ਮੇਘ ਰਾਜ ਮਿੱਤਰ
ਜਿਵੇਂ ਜਿਵੇਂ ਧਰਤੀ ਠੰਡੀ ਹੁੰਦੀ ਗਈ ਤੇ ਇਸਦੇ ਵਾਯੂਮੰਡਲ ਦਾ ਤਾਪਮਾਨ ਘਟਦਾ ਰਿਹਾ। ਇੱਕ ਸਮਾਂ ਅਜਿਹਾ ਵੀ ਆ ਗਿਆ ਕਿ ਧਰਤੀ ਦੇ ਵਾਯੂਮੰਡਲ ਦਾ ਤਾਪਮਾਨ ਇੱਕ ਹਜ਼ਾਰ ਦਰਜੇ ਸੈਲਸੀਅਸ ਤੋਂ ਘਟ ਗਿਆ। ਇਸ ਤਰ੍ਹਾਂ ਧਰਤੀ ਦੇ ਵਾਯੂਮੰਡਲ ਵਿੱਚ ਉੱਡੀ ਫਿਰਦੀ ਭਾਫ਼ ਮੀਂਹ ਬਣ ਕੇ ਵਰ੍ਹਣ ਲੱਗ ਪਈ। ਸ਼ਾਇਦ ਹਜ਼ਾਰਾਂ ਵਰੇ੍ਹ ਲਗਾਤਾਰ ਮੀਂਹ ਪੈਂਦਾ ਰਿਹਾ। ਧਰਤੀ ਦਾ ਲਾਵਾ ਠੰਡਾ ਹੁੰਦਾ ਰਿਹਾ ਤੇ ਮੁੜ ਪਾਣੀ ਦੀ ਭਾਫ਼ ਬਣ ਜਾਂਦੀ। ਇਸ ਤਰ੍ਹਾਂ ਧਰਤੀ ਦੀ ਪੇਪੜੀ ਸਖ਼ਤ ਹੁੰਦੀ ਗਈ ਤੇ ਹੌਲੀ ਹੌਲੀ ਇਹ ਪਾਣੀ ਨੀਵੇਂ ਸਥਾਨਾਂ ਵਿੱਚ ਭਰਨ ਲੱਗ ਪਿਆ। ਇਸ ਤਰ੍ਹਾਂ ਸਾਡੇ ਪ੍ਰਾਚੀਨ ਸਮੁੰਦਰ ਹੋਂਦ ਵਿੱਚ ਆਉਣ ਲੱਗ ਪਏ। ਗਰੀਨ ਲੈਂਡ ਵਿੱਚੋਂ ਪ੍ਰਾਪਤ ਹੋ ਰਹੀਆਂ ਪਾਣੀ ਦੇ ਛਿੱਟਿਆਂ ਵਾਲੀਆਂ ਚੱਟਾਨਾਂ ਧਰਤੀ ਉੱਤੇ ਹਜ਼ਾਰਾਂ ਵਰ੍ਹੇ ਲਗਾਤਾਰ ਪੈਣ ਵਾਲੇ ਮੀਹਾਂ ਦੀਆਂ ਗਵਾਹੀ ਭਰਦੀਆਂ ਹਨ। ਵਿਗਿਆਨੀਆਂ ਅਨੁਸਾਰ ਇਹਨਾਂ ਚੱਟਾਨਾਂ ਦੀ ਉਮਰ ਤਿੰਨ ਸੌ ਅੱਸੀ ਕਰੋੜ ਵਰੇ੍ਹ ਹੈ। ਭੂਚਾਲਾਂ ਦੀਆਂ ਤਰੰਗਾਂ ਦਾ ਅਧਿਐਨ ਕਰਕੇ ਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ ਕਿ ਧਰਤੀ ਦੇ ਅੰਦਰ ਬਹੁਤ ਸਮਾਂ ਪਹਿਲਾਂ ਪਿਘਲੀਆਂ ਹੋਈਆਂ ਧਾਤਾਂ ਦੇ ਠੋਸ ਰੂਪ ਕਾਰਨ ਕਰਕੇ ਕੁਝ ਪਲੇਟਾਂ ਬਣ ਚੁੱਕੀਆਂ ਹਨ ਇਹਨਾਂ ਪਲੇਟਾਂ ਦੇ ਆਪਸੀ ਟਕਰਾਉ ਕਾਰਨ ਹੀ ਭੂਚਾਲ ਆਉਂਦੇ ਹਨ ਤੇ ਪਹਾੜ ਬਣਦੇ ਹਨ। ਇਸ ਤਰ੍ਹਾਂ ਕਰੋੜਾਂ ਸਾਲ ਵਿੱਚ ਧਰਤੀ ਦੀ ਪਰਤ ਕਰੋੜਾਂ ਵਾਰ ਹੀ ਬਣਦੀ ਤੇ ਟੁੱਟਦੀ ਰਹੀ ਹੈ।
