ਸਜੀਵ ਵਸਤੂਆਂ ਦੀ ਅੰਦਰੂਨੀ ਬਣਤਰ ਕੀ ਹੈ ?

ਮੇਘ ਰਾਜ ਮਿੱਤਰ

ਹਰ ਪੌਦਾ ਜਾਂ ਜੀਵ ਛੋਟੇ ਛੋਟੇ ਸੈੱਲਾਂ ਤੋਂ ਬਣਿਆ ਹੁੰਦਾ ਹੈ। ਇਹਨਾਂ ਸੈੱਲਾਂ ਵਿੱਚ ਰਸ ਹੁੰਦੇ ਹਨ। ਇਹ ਰਸ ਵੱਖ ਵੱਖ ਕਿਸਮ ਦੇ ਪਦਾਰਥਾਂ ਦੇ ਅਣੂ ਹੁੰਦੇ ਹਨ। ਧਰਤੀ ਤੇ ਹੁਣ ਤੱਕ ਉਪਲਬਧ ਇੱਕ ਸੌ ਪੰਜ ਤੱਤਾਂ ਵਿੱਚੋਂ ਸਿਰਫ਼ ਬੰਨਵੇ ਹੀ ਕੁਦਰਤੀ ਰੂਪ ਵਿੱਚ ਮਿਲਦੇ ਹਨ।
ਸਾਰੀਆਂ ਜੀਵਤ ਵਸਤੂਆਂ ਵਿੱਚ ਕੁਲ ਮਿਲਾ ਕੇ ਸਤਾਈ ਤੱਤ ਹੀ ਪਾਏ ਜਾਂਦੇ ਹਨ ਇਹਨਾਂ ਵਿੱਚੋਂ ਛੇ ਤੱਤ ਹੀ ਹਰੇਕ ਪੌਦੇ ਜਾਂ ਜਾਨਵਰ ਵਿੱਚ ਹੁੰਦੇ ਹਨ। ਇਹਨਾਂ ਤੱਤਾਂ ਦੇ ਨਾਂ ਕਾਰਬਨ, ਹਾਈਡੋ੍ਰਜਨ, ਨਾਈਟ੍ਰੋਜਨ, ਆਕਸੀਜਨ ਗੰਧਕ ਤੇ ਫਾਸਫੋਰਸ ਹਨ। ਸਾਰੇ ਜੀਵਤ ਪਦਾਰਥਾਂ ਦਾ ਨਿੜਾਨਵੇ ਪ੍ਰਤੀਸ਼ਤ ਤੋਂ ਵੱਧ ਭਾਗ ਇਹਨਾਂ ਛੇ ਤੱਤਾਂ ਤੋਂ ਹੀ ਬਣਦਾ ਹੈ। ਇਹਨਾਂ ਛੇ ਤੱਤਾਂ ਵਿੱਚੋਂ ਜੀਵਾਂ ਵਿੱਚ ਕਾਰਬਨ। ਹਾਈਡ੍ਰੋਜਨ, ਆਕਸੀਜਨ ਤੇ ਨਾਈਟੋ੍ਰਜਨ ਹੀ ਵਧੇਰੇ ਹੁੰਦੀ ਹੈ। ਜੇ ਅਸੀਂ ਧਰਤੀ ਦੀ ਬਣਤਰ ਵੇਖੀਏ ਤਾਂ ਇਸ ਉੱਪਰ ਆਕਸੀਜਨ, ਸਿਲੀਕਾਨ, ਐਲੂਮੀਨੀਅਮ, ਲੋਹਾ, ਕੈਲਸ਼ੀਅਮ ਹੀ ਵੱਧ ਉਪਲਬਧ ਹਨ। ਸੋ ਜੀਵਾਂ ਵਿੱਚ ਪਾਏ ਜਾਣ ਵਾਲੇ ਤੱਤਾਂ ਤੇ ਧਰਤੀ ਤੇ ਵੱਧ ਮਾਤਰਾ ਵਿੱਚ ਉਪਲਬਧ ਤੱਤਾਂ ਦਾ ਆਪਸੀ ਕੋਈ ਸੰਬੰਧ ਨਹੀਂ ਹੈ।
ਉਪਰੋਕਤ ਤਸਵੀਰ ਸਪਸ਼ਟ ਕਰਦੀ ਹੈ ਕਿ ਜੀਵ ਸਿਰਫ਼ ਖਾਸ ਤੱਤਾਂ ਦੇ ਹੀ ਬਣਦੇ ਹਨ ਜਿਹਨਾਂ ਦੇ ਗੁਣ ਖਾਸ ਹੁੰਦੇ ਹਨ। ਕਾਰਬਨ, ਹਾਈਡੋ੍ਰਜਨ, ਆਕਸੀਜਨ ਤੇ ਨਾਈਟ੍ਰ੍ਰੋਜਨ ਬਹੁਤ ਹੀ ਕ੍ਰਿਆਸ਼ੀਲ ਤੱਤ ਹਨ। ਇਸ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਾ ਸਕਦੇ ਹੋ ਕਿ ਕੇਵਲ ਬੈਕਟੀਰੀਆ ਵਿੱਚ ਮਿਲਣ ਵਾਲੇ ਪੰਜ ਹਜ਼ਾਰ ਤੋਂ ਵੱਧ ਕਿਸਮ ਦੇ ਯੋਗਿਕ ਸਿਰਫ਼ ਉਪਰੋਕਤ ਚਾਰ ਤੱਤਾਂ ਦੇ ਮਿਲਣ ਕਾਰਨ ਬਣਦੇ ਹਨ। ਜੀਵਾਂ ਵਿੱਚ ਪਾਏ ਜਾਣ ਵਾਲੇ ਪਦਾਰਥ ਲੱਖਾਂ ਹੀ ਕਿਸਮਾਂ ਦੇ ਹੁੰਦੇ ਹਨ। ਇਸ ਲਈ ਇਹਨਾਂ ਸਾਰਿਆਂ ਬਾਰੇ ਜਾਣਨਾ ਔਖੀ ਗੱਲ ਹੈ ਇਸ ਕਰਕੇ ਵਿਗਿਆਨੀਆਂ ਨੇ ਇਹਨਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਹੈ। ਇਹ ਗਰੁੱਪ ਪੋ੍ਰਟੀਨ, ਕਾਰਬੋਹਾਈਡੇ੍ਰਟਸ, ਚਰਬੀ ਤੇ ਨਿਊਕਲੀ ਤੇਜ਼ਾਬ ਹਨ। ਸਾਡੇ ਸਰੀਰ ਦਾ ਸੱਤਰ ਪ੍ਰਤੀਸ਼ਤ ਭਾਗ ਪਾਣੀ ਹੁੰਦਾ ਹੈ। ਪਾਣੀ ਵਿੱਚ ਸਭ ਤੋਂ ਵੱਡਾ ਗੁਣ ਇਹ ਹੈ ਕਿ ਇਹ ਬਹੁਤ ਸਾਰੇ ਯੋਗਿਕਾਂ ਨੂੰ ਆਪਣੇ ਵਿੱਚ ਘੋਲ ਲੈਂਦਾ ਹੈ। ਜਿਹੜੇ ਪਦਾਰਥ ਇਸ ਵਿੱਚ ਨਹੀਂ ਘੁਲਦੇ ਉਹ ਲਟਕਦੇ ਰਹਿੰਦੇ ਹਨ। ਰਸਾਇਣਕ ਕਿਰਿਆਵਾਂ ਨੂੰ ਤੇਜ਼ ਜਾਂ ਹੌਲੀ ਕਰਨ ਵਾਲੇ ਕੁਝ ਰਸ ਵੀ ਸਰੀਰ ਵਿੱਚ ਹੁੰਦੇ ਹਨ।

Back To Top