ਮੇਘ ਰਾਜ ਮਿੱਤਰ
ਪੌਦੇ ਭਾਵੇਂ ਜ਼ਮੀਨ ਤੇ ਆਉਣ ਵਿੱਚ ਜੀਵਾਂ ਨਾਲੋਂ ਅੱਗੇ ਸਨ ਪਰ ਇਹਨਾਂ ਵਿੱਚ ਸਮੇਂ ਦਾ ਫ਼ਰਕ ਬਹੁਤ ਹੀ ਘੱਟ ਸੀ। ਮਨੁੱਖੀ ਜ਼ਿੰਦਗੀ ਲਈ ਲੱਖਾਂ ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ ਪਰ ਧਰਤੀ ਦੇ ਚਾਰ ਸੌ ਸੱਠ ਕਰੋੜ ਵਰੇ੍ਹ ਦੇ ਇਤਿਹਾਸ ਵਿੱਚ ਇਸ ਸਮੇਂ ਦੀ ਵੱਡੀ ਮਹੱਤਤਾ ਨਹੀਂ ਹੈ। ਪੌਦਿਆਂ ਤੋਂ ਕੁਝ ਲੱਖ ਵਰੇ੍ਹ ਬਾਅਦ ਹੀ ਕੰਨ ਖਜ਼ੂਰੇ, ਬਿੱਛੂ, ਕਾਕਰੋਚ, ਟਿੱਡੇ ਤੇ ਹੋਰ ਕੀੜੇ ਮਕੋੜੇ ਦਲਦਲਾਂ ਵਿੱਚ ਦੀ ਲੰਘਦੇ ਹੋਏ ਜ਼ਮੀਨ ਤੇ ਰਹਿਣ ਦੀ ਜਾਂਚ ਸਿੱਖ ਗਏ। ਸਮੁੰਦਰੀ ਪਾਣੀਆਂ ਵਿੱਚੋਂ ਅੱਜ ਵੀ ਮਿਲਦੀ ਫ਼ੇਫੜਿਆਂ ਵਾਲੀ ਮੱਛੀ ਇਸ ਗੱਲ ਦੀ ਗਵਾਹ ਹੈ ਕਿ ਧਰਤੀ ਤੇ ਰੀਂਗ ਕੇ ਚੱਲਣ ਵਾਲੇ ਜੀਵ ਜੰਤੂ ਸਮੁੰਦਰਾਂ ਵਿੱਚੋਂ ਹੀ ਆਏ ਸਨ। ਇਸ ਸਮੇਂ ਦੇ ਕੀੜੇ ਮਕੌੜੇ ਆਕਾਰ ਵਿੱਚ ਬਹੁਤ ਹੀ ਵੱਡੇ ਹੁੰਦੇ ਸਨ। ਕਈਆਂ ਦੇ ਆਕਾਰ ਤਾਂ ਤਿੰਨ ਫੁੱਟ ਤੱਕ ਪੁੱਜ ਜਾਂਦੇ ਸਨ।
ਮੌਸਮ ਨੇ ਕੁਝ ਕਰਵਟ ਲਈ ਧਰਤੀ ਉੱਤੇ ਲੰਬੇ ਸਮੇਂ ਲਈ ਬਰਫ਼ਾਨੀ ਯੁੱਗ ਆ ਗਏ। ਇਸ ਵਿੱਚ ਧਰਤੀ ਤੇ ਉਪਲਬਧ ਪੌਦੇ ਐਨਾ ਪਥਰਾ ਗਏ ਕਿ ਅੱਜ ਧਰਤੀ ਥੱਲੇ ਮਿਲਣ ਵਾਲੀਆਂ ਕੋਇਲੇ ਦੀਆਂ ਖਾਨਾਂ ਇਹਨਾਂ ਪੌਦਿਆਂ ਦੀਆਂ ਹੀ ਬਣੀਆਂ ਹਨ।
ਭਾਵੇਂ ਇਸ ਬਰਫ਼ਾਨੀ ਯੁੱਗ ਵਿੱਚ ਪੌਦਿਆਂ ਤੇ ਜੰਤੂਆਂ ਦੀਆਂ ਬਹੁਤੀਆਂ ਨਸਲਾਂ ਅਲੋਪ ਹੋ ਗਈਆਂ ਪਰ ਕੁਝ ਨੇ ਆਲੇ-ਦੁਆਲੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਸਿੱਖ ਹੀ ਲਿਆ। ਇਸ ਸਮੇਂ ਦੇ ਅਜਿਹੇ ਜਾਨਵਰਾਂ ਦੇ ਪਥਰਾਟ ਵੀ ਮਿਲੇ ਹਨ ਜਿਹੜੇ ਆਪਣੇ ਆਂਡਿਆਂ ਵਿੱਚੋਂ ਬੱਚੇ ਕੱਢਣ ਲਈ ਇਹਨਾਂ ਨੂੰ ਕੁੱਕੜੀਆਂ ਦੀ ਤਰ੍ਹਾਂ ਸੇਂਦੇ ਰਹਿੰਦੇ ਸਨ। ਇਸ ਤਰ੍ਹਾਂ ਨਾ ਹੀ ਇਹ ਪਾਣੀ ਵਿੱਚ ਆਂਡੇ ਦਿੰਦੇ ਸਨ ਤੇ ਨਾ ਹੀ ਇਹਨਾਂ ਦੇ ਗਲਾਂ ਵਿੱਚ ਗਲਫੜੇ ਸਨ। ਇਸ ਢੰਗ ਨਾਲ ਸਮੁੰਦਰ ਵਿੱਚੋਂ ਆਏ ਇਹ ਜੀਵ ਧਰਤੀ ਤੇ ਰਹਿਣਾ ਤੇ ਆਪਣੀ ਨਸਲ ਵਿੱਚ ਵਾਧਾ ਕਰਨਾ ਸਿੱਖ ਗਏ। ਪਰ ਅਜੇ ਤੱਕ ਫੁੱਲਾਂ ਵਾਲੇ ਬੂਟੇ ਤੇ ਇਹਨਾਂ ਤੋਂ ਸ਼ਹਿਦ ਪ੍ਰਾਪਤ ਕਰਨ ਵਾਲੀਆਂ ਮੱਖੀਆਂ ਤੇ ਤਿਤਲੀਆਂ ਹੋਂਦ ਵਿੱਚ ਨਹੀਂ ਆਈਆਂ ਸਨ।