ਮੁਢਲੇ ਪਸ਼ੂ

ਮੇਘ ਰਾਜ ਮਿੱਤਰ

ਮੁਢਲੇ ਪੰਛੀਆਂ ਦੀ ਤਰ੍ਹਾਂ ਹੀ ਮੁਢਲੇ ਪਸ਼ੂਆਂ ਨੂੰ ਆਪਣੇ ਦੁਸ਼ਮਣਾਂ ਤੋਂ ਬਚਣ ਲਈ ਠੰਡੇ ਅਸਥਾਨਾਂ ਦਾ ਸਹਾਰਾ ਲੈਣਾ ਪਿਆ। ਨਵੀਆਂ ਹਾਲਤਾਂ ਅਨੁਸਾਰ ਨਵੇਂ ਸੁਭਾਅ ਤੇ ਨਵੇਂ ਸੁਭਾਅ ਨੇ ਉਹਨਾਂ ਦੇ ਅੰਗਾਂ ਪੈਰਾਂ ਦੀ ਬਣਤਰ ਵਿੱਚ ਤਬਦੀਲੀਆਂ ਲਿਆ ਦਿੱਤੀਆਂ। ਇਹ ਠੰਡੇ ਖੂਨ ਦੀ ਥਾਂ ਗਰਮ ਖੂਨ ਦੇ ਮਾਲਕ ਬਣ ਗਏ। ਪਰਾਂ ਦੀ ਥਾਂ ਤੇ ਜੱਤ ਆ ਗਈ। ਆਂਡਿਆਂ ਨੂੰ ਬਾਹਰ ਕੱਢ ਕੇ ਨਿੱਘ ਦੇਣ ਦੀ ਬਜਾਏ ਇਹਨਾਂ ਨੇ ਆਪਣੇ ਢਿੱਡਾਂ ਵਿੱਚ ਹੀ ਰੱਖਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਉਹਨਾਂ ਨੇ ਆਂਡੇ ਦੇਣ ਦੀ ਬਜਾਏ ਸੰਤਾਨ ਨੂੰ ਜਨਮ ਦੇਣਾ ਤੇ ਭੋਜਨ ਮੂੰਹਾਂ ਰਾਹੀਂ ਖੁਵਾਉਣ ਦੀ ਬਜਾਏ ਦੁੱਧ ਚੁੰਘਾਉਣਾ ਸ਼ੁਰੂ ਕਰ ਦਿੱਤਾ। ਇਸ ਤੱਥ ਦਾ ਸਬੂਤ ਅੱਜ ਵੀ ਧਰਤੀ ਤੇ ਮਿਲਣ ਵਾਲੇ ਅਜਿਹੇ ਜੀਵ ਹਨ ਜਿਹੜੇ ਦਿੰਦੇ ਤਾਂ ਆਂਡੇ ਹਨ ਪਰ ਆਪਣੇ ਜੀਵਾਂ ਨੂੰ ਦੁੱਧ ਵੀ ਚੁੰਘਾਉਂਦੇ ਹਨ।
ਇਸ ਤੋਂ ਬਾਅਦ ਪ੍ਰਿਥਵੀ ਤੇ ਅਜਿਹਾ ਯੁੱਗ ਆਇਆ ਜਿਸ ਵਿੱਚ ਧਰਤੀ ਉੱਤੇ ਵੱਡੀਆਂ ਵੱਡੀਆਂ ਉੱਥਲਾਂ ਪੁੱਥਲਾਂ ਹੋਈਆਂ। ਜਵਾਲਾਮੁਖੀਆਂ ਨੇ ਅੱਗ ਵਰ੍ਹਾਣ ਦਾ ਕੰਮ ਤੇਜ਼ ਕਰ ਦਿੱਤਾ ਅਤੇ ਦੁਨੀਆਂ ਦੇ ਖਿੱਤੇ ਵਿੱਚ ਵਿਖਾਈ ਦੇਣ ਵਾਲੇ ਵੱਡੇ ਵੱਡੇ ਪਹਾੜਾਂ ਦੀਆਂ ਲੜੀਆਂ ਨੇ ਹੋਂਦ ਵਿੱਚ ਆਉਣਾ ਸ਼ੁਰੂ ਕਰ ਦਿੱਤਾ ਸੀ। ਵਰਤਮਾਨ ਮਹਾਂਦੀਪਾਂ ਵਿੱਚ ਵਿੱਥ ਵੱਧ ਹੋਣ ਲੱਗ ਪਈ ਤੇ ਇਹ ਪੰਦਰਾਂ ਸੈਂਟੀਮੀਟਰ ਪ੍ਰਤੀ ਸਾਲ ਇੱਕ ਦੂਜੇ ਤੋਂ ਦੂਰ ਹੱਟਣ ਲੱਗ ਪਏ। ਮਹਾਂਦੀਪਾਂ ਵਿੱਚ ਵਧ ਰਹੀ ਇਸ ਵਿੱਥ ਨੇ ਅੱਜ ਦੇ ਪ੍ਰਸ਼ਾਂਤ ਮਹਾਂਸਾਗਰ ਤੇ ਅੰਧ ਮਹਾਂਸਾਗਰ ਦੇ ਆਧੁਨਿਕ ਸਮੁੰਦਰੀ ਰੂਪ ਨੂੰ ਜਨਮ ਦੇਣਾ ਸ਼ੁਰੂ ਕਰ ਦਿੱਤਾ।

Back To Top