ਮੇਘ ਰਾਜ ਮਿੱਤਰ
ਅੱਜ ਤੋਂ ਕੋਈ ਪੰਜ ਅਰਬ ਵਰੇ੍ਹ ਪਹਿਲਾਂ ਸਾਡੀ ਆਕਾਸ਼ ਗੰਗਾ ਫੈਲ ਰਹੀ ਸੀ ਇਸਦੇ ਇੱਕ ਕੋਨੇ ਵਿੱਚ ਧੂੜ ਤੇ ਹੋਰ ਕਣਾਂ ਦੀ ਬਹੁਤ ਵੱਡੀ ਬੱਦਲੀ ਆਪਣੇ ਕੇਂਦਰ ਦੁਆਲੇ ਚੱਕਰ ਕੱਟ ਰਹੀ ਸੀ। ਪਦਾਰਥਾਂ ਦੇ ਵੱਡੇ ਵੱਡੇ ਟੁਕੜੇ ਇਸ ਦੇ ਕੇਂਦਰ ਵੱਲ ਡਿੱਗ ਰਹੇ ਸਨ। ਇਸ ਵੱਡੀ ਬੱਦਲੀ ਤੋਂ ਕੁੱਝ ਦੂਰੀ ਤੇ ਨੌਂ ਹੋਰ ਛੋਟੀਆਂ ਬੱਦਲੀਆਂ ਇਸ ਵੱਡੀ ਬੱਦਲੀ ਦੁਆਲੇ ਚੱਕਰ ਲਾ ਰਹੀਆਂ ਸਨ। ਵੱਡੀ ਬੱਦਲੀ ਦੇ ਕੇਂਦਰ ਵਿੱਚ ਕਾਫੀ ਪਦਾਰਥ ਡਿੱਗ ਚੁੱਕਾ ਸੀ ਤੇ ਇਸ ਤਰ੍ਹਾਂ ਇਹ ਦਗਣ ਲੱਗ ਪਈ ਸੀ। ਇਸ ਤੋਂ ਲੱਗਭੱਗ ਚਾਲੀ ਕਰੋੜ ਸਾਲ ਬਾਅਦ ਇਸ ਦੇ ਦੁਆਲੇ ਚੱਕਰ ਲਾ ਰਹੀਆਂ ਬੱਦਲੀਆਂ ਵਿੱਚੋਂ ਤੀਸਰੇ ਨੰਬਰ ਦੀ ਬੱਦਲੀ ਦੇ ਕੇਂਦਰ ਵਿੱਚ ਪਦਾਰਥ ਇਕੱਠਾ ਹੋਣ ਲੱਗ ਪਿਆ। ਬਹੁਤ ਸਾਰੇ ਹੋਰ ਪਦਾਰਥ ਇਸ ਦੇ ਆਕਾਰ ਨੂੰ ਵੱਡਾ ਬਣਾਉਣ ਲੱਗ ਪਏ। ਇਹ ਤੀਸਰੀ ਬੱਦਲੀ ਹੋਰ ਕੁੱਝ ਨਹੀਂ ਸਾਡੀ ਧਰਤੀ ਹੀ ਸੀ। ਇਹ ਸ਼ੁਰੂ ਵਿੱਚ ਬਹੁਤ ਗਰਮ ਸੀ ਕਿਉਂਕਿ ਡਿੱਗ ਰਹੇ ਪਦਾਰਥ ਦੇ ਆਪਸ ਵਿੱਚ ਟਕਰਾਉਣ ਕਰਕੇ ਇਸ ਦਾ ਤਾਪਮਾਨ ਵੱਧ ਗਿਆ ਸੀ। ਆਰੰਭਕ ਸਮਿਆਂ ਵਿੱਚ ਚੱਟਾਨੀ ਟੁਕੜੇ ਇਸ ਉੱਪਰ ਲਗਾਤਾਰ ਵਰਦੇ ਰਹੇ ਤੇ ਇਸਦੇ ਧੁਰੇ ਨੂੰ ਪ੍ਰਭਾਵਤ ਕਰਦੇ ਰਹੇ। ਅਚਾਨਕ ਹੀ ਇੱਕ ਸੈਂਕੜੇ ਪਹਾੜਾਂ ਜਿੱਡਾ ਭਾਰਾ ਚਟਾਨੀ ਟੁਕੜਾ ਇਸ ਨਾਲ ਆ ਟਕਰਾਇਆ ਜਿਸਨੇ ਇਸਦੇ ਘੁੰਮਣ ਧੁਰੇ ਨੂੰ ਹਿਲਾ ਕੇ ਤੇਈ ਦਰਜੇ ਤੇ ਸਥਿਰ ਕਰ ਦਿੱਤਾ ਜਿਸ ਨਾਲ ਇਸ ਤੇ ਮੌਸਮਾਂ ਦੇ ਬਣਨ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਪ੍ਰਿਥਵੀ ਦੀ ਹੋਂਦ ਦੇ ਪਹਿਲੇ ਦਸ ਕਰੋੜ ਸਾਲ ਇਸ ਉੱਪਰ ਚਟਾਨੀ ਪਦਾਰਥ ਡਿੱਗਦੇ ਰਹੇ ਜਿਹਨਾਂ ਨੇ ਇਸਦਾ ਆਕਾਰ ਅੱਜ ਜਿੱਡਾ ਕਰ ਦਿੱਤਾ। ਜਦੋਂ ਧਰਤੀ ਹੋਂਦ ਵਿੱਚ ਆ ਰਹੀ ਸੀ ਲੱਗਭੱਗ ਇਸ ਸਮੇਂ ਹੀ ਹੋਰ ਗ੍ਰਹਿ ਬਣਨ ਦਾ ਸਿਲਸਿਲਾ ਚੱਲ ਰਿਹਾ ਸੀ।
ਹੋਂਦ ਵਿੱਚ ਆਉਣ ਤੋਂ ਕਰੋੜਾਂ ਵਰੇ੍ਹ ਬਾਅਦ ਧਰਤੀ ਨਾਲ ਟਕਰਾਏ ਗ੍ਰਹਿ ਕਾਰਨ ਇਸ ਟੱਕਰ ਵਿੱਚੋਂ ਪੈਦਾ ਹੋਈ ਗਰਮੀ ਨੇ ਇਸਦਾ ਸਭ ਕੁਝ ਪਿਘਲਾ ਦਿੱਤਾ ਸੀ। ਇਸ ਕਾਰਨ ਇਸਦੇ ਭਾਰੇ ਪਦਾਰਥ ਇਸਦੇ ਕੇਂਦਰ ਵਿੱਚ ਤੇ ਹਲਕੇ ਪੇਪੜੀ ਤੇ ਆ ਗਏ ਸਨ। ਹਾਈਡੋ੍ਰਜਨ ਵਰਗੀਆਂ ਹਲਕੀਆਂ ਗੈਸਾਂ ਬਾਹਰ ਨਿਕਲ ਕੇ ਧਰਤੀ ਦੇ ਆਲੇ ਦੁਆਲੇ ਖਿਲਰਦੀਆਂ ਰਹੀਆਂ।
ਧਰਤੀ ਦੇ ਉੱਚੇ ਤਾਪਮਾਨ ਕਰਕੇ ਬਹੁਤ ਸਾਰੇ ਅਣੂ ਜੁੜਦੇ ਰਹੇ ਤੇ ਟੁੱਟਦੇ ਰਹੇ। ਇਹ ਕਿਰਿਆ ਲੱਖਾਂ ਸਾਲਾਂ ਤੱਕ ਜਾਰੀ ਰਹੀ। ਧਰਤੀ ਦੇ ਠੰਡਾ ਹੋਣ ਨਾਲ ਕੁਝ ਪ੍ਰਮਾਣੂ ਜੁੜ ਗਏ ਅਤੇ ਸਾਧਾਰਣ ਕਿਸਮ ਦੇ ਪਦਾਰਥ ਜਿਹੜੇ ਦੋ ਜਾਂ ਚਾਰ ਕਿਸਮ ਦੇ ਪ੍ਰਮਾਣੂਆਂ ਦੇ ਮਿਲਣ ਕਾਰਨ ਹੀ ਬਣ ਸਕਦੇ ਸਨ ਉਹ ਹੋਂਦ ਵਿੱਚ ਆ ਗਏ। ਕਿਉਂਕਿ ਪਾਣੀ ਹਾਈਡੋ੍ਰਜਨ ਦੇ ਦੋ ਅਤੇ ਆਕਸੀਜਨ ਦੇ ਇੱਕ ਪ੍ਰਮਾਣੂ ਦੇ ਜੁੜਨ ਕਾਰਨ ਬਣਦਾ ਹੈ। ਇਸ ਲਈ ਇਹ ਵੀ ਹੋਂਦ ਵਿੱਚ ਆ ਗਿਆ ਭਾਵੇਂ ਇਹ ਅਜੇ ਭਾਫ਼ ਦੇ ਰੂਪ ਵਿੱਚ ਸੀ। ਇਸ ਤਰ੍ਹਾਂ ਐਮੋਨੀਆ ਤੇ ਮਿਥੇਨ ਆਦਿ ਗੈਸਾਂ ਵੀ ਹੋਂਦ ਵਿੱਚ ਆ ਗਈਆਂ। ਇਹਨਾਂ ਗੈਸਾਂ ਕਾਰਨ ਹੀ ਸਾਡਾ ਪਹਿਲਾ ਵਾਯੂਮੰਡਲ ਬਣ ਗਿਆ। ਇਸ ਵਾਯੂਮੰਡਲ ਵਿੱਚ ਪਾਣੀ ਤਾਂ ਸੀ ਪਰ ਆਕਸੀਜਨ ਅਜੇ ਇਸ ਵਿੱਚ ਪੈਦਾ ਨਹੀਂ ਹੋਈ ਸੀ।
