ਮੇਘ ਰਾਜ ਮਿੱਤਰ
ਜਦੋਂ ਡਾਇਨਾਸੋਰਾਂ ਦੀ ਨਸਲ ਦੇ ਛੋਟੇ ਛੋਟੇ ਜੀਵ ਮਾਸਾਹਾਰੀ ਜੀਵਾਂ ਦਾ ਟਾਕਰਾ ਨਾ ਕਰ ਸਕੇ ਤਾਂ ਇਹਨਾਂ ਵਿੱਚੋਂ ਕੁਝ ਪਹਾੜੀ ਸਥਾਨਾਂ ਤੇ ਕੂਚ ਕਰ ਗਏ। ਹਾਲਤਾਂ ਦੀ ਮੰਗ ਅਨੁਸਾਰ ਉਹਨਾਂ ਨੇ ਆਪਣੇ ਸਰੀਰਾਂ ਨੂੰ ਠੰਡ ਤੋਂ ਬਚਾਉਣ ਲਈ ਛੋਟੇ ਛੋਟੇ ਖੰਭ ਉਗਾ ਲਏ। ਇਹ ਛੋਟੇ ਛੋਟੇ ਖੰਭ ਉਹਨਾਂ ਨੂੰ ਪਹਾੜਾਂ ਵਿੱਚ ਉੱਚੀ ਚੋਟੀ ਤੋਂ ਹੇਠਲੀ ਚੋਟੀ ਤੱਕ ਆਉਣ ਵਿੱਚ ਸਹਾਈ ਹੁੰਦੇ ਸਨ। ਲੱਖਾਂ ਸਾਲਾਂ ਦੇ ਅਭਿਆਸ ਨਾਲ ਆਖਰ ਇਹ ਕਿਰਲੀਆਂ ਉੱਡਣਾ ਸਿੱਖ ਗਈਆਂ ਤੇ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਧਰਤੀ ਦੇ ਚਾਰੇ ਪਾਸੇ ਇਹ ਕਿਰਲੀਆਂ ਹੀ ਉੱਡਦੀਆਂ ਨਜ਼ਰ ਆਉਂਦੀਆਂ ਸਨ। ਇਸ ਤਰ੍ਹਾਂ ਇਹ ਪਹਿਲੇ ਪੰਛੀ ਬਣ ਗਏ। ਪਹਿਲਾਂ ਪਹਿਲ ਇਹ ਪੰਛੀ ਸਮੁੰਦਰੀ ਮੱਛੀਆਂ ਖਾ ਕੇ ਗੁਜ਼ਾਰਾ ਕਰਦੇ ਸਨ। ਉਹਨਾਂ ਦੇ ਅਗਲੇ ਪੈਰ ਅੱਜ ਵੀ ਐਂਟਾਰਟਿਕਾ ਵਿੱਚੋਂ ਮਿਲਦੇ ਪੰਛੀ ਪੈਂਗੁਅਨ ਜਿਹੇ ਹੁੰਦੇ ਸਨ ਤੇ ਇਹਨਾਂ ਦੇ ਪਰ ਕੀਵੀ ਵਰਗੇ ਹੁੰਦੇ ਸਨ। ਧਰਤੀ ਦੀਆਂ ਚੱਟਾਨਾਂ ਵਿੱਚੋਂ ਮਿਲੇ ਆਰਕੀਉਪਟੈਰਿਕਸ ਨਾਂ ਦੇ ਜੀਵ ਦੇ ਪਿੰਜਰ ਇਸ ਗੱਲ ਦਾ ਸਬੂਤ ਹਨ ਕਿ ਰੀਂਗਣ ਵਾਲੇ ਜਾਨਵਰਾਂ ਤੋਂ ਹੀ ਉੱਡਣ ਵਾਲੇ ਪੰਛੀ ਹੋਂਦ ਵਿੱਚ ਆਏ ਹਨ। ਇਸ ਪੰਛੀ ਵਿੱਚ ਉੱਡਣ ਵਾਲੇ ਤੇ ਰੀਂਗ ਕੇ ਤੁਰਨ ਵਾਲੇ ਦੋਹਾਂ ਜੀਵਾਂ ਦੇ ਗੁਣ ਮੌਜੂਦ ਸਨ। ਅੱਜ ਤੋਂ ਸਾਢੇ ਛੇ ਕਰੋੜ ਵਰੇ੍ਹ ਪਹਿਲਾਂ ਧਰਤੀ ਤੇ ਵਾਪਰੀ ਕਿਸੇ ਵੱਡੀ ਦੁਰਘਟਨਾ ਕਾਰਨ ਡਾਇਨੋਸਾਰਾਂ ਦੀਆਂ ਨਸਲਾਂ ਧਰਤੀ ਤੋਂ ਸਦਾ ਲਈ ਅਲੋਪ ਹੋ ਗਈਆਂ। ਅੱਜ ਵਿਗਿਆਨੀਆਂ ਕੋਲ ਇਸ ਗੱਲ ਦੇ ਪੱਕੇ ਸਬੂਤ ਹਨ ਕਿ ਸਾਢੇ ਛੇ ਕਰੋੜ ਵਰੇ੍ਹ ਪਹਿਲਾਂ ਇੱਕ ਬਹੁਤ ਹੀ ਵੱਡਾ ਉਲਕਾ ਪਿੰਡ ਧਰਤੀ ਨਾਲ ਆ ਟਕਰਾਇਆ ਸੀ। ਵਿਗਿਆਨੀਆਂ ਨੇ ਬ੍ਰਾਜ਼ੀਲ ਵਿੱਚ ਉਸ ਥਾਂ ਦਾ ਵੀ ਪਤਾ ਲਗਾ ਲਿਆ ਹੈ ਜਿੱਥੇ ਉਹ ਉਲਕਾ ਡਿੱਗੀ ਸੀ। ਇਸ ਉਲਕਾ ਪਿੰਡ ਦੇ ਟਕਰਾਉਣ ਨਾਲ ਐਨੀ ਗਰਦ ਉੱਠੀ ਕਿ ਉਸ ਗਰਦ ਨੇ ਕਈ ਵਰੇ੍ਹ ਧਰਤੀ ਤੇ ਸੂਰਜ ਦੀ ਰੌਸ਼ਨੀ ਹੀ ਨਾ ਪੈਣ ਦਿੱਤੀ। ਇਸ ਲਈ ਧਰਤੀ ਤੇ ਉਪਲਬਧ ਸਾਰੀ ਬਨਸਪਤੀ ਮੁਰਝਾ ਗਈ। ਉਸ ਸਮੇਂ ਟਕਰਾਏ ਉਲਕਾ ਪਿੰਡ ਨੇ ਪੂਰੀ ਧਰਤੀ ਦੀਆਂ ਪਰਤਾਂ ਵਿੱਚ ਇੱਕ ਅਜਿਹੀ ਤਹਿ ਵਿਛਾ ਦਿੱਤੀ ਹੈ ਕਿ ਫਾਸਿਲਾਂ ਦੀ ਖੋਜ ਵਿੱਚ ਲੱਗੇ ਵਿਗਿਆਨੀਆਂ ਨੂੰ ਉਹ ਤਹਿ ਸਪਸ਼ਟ ਨਜ਼ਰ ਆ ਜਾਂਦੀ ਹੈ। ਇਸੇ ਤਹਿ ਦੇ ਹੇਠਾਂ ਤੱਕ ਹੀ ਡਾਇਨਾਸੌਰਾਂ ਦੇ ਫਾਸਿਲ ਪ੍ਰਾਪਤ ਹੁੰਦੇ ਹਨ। ਇਸ ਘਟਨਾ ਕਰਕੇ ਜੀਵਾਂ ਦੀਆਂ ਨੱਬੇ ਪ੍ਰਤੀਸ਼ਤ ਨਸਲਾਂ ਖੁਰਾਕ ਦੀ ਘਾਟ ਕਾਰਨ ਸਦਾ ਲਈ ਅਲੋਪ ਹੋ ਗਈਆਂ ਸਨ। ਪਰ ਇਹਨਾਂ ਡਾਇਨਾਸੋਰਾਂ ਦੀ ਹੋਂਦ ਦੇ ਸਬੂਤ ਕਲਕੱਤੇ ਦੇ ਅਜਾਇਬਘਰ ਵਿੱਚ ਪਈਆਂ ਵੱਡੀਆਂ ਵੱਡੀਆਂ ਹੱਡੀਆਂ ਦੇ ਪਿੰਜਰ ਹਨ।