ਮੇਘ ਰਾਜ ਮਿੱਤਰ
ਪ੍ਰਿਥਵੀ ਤੇ ਘਾਹ ਪੈਦਾ ਹੋਣ ਕਾਰਨ ਬੇਸ਼ੁਮਾਰ ਚਾਰਗਾਹਾਂ ਪੈਦਾ ਹੋ ਗਈਆਂ ਸਨ। ਜਿਹੜੇ ਥਣਧਾਰੀ ਅਲੋਪ ਹੋ ਗਏ ਸਨ ਉਹਨਾਂ ਤੋਂ ਵੀ ਚਮਤਕਾਰੀ ਘਾਸਾਹਾਰੀ ਪਸ਼ੂ ਤੇ ਇਹਨਾਂ ਨੂੰ ਮਾਰ ਮੁਕਾਉਣ ਵਾਲੇ ਜੰਗਲੀ ਜਾਨਵਰ ਹੋਂਦ ਵਿੱਚ ਆ ਗਏ। ਇਹਨਾਂ ਨਵੇਂ ਥਣਧਾਰੀ ਪਸ਼ੂਆਂ ਵਿੱਚ ਇੱਕ ਖਾਸ ਕਿਸਮ ਦਾ ਗੁਣ ਸੀ ਕਿ ਇਹ ਆਪਣੀ ਨਵੀਂ ਜਨਮੀ ਸੰਤਾਨ ਨੂੰ ਦੁੱਧ ਚੁੰਘਾਉਂਦੇ ਸਨ ਅਤੇ ਉਹਨਾਂ ਨੂੰ ਆਪਣੇ ਨਾਲ ਹੀ ਰੱਖ ਕੇ ਪਾਲਦੇ ਪੋਸਦੇ ਸਨ। ਇਸ ਤਰ੍ਹਾਂ ਇਹਨਾਂ ਥਣਧਾਰੀ ਪਸ਼ੂਆਂ ਨੇ ਝੁੰਡਾਂ ਵਿੱਚ ਇਕੱਠੇ ਰਹਿਣਾ ਸਿੱਖ ਲਿਆ। ਹੌਲੀ ਹੌਲੀ ਇਸ ਢੰਗ ਨਾਲ ਸਮਾਜਿਕ ਚੇਤਨਾ ਵਿੱਚ ਵਿਕਾਸ ਹੁੰਦਾ ਰਿਹਾ। ਵਿਗਿਆਨਕਾਂ ਕੋਲ ਇਸ ਗੱਲ ਦੇ ਸਬੂਤ ਹਨ ਕਿ ਜਿਉਂ ਜਿਉਂ ਹੀ ਪਸ਼ੂਆਂ ਦੀ ਸਮਾਜਿਕ ਚੇਤਨਾ ਵਿੱਚ ਵਾਧਾ ਹੁੰਦਾ ਰਿਹਾ ਹੈ ਇਹਨਾਂ ਦੇ ਮਗਜ਼ ਦਾ ਆਕਾਰ ਵੀ ਵਧਦਾ ਰਿਹਾ ਹੈ। ਹੌਲੀ ਹੌਲੀ ਇਹਨਾਂ ਵਿੱਚ ਚੇਤਨਾ ਵਧਦੀ ਗਈ ਅਤੇ ਇਹਨਾਂ ਦੇ ਝੁੰਡਾਂ ਦਾ ਆਕਾਰ ਵੀ ਵੱਡਾ ਹੁੰਦਾ ਗਿਆ। ਇਸ ਤਰ੍ਹਾਂ ਸਮਾਂ ਤੁਰਦਾ ਰਿਹਾ ਤੇ ਸਾਡੇ ਅੱਜ ਦੇ ਪਸ਼ੂ ਸ਼ੇਰ, ਚੀਤਾ, ਗਧਾ, ਘੋੜਾ, ਮੱਝਾਂ, ਗਾਵਾਂ ਤੇ ਹਿਰਨ ਆਦਿ ਹੋਂਦ ਵਿੱਚ ਆ ਗਏ। ਇਹਨਾਂ ਵਿੱਚ ਹਾਥੀ ਵਰਗਾ ਜਾਨਵਰ ਮੈਮਥ ਵੀ ਸੀ ਜਿਹੜਾ ਪੰਦਰ੍ਹਾਂ ਹਜ਼ਾਰ ਵਰ੍ਹੇ ਪਹਿਲਾਂ ਧਰਤੀ ਤੋਂ ਲੁਪਤ ਹੋ ਗਿਆ। ਅੱਜ ਵੀ ਇਹਨਾਂ ਦੇ ਪੂਰੇ ਦੇ ਪੂਰੇ ਸਰੀਰਕ ਢਾਂਚੇ ਸਾਇਬੇਰੀਆ ਦੇ ਬਰਫੀਲੇ ਮੈਦਾਨਾਂ ਵਿੱਚੋਂ ਮਿਲਦੇ ਹਨ।
ਜੇ ਅਸੀਂ ਪ੍ਰਾਚੀਨ ਸਿੱਲਾਂ ਵਿੱਚੋਂ ਮਿਲੇ ਘੋੜੇ ਦੇ ਪਿੰਜਰਾਂ ਦਾ ਅਧਿਐਨ ਕਰੀਏ ਤਾਂ ਸਾਡੀ ਹੈਰਾਨੀ ਹੋਰ ਵੀ ਵਧ ਜਾਂਦੀ ਹੈ।
ਉੱਤਰੀ ਅਮਰੀਕਾ ਵਿੱਚੋਂ ਮਿਲੇ ਸਾਢੇ ਪੰਜ ਕਰੋੜ ਵਰੇ੍ਹ ਪੁਰਾਣੇ ਪਿੰਜਰ ਦੱਸਦੇ ਹਨ ਕਿ ਇਸ ਸਮੇਂ ਦੇ ਘੋੜੇ ਦਾ ਕੱਦ ਸਿਰਫ਼ ਬਿੱਲੀ ਦੇ ਆਕਾਰ ਦਾ ਹੀ ਸੀ। ਛੋਟਾ ਸਿਰ ਤੇ ਛੋਟੀ ਗਰਦਨ ਦੇ ਨਾਲ ਹੀ ਇਸ ਦੇ ਪੰਜੇ ਵਿੱਚ ਚਾਰ ਉਂਗਲਾਂ ਹੀ ਸਨ। ਦੋ ਕਰੋੜ ਵਰਿ੍ਹਆਂ ਬਾਅਦ ਇਸਦਾ ਆਕਾਰ ਬੱਕਰੀ ਜਿੱਡਾ ਹੋ ਗਿਆ ਤੇ ਪੰਜੇ ਵਿੱਚੋਂ ਇੱਕ ਉਂਗਲੀ ਹੋਰ ਅਲੋਪ ਹੋ ਗਈ ਅਤੇ ਹੁਣ ਉਂਗਲਾਂ ਦੀ ਗਿਣਤੀ ਸਿਰਫ਼ ਤਿੰਨ ਰਹਿ ਗਈ। ਲੱਗਭੱਗ ਇੱਕ ਕਰੋੜ ਵਰੇ੍ਹ ਪਹਿਲਾਂ ਘੋੜੇ ਦਾ ਕੱਦ ਅੱਜ ਦੇ ਗਧੇ ਜਿੱਡਾ ਹੋ ਗਿਆ। ਆਧੁਨਿਕ ਘੋੜਾ ਅੱਜ ਤੋਂ ਚਾਰ ਲੱਖ ਸਾਲ ਪਹਿਲਾਂ ਹੀ ਹੋਂਦ ਵਿੱਚ ਆਇਆ ਹੈ। ਘੋੜੇ ਦੇ ਵਿਕਾਸ ਦਾ ਅਧਿਐਨ ਕਰਨ ਸਮੇਂ ਇਸ ਦੇ ਦੰਦਾਂ ਤੇ ਦਿਮਾਗੀ ਵਿਕਾਸ ਦੀ ਕਹਾਣੀ ਹੋਰ ਵੱਧ ਸਪੱਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੈ।