ਮੇਘ ਰਾਜ ਮਿੱਤਰ
ਵਿਗਿਆਨੀਆਂ ਨੇ ਮਨੁੱਖ ਜਾਤੀ ਦੇ ਵਿਕਾਸ ਦਾ ਵੀ ਬਹੁਤ ਡੂੰਘਾਈ ਨਾਲ ਅਧਿਐਨ ਕੀਤਾ ਹੈ। ਉਹਨਾਂ ਦਾ ਦਾਅਵਾ ਹੈ ਕਿ ਧਰਤੀ ਤੋਂ ਡਾਇਨੋਸੋਰਾਂ ਦੇ ਅਲੋਪ ਹੋ ਜਾਣ ਤੋਂ ਬਾਅਦ ਪ੍ਰਿਥਵੀ ਉੱਤੇ ਬਹੁਤ ਹੀ ਛੋਟੇ ਛੋਟੇ ਚੂਹੇ ਦੇ ਆਕਾਰ ਤੇ ਸ਼ਕਲ ਵਾਲੇ ਜਾਨਵਰ ਹੁੰਦੇ ਸਨ। ਇਹ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੇ ਤੇ ਜਨਮ ਦਿੰਦੇ। ਇਹਨਾਂ ਵਿੱਚ ਘਰਾਂ ਵਿੱਚੋਂ ਅੱਜ ਵੀ ਮਿਲਣ ਵਾਲੀ ਛੂਕੰਦਰ (ਚੂਹੇ ਵਰਗੀ ਸ਼ਕਲ ਤੇ ਆਕਾਰ) ਨਾਲ ਮਿਲਦੇ ਜੁਲਦੇ ਜੀਵਾਂ ਤੋਂ ਸਾਢੇ ਛੇ ਕਰੋੜ ਸਾਲ ਪਹਿਲਾਂ ਦਰਖ਼ਤਾਂ ਤੇ ਚੜ੍ਹਨ ਵਾਲੇ ਕਾਟੋ ਵਰਗੇ ਜੀਵ ਵਿਕਸਿਤ ਹੋਏ। ਦਰਖ਼ਤਾਂ ਤੇ ਚੜ੍ਹਨ ਲਈ ਇਹ ਆਪਣੇ ਪੰਜਿਆਂ ਨੂੰ ਵਰਤੋਂ ਵਿੱਚ ਲਿਆਉਂਦੇ ਸਨ। ਇਹਨਾਂ ਜੀਵਾਂ ਤੋਂ ਅੱਜ ਪੂਰਵੀ ਦੀਪਾਂ ਵਿੱਚ ਦਰੱਖਤਾਂ ਤੇ ਰਹਿਣ ਵਾਲੇ ਜੰਤੂ ਲੈਮੂਰ ਦਾ ਜਨਮ ਹੋਇਆ। ਸਮੇਂ ਦੀ ਤਬਦੀਲੀ ਨੇ ਇਸ ਲੈਮੂਰ ਨੂੰ ਤਿੰਨ ਕਰੋੜ ਅੱਸੀ ਲੱਖ ਸਾਲ ਪਹਿਲਾਂ ਪੂਛ ਵਾਲੇ ਬਾਂਦਰ ਵਿੱਚ ਬਦਲ ਦਿੱਤਾ। ਕਿਉਂਕਿ ਇਹ ਆਮ ਤੌਰ ਤੇ ਦਰੱਖਤਾਂ ਤੇ ਰਹਿੰਦੇ ਸਨ ਤੇ ਆਪਣੀਆਂ ਮੂਹਰਲੀਆਂ ਲੱਤਾਂ ਨਾਲ ਟਾਹਣੀਆਂ ਤੋਂ ਲਮਕਦੇ ਅਤੇ ਟਪੂਸੀਆਂ ਮਾਰਦੇ ਸਨ। ਇਸ ਲਈ ਇਹਨਾਂ ਦੇ ਸਰੀਰ ਦਿਨੋ ਦਿਨ ਸਿੱਧੇ ਅਤੇ ਮੂਹਰਲੀਆਂ ਲੱਤਾਂ ਬਾਹਾਂ ਵਿੱਚ, ਪੰਜੇ ਹੱਥਾਂ ਵਿੱਚ ਬਦਲਦੇ ਗਏ।
ਵਿਗਿਆਨ ਦਾ ਇੱਕ ਨਿਯਮ ਹੈ ਕਿ ਜੀਵ ਜਿਹੜੇ ਅੰਗਾਂ ਨੂੰ ਵਰਤਦੇ ਰਹਿੰਦੇ ਹਨ ਉਹਨਾਂ ਦਾ ਵਿਕਾਸ ਹੁੰਦਾ ਰਹਿੰਦਾ ਹੈ ਤੇ ਜਿਹੜੇ ਅੰਗਾਂ ਦੀ ਵਰਤੋਂ ਨਹੀਂ ਕਰਦੇ ਉਹ ਹੌਲੀ ਹੌਲੀ ਅਲੋਪ ਹੋ ਜਾਂਦੇ ਹਨ। ਬਾਂਦਰ ਵਿੱਚ ਵੀ ਇੰਝ ਹੋਣਾ ਹੀ ਸੀ। ਉਸਦੇ ਹੱਥਾਂ ਨੇ ਵਿਕਾਸ ਕਰਨਾ ਜਾਰੀ ਰੱਖਿਆ ਅਤੇ ਪੂਛ ਦੀ ਵਰਤੋਂ ਉਹ ਘੱਟ ਹੀ ਕਰਦਾ ਸੀ, ਇਸ ਤਰ੍ਹਾਂ ਉਹ ਦਿਨੋ ਦਿਨ ਘਟਦੀ ਗਈ।
ਵਿਗਿਆਨੀਆਂ ਨੇ ਮਨੁੱਖ ਜਾਤੀ ਵਿੱਚ ਸਿਰਫ਼ ਚਾਰ ਨਸਲਾਂ ਨੂੰ ਰੱਖਿਆ ਹੋਇਆ ਹੈ। ਇਹਨਾਂ ਵਿੱਚ ਲੈਮੂਰ, ਬਾਂਦਰ, ਪੂਛਹੀਣ ਬਾਂਦਰ ਤੇ ਮਨੁੱਖ ਸ਼ਾਮਿਲ ਹਨ। ਤਿੰਨ ਕਰੋੜ ਸਾਲ ਪਹਿਲਾਂ ਮਨੁੱਖ ਦੀਆਂ ਟੰਗਾਂ ਤੇ ਜਬਾੜੇ ਨਾਲ ਮਿਲਦੀਆਂ ਜੁਲਦੀਆਂ ਹੱਡੀਆਂ ਵਾਲੇ ਲੰਗੂਰਾਂ ਦੀਆਂ ਕਈ ਨਸਲਾਂ ਧਰਤੀ ਤੇ ਵਿਚਰਨ ਲੱਗ ਪਈਆਂ ਸਨ। ਲੰਗੂਰਾਂ ਤੋਂ ਪੂਛ ਵਾਲੇ ਬਾਂਦਰ ਤੇ ਇਹਨਾਂ ਤੋਂ ਪੂਛਹੀਣ ਬਾਂਦਰ ਦਾ ਵਿਕਾਸ ਹੋ ਗਿਆ ਸੀ। ਮਨੁੱਖ ਤੇ ਬਾਂਦਰ ਵਿੱਚ ਬਹੁਤ ਸਾਰੇ ਅਜਿਹੇ ਗੁਣ ਹਨ ਜਿਹੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਮਨੁੱਖ ਬਾਂਦਰਾਂ ਦੀ ਹੀ ਸੰਤਾਨ ਹੈ। ਦੁੱਖ ਸੁੱਖ ਸਮੇਂ ਚੇਹਰੇ ਦੇ ਹਾਵ ਭਾਵ ਮਨੁੱਖ ਤੇ ਬਾਂਦਰ ਵਿੱਚ ਸਮਾਨ ਹੀ ਹੁੰਦੇ ਹਨ। ਦੋਹਾਂ ਦੀਆਂ ਲੰਬੀਆਂ ਬਾਹਾਂ, ਲੰਮੀਆਂ ਗਰਦਨਾਂ, ਪੰਜੇ ਦੀਆਂ ਉਂਗਲੀਆਂ, ਹੱਥ ਦੀਆਂ ਲਕੀਰਾਂ, ਅੱਖਾਂ ਦੇ ਭਰਵੱਟਿਆਂ ਤੇ ਵਾਲ, ਮਨੁੱਖ ਤੇ ਬਾਂਦਰ ਵਿੱਚ ਸਮਾਨਤਾ ਦਾ ਹੀ ਪ੍ਰਗਟਾਵਾ ਹਨ। ਆਵਾਜ਼ ਰਾਹੀਂ ਗੱਲਾਂ ਸਮਝਾਉਣੀਆਂ, ਜੋੜਿਆਂ ਵਿੱਚ ਰਹਿਣਾ, ਮਾਦਾ ਵਿੱਚ ਮਾਹਵਾਰੀ, ਆਦਿ ਹੋਰ ਬਹੁਤ ਸਾਰੇ ਅਜਿਹੇ ਗੁਣ ਹਨ ਜਿਹੜੇ ਸਿੱਧ ਕਰਦੇ ਹਨ ਕਿ ਮਨੁੱਖਾਂ ਦਾ ਵਿਕਾਸ ਬਾਂਦਰ ਤੋਂ ਹੀ ਹੋਇਆ ਹੈ। ਅੱਜ ਦੇ ਡਾਕਟਰ ਹਰ ਦਵਾਈ ਨੂੰ ਮਨੁੱਖ ਤੇ ਲਾਗੂ ਕਰਨ ਤੋਂ ਪਹਿਲਾਂ ਬਾਂਦਰ ਤੇ ਹੀ ਕਿਉਂ ਵਰਤਦੇ ਹਨ ਇਸਦਾ ਕਾਰਨ ਵੀ ਮਨੁੱਖ ਤੇ ਬਾਂਦਰ ਦੀ ਅੰਦਰੂਨੀ ਸਰੀਰਕ ਬਣਤਰ ਦਾ ਇੱਕੋ ਜਿਹਾ ਹੋਣਾ ਹੀ ਹੈ। ਚਿੰਪਾਜੀ ਤੇ ਗੁਰੀਲਾ ਬਾਂਦਰ ਦੀਆਂ ਅਜਿਹੀਆਂ ਕਿਸਮਾਂ ਹਨ ਜਿਹੜੀਆਂ ਮਨੁੱਖ ਦੇ ਬਹੁਤ ਹੀ ਨੇੜੇ ਹਨ। ਇਹਨਾਂ ਵਿੱਚ ਦਿਮਾਗੀ ਚੇਤਨਾ ਧਰਤੀ ਤੇ ਉਪਲਬਧ ਜੀਵਾਂ ਵਿੱਚੋਂ ਮਨੁੱਖ ਤੋਂ ਬਗੈਰ ਸਭ ਤੋਂ ਵੱਧ ਹੁੰਦੀ ਹੈ। ਇਸ ਗੱਲ ਨੂੰ ਸਿੱਧ ਕਰਨ ਲਈ ਰੂਸੀ ਵਿਗਿਆਨੀਆਂ ਨੇ ਇੱਕ ਕਮਰੇ ਦੀ ਛੱਤ ਨਾਲ ਅੰਗੂਰਾਂ ਦਾ ਗੁੱਛਾ ਲਟਕਾ ਦਿੱਤਾ। ਕਮਰੇ ਵਿੱਚ ਲੱਕੜੀ ਦੇ ਛੋਟੇ ਵੱਡੇ ਟੁਕੜੇ ਰੱਖ ਦਿੱਤੇ ਗਏ। ਇੱਕ ਭੁੱਖੇ ਚਿੰਪਾਜੀ ਨੂੰ ਜਦੋਂ ਇਸ ਕਮਰੇ ਵਿੱਚ ਕੁਝ ਸਮੇਂ ਲਈ ਛੱਡਿਆ ਗਿਆ ਤਾਂ ਉਸਨੇ ਲੱਕੜੀ ਦੇ ਗੁਟਕਿਆਂ ਨੂੰ ਇੱਕ ਦੂਜੇ ਉੱਪਰ ਚਿਣ ਕੇ ਅੰਗੂਰਾਂ ਨੂੰ ਛੱਤ ਤੋਂ ਉਤਾਰ ਲਿਆ। ਇਸ ਤਰ੍ਹਾਂ ਉਹ ਅੰਗੂਰਾਂ ਨੂੰ ਖਾਣ ਵਿੱਚ ਸਫ਼ਲ ਹੋ ਗਿਆ।