ਮੇਘ ਰਾਜ ਮਿੱਤਰ
ਸਮੇਂ ਦੀ ਤਬਦੀਲੀ ਨਾਲ ਧਰਤੀ ਤੇ ਗਰਮੀ ਪੈਣ ਲੱਗ ਪਈ ਜਿਸ ਨਾਲ ਸਰਦ ਮੌਸਮ ਦੇ ਜੀਵਾਂ ਦੀਆਂ ਕਈ ਨਸਲਾਂ ਅਲੋਪ ਹੋ ਗਈਆਂ ਪਰ ਗਰਮੀਆਂ ਵਿੱਚ ਚੁਸਤ ਹੋਣ ਵਾਲੇ ਜੀਵ ਹੋਂਦ ਵਿੱਚ ਆ ਗਏ। ਇਹਨਾਂ ਵਿੱਚ ਸੱਪ, ਕੱਛੂ, ਘੜਿਆਲ, ਮਗਰਮੱਛ, ਡੱਡੂ ਤੇ ਗਿਰਗਿਟ ਵਰਗੇ ਜੀਵ ਵਿਚਰਨ ਲੱਗ ਪਏ। ਅੱਜ ਤੋਂ ਚੌਵੀ ਕਰੋੜ ਸਾਲ ਪਹਿਲਾਂ ਇਹਨਾਂ ਹੀ ਜੀਵਾਂ ਤੋਂ ਵਿਕਾਸ ਕਰਕੇ ਅੱਜ ਦੇ ਪਸ਼ੂ ਤੇ ਪੰਛੀ ਹੋਂਦ ਵਿੱਚ ਆਏ ਹਨ। ਭਾਵੇਂ ਇਹਨਾਂ ਜੀਵਾਂ ਨੂੰ ਲੰਬਾ ਸਮਾਂ ਧਰਤੀ ਤੇ ਮਿਲਣ ਵਾਲੇ ਵੱਡੇ ਜੀਵਾਂ ਕਰਕੇ ਗੁਪਤਵਾਸ ਵਿੱਚ ਹੀ ਰਹਿਣਾ ਪਿਆ ਹੈ ਅਤੇ ਇਸ ਲਈ ਲੰਬੇ ਸਮੇਂ ਤੱਕ ਇਹ ਆਪਣੀਆਂ ਨਸਲਾਂ ਦੇ ਸਰੀਰਕ ਆਕਾਰ ਵਿੱਚ ਬਹੁਤਾ ਵਿਕਾਸ ਨਹੀਂ ਕਰ ਸਕੇ ਸਨ ਪਰ ਇਹਨਾਂ ਨੇ ਆਪਣੀ ਹੋਂਦ ਕਾਇਮ ਰੱਖ ਕੇ ਹੀ ਅੱਜ ਮਿਲਣ ਵਾਲੇ ਪਸ਼ੂਆਂ ਦੇ ਜੰਗਲੀ ਜਾਨਵਰਾਂ ਦੀ ਹੋਂਦ ਦਾ ਮੁੱਢ ਬੰਨਿ੍ਹਆ ਹੈ। ਧਰਤੀ ਤੇ ਲੱਗਭੱਗ ਪੰਦਰਾਂ ਕਰੋੜ ਸਾਲ ਡਾਇਨੋਸੋਰ ਵਰਗੇ ਵੱਡੇ ਤੇ ਭਿਆਨਕ ਜੀਵ ਹੀ ਰਾਜ ਕਰਦੇ ਰਹੇ ਹਨ। ਇਹਨਾਂ ਦੇ ਸਰੀਰਾਂ ਦੀਆਂ ਹੱਡੀਆਂ ਦਰਸਾਉਂਦੀਆਂ ਹਨ ਕਿ ਇਹਨਾਂ ਦੀ ਲੰਬਾਈ ਚੁਰਾਸੀ ਫੁੱਟ ਤੱਕ ਹੁੰਦੀ ਸੀ ਤੇ ਬੈਠਣ ਸਮੇਂ ਸੌ ਫੁੱਟ ਥਾਂ ਘੇਰਦੇ ਸਨ। ਇੱਕੋ ਥਾਂ ਤੇ ਬੈਠ ਕੇ ਹੀ ਇਹ ਸੈਂਕੜੇ ਦਰਖਤਾਂ ਦੇ ਟੂਸੇ ਚਰ ਜਾਂਦੇ ਸਨ ਕਿਉਂਕਿ ਇਹਨਾਂ ਵਿੱਚੋਂ ਬਹੁਤੇ ਸ਼ਾਕਾਹਾਰੀ ਸਨ ਇਸ ਲਈ ਆਮ ਤੌਰ ਤੇ ਇਹ ਮਾਸਾਹਾਰੀਆਂ ਦਾ ਸ਼ਿਕਾਰ ਬਣ ਜਾਂਦੇ। ਮਜ਼ਬੂਰ ਹੋ ਕੇ ਇਹਨਾਂ ਰੀਂਗਣ ਵਾਲੇ ਜਾਨਵਰਾਂ ਦੀਆਂ ਕੁਝ ਨਸਲਾਂ ਦਾ ਝੁਕਾਅ ਸਮੁੰਦਰ ਵੱਲ ਨੂੰ ਹੋ ਗਿਆ। ਇਸ ਲਈ ਇਹਨਾਂ ਵਿੱਚੋਂ ਕੁਝ ਉਸੇ ਸਮੁੰਦਰ ਵਿੱਚ ਜਾ ਵੜੇ ਜਿੱਥੇ ਇਹਨਾਂ ਦੇ ਵੱਡ-ਵਡੇਰੇ ਨਿੱਕਲ ਕੇ ਧਰਤੀ ਤੇ ਆਏ ਸਨ। ਅੱਜ ਸਮੁੰਦਰਾਂ ਵਿੱਚੋਂ ਮਿਲਣ ਵਾਲੀ ਥਣਧਾਰੀ ਵੇਲ੍ਹ ਮੱਛੀ ਇਹਨਾਂ ਡਾਇਨੋਸੋਰਾਂ ਦਾ ਹੀ ਇੱਕ ਰੂਪ ਹੈ।