇ ਨਵੀਂ ਚਾਦਰ ਵਿਚ ਸੌ ਦਾ ਨੋਟ ਰੱਖਿਆ ਸੀ ਤਾਂ ਜੋ ਵੇਲੇ ਕੁਵੇਲੇ ਦੀ ਗਰਜ ਸਾਰੀ ਜਾ ਸਕੇ। ਪਰ ਕੁਝ ਦਿਨਾਂ ਬਾਅਦ ਇਹ ਵੀ ਨਾ ਮਿਲਿਆ।
ਬਲੌਰਾ ਸਿੰਘ ਨੇ ਇਕ ਏਕੜ ਪੈਲੀ ਚਾਲੀ ਹਜ਼ਾਰ ਰੂਪੇ ਦੀ ਵੇਚ ਦਿੱਤੀ ਸੀ। ਇਸ ਵਿੱਚੋਂ ਵੀਹ ਹਜ਼ਾਰ ਰੂਪੈ ਤਾਂ ਬੈਂਕ ਵਿਚ ਜਮ•ਾਂ ਕਰਵਾ ਦਿੱਤੇ ਗਏ ਸਨ। ਜਦੋਂ ਕਿ ਘਰ ਵਿਚ ਸੌ ਸੌ ਦੇ ਨੋਟਾਂ ਦੀਆਂ ਦੋ ਗੁੱਟੀਆਂ ਰੱਖ ਲਈਆਂ ਸਨ। ਘਰ ਦੇ ਹੈਰਾਨ ਰਹਿ ਗਏ ਜਦੋਂ ਉਹਨਾਂ ਨੇ ਵੇਖਿਆ ਕਿ ਇਕ ਗੁੱਟੀ ਵਿਚੋਂ ਸੌ ਸੌ ਦੇ ਦੋ ਨੋਟ ਹੀ ਗੁੰਮ ਹੋ ਗਏ ਸਨ। ਘਰ ਦੀ ਮਾਲਕਨ ਨੇ ਆਪਣੇ ਪੁੱਤ ਨੂੰ ਇਸ ਗੱਲ ਲਈ ਬਹੁਤ ਝਿੜਕਿਆ। ਪਰ ਉਸ ਨੇ ਕਿਹਾ ਕਿ, “ਮਾਂ ਮੈਂ ਇਹ ਪੈਸੇ ਨਹੀਂ ਚੁਰਾਏ। ”
ਇਸ ਤਰ•ਾਂ ਹੀ ਉਹਨਾਂ ਗੁੱਟੀਆਂ ਵਿੱਚੋਂ ਚਾਰ ਸੌ ਰੁਪੈ ਅਤੇ ਫਿਰ ਪੰਜ ਸੌ ਰੂਪੈ ਨਿਕਲਗਏ ਅਤੇ ਘਰ ਦਿਆਂ ਨੇ ਬਾਕੀ ਪੈਸੇ ਬਚਾਉਣ ਲਈ ਬੈਂਕ ਵਿਚ ਜਮ•ਾਂ ਕਰਵਾ ਦਿੱਤੇ।
ਘਰ ਵਾਲੇ ਖੇਤਾਂ ਵਿਚ ਝੋਨਾ ਬੀਜਣਾ ਚਾਹੁੰਦੇ ਸਨ ਇਸ ਲਈ ਉਹਨਾਂ ਨੇ ਆਪਣੇ ਖੇਤ ਵਿਚ ਹੀ ਪਨੀਰੀ ਲਾਈ ਹੋਈ ਸੀ। ਰੂਪੇ ਨੇ ਘਰੋਂ 40 ਰੁਪਏ ਫੜ•ੇ ਅਤੇ ਦੋ ਕਿਲੋ ਥਾਈਮੀਨ ਲੈ ਆਇਆ ਤਾਂ ਜੋ ਪਨੀਰੀ ਨੂੰ ਦਵਾਈ ਪਾਈ ਜਾ ਸਕੇ। ਇਸ ਵਿੱਚੋਂ 30 ਰੁਪਏ ਦਵਾਈ ਲਈ ਖਰਚ ਹੋ ਗਏ ਅਤੇ ਉਸ ਨੇ 10 ਰੁਪਏ ਆਪਣੀ ਮਾਤਾ ਜੀ ਨੂੰ ਫੜ•ਾ ਦਿੱਤੇ। ਮਾਤਾ ਜੀ ਨੇ 250 ਰੁਪਏ ਅਤੇ 10 ਰੁਪਏ ਆਪਣੇ ਪਤੀ ਦੇਵ ਨੂੰ ਬੋਝੇ ਵਿਚਸੰਭਾਲ ਕੇ ਰੱਖਣ ਲਈ ਫੜਾ ਦਿੱਤੇ ਪਰ ਦੋ ਘੰਟੇ ਬਾਅਦ ਇਹ ਪੈਸੇ ਵੀ ਗੁਆਚ ਗਏ।
ਘਰ ਵਿੱਚੋਂ ਪੈਸੇ ਖ਼ਤਮ ਹੋ ਗਏ ਇਸ ਲਈ ਬੈਂਕ ਵਿੱਚੋਂ ਇੱਕ ਹਜ਼ਾਰ ਰੁਪਿਆ ਹੋਰ ਕਢਵਾ ਲਿਆਂਦਾ ਗਿਆ। ਇਸ ਵਿੱਚੋਂ ਸੌ ਰੁਪਏ ਕੱਪੜੇ ਦੇ ਦਿੱਤੇ ਗਏ। ਦੂਸਰੇ ਦਿਨ ਹੀ ਬਲੌਰਾ ਸਿੰਘ ਦੇ ਬਟੂਏ ਵਿੱਚੋਂ ਜੋ 900 ਰੁਪਏ ਸਨ ਇਹ ਵੀ ਗਾਇਬ ਹੋ ਗਏ।
ਸਾਮਾਨ ਦਾ ਵਾਪਸ ਆਉਣਾ: ਘਰ ਦੀ ਮਾਲਕਨ ਨੇ ਵੇਖਿਆ ਕਿ ਟਰੰਕ ਵਿੱਚੋਂ ਗਹਿਣਿਆਂ ਵਾਲੀ ਡੱਬੀ ਗਾਇਬ ਹੋ ਗਈ ਹੈ। ਇਹ ਡੱਬੀ ਵਿੱਚ ਇਕ ਕਾਟਿਆਂ ਦਾ ਜੋੜਾ, ਇਕ ਛਾਪ ਤੇ ਇਕ ਪੱਖੀ ਸੀ। ਕੁੱਲ ਸਮਾਨ ਦਾ ਮੁੱਲ 5000 ਰੁਪੈ ਸੀ। ਇਸ ਲਈ ਸਮੂਹ ਪਰਿਵਾਰ ਬਹੁਤ ਹੀ ਦੁਖੀ ਹੋਇਆ। ਪਰ ਦੂਸਰੇ ਦਿਨ ਘਰ ਦੀ ਵੱਡੀ ਕੁੜੀ ਜਸਵੀਰ ਨੇ ਦੱਸਿਆ ਕਿ ਰਾਤ ਉਸ ਨੂੰ ਸੁਫਨਾ ਆਇਆ ਹੈ। ਸੁਫਨੇ ਵਿਚ ਹੀ ਉਸ ਨੂੰ ਕਿਸੇ ਚੀਜ਼ ਨੇ ਦੱਸਿਆ ਕਿ ਇਹ ਗਹਿਣਿਆਂ ਦੀ ਡੱਬੀ ਇੱਟਾਂ ਹੇਠਾਂ ਪਿੱਟੀ ਵਿਚ ਦੱਬੀ ਹੈ। ਪਰ ਉਸ ਦੀ ਮਾਂ ਨੇ ਉਸ ਦੀ ਗੱਲ ਵੱਲ ਧਿਆਨ ਨਾ ਦਿੱਤਾ। ਇਸ ਲਈ ਜਸਵੀਰ ਨੇ ਆਪਣੇ ਬਾਪ ਨੂੰ ਉਠਾ ਲਿਆਂਦਾ। ਜਦੋਂ ਇੱਟਾਂ ਚੁੱਕੀਆਂ ਗਈਆਂ ਤਾਂ ਜ਼ਮੀਨ ਵਿੱਚੋਂ ਗਹਿਣਿਆਂ ਦੀ ਡੱਬੀ ਮਿਲ ਗਈ। ਖੋ ਜਾਣ ਦੇ ਡਰ ਤੋਂ ਸੁਰਖਰੂ ਹੋਣ ਲਈ ਘਰ ਦੀ ਮਾਲਕਨ ਨੇ ਇਹਨਾਂ ਨੂੰ ਆਪਣੇ ਗੀਝੇ ਵਿਚ ਪਾਇਆ ਹੋਇਆ ਸੀ।
ਇਕ ਦਿਨ ਘਰ ਦੀ ਪੇਟੀ ਵਿੱਚੋਂ 13 ਸੂਟ ਨਿਕਲ ਗਏ ਸਨ ਜੋ ਬਿਲਕੁਲ ਹੀ ਨਵੇਂ ਸਨ। ਇਹਨਾਂ ਵਿੱਚੋਂ ਦੋ ਸੂਟ ਤਾਂ ਰਜਾਈ ਦੇ ਗਿਲਾਫ ਵਿੱਚੋਂ ਅਗਲੇ ਦਿਨ ਮਿਲ ਗਏ ਸਨ। ਇਕ ਸੂਟ ਅਜਮੈਨ ਵਾਲੀ ਪੀਪੀ ਦੇ ਥੱਲੇ ਤੋਂ ਹੀ ਘਰ ਦੀ ਕਿਸੇ ਮਹਿਮਾਨ ਨੂੰ ਲੱਭ ਗਿਆ ਸੀ। ਇਕ ਹੋਰ ਦਿਨ ਛੇ ਸੂਟ ਤੂੜੀ ਵਿਚੋਂ ਦੱਬੇ ਮਿਲ ਗਏ ਸਨ। ਉਸ ਤੋਂ ਅਗਲੇ ਦਿਨ ਤਿੰਨ ਸੂਟ ਪੇਟੀ ਵਿੱਚੋਂ ਮਿਲ ਗਏ।
ਪਰ ਇਕ ਦਿਨ ਜਸਵੀਰ ਨੂੰ ਫਿਰ ਸੁਫਨਾ ਆ ਗਿਆ ਕਿ ਘਰ ਦੀ ਗੁੰਮ ਹੋਈ ਕੋਈ ਚੀਜ਼ ਹੁਣ ਨਹੀਂ ਮਿਲੇਗੀ। ਇਸ ਲਈ ਇਸ ਤੋਂ ਬਾਅਦ ਘਰ ਵਿਚੋਂ ਗੁੰਮ ਹੋਇਆ ਕੋਈ ਸਮਾਨ ਵਾਪਸ ਕਦੇ ਨਹੀਂ ਮਿਲਿਆ।
ਪਾਣੀ ਵਿੱਚ ਜ਼ਹਿਰ: ਸਮੂਹ ਪਰਿਵਾਰ ਰਾਤ ਨੂੰ ਪੀਣ ਲਈ ਪਾਣੀ ਦਾ ਘੜਾ ਆਪਣੇ ਸਿਰਹਾਣੇ ਰੱਖ ਕੇ ਪੈਂਦਾ ਸੀ। ਅਚਾਨਕ ਹੀ ਛੋਟੀ ਕੁੜੀ ਪਾਣੀ ਪੀਣ ਲਈ ਉਠੀ। ਜਦੋਂ ਉਸ ਨੇ ਪਾਣੀ ਬਾਟੀ ਵਿਚ ਪਾਇਆ ਤਾਂ ਵੇਖਿਆ ਕਿ ਪਾਣੀ ਵਿੱਚੋਂ ਮੁਸ਼ਕ ਆ ਰਿਹਾ ਸੀ ਅਤੇ ਪਾਣੀ ਵੀ ਚਿੱਟਾ ਹੋਇਆ ਪਿਆ ਸੀ। ਉਸ ਨੇ ਸਮੂਹ ਪਰਿਵਾਰ ਨੂੰ ਜਗਾਇਆ ਤਾਂ ਘਰ ਦਿਆਂ ਨੇ ਵੇਖਿਆ ਕਿ ਘਰ ਵਿਚ ਪਈ ਕਿਲੋ ਡੀ.ਡੀ.ਟੀ ਹੀ ਪਾਣੀ ਦੇ ਘੜੇ ਵਿਚ ਮਿਲਾ ਦਿੱਤੀ ਗਈ ਸੀ। ਜੇ ਅਚਾਨਕ ਹੀ ਪਰਿਵਾਰ ਦੇ ਮੈਂਬਰ ਇਹ ਪਾਣੀ ਪੀ ਜਾਂਦੇ ਤਾਂ ਜ਼ਰੂਰ ਅਨਰਥ ਵਾਪਰ ਜਾਂਦਾ।
ਇਲਾਜ ਕਰਵਾਇਆ ਗਿਆ: ਜਦੋਂ ਘਰ ਵਿਚ ਅਜਿਹੀਆਂ ਘਟਨਾਵਾਂ ਵਾਪਰਨ ਲੱਗੀਆਂ ਤਾਂ ਘਰ ਵਾਲੇ ਚੌਕਸ ਹੋ ਗਏ ਉਨ•ਾਂ ਨੇ ਘਰ ਵਿੱਚੋਂ ਘਟਨਾਵਾਂ ਬੰਦ ਕਰਵਾਉਣ ਲਈ ਸਿਆਣਿਆਂ ਕੋਲ ਪਹੁੰਚ ਕੀਤੀ। ਉਹ ਪਿੰਡ ਬਨੀ ਦੇ ਸਿਆਣੇ ਕੋਲ ਗਏ ਉਸ ਨੇ ਦੱਸਿਆ ਕਿ “ਤਹਾਡੇ ਤੇ ਕਿਸੇ ਨੇ ਪੱਖੀ ਛੱਡੀ ਹੋਈ ਹੈ। ਉਸ ਇਲਾਕੇ ਵਿੱਚ ਭੂਤਾਂ ਦੇ ਗਰੁੱਪ ਨੂੰ ਪੱਖੀ ਕਹਿੰਦੇ ਹਨ। ਅਸੀਂ ਆਵਾਂਗੇ ਤੇ ਰੋਕਣ ਦੀ ਕੋਸ਼ਿਸ਼ ਕਰਾਂਗੇ। ” ਪਰ ਉਹ ਸਿਆਣਾ ਵੀ ਕੁਝ ਨਹੀਂ ਕਰ ਸਕਿਆ।
ਪਿੰਡ ਕਰੀਆਲੇ ਦੇ ਹੀ ਇਕ ਸਿਆਣੇ ਤੋਂ ਪਾਣੀ ਕਰਵਾ ਕੇ ਲਿਆਂਦਾ ਗਿਆ ਪਰ ਘਟਨਾਵਾਂ ਦਾ ਸਿਲਸਿਲਾ ਜਾਰੀ ਰਿਹਾ।
ਪਿੰਡ ਐਲਨਾਬਾਦ ਦੇ ਇਕ ਧਾਰਮਿਕ ਸਥਾਨ ਤੇ ਪਹੁੰਚ ਕੀਤੀ ਗਈ। ਧਾਰਮਿਕ ਸਥਾਨ ਵਾਲਿਆਂ ਨੇ ਕਿਹਾ ਕਿ ਅਸੀਂ ਸੱਤ ਵਿਅਕਤੀ ਆ ਕੇ ਤੁਹਾਡੇ ਪਿੰਡ ਕੀਰਤਨ ਸੋਹਲੇ ਦਾ ਪਾਠ ਕਰਾਂਗੇ। ਪਰ ਘਰ ਵਾਲੇ ਖਰਚੇ ਦੇ ਡਰੋਂ ਉਨ•ਾਂ ਨੂੰ ਸੱਦ ਨਾ ਸਕੇ।
ਪਿੰਡ ਦੇ ਹੀ ਇਕ ਹੋਰ ਸਿਆਣੇ ਨੇ ਰੁੱਕਾ ਭੇਜਿਆ ਕਿ ਇਹ ਸਮਾਨ ਲੈ ਕੇ ਤੁਰੰਤ ਮੇਰੇ ਡੇਰੇ ਤੇ ਪਹੁੰਚੋ ਮੈਂ ਘਟਨਾਵਾਂ ਬੰਦ ਕਰ ਦੇਵਾਂਗਾ। ਰੁੱਕੇ ਤੇ ਹੇਠ ਲਿਖਿਆ ਸਮਾਨ ਲਿਖਿਆ ਸੀ।
1. ਸਵਾ ਪਾਈਆ ਗੁੱਗਲ
2. ਸਵਾ ਪਾਈਆ ਅਜਮੈਨ
3. ਸਵਾ ਪਾਈਆ ਸਫੈਦ ਸਰੋਂ
4. ਦੋ ਸੂਟ ਜਨਾਨੇ
5. ਸੱਤਾਂ ਖੂਹਾਂ ਦਾ ਪਾਣੀ
6. 10.25 ਪੈਸੇ ਇਕ ਸੂਟ ਤੇ 5.25 ਪੈਸੇ ਦੂਜੇ ਸੂਟ ਤੇ ਰੱਖਣੇ ਹਨ।
7. 125 ਰੁਪੈ ਦੀ ਇਕ ਕੜਾਹੀ ਦੇ ਅਤੇ 125 ਰੁਪੈ ਦੂਜੀ ਕੜਾਹੀ ਦੇ ਦੇਣੇ ਹਨ।
8. ਇਕ ਬੱਕਰਾ।
ਉਸ ਸਿਆਣੇ ਨੇ ਦੱਸਿਆ ਕਿ ਇਸ ਸਾਮਾਨ ਦੇ ਨਾਲ ਦੋ ਕੰਮ ਹੋ ਜਾਣਗੇ। ਇਕ ਤਾਂ ਘਰ ਵਿਚ ਭੂਤਾਂ ਦਾ ਵਸੇਵਾ ਖਤਮ ਹੋ ਜਾਵੇਗਾ। ਦੂਜਾ ਘਰ ਵਾਲਿਆਂ ਦੇ ਵੱਡੇ ਮੁੰਡੇ ਤੇ ਇੰਜਣ ਚਲਾਉਣ ਦਾ ਕੰਮ ਕਰਕੇ ਜੋ ਗ੍ਰਹਿ ਆਇਆ ਸੀ ਉਹ ਟਾਲ ਦਿੱਤਾ ਜਾਵੇਗਾ।
ਪਰ ਘਰ ਵਾਲਿਆਂ ਨੇ ਕਿਹਾ ਕਿ ਉਹ ਸਾਰਾ ਕੁਝ ਘਰ ਆ ਕੇ ਕਰੇ। ਪਰ ਸਿਆਣਾ ਚਾਹੁੰਦਾ ਸੀ ਕਿ ਇਹ ਸਾਰਾ ਕੁਝ ਡੇਰੇ ਵਿਚ ਹੋਵੇ। ਇਸ ਲਈ ਸਾਡੇ ਪਹੁੰਚਣ ਸਮੇਂ ਤੱਕ ਉਹਨਾਂ ਵਿਚਕਾਰ ਇਹ ਗੱਲ ਤੈਅ ਨਹੀਂ ਸੀ ਹੋ ਸਕੀ।
ਸਾਡੇ ਦੁਆਰਾ ਪੜਤਾਲ: ਕਿਉ=ਂਕਿ ਉਸ ਸਮੇਂ ਘਰ ਵਿਚ ਦੋ ਹੀ ਮੈਂਬਰ ਸਨ। ਇਸ ਲਈ ਅਸੀਂ ਗੁਆਂਢੀਆਂ ਦੇ ਮੁੰਡੇ ਨੂੰ ਖੇਤੋਂ ਬਾਕੀ ਜੀਆਂ ਨੂੰ ਬੁਲਾਉਣ ਲਈ ਭੇਜ ਦਿੱਤਾ। ਕਿਉ=ਂਕਿ ਇਸ ਘਰ ਵਿਚ ਅਸੀਂ ਬਿਨ ਬੁਲਾਏ ਮਹਿਮਾਨ ਸੀ ਇਸ ਲਈ ਘਰ ਵਾਲਿਆਂ ਨੇ ਸਾਨੂੰ ਕੁਝ ਖਵਾਇਆ ਪਿਆਇਆ ਵੀ ਨਹੀਂ। ਪਰ ਅਸੀਂ ਆਪਣੇ ਮੰਜੇ ਵਿਹੜੇ ਵਿਚ ਇਕ ਦਰਖ਼ਤ ਥੱਲੇ ਖੁਦ ਹੀ ਡਾਹ ਲਏ। ਕਿਉ=ਂਕਿ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਖੇਤ ਜਾਣ ਤੋਂ ਬਾਅਦ ਵੀ ਘਰ ਵਿੱਚ ਤਿੰਨ ਘਟਨਾਵਾਂ ਵਾਪਰ ਚੁੱਕੀਆਂ ਸਨ। ਇਸ ਲਈ ਘਰ ਦੇ ਦੋ ਮੈਂਬਰਾਂ ਤੇ ਹੀ ਸਾਡਾ ਸ਼ੱਕ ਸੀ। ਅਸੀਂ ਘਰ ਦੀ ਮਾਲਕਨ ਹਰਦੀਪ ਨੂੰ ਆਪਣੇ ਪਾਸ ਬੁਲਾ ਲਿਆ। ਉਸ ਨੇ ਜਦੋਂ ਘਰ ਦੇ ਸੋਨੇ ਦੇ ਗੁੰਮ ਹੋਣ ਤੇ ਲੱਭਣ ਵਾਲੀ ਘਟਨਾ ਦੱਸੀ ਤਾਂ ਸਾਨੂੰ ਇਸ ਵਿਚ ਕੋਈ ਸ਼ੱਕ ਨਾ ਰਿਹਾ ਕਿ ਘਰ ਵਿਚਲੀਆਂ ਸਾਰੀਆਂ ਘਟਨਾਵਾਂ ਜਸਵੀਰ ਤੋਂ ਵਾਪਰਦੀਆਂ ਹਨ। ਜਸਵੀਰ ਦੀਆਂਂ ਹੱਥ ਦੀਆਂ ਉਂਗਲਾਂ ਤੇ ਹੋਏ ਤਿੰਨ ਛਾਲੇ ਉਸ ਦੇ ਬਲਦੇ ਹੋਏ ਗੋਹੇ ਨਾਲ ਅੱਗ ਲਗਾਉਣ ਦੀਆਂ ਹਰਕਤਾਂ ਦੀ ਗਵਾਹੀ ਭਰ ਰਹੇ ਸਨ।
ਕੁਝ ਅੱਪਣਤ ਭਰੇ ਸ਼ਬਦ ਬੋਲਣ ਤੋਂ ਬਾਅਦ ਅਸੀਂ ਜਸਵੀਰ ਨੂੰ ਕਿਹਾ ਕਿ ਘਰ ਵਿਚਲੀਆਂ ਸਾਰੀਆਂ ਘਟਨਾਵਾਂ ਉਹ ਹੀ ਕਰਦੀ ਹੈ। ਪਰ ਪਹਿਲਾਂ ਪਹਿਲ ਤਾਂ ਉਸ ਨੇ ਕਿਹਾ ਕਿ ਕੋਈ ਆਪਣੇ ਘਰ ਵਿਚ ਘਟਨਾਵਾਂ ਕਿਉਂ ਕਰੂ। ਤੁਸੀਂ ਆਪਣੇ ਘਰ ਵਿਚ ਘਟਨਾਵਾਂ ਕਰਕੇ ਵਿਖਾਓ। ਜਦੋਂ ਅਸੀਂ ਉਸ ਨੂੰ ਦੱਸਿਆ ਕਿ ਸਾਡੇ ਮਨ ਵਿਚ ਇਹ ਸ਼ੱਕ ਨਹੀਂ ਸਗੋਂ ਯਕੀਨ ਹੈ ਕਿ ਸਾਰੀਆਂ ਘਟਨਾਵਾਂ ਉਸ ਤੋਂ ਹੀ ਵਾਪਰਦੀਆਂ ਹਨ ਅਤੇ ਉਸ ਨੂੰ ਸਾਡੀਆਂ ਦਲੀਲਾਂ ਸਾਹਮਣੇ ਹਥਿਆਰ ਸੁੱਟਣੇ ਪਏ। ਭਾਵੇਂ ਉਸ ਨੇ ਆਮ ਹਾਲਤ ਵਿਚ ਹੀ ਸਾਡੇ ਨਾਲ ਇਹ ਵਾਅਦਾ ਕਰ ਲਿਆ ਸੀ ਕਿ ਉਹ ਘਰ ਵਿਚ ਮੁੜ ਅਜਿਹੀਆਂ ਘਟਨਾਵਾਂ ਨਹੀਂ ਕਰੇਗੀ ਪਰ ਫਿਰ ਵੀ ਮੈਂ ਉਸਨੂੰ ਹਿਪਨੋਟਾਈਜ਼ ਕਰਨ ਦਾ ਫੈਸਲਾ ਕੀਤਾ।
ਘਟਨਾਵਾਂ ਕਿਉ=ਂ ਵਾਪਰਦੀਆਂ ਸਨ: ਜਸਵੀਰ 15 ਵਰਿ•ਆਂ ਦੀ ਭਰ ਜੋਬਨ ਮੁਟਿਆਰ ਸੀ। ਉਸ ਨੂੰ ਆਪਣੇ ਦਾਜ ਦਾ ਬਹੁਤ ਫਿਕਰ ਸੀ। ਇਸ ਲਈ ਉਹ ਹਰ ਅਜਿਹਾ ਸਮਾਨ ਇਕੱਠਾ ਕਰ ਰਹੀ ਸੀ। ਉਹ ਬਹੁਤ ਹੀ ਭਾਵੁਕ ਕਿਸਮ ਦੀ ਲੜਕੀ ਸੀ। ਘਰ ਵਾਲਿਆਂ ਵੱਲੋਂ ਕਹੀ ਹਰ ਗੱਲ ਦਾ ਉਸ ਤੇ ਬਹੁਤ ਡੂੰਘਾ ਅਸਰ ਹੁੰਦਾ ਸੀ। ਜਦੋਂ ਕਦੇ ਵੀ ਉਹ ਰੋਟੀ ਪਕਾਉਂਦੀ ਜਾਂ ਸਬਜ਼ੀ ਬਣਾਉਂਦੀ ਸੀ ਤਾਂ ਉਸ ਦਾ ਵੱਡਾ ਭਰਾ ਰੂਪਾ ਉਸ ਦੀ ਬਣਾਈ ਹੋਈ ਰੋਟੀ ਵਿਚ ਬੇਲੋੜੇ ਨੁਕਸ ਕੱਢ ਕੇ ਉਸ ਨੂੰ ਝਿੜਕਦਾ ਰਹਿੰਦਾ ਸੀ। ਰਾਤਾਂ ਨੂੰ ਸੁਫਨੇ ਵਿਚ ਆਪਣੇ ਤਾਏ ਦੀ ਕੁੜੀ ਅਮਰੋ ਨਜ਼ਰ ਆਉਂਦੀ ਸੀ ਜਿਸ ਦੇ ਕੁੱਛੜ ਵਿਚ ਮੁੰਡਾ ਚੁੱਕਿਆ ਹੁੰਦਾ ਸੀ। ਇਸ ਕੁੜੀ ਦੀ 3-4 ਸਾਲ ਪਹਿਲਾਂ ਮੌਤ ਹੋ ਗਈ ਸੀ। ਮਰਨ ਸਮੇਂ ਉਸ ਦੀ ਗੋਦ ਵਿਚ ਮੁੰਡਾ ਸੀ। ਇਹ ਅਮਰੋ ਦਾ ਭੂਤ ਹੀ ਉਸ ਨੂੰ ਕਹਿੰਦਾ ਸੀ ਕਿ ਤੇਰੇ ਭਰਾ ਨੂੰ ਵੀ ਜ਼ਰੂਰ ਲੈ ਜਾਣਾ ਹੈ। ਘਰ ਵਿਚਲੀਆਂ ਸਾਰੀਆਂ ਘਟਨਾਵਾਂ ਵੀ ਅਮਰੋ ਦਾ ਭੂਤ ਕਰਵਾਉਂਦਾ ਹੈ। ਜਸਵੀਰ ਨੇ ਦੱਸਿਆ ਕਿ ਅਮਰੋ ਮੈਨੂੰ ਆ ਕੇ ਨੱਪ ਲੈਂਦੀ ਹੈ ਤੇ ਘਰ ਵਿਚ ਘਟਨਾਵਾਂ ਕਰਨ ਦਾ ਹੁਕਮ ਦਿੰਦੀ ਹੈ।
ਮੈਂ ਜਸਵੀਰ ਦੇ ਮਨ ਵਿੱਚੋਂ ਭੂਤ ਦਾ ਡਰ ਭਜਾਉਣ ਲਈ ਉਸ ਨੂੰ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਤੇ ਦੱਸਿਆ ਕਿ ਭੂਤਾਂ-ਪ੍ਰੇਤਾਂ ਦੀ ਕੋਈ ਹੋਂਦ ਨਹੀਂ ਹੁੰਦੀ। ਅੰਤ ਵਿਚ ਮੈਂ ਉਸ ਨੂੰ ਉਸ ਦੀ ਤਾਏ ਦੀ ਲੜਕੀ ਨੂੰ ਹਿਪਨੋਟਿਜ਼ਮ ਰਾਹੀਂ ਵਿਖਾ ਦਿੱਤਾ ਅਤੇ ਕਿਹਾ ਕਿ ਇਹ “ਹੁਣ ਤੈਥੋਂ ਵਿਦਾਇਗੀ ਮੰਗ ਰਹੀ ਹੈ ਇਸ ਨੂੰ ਸਦਾ ਵਾਸਤੇ ਵਿਦਾ ਕਰਦੇ। ” ਜਸਵੀਰ ਨੇ ਆਪਣੇ ਖਿਆਲਾਂ ਵਿੱਚੋਂ ਉਸ ਨੂੰ ਸਦਾ ਲਈ ਵਿਦਾ ਕਰ ਦਿੱਤਾ। ਉਸ ਨੇ ਮੇਰੇ ਨਾਲ ਫਿਰ ਵਾਅਦਾ ਕੀਤਾ ਕਿ ਉਹ ਘਰ ਵਿਚ ਮੁੜ ਘਟਨਾਵਾਂ ਨਹੀਂ ਕਰੇਗੀ।
ਅੰਤ ਵਿਚ ਅਸੀਂ ਪਰਿਵਰ ਦੇ ਸਮੂਹ ਮੈਂਬਰਾਂ ਨੂੰ ਇਕੱਠੇ ਕੀਤਾ। ਉਹਨਾਂ ਨੂੰ ਪ੍ਰੇਮ ਨਾਲ ਰਹਿਣ ਦੀ ਹਦਾਇਤ ਕੀਤੀ ਤਾਂ ਜੋ ਫਿਰ ਉਸ ਦਾ ਭਰਾ ਕਦੇ ਉਸ ਨੂੰ ਝਿੜਕ ਨਾ ਸਕੇ। ਅੱਜ ਉਸ ਘਰ ਵਿਚ ਘਟਨਾਵਾਂ ਸਦਾ ਲਈ ਬੰਦ ਹੋ ਚੁੱਕੀਆਂ ਹਨ।

Back To Top