ਮੇਘ ਰਾਜ ਮਿੱਤਰ
ਹੁਣ ਤੱਕ ਮਿਲੇ ਸਬੂਤਾਂ ਤੋਂ ਇੱਕ ਗੱਲ ਬਿਲਕੁਲ ਹੀ ਸਪਸ਼ਟ ਹੋ ਗਈ ਹੈ ਕਿ ਅੱਜ ਤੋਂ ਸੈਂਤੀ ਕਰੋੜ ਸਾਲ ਪਹਿਲਾਂ ਜਮੀਨ ਉੱਤੇ ਜੀਵ ਅਤੇ ਪੌਦਿਆਂ ਦੀ ਕੋਈ ਵੀ ਨਸਲ ਨਹੀਂ ਸੀ। ਸਾਰੀ ਜ਼ਮੀਨ ਪਥਰੀਲੀ ਸੀ ਅਤੇ ਜਵਾਲਾਮੁਖੀਆਂ ਤੇ ਬਰਫ਼ ਦੇ ਤੌਦਿਆਂ ਦੁਆਰਾ ਦੂਰ ਦੂਰ ਤੱਕ ਖਿਲਾਰੀਆਂ ਚੱਟਾਨਾਂ ਹੀ ਨਜ਼ਰ ਆਉਂਦੀਆਂ ਸਨ। ਵਿਰਾਨ ਥਾਵਾਂ ਤੇ ਡਿੱਗ ਰਹੇ ਪਾਣੀ ਦੇ ਝਰਨੇ, ਨਦੀਆਂ ਤੇ ਨਾਲੇ ਜ਼ਰੂਰ ਵਿਖਾਈ ਦਿੰਦੇ ਸਨ। ਬਹੁਤ ਸਾਰੀਆਂ ਥਾਵਾਂ ਤੇ ਜੁਆਲਾਮੁਖੀ ਅੱਗ ਬਿਖੇਰਦੇ ਵੀ ਨਜ਼ਰੀਂ ਪੈਂਦੇ ਸਨ। ਸਮੁੰਦਰਾਂ ਵਿੱਚ ਪਾਣੀ ਦੀਆਂ ਲਹਿਰਾਂ ਤੇ ਜਵਾਰ ਭਾਟੇ ਅੱਜ ਦੀ ਤਰ੍ਹਾਂ ਹੀ ਆਉਂਦੇ ਰਹਿੰਦੇ ਸਨ। ਗਰਮੀ, ਬਰਸਾਤ, ਸਰਦੀ ਤੇ ਬਸੰਤ ਚਾਰੇ ਮੌਸਮ ਅੱਜ ਦੀ ਤਰ੍ਹਾਂ ਹੀ ਸਨ ਭਾਵੇਂ ਧਰਤੀ ਤੇ ਖਿੜਨ ਵਾਲੇ ਫੁੱਲ ਤੇ ਬਰਸਾਤ ਦੇ ਮੌਸਮ ਵਿੱਚ ਵਧਣ ਫੁੱਲਣ ਵਾਲੇ ਦਰਖ਼ਤਾਂ ਦੀ ਕੋਈ ਹੋਂਦ ਨਹੀਂ ਸੀ। ਕਿਉਂਕਿ ਜ਼ਮੀਨ ਤੇ ਚੱਟਾਨਾਂ ਤੋੜਨ ਵਾਲੇ ਘਾਹ ਤੇ ਕਾਈ ਨੇ ਅਜੇ ਪੈਦਾ ਹੋਣਾ ਸੀ ਇਸ ਲਈ ਇੱਥੋਂ ਦੀ ਸਾਰੀ ਭੂਮੀ ਪਥਰੀਲੀ ਹੀ ਪਥਰੀਲੀ ਸੀ। ਜ਼ਮੀਨ ਨੂੰ ਨਰਮ ਕਰਨ ਵਾਲੇ ਗੰਡ ਗੰਡੋਏ ਵੀ ਹੋਂਦ ਵਿੱਚ ਨਹੀਂ ਆਏ ਸਨ।
