ਜੀਵ ਵਿਕਾਸ ਕਿਵੇਂ ਹੋਇਆ ?

ਜਿਵੇਂ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਅੱਜ ਤੋਂ ਚਾਰ ਸੌ ਸੱਠ ਕਰੋੜ ਸਾਲ ਪਹਿਲਾਂ ਧਰਤੀ ਗੈਸਾਂ ਦੀਆਂ ਬੱਦਲੀਆਂ ਦੇ ਕਣਾਂ ਦੇ ਇਕੱਠਾ ਹੋਣ ਕਾਰਨ ਹੋਂਦ ਵਿੱਚ ਆਈ ਸੀ। ਹੋਂਦ ਵਿੱਚ ਆਉਣ ਤੋਂ ਕੁਝ ਕਰੋੜ ਵਰੇ੍ਹ ਬਾਅਦ ਕਿਸੇ ਗ੍ਰਹਿ ਦੇ ਟਕਰਾਓਣ ਕਾਰਨ ਇਸ ਦਾ ਅੰਦਰੂਨੀ ਤਾਪਮਾਨ ਇਸ ਹੱਦ ਤੱਕ ਵਧ ਗਿਆ ਕਿ ਇਸਦਾ ਸਾਰਾ ਪਦਾਰਥ ਹੀ ਪਿਘਲੀ ਹੋਈ ਹਾਲਤ ਵਿੱਚ ਬਦਲ ਗਿਆ ਇਸਦੇ ਸਿੱਟੇ ਵਜੋਂ ਪ੍ਰਿਥਵੀ ਦੇ ਭਾਰੇ ਕਣ ਇਸਦੀ ਕੇਂਦਰੀ ਕੋਰ ਵਿੱਚ ਜਮ੍ਹਾਂ ਹੋ ਗਏ ਅਤੇ ਹਲਕੇ ਕਣ ਇਸ ਦੀ ਪੇਪੜੀ ਤੇ ਤੈਰਨ ਲੱਗ ਪਏ। ਇਸ ਤੋਂ ਕਰੋੜਾਂ ਵਰੇ੍ਹ ਬਾਅਦ ਇਹ ਠੰਡੀ ਹੋਣੀ ਸ਼ੁਰੂ ਹੋ ਗਈ ਅਤੇ ਇਸ ਦੇ ਆਲੇ ਦੁਆਲੇ ਉੱਡੀ ਫਿਰਦੀ ਭਾਫ਼ ਵੀ ਮੀਂਹ ਦੇ ਰੂਪ ਵਿੱਚ ਇਸ ਉੱਪਰ ਪੈਣ ਲੱਗ ਪਈ। ਇਸ ਤਰ੍ਹਾਂ ਧਰਤੀ ਤੇ ਸਮੁੰਦਰ ਨੇ ਜਨਮ ਲੈਣਾ ਸ਼ੁਰੂ ਕਰ ਦਿੱਤਾ। ਪ੍ਰਿਥਵੀ ਦੇ ਆਲੇ ਦੁਆਲੇ ਦੇ ਵਾਯੂਮੰਡਲ ਦੀਆਂ ਗੈਸਾਂ ਵਿਚਕਾਰ ਜਦੋਂ ਅਸਮਾਨੀ ਬਿਜਲੀ ਗੁਜਰੀ ਤਾਂ ਇਸਨੇ ਅਜਿਹੇ ਕਾਰਬਨਿਕ ਪਦਾਰਥਾਂ ਨੂੰ ਜਨਮ ਦਿੱਤਾ ਜਿਹੜੇ ਲੜੀਬੱਧ ਢੰਗ ਨਾਲ ਜੁੜ ਕੇ ਜੀਵਾਂ ਦੀ ਸਰੀਰਕ ਰਚਨਾ ਲਈ ਲੋੜੀਂਦੇ ਨਿਊਕਲੀ ਪ੍ਰੋਟੀਨ ਬਣਾਉਣ ਦੇ ਯੋਗ ਸਨ। ਇਹ ਕਾਰਬਨਿਕ ਪਦਾਰਥ ਕਰੋੜਾਂ ਵਰੇ੍ਹ ਸਮੁੰਦਰਾਂ ਵਿੱਚ ਜਮ੍ਹਾਂ ਹੁੰਦੇ ਰਹੇ। ਇਸ ਤਰ੍ਹਾਂ ਸਾਡੇ ਸਮੁੰਦਰਾਂ ਵਿੱਚ ਲੇਸਲਾ ਪਦਾਰਥ ਜਮ੍ਹਾ ਹੋਣਾ ਸ਼ੁਰੂ ਹੋ ਗਿਆ। ਇਸ ਪਦਾਰਥ ਦੇ ਜੁੜਨ ਨਾਲ ਸਭ ਤੋਂ ਪਹਿਲਾਂ ਇੱਕ ਸੈੱਲ ਵਾਲੇ ਜੀਵ ਹੋਂਦ ਵਿੱਚ ਆ ਗਏ।

ਪਹਿਲੇ ਜੀਵ
1964 ਵਿੱਚ ਜੇ.ਜੇ.ਰਾਮਸੇ ਨਾਂ ਦੇ ਵਿਗਿਆਨਕ ਨੇ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਦੇ ਕਈ ਸਥਾਨਾਂ ਤੋਂ ਅਜਿਹੀਆਂ ਚੱਟਾਨਾਂ ਦੇ ਟੁਕੜੇ ਇਕੱਠੇ ਕੀਤੇ ਜਿਹਨਾਂ ਵਿੱਚ ਸਮੁੰਦਰੀ ਕਾਈ ਦੇ ਨਿਸ਼ਾਨ ਮੌਜੂਦ ਸਨ। ਚੱਟਾਨਾਂ ਵਿੱਚ ਮੌਜੂਦ ਯੂਰੇਨੀਅਮ ਤੇ ਸਿੱਕੇ ਦੀ ਮਾਤਰਾ ਦੇ ਅਨੁਪਾਤ ਤੋਂ ਪਤਾ ਲੱਗਿਆ ਕਿ ਇਹ ਚੱਟਾਨਾਂ ਤਿੰਨ ਸੌ ਪੰਜਾਹ ਕਰੋੜ ਸਾਲ ਪੁਰਾਣੀਆਂ ਹਨ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ ਅੱਜ ਤੋਂ ਤਿੰਨ ਸੌ ਅੱਸੀ ਕਰੋੜ ਸਾਲ ਪਹਿਲਾਂ ਧਰਤੀ ਦੇ ਸਮੁੰਦਰਾਂ ਵਿੱਚ ਪਹਿਲੇ ਜੀਵਨ ਦੀ ਸ਼ੁਰੂਆਤ ਹੋਈ। ਜੀਵਕ ਅਣੂੂਆਂ ਦੀ ਬਣਤਰ ਕੁਝ ਗੁੰਝਲਦਾਰ ਹੋ ਗਈ। ਉੁਹਨਾਂ ਨੇ ਆਰ.ਐਨ.ਏ. ਦੇ ਅਣੂੂ ਬਣਾਉੁਣੇ ਸ਼ੁਰੂ ਕਰ ਦਿੱਤੇ। ਵਿਗਿਆਨਕਾਂ ਦਾ ਵਿਚਾਰ ਹੈ ਕਿ ਇਹ ਆਰ.ਐਨ.ਏ. ਅਣੂ ਆਪਣੇ ਵਰਗੇ ਹੋਰ ਅਣੂ ਪੈਦਾ ਕਰਨ, ਆਪਣੇ ਆਪ ਨੂੰ ਬਦਲਣ ਅਤੇ ਵਧੀਆ ਦੀ ਚੋਣ ਕਰਨ ਦੇ ਯੋਗ ਸਨ। ਆਰ.ਐਨ.ਏ ਅਣੂਆਂ ਨੇ ਮਾਪਿਆਂ ਦੇ ਗੁਣ ਸੰਤਾਨ ਵਿੱਚ ਪ੍ਰਵੇਸ਼ ਕਰਵਾਉਣ ਵਾਲੀ ਆਪਣੀ ਯੋਗਤਾ ਅੱਜ ਦੇ ਡੀ.ਐਨ.ਏ. ਸੈੱਲਾਂ ਨੂੰ ਸੋਂਪ ਦਿੱਤੀ ਹੈ। ਇਸ ਤੋਂ ਬਾਅਦ ਇੱਕ ਸੈੱਲ ਵਾਲੇ ਜੀਵ ਹੋਂਦ ਵਿੱਚ ਆ ਗਏ। ਇਸ ਤਰ੍ਹਾਂ ਇਹਨਾਂ ਸਮਿਆਂ ਵਿੱਚ ਸਮੁੰਦਰਾਂ ਉੱਪਰ ਇਸ ਇੱਕ ਸੈੱਲ ਵਾਲੇ ਜੀਵ ਦਾ ਹੀ ਰਾਜ ਰਿਹਾ ਹੈ। ਲੱਗਭੱਗ ਤਿੰਨ ਸੌ ਤਰਤਾਲੀ ਕਰੋੜ ਵਰੇ੍ਹ ਜੀਵਨ ਸਿਰਫ਼ ਸਮੁੰਦਰਾਂ ਵਿੱਚ ਹੀ ਵਿਚਰਦਾ ਰਿਹਾ ਹੈ। ਤਿੰਨ ਸੌ ਕਰੋੜ ਵਰੇ੍ਹ ਪਹਿਲਾਂ ਧਰਤੀ ਤੋਂ ਮਿਲੀਆਂ ਚੱਟਾਨਾਂ ਜੰਗਾਲ ਰਹਿਤ ਸਨ। ਇਸ ਤੋਂ ਸਿੱਧ ਹੁੰਦਾ ਹੈ ਕਿ ਉਸ ਸਮੇਂ ਧਰਤੀ ਦੇ ਉੱਪਰ ਆਕਸੀਜਨ ਨਹੀਂ ਸੀ। ਇਸ ਤੋਂ ਬਾਅਦ ਇੱਥੇ ਸਾਈਨੋ ਵੈਕਟੀਰੀਆ ਨਾਂ ਦਾ ਸੂਖਮ ਜੀਵ ਪੈਦਾ ਹੋਇਆ। ਇਸਨੇ ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਰਾਹੀਂ ਪਾਣੀ ਵਿੱਚੋਂ ਹਾਈਡੋ੍ਰਜਨ ਲੈ ਕੇ ਅਤੇ ਸੂਰਜੀ ਰੌਸ਼ਨੀ ਨਾਲ ਖ਼ੁਰਾਕ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਕਸੀਜਨ ਪੈਦਾ ਹੋਣੀ ਸ਼ੁਰੂ ਹੋ ਗਈ। ਇਸ ਸਮੇਂ ਤੋਂ ਬਾਅਦ ਵਾਲੀਆਂ ਸਾਰੀਆਂ ਚੱਟਾਨਾਂ ਜੰਗਾਲ ਭਰਪੂਰ ਹਨ। ਇਸ ਤਰ੍ਹਾਂ ਧਰਤੀ ਦੇ ਵਾਯੂਮੰਡਲ ਵਿੱਚ ਦੋ ਸੋ ਕਰੋੜ ਵਰੇ੍ਹ ਪਹਿਲਾਂ ਤੱਕ ਆਕਸੀਜਨ ਕਾਫੀ ਮਾਤਰਾ ਵਿੱਚ ਪੈਦਾ ਹੋ ਗਈ ਤੇ ਪਾਣੀ ਵਿੱਚ ਵੀ ਘੁਲ ਗਈ ਅਤੇ ਇਸ ਆਕਸੀਜਨ ਰੂਪੀ ਗਿਲਾਫ਼ ਨੇ ਪੁਲਾੜ ਵਿੱਚੋਂ ਆਉਣ ਵਾਲੀਆਂ ਖਤਰਨਾਕ ਕਿਰਨਾਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸਮੁੰਦਰਾਂ ਵਿੱਚ ਇੱਕ ਅਰਬ ਵਰੇ੍ਹ ਪਹਿਲਾਂ ਇੱਕ ਸੈੱਲ ਵਾਲੇ ਸਾਦੇ ਜੀਵ ਦੇ ਰੂਪ ਵਿਚ ਜੀਵਨ ਅੰਗੜਾਈ ਲੈਣ ਲੱਗ ਪਿਆ। ਇਸ ਤਰ੍ਹਾਂ ਇਸ ਨੀਲੀ ਸਮੁੰਦਰੀ ਕਾੲਂੀ ਤੋਂ ਕਈ ਪ੍ਰਕਾਰ ਦੇ ਪੌਦੇ ਪੈਦਾ ਹੋ ਗਏ। ਅਸੀਂ ਇਸ ਗੱਲ ਤੋਂ ਭਲੀ ਭਾਂਤ ਜਾਣੂ ਹਾਂ ਕਿ ਪੌਦਿਆਂ ਤੇ ਜੰਤੂਆਂ ਵਿੱਚ ਬਹੁਤਾ ਫ਼ਰਕ ਨਹੀਂ ਹੁੰਦਾ। ਕਈ ਜੀਵ ਅਜਿਹੇ ਵੀ ਹੁੰਦੇ ਹਨ ਜਿਹਨਾਂ ਵਿੱਚ ਬਹੁਤੇ ਗੁਣ ਪੌਦਿਆਂ ਵਾਲੇ ਹੀ ਹੁੰਦੇ ਹਨ। ਵਾਇਰਸ ਇੱਕ ਅਜਿਹਾ ਜੀਵ ਹੁੰਦਾ ਹੈ ਜਿਹੜਾ ਲੱਖਾਂ ਵਰੇ੍ਹ ਇੱਕੋ ਹਾਲਤ ਵਿੱਚ ਪਿਆ ਰਹਿੰਦਾ ਹੈ ਪਰ ਜਦੋਂ ਉਸਨੂੰ ਕੋਈ ਜਿਉਂਦੀ ਚੀਜ਼ ਮਿਲ ਜਾਂਦੀ ਹੈ ਤਾਂ ਉਸ ਦੇ ਸੰਪਰਕ ਵਿੱਚ ਆ ਕੇ ਹੀ ਵਧਣ ਫੁੱਲਣ ਅਤੇ ਹੋਰ ਜੀਵ ਪੈਦਾ ਕਰਨੇ ਸ਼ੁਰੂ ਕਰ ਦਿੰਦਾ ਹੈ। ਇਸ ਲਈ ਇਸਨੂੰ ਜੀਵ ਤੇ ਨਿਰਜੀਵ ਵਸਤੂਆਂ ਦੇ ਵਿਚਕਾਰ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਮੁੱਢਲੇ ਸਮੁੰਦਰਾਂ ਵਿੱਚ ਉਨਾਹਟ ਕਰੋੜ ਵਰੇ੍ਹ ਪਹਿਲਾਂ ਕਾਈ ਅਤੇ ਸਪੰਜ ਵਰਗੇ ਪੌਦਿਆਂ ਜਿਹੇ ਜੀਵ ਹੋਂਦ ਵਿੱਚ ਆ ਗਏ। ਇਹਨਾਂ ਦੇ ਬਹੁਤੇ ਗੁਣ ਪੌਦਿਆਂ ਨਾਲ ਹੀ ਮਿਲਦੇ ਜੁਲਦੇ ਸਨ। ਇਹਨਾਂ ਜੀਵਾਂ ਦੇ ਰੀੜ ਦੀ ਹੱਡੀ ਨਹੀਂ ਹੁੰਦੀ ਸੀ। ਜੀਵਨ ਦੀ ਅੰਗੜਾਈ ਦੇ ਪਹਿਲੇ ਚਿੰਨ ਇਹ ਬਾਰੀਕ ਬਾਰੀਕ ਜੀਵ ਹੀ ਸਨ ਜਿਵੇਂ ਹਾਈਡ੍ਰਾ ਜੈਲੀ ਫਿਸ਼, ਘੋਗੇ, ਸਿੱਪੀਆਂ, ਬਨਸਪਤੀ ਜੀਵਾਂ ਦੇ ਡੰਡਲ ਤੇ ਫੁੱਲ ਮਾਤਰ। ਸਮੁੰਦਰੀ ਘਾਹ ਤੇ ਕੁਝ ਨਰਮ ਸਿਰ ਵਾਲੇ ਕੀੜੇ।
ਇਸ ਤਰ੍ਹਾਂ ਇਹ ਪੌਦੇ ਤੇ ਜੀਵ ਕਰੋੜਾਂ ਵਰੇ੍ਹ ਸਮੁੰਦਰੀ ਥੱਲਿਆਂ ਤੇ ਜਮ੍ਹਾਂ ਹੁੰਦੇ ਜਾ ਰਹੇ ਹਨ। ਅੱਜ ਮਿਲਦੀਆਂ ਚੱਟਾਨਾਂ ਜਿਹੜੀਆਂ ਕਿਸੇ ਵੇਲੇ ਉਹਨਾਂ ਪ੍ਰਾਚੀਨ ਸਮੁੰਦਰਾਂ ਦੇ ਥੱਲੇ ਹੁੰਦੀਆਂ ਸਨ ਇਹਨਾਂ ਪੌਦਿਆਂ ਤੇ ਜੀਵਾਂ ਦੇ ਇਤਿਹਾਸ ਦੀ ਗਵਾਹੀ ਭਰਦੀਆਂ ਹਨ। ਸਮੁੰਦਰੀ ਥੱਲਿਆਂ ਤੇ ਜਮ੍ਹਾ ਹੋਏ ਸੰਖ, ਸਿੱਪੀਆਂ ਤੇ ਘੋਗੇ, ਕਰੋੜਾਂ ਵਰਿ੍ਹਆਂ ਦੇ ਦਬਾਉ ਸਦਕਾ ਚੂਨੇ ਵਾਲੀਆਂ ਚੱਟਾਨਾਂ ਵਿੱਚ ਬਦਲ ਗਏ। ਅੱਜ ਤੋਂ ਸਤਵੰਜਾ ਕਰੋੜ ਵਰੇ੍ਹ ਪਹਿਲਾਂ ਸਮੁੰਦਰ ਵਿੱਚ ਹੀ ਟਰਿਲੋਬਾਈਟ ਨਾਂ ਦਾ ਅਜਿਹਾ ਕੀੜਾ ਪੈਦਾ ਹੋਇਆ ਜਿਹੜਾ ਬੂਟਾ ਜੂੰ ਦੀ ਤਰ੍ਹਾਂ ਹੀ ਸੀ ਅਤੇ ਇਹ ਆਪਣੇ ਸਰੀਰ ਨੂੰ ਗੇਂਦ ਦੀ ਤਰ੍ਹਾਂ ਇਕੱਠਾ ਕਰ ਸਕਦਾ ਸੀ। ਇਸ ਤੋਂ ਲੱਖਾਂ ਸਾਲਾਂ ਬਾਅਦ ਸਮੁੰਦਰੀ ਬਿੱਛੂ ਵੀ ਹੋਂਦ ਵਿੱਚ ਆ ਗਏ। ਹੌਲੀ ਹੌਲੀ ਇਹਨਾਂ ਦਾ ਆਕਾਰ ਵਧ ਕੇ ਨੌਂ ਫੁੱਟ ਤੱਕ ਹੋ ਗਿਆ ਸੀ। ਅਜੇ ਤੱਕ ਜ਼ਮੀਨ ਉੱਤੇ ਜੀਵਾਂ ਤੇ ਪੌਦਿਆਂ ਦੇ ਕੋਈ ਨਿਸ਼ਾਨ ਨਹੀਂ ਸਨ। ਮੱਛੀਆਂ ਤੇ ਰੀੜ ਦੀ ਹੱਡੀ ਵਾਲੇ ਜੀਵਾਂ ਨੇ ਅਜੇ ਧਰਤੀ ਦੇ ਇਤਿਹਾਸ ਵਿੱਚ ਸ਼ਾਮਿਲ ਹੋਣਾ ਸੀ।
ਜਿਉਂ ਜਿਉਂ ਮਨੁੱਖ ਇਹਨਾਂ ਚੱਟਾਨਾਂ ਤੋਂ ਸਬੂਤ ਇਕੱਠੇ ਕਰਦਾ ਜਾਂਦਾ ਹੈ ਤਾਂ ਉਸਨੂੰ ਲੱਖਾਂ ਹੀ ਅਜਿਹੇ ਜੀਵਾਂ ਤੇ ਪੌਦਿਆਂ ਦੇ ਪਥਰਾਟ ਮਿਲਦੇ ਹਨ ਜਿਹੜੇ ਅੱਜ ਧਰਤੀ ਤੇ ਉਪਲਬਧ ਨਹੀਂ ਹਨ। ਜਿਹੜੇ ਪੌਦਿਆਂ ਤੇ ਜੀਵਾਂ ਨੂੰ ਅੱਜ ਉਹ ਵੇਖਦਾ ਵੀ ਹੈ ਉਹ ਉਹਨਾਂ ਨਸਲਾਂ ਨਾਲੋਂ ਹਜ਼ਾਰਾਂ ਗੁਣਾ ਵਧੀਆ ਹਨ ਜਿਹੜੀਆਂ ਕਰੋੜਾਂ ਵਰੇ੍ਹ ਪਹਿਲਾਂ ਧਰਤੀ ਤੇ ਉਪਲਬਧ ਸਨ। ਇਸ ਗੱਲ ਦੀ ਮਨੁੱਖ ਨੂੰ ਖੁਸ਼ੀ ਵੀ ਹੁੰਦੀ ਹੈ ਕਿ ਹਰ ਨਸਲ ਆਪਣੇ ਪੂਰਬਜਾਂ ਨਾਲੋਂ ਵੱਧ ਚੇਤੰਨ ਤੇ ਸਰੀਰਕ ਪੱਖੋਂ ਵੱਧ ਤਾਕਤਵਰ ਹੁੰਦੀ ਗਈ ਹੈ।

ਦੰਦ ਤੇ ਅੱਖਾਂ
ਪੰਜਾਹ ਕਰੋੜ ਵਰੇ੍ਹ ਪਹਿਲਾਂ ਦੀਆਂ ਪੁਰਾਣੀਆਂ ਚੱਟਾਨਾਂ ਵਿੱਚੋਂ ਇੱਕ ਅਜਿਹਾ ਜੀਵ ਵੀ ਮਿਲਿਆ ਹੈ ਜਿਸ ਦੇ ਦੰਦ ਤੇ ਅੱਖਾਂ ਨਿੱਕਲ ਆਈਆਂ ਸਨ। ਇਸ ਤੋਂ ਪਹਿਲਾਂ ਜੀਵ ਨਾ ਵੇਖ ਸਕਦਾ ਸੀ ਤੇ ਨਾ ਹੀ ਭੋਜਨ ਚਿੱਥ ਸਕਦਾ ਸੀ। ਡੇਬੋਲੀਅਨ ਸਿੱਲਾਂ ਵਿੱਚੋਂ ਮਿਲੇ ਮੱਛੀਆਂ ਦੇ ਫਾਸਿਲ ਇਸ ਗੱਲ ਦੀ ਗਵਾਹੀ ਛੱਡਦੇ ਹਨ ਕਿ ਇਹਨਾਂ ਸਮਿਆਂ ਵਿੱਚ ਮੱਛੀਆਂ ਦਾ ਵਿਕਾਸ ਵੀ ਹੋ ਗਿਆ ਸੀ। ਲਗਭੱਗ ਚਾਲੀ ਕਰੋੜ ਵਰੇ੍ਹ ਪਹਿਲਾਂ ਸੀਲੋਕੈਂਥ ਨਾਂ ਦੀ ਮੱਛੀ ਵੀ ਇਹਨਾਂ ਸਮੁੰਦਰਾਂ ਵਿੱਚ ਮਿਲਣ ਲੱਗ ਪਈ ਸੀ। ਵਿਗਿਆਨੀਆਂ ਦਾ ਵਿਚਾਰ ਸੀ ਕਿ ਇਸਦੀ ਨਸਲ ਧਰਤੀ ਤੋਂ ਸਦਾ ਲਈ ਲੁਪਤ ਹੋ ਚੁੱਕੀ ਹੈ ਪਰ 1938 ਵਿੱਚ ਇਹ ਅਚਾਨਕ ਹੀ ਨਜ਼ਰ ਵਿੱਚ ਆ ਗਈ। ਇਹ ਮੱਛੀ ਧਰਤੀ ਤੇ ਰਹਿਣ ਵਾਲੇ ਸਾਰੇ ਰੀੜ੍ਹ ਧਾਰੀਆਂ ਦੀ ਜਨਮ ਦਾਤਾ ਹੈ। ਹਜ਼ਾਰਾਂ ਹੀ ਕਿਸਮ ਦੀਆਂ ਮੱਛੀਆਂ ਸਮੁੰਦਰਾਂ ਦੇ ਪਾਣੀਆਂ ਵਿੱਚੋਂ ਸ਼ਿਕਾਰ ਭਾਲਦੀਆਂ ਅਤੇ ਆਪਣੀ ਸੰਤਾਨ ਵਿੱਚ ਵਾਧਾ ਕਰਦੀਆਂ ਨਜ਼ਰ ਆਉਂਦੀਆਂ ਸਨ। ਇਹਨਾਂ ਮੱਛੀਆਂ ਦੇ ਆਕਾਰ ਭਾਵੇਂ ਬਹੁਤ ਵੱਡੇ ਨਹੀਂ ਸਨ ਤੇ ਆਮ ਮੱਛੀਆਂ ਇੱਕ ਫੁੱਟ ਤੋਂ ਛੋਟੀਆਂ ਹੀ ਸਨ ਪਰ ਸਮੇਂ ਦੇ ਬੀਤਣ ਨਾਲ ਇਹਨਾਂ ਵਿੱਚੋਂ ਕੁਝ ਦੇ ਸਰੀਰ ਵੀਹ ਫੁੱਟ ਤੱਕ ਲੰਬੇ ਹੋ ਗਏ ਸਨ। ਇਹਨਾਂ ਮੱਛੀਆਂ ਦੇ ਵੱਡ-ਵਡੇਰੇ ਅਜਿਹੇ ਨਰਮ ਸਰੀਰ ਵਾਲੇ ਕੀੜੇ ਸਨ ਜਿਹਨਾਂ ਦੇ ਮੂੰਹ ਵਿੱਚ ਦੰਦ ਤੇ ਸਰੀਰ ਵਿੱਚ ਰੀੜ ਦੀ ਹੱਡੀ ਮੌਜੂਦ ਸੀ। ਇਸ ਯੁੱਗ ਵਿੱਚ ਹੀ ਪਹਿਲੇ ਦੁੱਧ ਚੁੰਘਾਉਣ ਵਾਲੇ ਜੀਵ ਤੇ ਖੰਭਾਂ ਤੋਂ ਬਗੈਰ ਕੀੜੇ ਪੈਦਾ ਹੋ ਗਏ ਸਨ। ਪੱਚੀ ਕਰੋੜ ਵਰੇ੍ਹ ਪਹਿਲਾਂ ਹੋਰ ਸੀ ਨਾਂ ਦਾ ਕੇਕੜਾ ਧਰਤੀ ਤੇ ਪੈਦਾ ਹੋ ਗਿਆ। ਇਸਦੇ ਪੰਜ ਪੈਰਾਂ ਦੀਆਂ ਜੋੜੀਆਂ ਹੁੰਦੀਆਂ ਹਨ। ਰੇਤ ਦੇ ਕਿਨਾਰੇ ਤੇ ਮਾਦਾ ਆਂਡਾ ਜਮ੍ਹਾਂ ਕਰ ਦਿੰਦੀ ਸੀ ਤੇ ਨਰ ਇਹਨਾਂ ਨੂੰ ਸੈ ਦਿੰਦਾ ਸੀ। ਅਸਲ ਵਿੱਚ ਆਂਡੇ ਉੱਪਰ ਕੈਲਸ਼ੀਅਮ ਕਾਰਬੋਨੇਟ ਦੀ ਸਖ਼ਤ ਤਹਿ ਨੇ ਸਮੁੰਦਰੀ ਜੀਵਾਂ ਨੂੰ ਜ਼ਮੀਨ ਉੱਪਰ ਰਹਿਣ ਦੇ ਯੋਗ ਬਣਾ ਦਿੱਤਾ ਕਿਉਂਕਿ ਜਨਣ ਦਾ ਇਹ ਢੰਗ ਜ਼ਮੀਨ ਉੱਪਰ ਅਪਣਾਇਆ ਜਾ ਸਕਦਾ ਸੀ।

Back To Top